ਸਰੀ (ਕੈਨੇਡਾ) ਵਿਖੇ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮਰਿਯਾਦਾ ਅਤੇ ਸੁਰੱਖਿਆ ਸੰਬੰਧੀ 'ਆਵਾਜ਼-ਏ-ਕੌਮ' ਨੇ ਐੱਸ.ਜੀ.ਪੀ.ਸੀ. ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ

ਸਰੀ (ਕੈਨੇਡਾ) ਵਿਖੇ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮਰਿਯਾਦਾ ਅਤੇ ਸੁਰੱਖਿਆ ਸੰਬੰਧੀ 'ਆਵਾਜ਼-ਏ-ਕੌਮ' ਨੇ ਐੱਸ.ਜੀ.ਪੀ.ਸੀ. ਪ੍ਰਧਾਨ ਨੂੰ ਸੌਂਪਿਆ ਮੰਗ ਪੱਤਰ

ਜਥੇਬੰਦੀ ਦੇ ਪ੍ਰਧਾਨ ਸ. ਮਨਜੀਤ ਸਿੰਘ ਕਰਤਾਰਪੁਰ ਦੀ ਅਗਵਾਈ ਹੇਠ ਵਫ਼ਦ ਨੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਕੀਤੀ ਮੁਲਾਕਾਤ

ਦੋ ਦਿਨਾਂ ਅੰਦਰ ਸਮੁੱਚੀ ਜਾਣਕਾਰੀ ਲਿਖਤੀ ਤੌਰ 'ਤੇ ਨਸ਼ਰ ਕੀਤੀ ਜਾਵੇਗੀ:ਹਰਜਿੰਦਰ ਸਿੰਘ ਧਾਮੀ

​ਹੁਸ਼ਿਆਰਪੁਰ, 19 ਅਗਸਤ , ਰਣਜੀਤ ਸਿੰਘ ਖ਼ਾਲਸਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਥਕ ਕਾਰਜਾਂ ਨੂੰ ਸਮਰਪਿਤ ਜਥੇਬੰਦੀ 'ਆਵਾਜ਼-ਏ-ਕੌਮ' ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਕਰਤਾਰਪੁਰ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਨੁਮਾਇੰਦਾ ਵਫ਼ਦ ਨੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨਾਲ ਉਚੇਚੇ ਤੌਰ 'ਤੇ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਪ੍ਰਧਾਨ ਸ. ਮਨਜੀਤ ਸਿੰਘ ਕਰਤਾਰਪੁਰ ਤੋਂ ਇਲਾਵਾ ਸਰਦਾਰ ਨੋਬਲਜੀਤ ਸਿੰਘ, ਸਰਦਾਰ ਗੁਰਪ੍ਰੀਤ ਸਿੰਘ, ਸਰਦਾਰ ਹਰਜਿੰਦਰ ਸਿੰਘ ਜਿੰਦਾ, ਸਰਦਾਰ ਰਣਬੀਰ ਸਿੰਘ ਅਤੇ ਸਰਦਾਰ ਜਸਵੀਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।

​ਮੁਲਾਕਾਤ ਦੌਰਾਨ ਵਫ਼ਦ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੁਆਰਾ ਕੰਟੇਨਰਨੁਮਾ ਬੱਸ ਰਾਹੀਂ ਸਰੀ (ਕੈਨੇਡਾ) ਵਿਖੇ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਕਨੇਡਾ ਦੀ ਧਰਤੀ 'ਤੇ ਆਗਮਨ,ਮਰਿਯਾਦਾ, ਅਦਬ, ਸੁਰੱਖਿਆ ਅਤੇ ਟ੍ਰਾਂਸਪੋਰਟੇਸ਼ਨ ਨਾਲ ਜੁੜੇ ਅਹਿਮ ਸਵਾਲਾਂ ਸਬੰਧੀ ਇੱਕ ਰਸਮੀ ਮੰਗ ਪੱਤਰ ਧਾਮੀ ਸਾਹਿਬ ਨੂੰ ਸੌਂਪਿਆ ਗਿਆ।

​ਪੱਤਰ ਰਾਹੀਂ ਜਥੇਬੰਦੀ ਨੇ ਸੰਗਤ ਦੀਆਂ ਪੰਥਕ ਚਿੰਤਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਪਾਸੋਂ ਹੇਠ ਲਿਖੇ ਮੁੱਖ ਨੁਕਤਿਆਂ 'ਤੇ ਲਿਖਤੀ ਜਾਣਕਾਰੀ ਮੰਗੀ ਹੈ:

​ਪਾਵਨ ਸਰੂਪਾਂ ਦੀ ਗਿਣਤੀ: ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕੁੱਲ ਸੰਖਿਆ।

​ਯਾਤਰਾ ਅਤੇ ਕਾਰਗੋ ਵੇਰਵੇ: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਗੀ ਦੀ ਮਿਤੀ, ਭਾਰਤ ਦੀ ਸੰਬਧਿਤ ਕਾਰਗੋ ਏਜੰਸੀ ਅਤੇ ਬੰਦਰਗਾਹ ਦਾ ਵੇਰਵਾ, ਕੈਨੇਡਾ ਪਹੁੰਚਣ ਦੀ ਤਾਰੀਖ ਅਤੇ ਪੋਰਟ ਦਾ ਨਾਂ। 

​ਸਮੁੰਦਰੀ ਰਸਤੇ ਦੀ ਜਾਣਕਾਰੀ: ਯਾਤਰਾ ਦੌਰਾਨ ਜਹਾਜ਼ ਦੇ ਰੁਕਣ ਵਾਲੇ ਸਥਾਨਾਂ, ਠਹਿਰਾਅ ਦੇ ਦਿਨਾਂ ਅਤੇ ਜਹਾਜ਼ ਬਦਲਣ (ਜੇਕਰ ਇੰਝ ਹੋਇਆ ਹੋਵੇ) ਸੰਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ।

​ਸੁਸ਼ੋਭਿਤ ਕਰਨ ਸੰਬੰਧੀ ਵੇਰਵੇ: ਕੈਨੇਡਾ ਦੇ ਕਿਹੜੇ-ਕਿਹੜੇ ਗੁਰਦੁਆਰਾ ਸਾਹਿਬਾਨ, ਸੰਸਥਾਵਾਂ ਜਾਂ ਗੁਰਸਿੱਖਾਂ ਦੇ ਘਰਾਂ ਵਿੱਚ ਇਹ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਹਨ।

​ਮਰਿਯਾਦਾ ਅਤੇ ਜਾਂਚ-ਪੜਤਾਲ: ਜਹਾਜ਼ੀ ਯਾਤਰਾ ਦੌਰਾਨ ਅਤੇ ਬਾਅਦ ਵਿੱਚ ਪਾਵਨ ਸਰੂਪਾਂ ਦੀ ਪੂਰਨ ਸਤਿਕਾਰ, ਮਰਿਯਾਦਾ ਅਤੇ ਸੁਰੱਖਿਆ ਦੀ ਜਾਂਚ-ਪੜਤਾਲ ਲਈ ਤੈਅ ਕੀਤੀ ਗਈ ਜ਼ਿੰਮੇਵਾਰੀ ਬਾਰੇ।

​'ਆਵਾਜ਼-ਏ-ਕੌਮ' ਦੇ ਆਗੂਆਂ ਨੇ ਐੱਸ.ਜੀ.ਪੀ.ਸੀ. ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਹ ਸਾਰੀ ਜਾਣਕਾਰੀ ਲਿਖਤੀ ਰੂਪ ਵਿੱਚ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ, ਤਾਂ ਜੋ ਦੇਸ-ਪਰਦੇਸ ਦੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਮਰਿਯਾਦਾ ਅਤੇ ਸਤਿਕਾਰ ਨੂੰ ਲੈ ਕੇ ਉਪਜੇ ਸ਼ੰਕੇ ਸੰਪੂਰਨ ਤੌਰ 'ਤੇ ਨਵਿਰਤ ਹੋ ਸਕਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਰੇ ਮਸਲੇ ਸੰਬੰਧੀ ਲਿਖਤੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਇਹਨਾਂ ਮਾਮਲਿਆਂ ਨਾਲ ਸੰਬੰਧਿਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਕੋਲੋਂ ਮੰਗੀ ਗਈ ਸੀ। ਪਰ ਉਹਨਾਂ ਨੇ ਕੋਈ ਵੀ ਸੂਚਨਾ ਜਥੇਬੰਦੀ ਨੂੰ ਮੁਹੱਈਆ ਨਹੀਂ ਕਰਵਾਈ। ਇਸ ਤੋਂ ਬਾਅਤ ਉਪਜੀ ਸਥਿਤੀ ਨੂੰ ਸਨਮੁੱਖ ਰੱਖਦਿਆਂ ਜਥੇਬੰਦੀ ਵੱਲੋਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਗਈ ਤਾਂਕਿ ਇਸ ਮਾਮਲੇ ਨਾਲ ਜੁੜੀ ਸਾਰੀ ਸੂਚਨਾ ਖੁੱਲ੍ਹਕੇ ਸਿੱਖ ਸੰਗਤਾਂ ਦੇ ਸਾਹਮਣੇ ਆ ਸਕੇ। 

​ਗੁਰਦੁਆਰਾ ਬਿਭੌਰ ਸਾਹਿਬ ਵਿਖੇ ਹੋਈ ਇਸ ਬੈਠਕ ਦੌਰਾਨ ਐੱਸ.ਜੀ.ਪੀ.ਸੀ. ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੇ ਜਥੇਬੰਦੀ ਦੀਆਂ ਭਾਵਨਾਵਾਂ ਅਤੇ ਸੰਗਤ ਦੇ ਸ਼ੰਕਿਆਂ ਨੂੰ ਗੰਭੀਰਤਾ ਨਾਲ ਸੁਣਿਆ। ਧਾਮੀ ਸਾਹਿਬ ਨੇ ਵਫ਼ਦ ਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਇਸ ਮਾਮਲੇ ਨਾਲ ਸੰਬੰਧਿਤ ਸਾਰੀ ਲੋੜੀਂਦੀ ਜਾਣਕਾਰੀ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਾਰਦਰਸ਼ੀ ਢੰਗ ਨਾਲ ਨਸ਼ਰ ਕਰ ਦਿੱਤੀ ਜਾਵੇਗੀ।
 ​'ਆਵਾਜ਼-ਏ-ਕੌਮ' ਆਸ ਪ੍ਰਗਟਾਉਂਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਜਥੇਬੰਦੀ ਨੂੰ ਜਾਣਕਾਰੀ ਪਬਲਿਕ ਕਰਨ ਸੰਬੰਧੀ ਦਿਵਾਏ ਗਏ ਯਕੀਨ ਬਾਰੇ, ਸ਼੍ਰੋਮਣੀ ਕਮੇਟੀ ਆਪਣੀ ਕਾਰਵਾਈ ਨੂੰ ਛੇਤੀ ਹੀ ਨਿਪੇਰੇ ਚਾੜ੍ਹੇਗੀ ਅਤੇ ਇਸ ਨਾਲ ਪੰਥ ਦੇ ਮਨਾਂ ਵਿੱਚ ਪੈਦਾ ਹੋਏ ਵਾਜਿਬ ਤੌਖਲੇ ਦੂਰ ਹੋਣਗੇ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.