9/11 ਦੀ 25ਵੀਂ ਬਰਸੀ ਮੌਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਨਫ਼ਰਤ, ਨਸਲਵਾਦ ਅਤੇ ਅੱਤਵਾਦ ਵਿਰੁੱਧ ਇਕਜੁੱਟ ਹੋਣ ਦਾ ਸੱਦਾ....

9/11 ਦੀ 25ਵੀਂ ਬਰਸੀ ਮੌਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਨਫ਼ਰਤ, ਨਸਲਵਾਦ ਅਤੇ ਅੱਤਵਾਦ ਵਿਰੁੱਧ ਇਕਜੁੱਟ ਹੋਣ ਦਾ ਸੱਦਾ....

9/11 ਦੇ ਹਮਲਿਆਂ 'ਚ ਮਾਰੇ ਨਿਰਦੋਸ਼ ਲੋਕਾਂ ਅਤੇ ਹਮਲਿਆਂ ਤੋਂ ਬਾਅਦ ਨਸਲੀ ਨਫ਼ਰਤ ਦਾ ਸ਼ਿਕਾਰ ਹੋਏ ਬਲਬੀਰ ਸਿੰਘ ਸੋਢੀ ਸਮੇਤ ਸਮੂਹ ਪੀੜਤਾਂ ਨੂੰ ਯਾਦ ਕਰਦਿਆਂ ਕੀਤੀ ਅਰਦਾਸ : ਵਾਰਡ ਸਿੱਖ ਪਾਰਲੀਮੈਂਟ 

