ਮੁਗਲ ਹਕੂਮਤ ਵਾਂਗ ਹਿੰਦ ਹਕੂਮਤ ਨੇ ਵੀ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਪਾਪ ਕਮਾਇਆ, ਸਿੱਖ ਭੁੱਲਣਗੇ ਨਹੀਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਮੁਗਲ ਹਕੂਮਤ ਵਾਂਗ ਹਿੰਦ ਹਕੂਮਤ ਨੇ ਵੀ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਪਾਪ ਕਮਾਇਆ, ਸਿੱਖ ਭੁੱਲਣਗੇ ਨਹੀਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ਼ਹੀਦ ਭਾਈ ਕੁਲਵੰਤ ਸਿੰਘ ਮਾਹਣੇਕੇ ਦੀ ਯਾਦ 'ਚ ਕਰਵਾਇਆ ਸਮਾਗਮ

ਅੰਮ੍ਰਿਤਸਰ, 18 ਜੂਨ , ਨਜ਼ਰਾਨਾ ਟਾਈਮਜ ਬਿਊਰੋ

 ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਕੁਲਵੰਤ ਸਿੰਘ ਮਾਹਣੇਕੇ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ ਉਹਨਾਂ ਦੇ ਪਿੰਡ ਮਾਹਣੇਕੇ, ਨੇੜੇ ਵਲਟੋਹਾ, ਜ਼ਿਲ੍ਹਾ ਤਰਨ ਤਾਰਨ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਕਥਾ-ਵਿਚਾਰਾਂ ਹੋਈਆਂ। ਫਿਰ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੇ ਭਰਾਤਾ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਬਦਾਲੀ, ਮੱਸਾ ਰੰਘੜ ਜਾਂ ਇੰਦਰਾ ਗਾਂਧੀ ਹੋਵੇ, ਸਾਡੀ ਕੌਮ ਦੇ ਸੂਰਮਿਆਂ ਨੇ ਇਹਨਾਂ ਵਿਰੁੱਧ ਡਟ ਕੇ ਮੁਕਾਬਲਾ ਕੀਤਾ। ਦਰਬਾਰ ਸਾਹਿਬ 'ਤੇ ਹਮਲਾ ਕਰਕੇ ਹਿੰਦ ਹਕੂਮਤ ਨੇ ਦੱਸ ਦਿੱਤਾ ਕਿ ਉਹ ਮੁਗਲ ਹਕੂਮਤ ਨਾਲੋਂ ਘੱਟ ਨਹੀਂ ਹੈ ਤੇ ਹਿੰਦ ਸਰਕਾਰ ਦੇ ਜ਼ੁਲਮਾਂ ਨੇ ਤਾਂ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ। ਹਿੰਦੂਤਵੀ ਅਕਿਰਤਘਣ ਨਿਕਲੇ ਤੇ ਦਰਬਾਰ ਸਾਹਿਬ 'ਤੇ ਫੌਜਾਂ ਚਾੜ੍ਹ ਕੇ ਪਾਪ ਕਮਾ ਬੈਠੇ ਜੋ ਸਿੱਖ ਕਦੇ ਵੀ ਨਹੀਂ ਭੁੱਲਣਗੇ। ਸਿੱਖਾਂ ਨੇ ਜਿਸ ਭਾਰਤ ਨੂੰ ਆਜ਼ਾਦ ਕਰਾਇਆ, ਉਸੇ ਨੇ ਹੀ ਸਿੱਖਾਂ ਨੂੰ ਗ਼ੁਲਾਮ ਬਣਾ ਲਿਆ ਤੇ ਹੁਣ ਸਿੱਖ ਖ਼ਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਹਨ। ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਭਾਈ ਕੁਲਵੰਤ ਸਿੰਘ ਮਾਹਣੇਕੇ ਬਹੁਤ ਦਲੇਰ ਯੋਧਾ ਸੀ ਤੇ ਉਹ ਰਾਮਗੜ੍ਹੀਆ ਬੁੰਗੇ ਵਿੱਚ ਭਾਈ ਮੇਜਰ ਸਿੰਘ ਨਾਗੋਕੇ ਦੇ ਨਾਲ ਰਲ ਕੇ 9 ਜੂਨ ਤੱਕ ਭਾਰਤੀ ਫੌਜਾਂ ਵਿਰੁੱਧ ਜੂਝਦਾ ਰਿਹਾ। ਭਾਈ ਕੁਲਵੰਤ ਸਿੰਘ ਮਾਹਣੇਕੇ ਜੋ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਕਥਾ ਸੁਣ ਕੇ ਦਮਦਮੀ ਟਕਸਾਲ ਨਾਲ ਜੁੜ ਗਿਆ ਸੀ ਤੇ ਉਸਨੇ ਸੰਤ ਜਰਨੈਲ ਸਿੰਘ ਦੀ ਅਗਵਾਈ 'ਚ ਆਪਣੇ ਧਰਮ ਦੀ ਰਾਖੀ ਕਰਦਿਆਂ ਸ਼ਾਨਦਾਰ ਲੜਾਈ ਲੜੀ। ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੇ ਕਿਹਾ ਕਿ ਮੇਰੇ ਪਿਤਾ ਸੰਤ ਕਰਤਾਰ ਸਿੰਘ ਵੱਲੋਂ ਪੈਦਾ ਕੀਤੇ ਯੋਧੇ ਜੋ ਸੰਤ ਜਰਨੈਲ ਸਿੰਘ ਦੇ ਸਮੇਂ ਪੰਥ ਤੇ ਪੰਜਾਬ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਗਏ। ਸੰਤ ਕਰਤਾਰ ਸਿੰਘ ਨੇ ਨਾਹਰਾ ਦਿੱਤਾ ਸੀ ਕਿ 'ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ।' ਫਿਰ ਸੰਤ ਜਰਨੈਲ ਸਿੰਘ ਨੇ ਨਾਹਰਾ ਦਿੱਤਾ ਕਿ 'ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ।' ਇਸ ਮੌਕੇ ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ਼ਹੀਦ ਭਾਈ ਕੁਲਵੰਤ ਸਿੰਘ ਮਾਹਣੇਕੇ ਦੇ ਭਰਾ ਅਤੇ ਭਤੀਜਿਆਂ ਭਾਈ ਹਰਪਾਲ ਸਿੰਘ ਅਤੇ ਭਾਈ ਦਿਲਬਾਗ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤੇ।