ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ ਅਹਿਮ ਅਕਾਦਮਿਕ ਤੇ ਪ੍ਰਸ਼ਾਸਨਿਕ ਫੈਸਲਿਆਂ ’ਤੇ ਲੱਗੀ ਮੋਹਰ, ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ
- ਅੰਤਰਰਾਸ਼ਟਰੀ
- (Asia/Kolkata)
25 ਤੇ 26 ਨਵੰਬਰ ਨੂੰ ਹੋਵੇਗਾ ਦੋ ਰੋਜ਼ਾ ‘ਅੰਮ੍ਰਿਤਸਰ 450’ ਅੰਤਰਰਾਸ਼ਟਰੀ ਸੰਮੇਲਨ
‘ਦਾਸਤਾਨ-ਏ-ਅੰਮ੍ਰਿਤਸਰ’ ਲਾਈਟ ਐਂਡ ਸਾਊਂਡ ਸ਼ੋਅ ਰਹੇਗਾ ਖਿੱਚ ਦਾ ਕੇਂਦਰ
ਅੰਮ੍ਰਿਤਸਰ, 18 ਨਵੰਬਰ, 2026 , ਨਜ਼ਰਾਨਾ ਟਾਈਮਜ ਬਿਊਰੋ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਅੱਜ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਈ ਅਹਿਮ ਅਕਾਦਮਿਕ ਅਤੇ ਪ੍ਰਸ਼ਾਸਨਿਕ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਵੱਖ-ਵੱਖ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਰਜਿਸਟਰਾਰ ਪ੍ਰੋ. ਕੇ.ਐੱਸ. ਚਾਹਲ ਨੇ ਵਿਚਾਰ ਅਤੇ ਪ੍ਰਵਾਨਗੀ ਲਈ ਏਜੰਡਾ ਪੇਸ਼ ਕੀਤਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਐੱਚ.ਐੱਸ. ਸੈਣੀ, ਸਿੰਡੀਕੇਟ ਦੇ ਮੈਂਬਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਮੌਜੂਦ ਸਨ।
ਮੀਟਿੰਗ ਦੌਰਾਨ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸਿੰਡੀਕੇਟ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਦੋ ਰੋਜ਼ਾ ਅੰਤਰਰਾਸ਼ਟਰੀ ਸੰਮੇਲਨ ‘ਅੰਮ੍ਰਿਤਸਰ 450’ 25 ਅਤੇ 26 ਨਵੰਬਰ, 2026 ਨੂੰ ਕਰਵਾਇਆ ਜਾਵੇਗਾ। ਇਸ ਸੰਮੇਲਨ ਵਿਚ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਦਿੱਲੀ ਦੇ ਮਾਣਯੋਗ ਉਪ-ਰਾਜਪਾਲ ਸ੍ਰੀ ਤਰਨਜੀਤ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਦਾਸਤਾਨ-ਏ-ਅੰਮ੍ਰਿਤਸਰ’ ਨਾਮਕ ਲਾਈਟ ਐਂਡ ਸਾਊਂਡ ਸ਼ੋਅ ਵੀ ਪੇਸ਼ ਕੀਤਾ ਜਾਵੇਗਾ। ਇਹ ਸ਼ੋਅ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਮੀਰ ਇਤਿਹਾਸ, ਸੱਭਿਆਚਾਰਕ ਵਿਰਾਸਤ ਅਤੇ ਅਧਿਆਤਮਕ ਮਹੱਤਤਾ ਨੂੰ ਦਰਸਾਏਗਾ।
ਇਸ ਮੌਕੇ ਉਪ-ਕੁਲਪਤੀ ਨੇ ਸਿੰਡੀਕੇਟ ਦੇ ਨਵੇਂ ਨਾਮਜ਼ਦ ਮੈਂਬਰਾਂ ਉੱਘੇ ਸਿੱਖਿਆ ਸ਼ਾਸਤਰੀ ਅਤੇ ਵਿਦਵਾਨ ਪ੍ਰੋ. ਐੱਸ.ਐੱਸ. ਜੌਹਲ, ਅਮਨਦੀਪ ਹਸਪਤਾਲ ਦੇ ਡਾਇਰੈਕਟਰ, ਡਾ. ਅਵਤਾਰ ਸਿੰਘ ਅਤੇ ਸ੍ਰੀ ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ, ਡੀ.ਪੀ.ਆਈ. ਦਾ ਸਵਾਗਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਸ਼ਖ਼ਸੀਅਤਾਂ ਦਾ ਤਜਰਬਾ, ਗਿਆਨ ਅਤੇ ਸੁਝਾਅ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਸੰਸਥਾਗਤ ਤਰੱਕੀ ਵਿਚ ਅਹਿਮ ਯੋਗਦਾਨ ਪਾਉਣਗੇ।
