ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ
- ਰਾਸ਼ਟਰੀ
- (Asia/Kolkata)
ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਟੇਕ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਲੁਧਿਆਣਾ/ਅੰਮ੍ਰਿਤਸਰ, 1 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ - ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਦੂਸਰੇ ਪੜਾਅ ਤਹਿਤ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ ਲੁਧਿਆਣਾ ਤੋਂ ਪੰਥਕ ਰਵਾਇਤਾਂ ਨਾਲ ਆਪਣੇ ਅਗਲੇ ਪੜਾਅ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਸਾਹਿਬ ਲੁਧਿਆਣਾ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। ਇਸ ਮੌਕੇ ਸਜੇ ਧਾਰਮਿਕ ਦੀਵਾਨ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨਾਲ ਕਥਾ-ਵਿਚਾਰਾਂ ਦੀ ਸਾਂਝ ਪਾਈ ਅਤੇ ਗੁਰਮਤਿ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕਰਕੇ ਸਿੱਖਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਨਾਲ ਜੋੜਿਆ ਹੈ। ਇਸੇ ਸਿਧਾਂਤ ਦੀ ਚੇਤਨਾ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਮੀਰੀ ਪੀਰੀ ਖ਼ਾਲਸਾ ਮਾਰਚ ਸਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਖ਼ਾਲਸਾ ਪੰਥ ਕੌਮੀ ਮਸਲਿਆਂ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋਵੇ। ਉਨ੍ਹਾਂ ਬੰਦੀ ਸਿੰਘਾਂ ਦੀ ਗੱਲ ਕਰਦਿਆਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਲੰਮੇ ਸਮੇਂ ਤੋਂ ਫਾਂਸੀ ਦੀ ਚੱਕੀ ਵਿਚ ਨਜ਼ਰਬੰਦ ਹੈ ਅਤੇ ਸਰਕਾਰ ਵੱਲੋਂ ਉਸ ਦੇ ਕੇਸ ਸਬੰਧੀ ਫੈਸਲਾ ਨਹੀਂ ਕੀਤਾ ਜਾ ਰਿਹਾ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋਂ ਉਠਾਈ ਜਾ ਰਹੀ ਆਵਾਜ਼ ਪ੍ਰਤੀ ਸਰਕਾਰ ਵੱਲੋਂ ਅਪਨਾਈ ਜਾ ਰਹੀ ਪਹੁੰਚ ਵੀ ਬੇਗਾਨਗੀ ਦਾ ਅਹਿਸਾਸ ਦਵਾਉਣ ਵਾਲੀ ਹੈ, ਜੋ ਸਿੱਖਾਂ ਨਾਲ ਵੱਡੀ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੁਰਾਣੇ ਸਮੇਂ ਕੌਮੀ ਮਾਮਲਿਆਂ ਤੇ ਸਿੱਖ ਮਿਸਲਾਂ ਆਪਸੀ ਵਖਰੇਵੇਂ ਭੁਲ ਕੇ ਇਕ ਹੁੰਦੀਆਂ ਸਨ, ਅੱਜ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਸਾਹਮਣੇ ਲਈ ਇਕਜੁਟ ਹੋਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਨਾਲ ਜੋੜਨ, ਤਾਂ ਜੋ ਉਹ ਮਾੜੀ ਸੰਗਤ ਤੋਂ ਦੂਰ ਰਹਿਣ ਅਤੇ ਨਸ਼ਿਆਂ ਵਰਗੀ ਬਿਮਾਰੀ ਤੋਂ ਬਚ ਸਕਣ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੌਮ ਦੇ ਸਾਹਮਣੇ ਕਈ ਵਾਰ ਔਖੇ ਸਮੇਂ ਆਏ ਪਰ ਖ਼ਾਲਸਾ ਪੰਥ ਨੇ ਗੁਰੂ ’ਤੇ ਭਰੋਸਾ ਰੱਖ ਕੇ ਹਮੇਸ਼ਾ ਚੜ੍ਹਦੀ ਕਲਾ ਵਿਚ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਚੁਣੌਤੀ ਜਿਥੇ ਸਮਾਜ ਅੰਦਰ ਵਧ ਰਹੇ ਨਸ਼ੇ ਹਨ, ਉਥੇ ਹੀ ਪੰਥ ਵਿਰੋਧੀ ਤਾਕਤਾਂ ਸਿੱਖ ਸਿਧਾਂਤਾਂ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰੂ ਦੀਆਂ ਗੋਲਕਾਂ ਜਾਂ ਗੁਰੂ ਘਰ ਦੀਆਂ ਸੇਵਾਵਾਂ ਬਾਰੇ ਸੰਗਤ ਵਿਚ ਬੇਲੋੜੇ ਸ਼ੰਕੇ ਪੈਦਾ ਕਰਦੇ ਹਨ, ਅਜਿਹੀ ਸੋਚ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਸੰਭਾਲਣਾ ਵੀ ਸਾਡੀ ਸਾਂਝੀ ਜ਼ੁੰਮੇਵਾਰੀ ਹੈ। ਉਨ੍ਹਾਂ ਵਿਦੇਸ਼ ਰਹਿ ਰਹੇ ਪਰਿਵਾਰਾਂ ਨੂੰ ਪੰਜਾਬ ਵਿੱਚੋਂ ਜਾਇਦਾਦਾਂ ਨਾ ਵੇਚਣ ਲਈ ਆਖਦਿਆਂ ਕਿਹਾ ਕਿ ਪੰਜਾਬ ਨੂੰ ਪੱਕੇ ਤੌਰ ’ਤੇ ਛੱਡਣ ਬਾਰੇ ਨਾ ਸੋਚੀਏ। ਆਪਣੀ ਬੋਲੀ, ਆਪਣੀ ਵਿਰਾਸਤ ਅਤੇ ਨੌਜੁਆਨੀ ਨੂੰ ਬਚਾਉਣਾ ਸਾਡਾ ਸਾਂਝਾ ਫ਼ਰਜ਼ ਹੈ।

ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤ ਅੰਦਰ ਵੱਡਾ ਉਤਸ਼ਾਹ ਹੈ। ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਨੇ ਖ਼ਾਲਸਾ ਮਾਰਚ ਦਾ ਭਰਵਾਂ ਸਵਾਗਤ ਕਰਦਿਆਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਲੁਧਿਆਣਾ ਵਿਖੇ ਨੌਜੁਆਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਸਬੰਧੀ ਤਖ਼ਤੀਆਂ ਲੈ ਕੇ ਮੋਟਰਸਾਈਕਲਾਂ ’ਤੇ ਖ਼ਾਲਸਾ ਮਾਰਚ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਨੌਜੁਆਨ ਜਿਥੇ ਸਾਬਤ ਸੂਰਤ ਹੋਣ ਦਾ ਪ੍ਰਣ ਕਰ ਰਹੇ ਹਨ, ਉਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਤਿਆਰ ਹੋ ਰਹੇ ਹਨ। ਖ਼ਾਲਸਾ ਮਾਰਚ ਨਾਲ ਚਲ ਰਹੀ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਪ੍ਰਤੀ ਵੀ ਸੰਗਤਾਂ ਅੰਦਰ ਵੱਡਾ ਉਤਸ਼ਾਹ ਸੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੈਂਬਰ ਸ. ਸੁਖਜੀਤ ਸਿੰਘ ਕਾਦੀਆਂ, ਸ. ਪ੍ਰਿਤਪਾਲ ਸਿੰਘ ਪਾਲੀ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਚਰਨ ਸਿੰਘ ਆਲਮਗੀਰ, ਸ. ਕੇਵਲ ਸਿੰਘ ਬਾਦਲ, ਬੀਬੀ ਰਜਿੰਦਰ ਕੌਰ, ਸਾਬਕਾ ਮੰਤਰੀ ਸ. ਹੀਰਾ ਸਿੰਘ ਗਾਬੜੀਆ, ਸੀਨੀਅਰ ਅਕਾਲੀ ਆਗੂ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਐਮਪੀ ਸ. ਰਣਜੀਤ ਸਿੰਘ ਢਿੱਲੋਂ, ਹਲਕਾ ਇੰਚਾਰਜ ਸ. ਹਰਪ੍ਰੀਤ ਸਿੰਘ, ਹਲਕਾ ਇੰਚਾਰਜ ਨਕੋਦਰ ਸ. ਰਾਜਕੰਵਲ ਸਿੰਘ, ਸ. ਸੁਖਦਰਸ਼ਨ ਸਿੰਘ, ਜ਼ਿਲ੍ਹਾ ਪ੍ਰਧਾਨ ਸ. ਭੁਪਿੰਦਰ ਸਿੰਘ ਜਿੰਦਾ, ਸ. ਗੁਰਚਰਨ ਸਿੰਘ ਗੋਗੀ, ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਬਾਬਾ ਅਨਹਦ ਨਾਦ ਸਿੰਘ ਲੁਧਿਆਣਾ, ਬਾਬਾ ਹਰਿੰਦਰ ਸਿੰਘ, ਗਿਆਨੀ ਗੁਰਬਖ਼ਸ਼ ਸਿੰਘ ਯੂਕੇ, ਬਾਬਾ ਭੁਪਿੰਦਰ ਸਿੰਘ, ਮਾਤਾ ਵਿਪਨਪ੍ਰੀਤ ਕੌਰ, ਸ. ਚੰਦ ਸਿੰਘ ਡੱਲਾ, ਸ. ਗੁਰਜੀਤ ਸਿੰਘ ਲਹਿਰਾ, ਮੈਨੇਜਰ ਸ. ਸਰਬਦਿਆਲ ਸਿੰਘ, ਸ. ਗੁਰਚਰਨ ਸਿੰਘ, ਇੰਚਾਰਜ ਸ. ਗੁਰਭਾਗ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।
Leave a Reply