ਚੰਡੀਗੜ੍ਹ/ਨਿਊਯਾਰਕ 12 ਸਤੰਬਰ ਮੰਗਤ ਸਿੰਘ ਸੈਦਪੁਰ) : 11 ਸਤੰਬਰ 2001 ਨੂੰ ਅਮਰੀਕਾ ਦੀ ਧਰਤੀ ਉੱਤੇ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਨ੍ਹਾਂ ਹਮਲਿਆਂ ਵਿੱਚ ਜਾਨਾਂ ਗੁਆਉਣ ਵਾਲੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ। 11 ਸਤੰਬਰ 2001 ਦੇ ਹਮਲਿਆਂ ਵਿੱਚ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਵਿੱਚ ਕੁੱਲ 2,977 ਲੋਕਾਂ ਦੀਆਂ ਜਾਨਾਂ ਗਈਆਂ। ਇਹ ਮਨੁੱਖੀ ਇਤਿਹਾਸ ਦੀਆਂ ਉਨ੍ਹਾਂ ਦਰਦਨਾਕ ਘਟਨਾਵਾਂ ਵਿੱਚੋਂ ਇੱਕ ਹੈ, ਜਿਸ ਦਾ ਦੁੱਖ 25 ਸਾਲ ਬਾਅਦ ਵੀ ਪੀੜਤ ਪਰਿਵਾਰਾਂ, ਨਿਊਯਾਰਕ ਵਾਸੀਆਂ ਅਤੇ ਸਮੁੱਚੇ ਅਮਰੀਕੀ ਸਮਾਜ ਦੇ ਦਿਲਾਂ ਵਿੱਚ ਮੌਜੂਦ ਹੈ। ਸਿੱਖ ਭਾਈਚਾਰਾ ਇਸ ਦਰਦ ਨੂੰ ਵਿਸ਼ੇਸ਼ ਤੌਰ ’ਤੇ ਮਹਿਸੂਸ ਕਰਦਾ ਹੈ। 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਵਿਰੁੱਧ ਨਸਲੀ ਨਫ਼ਰਤ ਅਤੇ ਪਛਾਣ ਦੇ ਭੁਲੇਖੇ ਕਾਰਨ ਕਈ ਹਮਲੇ ਹੋਏ। ਇਸ ਦੀ ਸਭ ਤੋਂ ਦਰਦਨਾਕ ਮਿਸਾਲ ਬਲਬੀਰ ਸਿੰਘ ਸੋਢੀ ਜੀ ਸਨ ਜਿਨ੍ਹਾਂ ਨੂੰ 15 ਸਤੰਬਰ 2001 ਨੂੰ ਮੇਸਾ, ਐਰੀਜ਼ੋਨਾ ਵਿਖੇ ਉਨ੍ਹਾਂ ਦੇ ਗੈਸ ਸਟੇਸ਼ਨ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਦਸਤਾਰ ਅਤੇ ਸਿੱਖ ਪਛਾਣ ਨੂੰ ਲੈ ਕੇ ਹੋਏ ਇਸ ਨਸਲੀ ਹਮਲੇ ਨੇ ਸਿੱਖ-ਅਮਰੀਕੀ ਭਾਈਚਾਰੇ ਨੂੰ ਡੂੰਘਾ ਸਦਮਾ ਦਿੱਤਾ। 25 ਸਾਲ ਬਾਅਦ ਵੀ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਕਿਸੇ ਇੱਕ ਵਿਅਕਤੀ ਦੇ ਕੰਮ ਲਈ ਉਸਦੇ ਧਰਮ, ਦਸਤਾਰ, ਨਸਲ, ਰੰਗ, ਨਾਮ ਜਾਂ ਪੂਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਅਮਰੀਕਾ ਦੇ ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਹੈ। ਇਸੇ ਪ੍ਰਸੰਗ ਵਿੱਚ ਹਾਲ ਹੀ ਵਿੱਚ ਅਮਰੀਕੀ ਡਿਪਾਰਟਮੈਂਟ ਆਪ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ਉੱਤੇ ਪਾਈ ਗਈ ਇੱਕ ਏਆਈ-ਤਿਆਰ ਤਸਵੀਰ ਅਤੇ ਉਸ ਵਿੱਚ 'ਮਿਸਟਰ ਸਿੰਘ' ਨੂੰ ਨਿਸ਼ਾਨਾ ਬਣਾਉਂਦੀ ਭਾਸ਼ਾ ਨੇ ਸਿੱਖ ਅਤੇ ਹੋਰ ਭਾਈਚਾਰਿਆਂ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ। ਵਿਰੋਧ ਅਤੇ ਆਲੋਚਨਾ ਤੋਂ ਬਾਅਦ ਇਹ ਪੋਸਟ ਹਟਾ ਦਿੱਤੀ ਗਈ। ਅਜਿਹੀਆਂ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ 9/11 ਤੋਂ ਬਾਅਦ ਪੈਦਾ ਹੋਈ ਨਸਲੀ ਪਛਾਣ ਅਤੇ ਭੁਲੇਖਿਆਂ ਦੀ ਸਮੱਸਿਆ ਬਾਰੇ ਅੱਜ ਵੀ ਜਾਗਰੂਕਤਾ ਦੀ ਲੋੜ ਹੈ। ਸਿੱਖ ਭਾਈਚਾਰਾ ਅਮਰੀਕੀ ਸਮਾਜ ਦਾ ਅਟੁੱਟ ਹਿੱਸਾ ਹੈ। ਸਿੱਖ-ਅਮਰੀਕੀ ਡਾਕਟਰਾਂ, ਇੰਜੀਨੀਅਰਾਂ, ਫੌਜੀ ਸੇਵਾਵਾਂ, ਪੁਲਿਸ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਅਧਿਕਾਰੀਆਂ, ਟਰਾਂਸਪੋਰਟੇਸ਼ਨ ਖੇਤਰ ਦੇ ਕਾਮਿਆਂ ਅਤੇ ਕਾਰੋਬਾਰੀਆਂ, ਕਿਸਾਨਾਂ, ਉਦਮੀਆਂ ਅਤੇ ਹੋਰ ਅਨੇਕਾਂ ਪੇਸ਼ਿਆਂ ਰਾਹੀਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਹੜ੍ਹਾਂ, ਤੂਫ਼ਾਨਾਂ, ਹਰੀਕੇਨਾਂ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਵੀ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵੱਲੋਂ ਬਿਨਾਂ ਕਿਸੇ ਧਰਮ, ਨਸਲ ਜਾਂ ਰੰਗ ਦੇ ਭੇਦਭਾਵ ਦੇ ਲੰਗਰ, ਭੋਜਨ ਅਤੇ ਹੋਰ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਸੇਵਾ ਕੀਤੀ ਜਾਂਦੀ ਰਹੀ ਹੈ। ਸੇਵਾ, ਬਰਾਬਰੀ ਅਤੇ ਸਰਬੱਤ ਦਾ ਭਲਾ ਸਿੱਖੀ ਦੇ ਬੁਨਿਆਦੀ ਸਿਧਾਂਤ ਹਨ।
ਸਾਡੀ ਦਸਤਾਰ ਸਾਡੀ ਧਾਰਮਿਕ ਪਛਾਣ, ਸਨਮਾਨ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਸ ਲਈ ਸਿੱਖ ਭਾਈਚਾਰਾ ਅਮਰੀਕਾ ਦੇ ਲੋਕਾਂ ਵਿੱਚ ਸਿੱਖ ਧਰਮ ਅਤੇ ਸਿੱਖ ਪਛਾਣ ਬਾਰੇ ਜਾਗਰੂਕਤਾ ਵਧਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਉਸਦੀ ਦਸਤਾਰ, ਦਾੜ੍ਹੀ, ਨਾਮ ਜਾਂ ਧਾਰਮਿਕ ਪਛਾਣ ਕਾਰਨ ਨਫ਼ਰਤ ਜਾਂ ਵਿਤਕਰੇ ਦਾ ਸਾਹਮਣਾ ਨਾ ਕਰਨਾ ਪਵੇ। 9/11 ਦੀ 25ਵੀਂ ਬਰਸੀ ਮੌਕੇ ਅਸੀਂ ਉਨ੍ਹਾਂ 2,977 ਨਿਰਦੋਸ਼ ਜਾਨਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ ਜੋ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਵਿੱਚ ਸਾਡੇ ਤੋਂ ਵਿਛੜ ਗਈਆਂ। ਅਸੀਂ ਬਲਬੀਰ ਸਿੰਘ ਸੋਢੀ ਜੀ ਅਤੇ 9/11 ਤੋਂ ਬਾਅਦ ਨਸਲੀ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਹੋਏ ਹੋਰ ਲੋਕਾਂ ਨੂੰ ਵੀ ਯਾਦ ਕਰਦੇ ਹਾਂ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ, ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਦੇਣ ਅਤੇ ਸੰਸਾਰ ਨੂੰ ਅੱਤਵਾਦ, ਨਸਲੀ ਨਫ਼ਰਤ ਅਤੇ ਹਿੰਸਾ ਤੋਂ ਮੁਕਤ ਕਰਕੇ ਸ਼ਾਂਤੀ, ਆਪਸੀ ਸਤਿਕਾਰ ਅਤੇ ਮਨੁੱਖੀ ਭਾਈਚਾਰੇ ਦੇ ਰਾਹ ਉੱਤੇ ਤੋਰਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.