ਜਿਉਂਦ ਜ਼ਬਰ ਖਿਲਾਫ 6 ਦੇ ਮੁਜ਼ਾਹਰੇ ਨੂੰ ਪ੍ਰਸ਼ਾਸਨ ਵੱਲੋਂ ਸਹਿਮਤੀ ਸਾਂਝੇ ਸੰਘਰਸ਼ ਦੀ ਮੁਢਲੀ ਜਿੱਤ - ਉਗਰਾਹਾਂ

ਜਿਉਂਦ ਜ਼ਬਰ ਖਿਲਾਫ 6 ਦੇ ਮੁਜ਼ਾਹਰੇ ਨੂੰ ਪ੍ਰਸ਼ਾਸਨ ਵੱਲੋਂ  ਸਹਿਮਤੀ ਸਾਂਝੇ ਸੰਘਰਸ਼ ਦੀ ਮੁਢਲੀ ਜਿੱਤ -  ਉਗਰਾਹਾਂ

ਬਠਿੰਡਾ ਪ੍ਰਸ਼ਾਸਨ ਨੇ ਜਥੇਬੰਦੀਆਂ ਨਾਲ਼ ਮੀਟਿੰਗ ਕਰਕੇ ਮੁਜ਼ਾਹਰਾ ਕਰਨ ਦਾ ਹੱਕ ਕੀਤਾ ਪ੍ਰਵਾਨ 


ਬਠਿੰਡਾ,4 ਮਾਰਚ , ਨਜ਼ਰਾਨਾ ਟਾਈਮਜ ਬਿਊਰੋ
 

ਪੰਜਾਬ ਪੁਲਿਸ ਵੱਲੋਂ 18 ਫਰਵਰੀ ਨੂੰ ਜਿਉਂਦ ਵਿਖੇ ਕਿਸਾਨਾਂ ਉੱਤੇ ਕੀਤੇ ਜਬਰ ਦੇ ਖਿਲਾਫ ਪੰਜਾਬ ਦੀਆਂ ਚਾਰ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਸ਼ਹਿਰ 'ਚ ਕੀਤੇ ਜਾਣ ਵਾਲੇ ਰੋਹ ਭਰਪੂਰ ਮੁਜ਼ਾਹਰੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਬਣੀ ਤਣਾਅ ਪੂਰਨ ਸਥਿਤੀ ਦੌਰਾਨ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਕਰਕੇ ਮੁਜ਼ਾਹਰਾ ਕਰਨ ਦੇ ਹੱਕ ਨੂੰ ਪ੍ਰਵਾਨ ਕਰ ਲਿਆ ਗਿਆ ਜ਼ੋ ਜਥੇਬੰਦ ਲੋਕ ਤਾਕਤ ਦੀ ਜਿੱਤ ਹੈ। ਅੱਜ਼ ਡੀ ਆਈ ਜੀ ਬਠਿੰਡਾ ਦੇ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ) ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ ਤੇ ਜਸਵੀਰ ਸਿੰਘ ਬੁਰਜ ਸੇਮਾ ਅਤੇ ਪ੍ਰਸ਼ਾਸਨ ਦੀ ਤਰਫੋਂ ਡੀ ਆਈ ਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸਐਸਪੀ ਬਠਿੰਡਾ ਸ਼ਾਮਲ ਹੋਏ। ਪ੍ਰਸ਼ਾਸਨ ਵੱਲੋਂ ਲੋਕਾਂ ਦੇ ਜਮਹੂਰੀ ਹੱਕ ਨੂੰ ਪ੍ਰਵਾਨ ਕਰਦਿਆਂ ਇਸ ਰੋਸ ਪ੍ਰਦਰਸ਼ਨ 'ਤੇ ਕਿਸੇ ਤਰ੍ਹਾਂ ਦੀਆਂ ਵੀ ਰੋਕਾਂ ਨਾ ਲਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਵਰ ਹਾਊਸ ਰੋਡ ਉੱਤੇ ਪੁੱਡਾ ਗਰਾਊਂਂਂਡ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਸ਼ਹਿਰ ਚ ਮੁਜ਼ਾਹਰਾ ਕਰਨ ਬਾਰੇ ਆਪਣੀ ਸਹਿਮਤੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕਿਸਾਨਾਂ ਤੇ ਪੁਲਿਸ ਦਰਮਿਆਨ ਟਕਰਾਅ ਦਾ ਸਾਧਨ ਬਣੇ ਆ ਰਹੇ ਜਿਉਂਦ ਪਿੰਡ ਦੇ ਜ਼ਮੀਨੀ ਮਸਲੇ ਨੂੰ ਆਉਂਦੇ ਦਿਨਾਂ ਚ ਸਹਿਮਤੀ ਦੇ ਅਧਾਰ 'ਤੇ ਹੱਲ ਕਰਨ ਦਾ ਵੀ ਵਫ਼ਦ ਨਾਲ ਵਾਅਦਾ ਕੀਤਾ ਗਿਆ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰਸ਼ਾਸਨ ਵੱਲੋਂ ਇੱਕ ਵਾਰ ਟਕਰਾਅ ਦਾ ਰਸਤਾ ਛੱਡ ਕੇ ਮੁਜ਼ਾਹਰੇ ਦਾ ਹੱਕ ਪ੍ਰਵਾਨ ਨੂੰ ਲੋਕ ਤਾਕਤ ਦੀ ਮੁਢਲੀ ਜਿੱਤ ਕਰਾਰ ਦਿੱਤਾ। ਭਾਵੇਂ ਅੱਜ ਸਵੇਰੇ ਪੁਲਿਸ ਵੱਲੋਂ ਜ਼ਿਲਾ ਮੋਗਾ ਤੇ ਜਲੰਧਰ ਦੇ ਅੰਦਰ ਕੁੱਝ ਕਿਸਾਨ ਆਗੂਆਂ ਦੇ ਘਰੀਂ ਪੁਲਿਸ ਵੱਲੋਂ ਆਗੂਆਂ ਦੀ ਪੈੜ ਨੱਪਣ ਦੇ ਕੀਤੇ ਯਤਨਾਂ ਸਦਕਾ ਇੱਕ ਵਾਰ ਫਿਰ ਸਥਿਤੀ ਤਣਾਅ ਪੂਰਨ ਬਣ ਗਈ ਸੀ ਪਰ ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਕਰਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੇ ਕਦਮ ਲਏ ਗਏ।
ਵਰਨਣਯੋਗ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ 18 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਵਿਖੇ ਰੱਖੇ ਸ਼ਾਂਤਮਈ ਧਰਨੇ ਨੂੰ ਰੋਕਣ ਲਈ ਐਸ ਐਸ ਪੀ ਜੋਯਤੀ ਯਾਦਵ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਵੱਲੋਂ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਕਿਸਾਨਾਂ - ਮਜ਼ਦੂਰਾਂ ਉਤੇ ਅੰਨ੍ਹਾ ਤਸ਼ੱਦਦ ਢਾਹੁਣ ਖਿਲਾਫ ਪੰਜਾਬ ਭਰ 'ਚ ਵਿਆਪਕ ਰੋਸ ਪਣਪ ਗਿਆ ਹੈ ਅਤੇ ਕਿਸਾਨਾਂ, ਪੇਂਡੂ ਤੇ ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ, ਵਿਦਿਆਰਥੀਆਂ, ਤਰਕਸ਼ੀਲਾਂ, ਸਾਹਿਤਕ ਕਾਮਿਆਂ ਤੇ ਜਮਹੂਰੀ ਹੱਕਾਂ ਦੀਆਂ ਕਰੀਬ 50 ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਇਸ ਜ਼ਬਰ ਖਿਲਾਫ 6 ਮਾਰਚ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਜਾਵੇਗੀ ਕਿ ਜਿਉਂਦ ਵਿਖੇ ਜ਼ਬਰ ਢਾਹੁਣ ਦੇ ਦੋਸ਼ੀ ਐਸ ਐਸ ਪੀ ਬਠਿੰਡਾ ਜੋਯਤੀ ਯਾਦਵ ਸਮੇਤ ਸਾਰੇ ਅਧਿਕਾਰੀਆਂ ਉੱਤੇ ਪੀੜਤਾਂ ਦੇ ਬਿਆਨਾਂ ਮੁਤਾਬਕ ਕੇਸ ਦਰਜ ਕੀਤਾ ਜਾਵੇ, ਇਸ ਜ਼ਬਰ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਵੱਲੋਂ ਜਨਤਕ ਮੁਆਫ਼ੀ ਮੰਗੀ ਜਾਵੇ, ਸੰਘਰਸ਼ ਦੇ ਜਮਹੂਰੀ ਹੱਕ 'ਤੇ ਲਾਈਆਂ ਰੋਕਾਂ ਖ਼ਤਮ ਕੀਤੀਆਂ ਜਾਣ, ਪੁਲਿਸ ਵੱਲੋਂ ਜ਼ਖ਼ਮੀ ਕੀਤੇ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਦਿੱਤਾ ਜਾਵੇ ਅਤੇ ਪੀੜਿਤ ਵਿਅਕਤੀਆਂ ਦੀ ਮਾਨਸਿਕ, ਪਰਿਵਾਰਕ ਤੇ ਸਰੀਰਕ ਪੀੜ ਦੀ ਭਰਪਾਈ ਵਜੋਂ ਹਰਜਾਨਾ ਦਿੱਤਾ ਜਾਵੇ ਅਤੇ ਪੰਜਾਬ ਭਰ 'ਚ ਅੰਦੋਲਨਾਂ ਦੌਰਾਨ ਸੰਘਰਸ਼ਸ਼ੀਲ ਲੋਕਾਂ 'ਤੇ ਬਣਾਏ ਸਾਰੇ ਕੇਸ ਵਾਪਸ ਲਏ ਜਾਣ। ਕਿਸਾਨ ਮਜ਼ਦੂਰ ਆਗੂਆਂ ਨੇ ਪ੍ਰਸ਼ਾਸਨ ਵੱਲੋਂ ਇਸ ਰੋਸ ਮਾਰਚ ਬਾਰੇ ਸਹਿਮਤੀ ਦੇਣ ਨੂੰ ਲੋਕਾਂ ਦੇ ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸਾਂਝੇ ਰੋਸ ਮੁਜ਼ਾਹਰੇ ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ। ਕਿਸਾਨ ਮਜ਼ਦੂਰ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੰਘਰਸ਼ਸ਼ੀਲ ਲੋਕਾਂ ਦੇ ਜਮਹੂਰੀ ਹੱਕ ਨੂੰ ਡਾਂਗ ਦੇ ਜ਼ੋਰ ਕੁਚਲਣ ਤੋਂ ਇਲਾਵਾ ਆਏ ਦਿਨ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਨਾਂਅ ਹੇਠ ਨੌਜਵਾਨਾਂ ਦੀਆਂ ਲੱਤਾਂ ਚ ਗੋਲੀਆਂ ਮਾਰਨ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲਿਆਂ 'ਚ ਕਤਲ ਕਰਨ ਰਾਹੀਂ ਜਾਬਰ ਰਾਜ ਮਸੀਨਰੀ ਦੇ ਦੰਦੇ ਤਿੱਖੇ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ 'ਤੇ ਕੀਤੇ ਜਾ ਰਹੇ ਜਬਰ ਅਤੇ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਨੂੰ ਰੋਕਣ ਲਈ ਵਿਸ਼ਾਲ ਸਾਂਝੇ ਤੇ ਜਮਾਤੀ ਘੋਲਾਂ ਨੂੰ ਤੇਜ਼ ਕਰਨ ਦੀ ਲੋੜ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.