ਕੌਮੀ ਸ਼ਹੀਦ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਸ਼ਹੀਦੀ ਸਮਾਗਮ 'ਚ ਹਰੀਕੇ ਪੱਤਣ ਵਿਖੇ ਭਾਈ ਰਣਜੀਤ ਸਿੰਘ ਤੇ ਭੁਪਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ
- ਧਾਰਮਿਕ/ਰਾਜਨੀਤੀ
- 13 Oct,2025
ਅੰਮ੍ਰਿਤਸਰ, 13 ਅਕਤੂਬਰ ,ਜੁਗਰਾਜ ਸਿੰਘ ਸਰਹਾਲੀ
ਪਿਛਲੇ ਦਿਨੀਂ ਕੌਮੀ ਸ਼ਹੀਦ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਦੇ ਉੱਤਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਭਾਈ ਕੀ ਡਰੋਲੀ ਵਾਲਿਆਂ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਦਾ ਵਿਸ਼ੇਸ਼ ਸਨਮਾਨ ਕੀਤਾ ਹੈ ਅਤੇ ਇਹਨਾਂ ਦੋਵਾਂ ਸਿੰਘਾਂ ਵੱਲੋਂ ਜ਼ਾਲਮ ਥਾਣੇਦਾਰ ਸੂਬਾ ਸਰਹੰਦ ਦੇ ਭੋਗ ਮੌਕੇ ਡੱਟ ਕੇ ਵਿਰੋਧ ਕਰਨ ਦੀ ਭਰਪੂਰ ਸ਼ਲਾਘਾ ਵੀ ਕੀਤੀ ਹੈ। ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਵਾਲਿਆਂ ਨੇ ਕਿਹਾ ਕਿ ਮਹਾਂਪੁਰਸ਼ ਬਾਬਾ ਚਰਨ ਸਿੰਘ ਜੀ ਨੂੰ ਥਾਣੇਦਾਰ ਸੂਬਾ ਸਰਹੰਦ ਅਤੇ ਐਸ ਐਸ ਪੀ ਅਜੀਤ ਸੰਧੂ ਨੇ ਦੋ ਜੀਪਾਂ ਪਿੱਛੇ ਬੰਨ੍ਹ ਕੇ ਦੋਫਾੜ ਕਰਕੇ ਸ਼ਹੀਦ ਕੀਤਾ ਸੀ, ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਸੂਬਾ ਸਰਹੰਦ ਨੂੰ ਪਟਿਆਲਾ ਜੇਲ੍ਹ ਵਿੱਚ ਸੋਧਣਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਸੂਬੇ ਦੇ ਭੋਗ ਉੱਤੇ ਪਹੁੰਚ ਕੇ ਵਿਰੋਧ ਕਰਨਾ ਖ਼ਾਲਸਾਈ ਜੁਝਾਰੂ ਕਾਰਨਾਮਾ ਹੈ, ਸੂਬੇ ਨੇ ਆਪਣਾ ਹਸ਼ਰ ਭੁਗਤਿਆ ਹੈ ਜਿਸ ਨਾਲ ਹਜ਼ਾਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਹੈ। ਉਹਨਾਂ ਕਿਹਾ ਕਿ ਜਿਸ ਥਾਂ 'ਤੇ ਬਾਬਾ ਚਰਨ ਸਿੰਘ ਜੀ ਸ਼ਹੀਦ ਹੋਏ, ਉਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਵੇਗਾ, ਸ਼ਹੀਦਾਂ ਨੂੰ ਸਿਜਦੇ ਹੋਣਗੇ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼ਹੀਦ ਬਾਬਾ ਚਰਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਹਰੀਕੇ ਪੱਤਣ ਵਿਖੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਬਾਬਾ ਚਰਨ ਸਿੰਘ ਜੀ ਨੇ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈ, ਜੁਝਾਰੂ ਸਿੰਘਾਂ ਦਾ ਹਰ ਪ੍ਰਕਾਰ ਸਾਥ ਦਿੱਤਾ, ਸ਼ਹੀਦਾਂ ਦੇ ਪਰਿਵਾਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਹੋਰ ਬੁਲੰਦ ਕੀਤਾ, ਭਾਰਤੀ ਸਰਕਾਰ ਦੇ ਜ਼ੁਲਮ ਵਿਰੁੱਧ ਆਵਾਜ਼ ਉਠਾਈ, ਗੁਰਧਾਮਾਂ ਦੀ ਸੇਵਾ ਸੰਭਾਲ ਕੀਤੀ ਅਤੇ ਸਿੱਖੀ ਪ੍ਰਚਾਰ ਵਿੱਚ ਵੀ ਵੱਡਾ ਯੋਗਦਾਨ ਪਾਇਆ। ਬਾਬਾ ਜੀ ਨੇ ਹਕੂਮਤ ਨੂੰ ਵੰਗਾਰਿਆ, ਸਰਕਾਰ ਦੇ ਲਾਲਚਾਂ ਨੂੰ ਠੋਕਰ ਮਾਰੀ ਤੇ ਸ਼ਾਨਦਾਰ ਇਤਿਹਾਸ ਸਿਰਜਿਆ। ਬਾਬਾ ਚਰਨ ਸਿੰਘ ਜੀ ਨੂੰ ਭਾਈ ਮਤੀ ਦਾਸ ਜੀ ਵਾਂਗ ਹੀ ਸ਼ਹੀਦ ਕੀਤਾ ਗਿਆ, ਬਾਬਾ ਜੀ ਨੂੰ ਸ਼ਹੀਦ ਕਰਨ ਵਾਲੇ ਮੁੱਖ ਮੰਤਰੀ ਬੇਅੰਤ ਸਿਹੁੰ, ਅਜੀਤ ਸੰਧੂ ਅਤੇ ਸੂਬਾ ਸਰਹੰਦ ਦਾ ਬੁਰੇ ਤਰੀਕੇ ਨਾਲ ਅੰਤ ਹੋਇਆ। ਭਾਈ ਰਣਜੀਤ ਸਿੰਘ ਨੇ ਭਾਈ ਸੰਦੀਪ ਸਿੰਘ ਸੰਨੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਵਾਰਸ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਜਿਵੇਂ ਅਸੀਂ ਸੂਬਾ ਸਰਹੰਦ ਦਾ ਭੋਗ ਰੋਕਿਆ ਹੈ ਇਸੇ ਤਰ੍ਹਾਂ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਸਤਨਾਮ ਸਿੰਘ ਮਨਾਵਾਂ ਵੱਲੋਂ ਬੁੱਚੜ ਪੁਲਿਸ ਅਫਸਰ ਸਵਰਨ ਘੋਟਣੇ ਦਾ ਭੋਗ ਵੀ ਰੋਕਿਆ ਗਿਆ ਸੀ। ਉਹਨਾਂ ਕਿਹਾ ਕਿ ਬੁੱਚੜ ਪੁਲਸੀਆਂ ਦੇ ਅੰਤ ਤੋਂ ਮੌਜੂਦਾ ਪੁਲਸੀਏ ਕੁਝ ਸਬਕ ਜਰੂਰ ਸਿੱਖਣ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਵਾਲੇ ਮਹਾਂਪੁਰਸ਼ਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਬਾਬਾ ਜੋਗਿੰਦਰ ਸਿੰਘ ਅਨੰਦਪੁਰ ਸਾਹਿਬ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਸਾਧੂ ਸਿੰਘ ਲੰਗੇਆਣਾ, ਬਾਬਾ ਅਜੀਤ ਸਿੰਘ ਠੱਠਾ ਸਾਹਿਬ, ਬਾਬਾ ਭੁਪਿੰਦਰ ਸਿੰਘ ਸੱਧਰ ਵਾਲਾ, ਬਾਬਾ ਗੁਰਸੇਵਕ ਸਿੰਘ ਝਬਾਲ, ਬਾਬਾ ਮਨਜੀਤ ਸਿੰਘ ਲਾਲੂ ਵਾਲੀ, ਸ. ਭਗਵਾਨ ਸਿੰਘ ਸਿਆਲਕਾ, ਪੰਥਕ ਆਗੂ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਗਿਆਨੀ ਅਮਰਜੀਤ ਸਿੰਘ ਸੁਰ ਸਿੰਘ, ਗਿਆਨੀ ਪ੍ਰਦੀਪ ਸਿੰਘ ਵਲਟੋਹਾ, ਬਾਬਾ ਅਮੀਰ ਸਿੰਘ ਜਵੱਦੀ, ਬਾਬਾ ਹਰੀ ਸਿੰਘ ਨਾਨਕਸਰ, ਹਰਪ੍ਰੀਤ ਸਿੰਘ ਹੀਰੋ, ਕੈਪਟਨ ਪਿਆਰਾ ਸਿੰਘ ਬੱਗੇਵਾਲਾ, ਨਿਧੜਕ ਸਿੰਘ ਬਰਾੜ,ਪ੍ਰਧਾਨ ਕੁਲਦੀਪ ਸਿੰਘ ਭਾਗੋ ਕੇ,ਬਲਕਾਰ ਸਿੰਘ ਬਗਿਆੜੀ, ਗਿਆਨੀ ਸੰਤੋਖ ਸਿੰਘ ਬਾਦਲ, ਇੰਦਰਜੀਤ ਸਿੰਘ ਮੁੱਲਾਂਪੁਰ, ਭਾਈ ਮਿਹਰ ਸਿੰਘ, ਭਾਈ ਪਿਆਰਾ ਸਿੰਘ ਅਤੇ ਭਾਈ। ਗੁਰਸੇਵਕ ਸਿੰਘ, ਗਿਆਨੀ ਬਲਦੇਵ ਸਿੰਘ ਐਮਏ,ਗਿਆਨੀ ਹਰਪਾਲ ਸਿੰਘ ਢੰਡ, ਗਿਆਨੀ ਗੁਰਮੁਖ ਸਿੰਘ ਐਮਏ, ਗਿਆਨੀ ਲਖਬੀਰ ਸਿੰਘ ਤੇੜੀ, ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਮਲਕੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply