ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੂੰ ਵੀ ਆਈ ਭਾਈ ਖਾਲੜਾ ਦੀ ਯਾਦ

ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੂੰ ਵੀ ਆਈ ਭਾਈ ਖਾਲੜਾ ਦੀ ਯਾਦ

ਜਗਰਾਉਂ, 5 ਸਤੰਬਰ (ਕੁਲਵਿੰਦਰ ਸਿੰਘ ਚੰਦੀ): ਜਿਉਂ ਜਿਉਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਹੀ ਬਾਦਲਕਿਆਂ ਨੇ ਪੰਥਕ ਬਣਨ ਦੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਹਨ। ਚੰਗੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਦਲ ਦਲ ਦੇ ਕਬਜ਼ੇ ਅਧੀਨ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਆਈ ਹੈ ਤੇ ਉਹਨਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਸਤੰਬਰ 2026 ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਾਂ ਅਕਾਲੀ ਦਲ ਬਾਦਲ ਜੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਦਾ ਰਿਹਾ ਹੈ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ ਕਿ ਬੀਬੀ ਜੀ ਛੱਡੋ ਹੁਣ ਇਨਸਾਫ ਦੀਆਂ ਪੁਰਾਣੀਆਂ ਗੱਲਾਂ, ਹੁਣ ਵਿਕਾਸ ਦੀ ਗੱਲ ਕਰੋ। ਸੰਨ 2019 ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਕਾਲੀ ਦਲ ਬਾਦਲ ਨੇ ਹਰਾਉਣ ਵਿੱਚ ਪੂਰਾ ਯੋਗਦਾਨ ਪਾਇਆ ਸੀ ਜਿਸ ਨੂੰ ਪੰਥ ਕਦੇ ਭੁੱਲ ਨਹੀਂ ਸਕਦਾ। ਬਾਦਲ ਦਲ ਹੋਵੇ, ਸ਼੍ਰੋਮਣੀ ਕਮੇਟੀ ਹੋਵੇ ਜਾਂ ਜਥੇਦਾਰ ਹੋਵੇ ਇਹਨਾਂ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਸ਼ਹੀਦ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਯਾਦ ਨਹੀਂ ਸਨ। ਪਰ ਜਿਉਂ ਜਿਉਂ ਬਾਦਲ ਸੰਨ 2015 ਦੇ ਬਰਗਾੜੀ ਕਾਂਡ ਤੋਂ ਬਾਅਦ 2017 ਵਿੱਚ ਚੋਣਾਂ ਹਾਰਦਾ ਗਿਆ ਤਾਂ ਹੌਲੀ ਹੌਲੀ ਇਹਨਾਂ ਨੂੰ ਪੰਥ ਯਾਦ ਆਉਂਦਾ ਗਿਆ। ਜਦੋਂ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਭਾਈ ਜਟਾਣੇ ਉੱਤੇ ਗੀਤ ਗਾਇਆ ਤਾਂ ਉਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਨੇ ਭਾਈ ਜਟਾਣੇ ਦੀ ਤਸਵੀਰ ਲਗਾਈ ਸੀ, ਪੰਥਕ ਜਥੇਬੰਦੀਆਂ ਨੇ ਲੰਬੇਰਾ ਸੰਘਰਸ਼ ਕਰਕੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਸ਼੍ਰੋਮਣੀ ਕਮੇਟੀ ਤੋਂ ਲਗਵਾਈ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਤੇ ਫਿਲਮ ਬਣਨ ਤੋਂ ਬਾਅਦ ਹੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਆਈ ਸੀ ਤੇ ਉਨਾਂ ਦੀ ਯਾਦ ਵਿੱਚ ਹਰੀਕੇ ਯਾਦਗਾਰ ਬਣਾਉਣ ਅਤੇ ਸ਼ਹੀਦੀ ਡੇਟਾ ਇਕੱਠੇ ਕਰਨ ਦੇ ਐਲਾਨ ਵੀ ਹੋਏ ਇਹ ਕਿੰਨਾ ਕੁ ਸਿਰੇ ਚੜਦੇ ਹਨ ਇਹ ਤਾਂ ਭਵਿੱਖ ਦੀਆਂ ਗੱਲਾਂ ਹਨ ਤੇ ਇਸ ਵਾਰ ਸ਼੍ਰੋਮਣੀ ਕਮੇਟੀ ਭਾਈ ਖਾਲੜਾ ਦੀ ਯਾਦ ਵਿੱਚ ਸਮਾਗਮ ਕਰਵਾ ਰਹੀ ਹੈ। ਵੈਸੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਖਾਲੜਾ ਮਿਸ਼ਨ ਵੱਲੋਂ ਹਰ ਸਾਲ ਇਹ ਸਮਾਗਮ ਅੰਮ੍ਰਿਤਸਰ ਵਿੱਚ ਕਬੀਰ ਪਾਰਕ ਅਤੇ ਤਰਨ ਤਾਰਨ ਵਿਖੇ ਕਰਵਾਇਆ ਜਾਂਦਾ ਸੀ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਕਦੇ ਪਹੁੰਚਿਆ ਹੀ ਨਹੀਂ ਸੀ। ਪੰਥਕ ਜਥੇਬੰਦੀਆਂ ਨੇ ਲੰਬੇ ਸਮੇਂ ਤੋ ਇਹ ਮੰਗ ਕੀਤੀ ਸੀ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇ ਇਹ ਮੰਗ ਵੀ ਬੜੀ ਦੇਰ ਬਾਅਦ ਪੂਰੀ ਹੋਈ ਸੀ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਥਕ ਕਮੇਟੀ ਦੇ ਮੈਂਬਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਸਮਾਗਮ ਵੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਰਿਆ ਕਰੇ। ਸ਼੍ਰੋਮਣੀ ਕਮੇਟੀ ਪੰਥ ਦੀ ਅਤੇ ਪੰਥਕ ਜਥੇਬੰਦੀਆਂ ਦੀ ਗੱਲ ਘੱਟ ਹੀ ਸੁਣਦੀ ਉਹ ਤਾਂ ਆਪਣੇ ਸਿਆਸੀ ਹਿੱਤ ਵੇਖਦੀ ਹੈ ਕਿ ਕਿਸ ਗੱਲ ਨਾਲ ਬਾਦਲ ਦਲ ਨੂੰ ਸਿਆਸੀ ਫਾਇਦਾ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਪੰਥ ਦੀ ਚਿੰਤਾ ਨਹੀਂ ਪਰ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਚਿੰਤਾ ਲੱਗੀ ਰਹਿੰਦੀ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.