ਮੋਦੀ ਦੀ ਅਗਵਾਈ ਹੇਠ ਭਾਰਤ ਸੰਸਾਰਕ ਸ਼ਾਂਤੀ ਦੇ ਰਾਹ ’ਤੇ : ਸ਼ੇਖਾਵਤ

ਮੋਦੀ ਦੀ ਅਗਵਾਈ ਹੇਠ ਭਾਰਤ ਸੰਸਾਰਕ ਸ਼ਾਂਤੀ ਦੇ ਰਾਹ ’ਤੇ : ਸ਼ੇਖਾਵਤ

ਨਵੀਂ ਦਿੱਲੀ , ਨਜ਼ਰਾਨਾ ਟਾਈਮਜ ਬਿਊਰੋ 
ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਭਗਵਾਨ ਬੁੱਧ ਦੇ ਦਰਸਾਏ ਮਾਰਗ ’ਤੇ ਤੁਰਦਿਆਂ ਸੰਸਾਰ ਵਿੱਚ ਸ਼ਾਂਤੀ ਅਤੇ ਸਾਂਝੀ ਸਹਿਜਤਾ ਸਥਾਪਿਤ ਕਰਨ ਲਈ ਯਤਨ ਕਰ ਰਿਹਾ ਹੈ। ਉਹ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਯੋਜਿਤ ਦੂਜੇ ਵਿਸ਼ਵ ਬੁੱਧ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਮਾਗਮ “ਸਾਂਝੀ ਸਿਆਣਪ, ਇਕਜੁੱਟ ਆਵਾਜ਼ ਅਤੇ ਪਰਸਪਰ ਸਹਿ-ਅਸਤਿਤਵ” ਦੇ ਮਕਸਦ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।
ਇਸ ਮੌਕੇ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਣ ਰਿਜਿਜੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਵਾਨ ਬੁੱਧ ਦੀਆਂ ਉਪਦੇਸ਼ ਅੱਜ ਵੀ ਮਨੁੱਖਤਾ ਨੂੰ ਸਾਂਝ, ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਰਾਹ ਵਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਭਗਵਾਨ ਬੁੱਧ ਦੀ ਧਰਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਸਰਕਾਰ ਬੁੱਧ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨ ਕਰ ਰਹੀ ਹੈ।
ਸਮਾਗਮ ਦੇ ਸਵਾਗਤੀ ਭਾਸ਼ਣ ਦੌਰਾਨ ਅੰਤਰਰਾਸ਼ਟਰੀ ਬੁੱਧ ਸੰਘ ਦੇ ਮਹਾਂਨਿਰਦੇਸ਼ਕ ਅਭੀਜੀਤ ਹਲਦਰ ਨੇ ਦੇਸ਼-ਵਿਦੇਸ਼ ਤੋਂ ਪਧਾਰੇ ਸਾਰੇ ਪ੍ਰਤਿਨਿਧੀਆਂ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਅਤੇ ਦੋ ਦਿਨਾਂ ਸਮਾਗਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਦੋ ਦਿਨਾਂ ਇਸ ਵਿਸ਼ਵ ਬੁੱਧ ਸਮਾਗਮ ਦੌਰਾਨ ਥਾਈਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਮਾਰਿਸ ਸਾਂਗੀਅੰਪੋਂਗਸਾ, ਵੀਅਤਨਾਮ ਦੇ ਮੋਸਟ ਵੇਨੇਰੇਬਲ ਥਿਚ ਦੁਕ ਥੀਐਨ, ਭਾਰਤ ਦੇ ਗਿਆਲਤਰੁਲ ਜਿਗਮੇ ਰਿੰਪੋਚੇ, ਭੂਟਾਨ ਦੇ ਜੋਂਗਸਾਰ ਜਮਿਆਂਗ ਖੈਂਤਸੇ ਰਿੰਪੋਚੇ, ਮਿਆਂਮਾਰ ਦੇ ਮੋਸਟ ਵੇਨੇਰੇਬਲ ਆਸ਼ਿਨ ਕੁਮਾਰਾ, ਨੇਪਾਲ ਦੇ ਪ੍ਰੋ. ਡਾ. ਸੁਬਰਣਾ ਲਾਲ ਬਜ੍ਰਾਚਾਰਿਆ, ਜਪਾਨ ਦੇ ਧਾਰਮਿਕ ਆਚਾਰਯ ਕੋਸ਼ੋ ਤੋਮੀਓਕਾ, ਤਾਇਵਾਨ ਦੇ ਆਚਾਰਯ ਸ਼ਿਹ ਜਿਆਨ-ਯਿਨ, ਭਾਰਤ ਦੇ ਵੇਨੇਰੇਬਲ ਆਨੰਦ ਭੰਤੇ ਅਤੇ ਅਮਰੀਕਾ ਦੇ ਪ੍ਰਸਿੱਧ ਬੁੱਧ ਵਿਦਵਾਨ ਪ੍ਰੋਫੈਸਰ ਰਾਬਰਟ ਥਰਮਨ ਸਮੇਤ ਕਈ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰਨਗੇ।
ਸਮਾਗਮ ਦੌਰਾਨ ਪੰਜ ਮੁੱਖ ਵਿਸ਼ਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਸਮਾਜਕ ਸਾਂਝ ਲਈ ਸਾਂਝੀ ਸਿਆਣਪ ਅਤੇ ਇਕਜੁੱਟ ਸੋਚ, ਬੁੱਧ ਧੰਮ ਅਨੁਸਾਰ ਉਦਯਮ ਅਤੇ ਸਹੀ ਜੀਵਨ ਯਾਪਨ, ਵਿਗਿਆਨਕ ਅਧਿਐਨ, ਸਿਹਤ ਸੰਭਾਲ ਅਤੇ ਟਿਕਾਊ ਜੀਵਨ ਸ਼ੈਲੀ, ਬੁੱਧ ਧੰਮ ਦੀ ਰੋਸ਼ਨੀ ਵਿੱਚ ਸਿੱਖਿਆ ਅਤੇ ਸੰਘ ਦੀ ਭੂਮਿਕਾ, ਰੀਤ-ਰਿਵਾਜ ਅਤੇ ਅਭਿਆਸ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸੰਸਕ੍ਰਿਤੀ ਮੰਤਰਾਲੇ ਦੇ ਅਧੀਨ ਨਵੀਂ ਦਿੱਲੀ ਵਿੱਚ ਸਥਿਤ ਅੰਤਰਰਾਸ਼ਟਰੀ ਬੁੱਧ ਸੰਘ ਦੀ ਸਥਾਪਨਾ ਸਾਲ 2011 ਵਿੱਚ ਕੀਤੀ ਗਈ ਸੀ। ਇਸ ਨਾਲ ਸੰਸਾਰ ਭਰ ਦੀਆਂ ਤਿੰਨ ਸੌ ਤੋਂ ਵੱਧ ਸੰਨਿਆਸੀ ਅਤੇ ਗ੍ਰਿਹਸਥ ਸੰਸਥਾਵਾਂ ਜੁੜੀਆਂ ਹੋਈਆਂ ਹਨ। “ਸਾਂਝੀ ਸਿਆਣਪ, ਇਕਜੁੱਟ ਆਵਾਜ਼” ਦੇ ਮੰਤ੍ਰ ਨਾਲ ਪ੍ਰੇਰਿਤ ਇਹ ਸੰਸਥਾ ਸੰਸਾਰਕ ਪੱਧਰ ’ਤੇ ਬੁੱਧ ਮੁੱਲਿਆਂ ਦੇ ਪ੍ਰਚਾਰ ਲਈ ਸਰਗਰਮ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.