ਮੰਡੀਆਂ 'ਚ ਰੁਲ ਰਿਹਾ ਕਿਸਾਨ, 'ਆਪ' ਸਰਕਾਰ ਕੁੰਭਕਰਨੀ ਨੀਂਦ ਸੁੱਤੀ- ਬ੍ਰਹਮਪੁਰਾ
- ਰਾਜਨੀਤੀ
- 13 Oct, 2025 10:14 PM (Asia/Kolkata)
ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ,ਸਰਕਾਰ 'ਤੇ ਲਾਏ ਪ੍ਰਬੰਧਾਂ 'ਚ ਬੁਰੀ ਤਰ੍ਹਾਂ ਫੇਲ੍ਹ ਹੋਣ ਦੇ ਦੋਸ਼
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,13 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਦੀ 'ਆਪ' ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਝੂਠੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਅਤੇ ਪੰਜਾਬ ਦਾ ਕਿਸਾਨ ਅੱਜ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ।ਸ.ਬ੍ਰਹਮਪੁਰਾ ਨੇ ਦਾਣਾ ਮੰਡੀ ਚੋਹਲਾ ਸਾਹਿਬ,ਖਡੂਰ ਸਾਹਿਬ,ਫ਼ਤਿਆਬਾਦ ਅਤੇ ਗੋਇੰਦਵਾਲ ਸਾਹਿਬ ਸਮੇਤ ਹਲਕੇ ਦੀਆਂ ਪ੍ਰਮੁੱਖ ਮੰਡੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਸੁੱਟਣ ਲਈ ਥਾਂ ਤੱਕ ਨਹੀਂ ਮਿਲ ਰਹੀ।ਉਨ੍ਹਾਂ ਕਿਹਾ ਕਿ ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ,ਪਰ 'ਆਪ' ਸਰਕਾਰ ਦੇ ਮੰਤਰੀ ਅਤੇ ਵਿਧਾਇਕ (ਏਸੀ) ਕਮਰਿਆਂ ਵਿੱਚ ਬੈਠ ਕੇ ਸਭ ਅੱਛਾ ਹੋਣ ਦੇ ਝੂਠੇ ਬਿਆਨ ਦਾਗ ਰਹੇ ਹਨ।ਸ.ਬ੍ਰਹਮਪੁਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਕਿਸਾਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਕੇ ਵੱਡੇ ਆਰਥਿਕ ਸੰਕਟ ਵਿੱਚੋਂ ਨਿਕਲ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਮੰਡੀਆਂ ਵਿੱਚ ਉਸਨੂੰ ਖੱਜਲ-ਖੁਆਰ ਕਰਕੇ ਉਸਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਝੋਨੇ ਦੀ ਖਰੀਦ,ਲਿਫਟਿੰਗ ਅਤੇ ਅਦਾਇਗੀ ਦਾ ਕੰਮ 24 ਘੰਟਿਆਂ ਅੰਦਰ ਯਕੀਨੀ ਬਣਾਇਆ ਜਾਂਦਾ ਸੀ, ਪਰ ਇਸ ਸਰਕਾਰ ਨੇ ਪੂਰੇ ਸਿਸਟਮ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਮੰਡੀਆਂ ਦੇ ਹਾਲਾਤ ਸੁਧਾਰਨ ਅਤੇ ਝੋਨੇ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕਰਨ।ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਸੜਕਾਂ 'ਤੇ ਉਤਰ ਕੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ,ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਚੋਹਲਾ ਸਾਹਿਬ, ਹਰਜਿੰਦਰ ਸਿੰਘ ਜਿੰਦਾ ਆੜ੍ਹਤੀ,ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਜਗਰੂਪ ਸਿੰਘ ਪੱਖੋਪੁਰਾ,ਅਵਤਾਰ ਸਿੰਘ ਸੰਧੂ ਰੇਮੰਡ ਵਾਲੇ,ਮਨਜਿੰਦਰ ਸਿੰਘ ਲਾਟੀ,ਡਾ.ਜਤਿੰਦਰ ਸਿੰਘ,ਗੁਰਦੇਵ ਸਿੰਘ ਸ਼ਬਦੀ,ਦਿਲਬਰ ਸਿੰਘ ਅਤੇ ਬਲਬੀਰ ਸਿੰਘ ਬੱਲੀ ਚੋਹਲਾ ਸਾਹਿਬ ਆਦਿ ਵੀ ਹਾਜ਼ਰ ਸਨ।
Leave a Reply