ਪਾਠ-ਭੇਦਾਂ ਦੇ ਮਸਲੇ ’ਤੇ ਸਰਬੱਤ ਖ਼ਾਲਸਾ ਜਥੇਬੰਦੀ ਨੇ ਕਿਤਾਬ ਕੀਤੀ ਜਾਰੀ, ਪਹਿਲੇ 13 ਪੰਨਿਆਂ ਦੇ ਸੁਧਾਈ ਲਈ ਤਿਆਰ ਖਰੜੇ ਦੀ ਜਾਂਚ ਕਰਨ ਦੀ SGPC ਨੂੰ ਅਪੀਲ

ਪਾਠ-ਭੇਦਾਂ ਦੇ ਮਸਲੇ ’ਤੇ ਸਰਬੱਤ ਖ਼ਾਲਸਾ ਜਥੇਬੰਦੀ ਨੇ ਕਿਤਾਬ ਕੀਤੀ ਜਾਰੀ, ਪਹਿਲੇ 13 ਪੰਨਿਆਂ ਦੇ ਸੁਧਾਈ ਲਈ ਤਿਆਰ ਖਰੜੇ ਦੀ ਜਾਂਚ ਕਰਨ ਦੀ SGPC ਨੂੰ  ਅਪੀਲ

ਅੰਮ੍ਰਿਤਸਰ , ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ —ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਭੇਦਾਂ ਨਾਲ ਸਬੰਧਤ ਮਸਲੇ ਨੂੰ ਲੈ ਕੇ ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਡਾ. ਓਅੰਕਾਰ ਸਿੰਘ ਦੁਆਰਾ ਲਿਖੀ ਕਿਤਾਬ “ਆਦਿ-ਮੰਗਲ ਦਾ ਸਰੂਪ ਸਥਾਨ ਅਤੇ ਪਾਠ-ਭੇਦਾਂ ਉਕਾਈਆਂ” ਜਾਰੀ ਕੀਤੀ ਗਈ ਹੈ। ਜਥੇਬੰਦੀ ਨੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਕਿਤਾਬ ਅਤੇ ਪੰਥਕ ਵਿਦਵਾਨਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਦੇ ਸੁਧਾਈ ਲਈ ਤਿਆਰ ਕੀਤੇ ਖਰੜੇ ਨੂੰ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਕੋਲ ਵਿਚਾਰ ਲਈ ਭੇਜਣ ਦੀ ਅਪੀਲ ਕੀਤੀ ਹੈ।

ਪੱਤਰ ਵਿੱਚ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਾਪਣ ਦਾ ਕੋਈ ਮਨੋਰਥ ਨਹੀਂ ਹੈ। ਜਥੇਬੰਦੀ ਅਨੁਸਾਰ ਪਾਠ-ਭੇਦਾਂ ਦਾ ਮਸਲਾ ਸਮੁੱਚੀ ਕੌਮ ਦਾ ਸਾਂਝਾ ਮਸਲਾ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ।

ਜਥੇਬੰਦੀ ਨੇ ਦੱਸਿਆ ਕਿ ਕੌਮੀ ਕਾਰਜ ਨੂੰ ਧਿਆਨ ਵਿੱਚ ਰੱਖਦਿਆਂ ਡਾ. ਓਅੰਕਾਰ ਸਿੰਘ ਵੱਲੋਂ ਲਿਖੀ ਕਿਤਾਬ ਜਾਰੀ ਕੀਤੀ ਗਈ ਹੈ। ਕਿਤਾਬ ਦੀ ਈ-ਕਾਪੀ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਹੈ, ਜਦਕਿ ਜਿਲਦਬੰਦ ਕਾਪੀ ਵੀ ਭੇਜਣ ਦੀ ਗੱਲ ਕਹੀ ਗਈ ਹੈ।

ਪੱਤਰ ਮੁਤਾਬਕ ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਇਸ ਮਸਲੇ ਸਬੰਧੀ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੂੰ ਕਈ ਪੱਤਰ ਲਿਖੇ ਗਏ ਸਨ। ਜਥੇਬੰਦੀ ਦਾ ਕਹਿਣਾ ਹੈ ਕਿ ਉਨ੍ਹਾਂ ਪੱਤਰਾਂ ਦਾ ਕੋਈ ਜਵਾਬ ਨਹੀਂ ਮਿਲਿਆ। 14 ਮਾਰਚ ਦੀ ਚਿੱਠੀ ਦਾ ਹਵਾਲਾ ਦਿੰਦਿਆਂ ਜਥੇਬੰਦੀ ਨੇ ਕਿਹਾ ਕਿ ਇਸ ਤੋਂ ਬਾਅਦ ਵਿਦਵਾਨਾਂ ਦੀ ਸਲਾਹ ਨਾਲ ਪਾਠ-ਭੇਦਾਂ ਦੇ ਵਿਸ਼ੇ ’ਤੇ ਕਾਰਜ ਸ਼ੁਰੂ ਕੀਤਾ ਗਿਆ ਅਤੇ ਮੌਜੂਦਾ ਕਿਤਾਬ ਉਸੇ ਕਾਰਜ ਦਾ ਹਿੱਸਾ ਹੈ।

ਜਥੇਬੰਦੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੇ ਵਿਦਵਾਨਾਂ ਦੇ ਲੇਖਾਂ ਅਤੇ ਰਿਪੋਰਟਾਂ ਦੀ ਮਦਦ ਨਾਲ ਇਹ ਕੰਮ ਸੰਭਵ ਹੋ ਸਕਿਆ ਹੈ। ਇਨ੍ਹਾਂ ਲੇਖਾਂ ਅਤੇ ਰਿਪੋਰਟਾਂ ਨੂੰ ਵੀ ਕਿਤਾਬ ਦਾ ਹਿੱਸਾ ਬਣਾਇਆ ਗਿਆ ਹੈ।

ਪੱਤਰ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਕਿਤਾਬ ਵਿੱਚ ਸੰਪੂਰਨ ਅਤੇ ਸੰਖੇਪ ਮੰਗਲ ਦੇ ਸਰੂਪ ਅਤੇ ਸਥਾਨ ਬਾਰੇ ਪੁਰਾਤਨ ਬੀੜਾਂ ਦੀਆਂ ਤਸਵੀਰਾਂ ਦੇ ਹਵਾਲਿਆਂ ਨਾਲ ਵਿਚਾਰ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਤਾਬ ਦੇ ਪੰਨਾ ਨੰਬਰ 172 ਤੋਂ 211 ਤੱਕ ਹੱਥ-ਲਿਖਤ ਬੀੜਾਂ ਦੀਆਂ ਤਸਵੀਰਾਂ ਦੇ ਹਵਾਲਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਦੇ ਪਾਠ-ਭੇਦਾਂ ਦੀ ਸੁਧਾਈ ਸਬੰਧੀ ਖਰੜਾ ਵੀ ਪੇਸ਼ ਕੀਤਾ ਗਿਆ ਹੈ।

ਸਰਬੱਤ ਖ਼ਾਲਸਾ ਵੱਲੋਂ ਵਿਦਵਾਨਾਂ ਦੀ ਟੀਮ ਦੁਆਰਾ ਤਿਆਰ ਕੀਤੇ ਪਹਿਲੇ 13 ਪੰਨਿਆਂ ਦੇ ਡਾਟੇ ਨੂੰ ਵੱਖਰੇ ਤੌਰ ’ਤੇ ਪੀਡੀਐੱਫ ਫਾਰਮੈਟ ਵਿੱਚ ਵੀ ਸ਼੍ਰੋਮਣੀ ਕਮੇਟੀ ਨੂੰ ਭੇਜਣ ਦੀ ਗੱਲ ਕਹੀ ਗਈ ਹੈ।

ਜਥੇਬੰਦੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਇਹ ਖਰੜਾ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਨੂੰ ਭੇਜਿਆ ਜਾਵੇ। ਨਾਲ ਹੀ, ਜੇ ਕਿਸੇ ਹੋਰ ਜਾਣਕਾਰੀ ਦੀ ਲੋੜ ਹੋਵੇ ਜਾਂ ਖਰੜੇ ਵਿੱਚ ਕਿਸੇ ਕਮੀ-ਪੇਸ਼ੀ ਨੂੰ ਦਰੁਸਤ ਕਰਨ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਥਾਪੇ ਵਿਦਵਾਨਾਂ ਨਾਲ ਮੀਟਿੰਗ ਵੀ ਕੀਤੀ ਜਾ ਸਕਦੀ ਹੈ।

ਇਹ ਪੱਤਰ ਸਰਬੱਤ ਖ਼ਾਲਸਾ ਜਥੇਬੰਦੀ ਦੀ ਪੰਜ ਪ੍ਰਧਾਨੀ ਕੌਂਸਲ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸ. ਨਿਰਮਲ ਸਿੰਘ (ਵਿਕਟੋਰੀਆ, ਕੈਨੇਡਾ), ਸ. ਗੁਰਪ੍ਰੀਤ ਸਿੰਘ ਜੀਪੀ (ਬਹਿਰੀਨ), ਡਾ. ਖੁਸ਼ਹਾਲ ਸਿੰਘ (ਚੰਡੀਗੜ੍ਹ), ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ) ਅਤੇ ਸ. ਸਤਬੀਰ ਸਿੰਘ (ਦਿੱਲੀ) ਦੇ ਨਾਮ ਸ਼ਾਮਲ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.