ਮੀਟਿੰਗ ਵਿਚ ਕਈ ਅਹਿਮ ਅਕਾਦਮਿਕ ਮਾਮਲਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਸਿੰਡੀਕੇਟ ਵੱਲੋਂ ਡਾਇਰੈਕਟੋਰੇਟ ਆਫ਼ ਓਪਨ ਐਂਡ ਡਿਸਟੈਂਸ ਲਰਨਿੰਗ ਐਂਡ ਆਨਲਾਈਨ ਸਟੱਡੀਜ਼ ਅਧੀਨ ਓਪਨ ਐਂਡ ਡਿਸਟੈਂਸ ਲਰਨਿੰਗ (ਓ.ਡੀ.ਐੱਲ.) ਅਤੇ ਆਨਲਾਈਨ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ ’ਤੇ ਸਥਾਪਿਤ ਸੈਂਟਰ ਫਾਰ ਇੰਟਰਨਲ ਕੁਆਲਿਟੀ ਅਸ਼ੋਰੈਂਸ (ਸੀ.ਆਈ.ਕਿਊ.ਏ.) ਸਬੰਧੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦਾ ਉਦੇਸ਼ ਡਿਸਟੈੈਂਸ ਅਤੇ ਆਨਲਾਈਨ ਸਿੱਖਿਆ ਪ੍ਰੋਗਰਾਮਾਂ ਵਿਚ ਗੁਣਵੱਤਾ ਦੇ ਮਾਪਦੰਡਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸੇ ਤਰ੍ਹਾਂ ਸਿੰਡੀਕੇਟ ਨੇ ਫੈਕਲਟੀ ਆਫ਼ ਐਗਰੀਕਲਚਰ ਐਂਡ ਫਾਰੈਸਟਰੀ ਅਧੀਨ ਖੇਤੀਬਾੜੀ ਵਿਭਾਗ ਵਿਚ ਐਡੀਸ਼ਨਲ ਪੀਐੱਚ.ਡੀ. ਪ੍ਰੋਗਰਾਮ ਵਜੋਂ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵਿਸ਼ੇ ਵਿਚ ਪੀਐੱਚ.ਡੀ. ਸ਼ੁਰੂ ਕਰਨ ਦੀ ਪੁਸ਼ਟੀ ਕੀਤੀ। ਇਸ ਨਾਲ ਇਸ ਖੇਤਰ ਵਿਚ ਖੋਜ ਅਤੇ ਉੱਚ ਸਿੱਖਿਆ ਦੇ ਨਵੇਂ ਮੌਕੇ ਪੈਦਾ ਹੋਣਗੇ।
ਵੱਖ-ਵੱਖ ਵਿਭਾਗਾਂ ਵਿਚ ਪ੍ਰੀ-ਪੀਐੱਚ.ਡੀ. ਦੇ ਸਿਲੇਬਸ ਅਤੇ ਕੋਰਸ ਵਰਕ ਦੇ ਢਾਂਚੇ ਨੂੰ ਇਕਸਾਰ ਅਤੇ ਸੁਚਾਰੂ ਬਣਾਉਣ ਲਈ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਵੀ ਸਿੰਡੀਕੇਟ ਨੇ ਪ੍ਰਵਾਨਗੀ ਦਿੱਤੀ। ਇਸ ਪਹਿਲਕਦਮੀ ਦਾ ਮਕਸਦ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਖੋਜ ਨਾਲ ਸਬੰਧਤ ਕੋਰਸ ਵਰਕ ਵਿਚ ਅਕਾਦਮਿਕ ਇਕਸਾਰਤਾ ਅਤੇ ਮਿਆਰ ਕਾਇਮ ਕਰਨਾ ਹੈ।
ਇਸ ਤੋਂ ਇਲਾਵਾ ਯੋਗ ਖੋਜਾਰਥੀਆਂ ਨੂੰ ਵੱਖ-ਵੱਖ ਪੀਐੱਚ.ਡੀ. ਡਿਗਰੀਆਂ ਪ੍ਰਦਾਨ ਕਰਨ ਦੇ ਪ੍ਰਸਤਾਵ ਨੂੰ ਵੀ ਸਿੰਡੀਕੇਟ ਵੱਲੋਂ ਪ੍ਰਵਾਨਗੀ ਦਿੱਤੀ ਗਈ।
ਅੰਤ ਵਿਚ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸਾਰੇ ਮੈਂਬਰਾਂ ਦਾ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ, ਕੀਮਤੀ ਸੁਝਾਵਾਂ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਸਿੰਡੀਕੇਟ ਮੈਂਬਰਾਂ ਨੇ ਯੂਨੀਵਰਸਿਟੀ ਵੱਲੋਂ ਅਕਾਦਮਿਕ ਉੱਤਮਤਾ, ਖੋਜ, ਨਵੀਨਤਾ ਅਤੇ ਸੰਸਥਾਗਤ ਵਿਕਾਸ ਦੇ ਖੇਤਰ ਵਿਚ ਹਾਸਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਅਤੇ ਤਰੱਕੀ ਦੀ ਵੀ ਪ੍ਰਸ਼ੰਸਾ ਕੀਤੀ।
Leave a Reply