ਸੰਤ ਬਾਬਾ ਦੇਵਾ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ 29 ਤੋਂ 31 ਜੁਲਾਈ ਤੱਕ
- ਧਾਰਮਿਕ
- 19 Jul, 2026 08:48 PM (Asia/Kolkata)
ਸੰਤ ਬਾਬਾ ਹਾਕਮ ਸਿੰਘ ਜੀ ਨੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕੀਤੀ ਅਪੀਲ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ
ਦਲ ਬਾਬਾ ਰਾਮ ਸਿੰਘ ਜੀ ਜਥੇਬੰਦੀ ਅਤੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਸਾਂਝੇ ਉਪਰਾਲੇ ਸਦਕਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਦੇਵਾ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ਨਗਰ ਨਿਵਾਸੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਕਰਤਾਰਪੁਰ ਸਾਹਿਬ (ਚੋਹਲਾ ਸਾਹਿਬ) ਵਿਖੇ 29, 30 ਅਤੇ 31 ਜੁਲਾਈ ਨੂੰ ਬੜੀ ਸ਼ਰਧਾ,ਸਤਿਕਾਰ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਨੇ ਦੱਸਿਆ ਕਿ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ 29 ਜੁਲਾਈ ਬੁੱਧਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਵੇਗੀ। ਇਸ ਉਪਰੰਤ 30 ਜੁਲਾਈ ਵੀਰਵਾਰ ਦੀ ਰਾਤ ਨੂੰ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ,ਜਿਸ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ, ਪ੍ਰਚਾਰਕ ਅਤੇ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰੂ ਇਤਿਹਾਸ ਨਾਲ ਨਿਹਾਲ ਕਰਨਗੇ।
ਉਨ੍ਹਾਂ ਦੱਸਿਆ ਕਿ 31 ਜੁਲਾਈ ਸ਼ੁੱਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਣਗੇ। ਇਸ ਮੌਕੇ ਸ਼ਬਦਈ ਜਥਾ ਡੇਰਾ ਸ੍ਰੀ ਕਰਤਾਰਪੁਰ ਸਾਹਿਬ,ਭਾਈ ਤਰਸੇਮ ਸਿੰਘ ਜੀ ਨਾਨਕਸਰ ਵਾਲੇ,ਭਾਈ ਜਰਮਨਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ,ਭਾਈ ਸਰਬਜੀਤ ਸਿੰਘ ਢੋਟੀਆਂ ਮੁੱਖ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ,ਭਾਈ ਸ਼ੌਕੀਨ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਅਤੇ ਭਾਈ ਮੰਗਤ ਸਿੰਘ ਜੀ ਝਾੜ ਸਾਹਿਬ ਵਾਲੇ ਆਪਣੀ ਹਾਜ਼ਰੀ ਭਰਦੇ ਹੋਏ ਗੁਰਬਾਣੀ ਕੀਰਤਨ ਅਤੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਸਮਾਗਮ ਦੌਰਾਨ ਵੱਖ-ਵੱਖ ਸੰਪਰਦਾਵਾਂ ਦੇ ਮੁਖੀ,ਸੰਤ ਮਹਾਂਪੁਰਸ਼,ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਿਹੰਗ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ। ਤਿੰਨੋਂ ਦਿਨ ਗੁਰੂ ਘਰ ਦੇ ਅਤੁੱਟ ਲੰਗਰ ਭੰਡਾਰੇ ਨਿਰੰਤਰ ਚੱਲਣਗੇ,ਜਿੱਥੇ ਆਉਣ ਵਾਲੀ ਸਮੂਹ ਸੰਗਤ ਲਈ ਲੰਗਰ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।ਸੰਤ ਬਾਬਾ ਹਾਕਮ ਸਿੰਘ ਜੀ ਨੇ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਸ ਮਹਾਨ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰ ਕੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਦੇਵਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਤੇ ਖੁਸ਼ੀਆਂ ਪ੍ਰਾਪਤ ਕਰਨ।
Leave a Reply