ਇਕ ਦੋਸਤ ਪਿਆਰਾ ਚਲਾ ਗਿਆ। ਇਕ ਗੁਰੂ ਦੁਲਾਰਾ ਚਲਾ ਗਿਆ।

ਇਕ ਦੋਸਤ ਪਿਆਰਾ ਚਲਾ ਗਿਆ। ਇਕ ਗੁਰੂ ਦੁਲਾਰਾ ਚਲਾ ਗਿਆ।

ਇਕ ਦੋਸਤ ਪਿਆਰਾ ਚਲਾ ਗਿਆ।
ਇਕ ਗੁਰੂ ਦੁਲਾਰਾ ਚਲਾ ਗਿਆ। 
 

ਅਗਸਤ 1978 ਵਿਚ, 
'ਦਲ ਖ਼ਾਲਸਾ' ਹੋਂਦ 'ਚ ਆਇਆ ਜੋ; 
ਉਸ ਦੇ ਮੁੱਖ ਪੰਚਾਂ ਵਿਚ ਸ਼ਾਮਲ, 
ਇਕ ਸ਼ਖਸ ਨਿਆਰਾ ਚਲਾ ਗਿਆ।
 

ਸਿੱਖ ਕੌਮ ਦੀ ਚੜ੍ਹਦੀ ਕਲਾ ਲਈ, 
ਸੰਘਰਸ਼-ਸ਼ੀਲ ਜੋ ਸਦਾ ਰਿਹਾ;
ਕਿੰਜ ਛਟਣਗੇ, ਘੋਰ ਕਾਲੇ ਬੱਦਲ, 
ਕਰਦਾ ਨਿਸਤਾਰਾ ਚਲਾ ਗਿਆ
 

'ਗਿਆਨ ਆਸ਼ਰਮ' ਦਾ ਬਾਨੀ, 
ਵਿਦਵਾਨ ਲਿਖਾਰੀ ਤੇ ਚਿੰਤਕ; 
ਪਰਿਵਾਰ ਤੇ ਮਿੱਤਰਾਂ ਯਾਰਾਂ ਤੋਂ,
ਅੱਜ ਕਰਕੇ ਕਿਨਾਰਾ ਚਲਾ ਗਿਆ। 

ਬਹੁਤ ਹੀ ਦੁੱਖ ਅਤੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੇ ਵਾਸੀ, ਮੇਰੇ ਸਕੂਲ ਮੇਟ ਅਤੇ ਇਕ ਬਹੁਤ ਹੀ ਪਿਆਰੇ ਤੇ ਵਿਦਵਾਨ ਦੋਸਤ ਪ੍ਰਿੰਸੀਪਲ ਹਰਿਸਿਮਰਨ ਸਿੰਘ ਐਮ.ਏ., ਐਲ ਐਲ.ਬੀ. ਅਕਾਲ ਪੁਰਖ ਵੱਲੋਂ ਦਰਗਾਹੀ ਸੱਦਾ ਆਉਣ ਉਤੇ ਸਾਡਾ ਸਭ ਦਾ ਸਾਥ ਛੱਡ ਕੇ, ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਏ ਹਨ।
ਆਪ ਦਾ ਜਨਮ 4 ਅਗਸਤ 1950 ਨੂੰ ਮਾਤਾ ਬਲਵੰਤ ਕੌਰ ਜੀ ਦੀ ਕੁੱਖੋਂ, ਪਿਤਾ ਗਿਆਨੀ ਕਰਤਾਰ ਸਿੰਘ ਜੀ ਦੇ ਘਰ ਲੁਧਿਆਣੇ ਵਿਖੇ ਹੋਇਆ ਸੀ। ਆਪ ਸਿੱਖ ਪੰਥ ਦੀ ਵਿਦਵਾਨ ਅਤੇ ਮਿਲਟਰੀ ਪਰੰਪਰਾ ਨਾਲ ਸੰਬੰਧ ਰੱਖਦੇ ਸਨ। ਆਪ ਦੇ ਵੱਡੇ ਬਜ਼ੁਰਗ ਭਾਈ ਚਾਨਣਾ ਸਿੰਘ ਜੀ ਸਰਕਾਰੇ-ਖ਼ਾਲਸਾ ਸਮੇਂ ਲਾਹੌਰ ਕਿਲ੍ਹੇ ਦੀ ਬਾਰਾਂਦਰੀ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਨ, ਜਦੋਂ ਕਿ ਆਪ ਦੇ ਪੜਦਾਦਾ ਭਾਈ ਪੰਜਾਬ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਰੱਖਿਆ ਦਸਤੇ ਵਿਚ ਘੋੜ-ਚੜ੍ਹੇ ਸਿਪਾਹੀ ਸਨ। ਇਸ ਗੁਰਸਿੱਖ ਪਰਿਵਾਰ ਦੇ ਪੱਕੇ ਤੌਰ ਉੱਤੇ ਸ੍ਰੀ ਆਨੰਦਪੁਰ ਸਾਹਿਬ ਆ ਜਾਣ ਕਰਕੇ ਆਪ ਦੀ ਮੁਢਲੀ ਪੜ੍ਹਾਈ ਸ੍ਰੀ ਆਨੰਦਪੁਰ ਸਾਹਿਬ ਦੇ ਐਸ.ਜੀ.ਐਸ.ਖ਼ਾਲਸਾ ਹਾਇਰ ਸੈਕੈਂਡਰੀ ਸਕੂਲ ਵਿਖੇ ਪ੍ਰਵਾਨ ਚੜ੍ਹੀ। 
ਪ੍ਰਿੰਸੀਪਲ ਹਰਿਸਿਮਰਨ ਸਿੰਘ ਜੀ, ਵੱਲੋਂ ਲਿਖੀਆਂ ਪੁਸਤਕਾਂ ਦੀ ਗੱਲ ਕਰੀਏ ਤਾਂ ਆਪ-'ਸਿੱਖ ਹੱਕਾਂ ਦੀ ਭੂਮਿਕਾ', 'ਮਹਾਂਪੁਰਸ਼ (ਜਿਲਦ ਪਹਿਲੀ) ਸਿੱਖ ਰਾਜਨੀਤੀ ਸ਼ਾਸਤਰ ਦੀ ਭੂਮਿਕਾ', 'ਮਹਾਂਪੁਰਸ਼ (ਜਿਲਦ ਦੂਜੀ) ਸਿੱਖ ਨੈਤਿਕਤਾ ਦਾ ਨੀਤੀ ਸ਼ਾਸਤਰ', 'ਮਹਾਂਪੁਰਸ਼ (ਜਿਲਦ ਤੀਜੀ) ਖ਼ਾਲਸਾ ਪੰਥ ਦਾ ਨੀਤੀ ਸ਼ਾਸਤਰ', 'ਸਿੱਖ ਵਿਯਨ', 'ਵਿਸਮਾਦ: ਤੀਸਰਾ ਬਦਲ', 'ਤੀਸਰੇ ਬਦਲ ਦਾ ਸੱਚ: ਅਕਾਲ ਤਖ਼ਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ', 'ਖ਼ਾਲਸਾ ਯੁਗ ਦੇ ਪੈਂਡੇ', 'ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ', 'ਵਿਸਮਾਦੀ ਵਿਸ਼ਵ ਆਰਡਰ', ਅਕਾਲ ਉਸਤਤਿ (ਵਾਹਿਗੁਰੂ ਦੇ ਅਨੇਕਾਂ ਪਸਾਰਿਆਂ ਦਾ ਦਰਸ਼ਨ), ਜਾਪੁ ਸਾਹਿਬ (ਸਿਰਜਕ ਅਤੇ ਸਿਰਜਣਾ ਦੇ ਰਿਸ਼ਤਿਆਂ ਦਾ ਦਰਸ਼ਨ ਸ਼ਾਸਤਰ), ਆਦਿ ਪੁਸਤਕਾਂ ਦੇ ਸਫ਼ਲ ਲੇਖਕ ਸਨ, ਜਦੋਂ ਕਿ 'ਜਦੋਂ ਮੈਂ ਚਾਰ ਵਾਰ ਰੋਇਆ' (ਇਕ ਸੰਘਰਸ਼ਮਈ ਜੀਵਨ ਦੀ ਗਾਥਾ: ਸਵੈ-ਜੀਵਨੀ) ਛਪਾਈ ਅਧੀਨ ਸੀ।
ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਆਪ ਦਾ ਸਾਰਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਤਾਂ ਆਪ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਪੜ੍ਹਦਿਆਂ ਹੀ ਜੁੜ ਚੁੱਕੇ ਸਨ। ਅਗਲੀ ਪੜ੍ਹਾਈ ਲਈ ਚੰਡੀਗੜ੍ਹ ਦਾਖਲ ਹੋਏ ਤਾਂ ਕੁਝ ਪੰਥਪ੍ਰਸਤ ਸਾਥੀਆਂ ਦੇ ਮੇਲ ਨਾਲ 6 ਅਗਸਤ 1978 ਨੂੰ 'ਦਲ ਖ਼ਾਲਸਾ' ਦੀ ਜਥੇਬੰਦੀ ਹੋਂਦ ਵਿਚ ਆਈ, ਜਿਸ ਦੀ ਵਧੇਰੇ ਪ੍ਰਸਿੱਧੀ ਹਵਾਈ ਜਹਾਜ਼ ਅਗਵਾ(ਹਾਈਜੈਕ) ਕਰਨ ਸਦਕਾ ਹੋਈ। ਇਸ ਦਾ ਕਾਰਨ ਇਹ ਬਣਿਆ ਕਿ ਜਦੋਂ ਕਿ 15 ਸਤੰਬਰ 1981 ਵਿਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਮਹਿਤਾ ਚੌਂਕ ਤੋਂ ਗ੍ਰਿਫਤਾਰੀ ਹੋਈ ਤਾਂ ਉਸ ਸਮੇੰ ਕੁਝ ਸਿੰਘ ਸ਼ਹੀਦ ਤੇ ਬਹੁਤ ਸਾਰੇ ਸਖ਼ਤ ਫੱਟੜ ਵੀ ਹੋਏ ਸਨ। ਪੁਲਿਸ ਦੇ ਇਸ ਜ਼ੁਲਮ ਦੇ ਰੋਸ ਵਜੋਂ ਦਲ ਖ਼ਾਲਸਾ ਦੇ ਪੰਜ ਸਿੰਘ- ਭਾਈ ਗਜਿੰਦਰ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ਸ. ਸਤਨਾਮ ਸਿੰਘ ਪਾਉਂਟਾ ਸਾਹਿਬ, ਸ. ਜਸਬੀਰ ਸਿੰਘ, ਸ. ਤੇਜਿੰਦਰ ਪਾਲ ਸਿੰਘ ਅਤੇ ਸ. ਕਰਨ ਸਿੰਘ 29 ਸਤੰਬਰ 1981 ਨੂੰ ਦਿੱਲੀ ਤੋਂ (via ਅੰਮ੍ਰਿਤਸਰ) ਸ੍ਰੀ ਨਗਰ ਜਾ ਰਹੇ ਹਵਾਈ ਜਹਾਜ਼ ਬੋਇੰਗ 737 ਨੂੰ ਅਗਵਾ ਕਰਕੇ ਲਾਹੌਰ ਲੈ ਗਏ ਸਨ। ਜਹਾਜ਼ ਦੇ ਲਾਹੌਰ ਉਤਰਨ ਤੋਂ ਫੌਰਨ ਬਾਅਦ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ (ਔਰਤਾਂ, ਮਰਦਾਂ, ਬੱਚਿਆਂ, ਬਿਦੇਸ਼ੀਆਂ) ਨੂੰ ਸ਼ਾਂਤੀ ਪੂਰਬਕ ਜਹਾਜ਼ ਵਿਚੋਂ ਕੱਢ ਕੇ ਛੱਡ ਦਿੱਤਾ ਗਿਆ। 29 ਸਤੰਬਰ ਦੀ ਰਾਤ ਨੂੰ ਹੀ ਲਾਹੌਰ ਦੇ ਹਵਾਈ ਅੱਡੇ ਉੱਤੇ ਹਿੰਦੁਸਤਾਨ ਦੇ ਅੰਬੈਸਡਰ ਨਟਵਰ ਸਿੰਘ ਨਾਲ ਭਾਈ ਗਜਿੰਦਰ ਸਿੰਘ ਜੀ ਦੀ ਪਾਕਿਸਤਾਨੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਮੁਲਾਕਾਤ ਹੋਈ ਤਾਂ ਜਹਾਜ਼ ਨੂੰ ਛੱਡਣ ਦੇ ਬਦਲੇ ਵਿਚ ਦੋ ਮੰਗਾਂ ਰੱਖੀਆਂ ਗਈਆਂ। 1) ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਖ਼ਾਲਿਸਤਾਨ ਦੇ ਹਾਮੀ ਹੋਰ ਸਭ ਗ੍ਰਿਫਤਾਰ ਸਿੰਘਾਂ ਨੂੰ ਰਿਹਾ ਕੀਤਾ ਜਾਵੇ। 2) ਚੌਂਕ ਮਹਿਤਾ ਵਿਖੇ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਪਰਿਵਾਰਾਂ ਲਈ ਯੋਗ ਮੁਆਵਜ਼ਾ ਅਦਾ ਕੀਤਾ ਜਾਵੇ। 
ਦਲ ਖ਼ਾਲਸਾ ਦੀ ਇਸ ਕਾਰਵਾਈ ਦੇ ਨਤੀਜੇ ਵਜੋਂ ਸੰਤ ਜਰਨੈਲ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰਿਹਾ ਕਰ ਦਿੱਤਾ ਗਿਆ, ਲੇਕਿਨ, ਪੰਜੇ ਹੀ ਅਗਵਾਕਾਰ, ਜਿਨ੍ਹਾਂ ਨੂੰ ਕਮਾਂਡੋ ਫੋਰਸ ਨੇ ਘਟਨਾ ਦੇ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ, ਨੂੰ ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ।
ਭਾਈ ਹਰਸਿਮਰਨ ਸਿੰਘ ਜੀ ਪੰਥਕ ਸਿਆਸਤ ਨਾਲ ਕਿਵੇਂ ਜੁੜੇ, ਕੀ ਯੋਗਦਾਨ ਪਾਇਆ ਅਤੇ ਕਿਸ ਤਰ੍ਹਾਂ ਦੇ ਖੱਟੇ-ਮਿੱਠੇ ਤਜਰਬੇ ਹੋਏ, ਇਸ ਬਾਰੇ ਮੈਂ ਉਨ੍ਹਾਂ ਦੀ 648 ਪੰਨਿਆਂ ਦੀ ਵਡਅਕਾਰੀ ਪੁਸਤਕ 'ਮਹਾਂਪੁਰਸ਼' 
(ਜਿਲਦ ਤੀਜੀ): 'ਖ਼ਾਲਸਾ ਪੰਥ ਦਾ ਨੀਤੀ ਸ਼ਾਸਤਰ' ਵਿਚੋਂ ਹੀ ਕੁਝ ਮਸੌਦਾ ਸਾਂਝਾ ਕਰਦਾ ਹਾਂ।
"1966 ਵਿਚ ਮੇਰੀ ਉਮਰ 16 ਸਾਲ ਦੀ ਸੀ। ਅਨੰਦਪੁਰ ਸਾਹਿਬ ਦੇ ਖ਼ਾਲਸਾ ਸਕੂਲ ਤੋਂ ਮੈਂ 11ਵੀਂ ਜਮਾਤ ਪਾਸ ਕਰ ਲਈ ਸੀ। ਅਗਲੀ ਪੜ੍ਹਾਈ ਬਾਰੇ ਮੇਰੇ ਮਾਤਾ- ਪਿਤਾ ਜੀ ਅਜੇ ਸੋਚ ਹੀ ਰਹੇ ਸਨ ਕਿ ਮੇਰੇ ਸੱਜੇ ਪੈਰ ਦੀ ਹੱਡੀ ਵਧਣ ਨਾਲ ਇਸ ਵਿਚ ਕੁਝ ਨੁਕਸ ਪੈ ਗਿਆ। ਮੇਰੇ ਪਿਤਾ ਜੀ ਨੇ ਮੇਰਾ ਆਪਰੇਸ਼ਨ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਕਰਵਾਇਆ। ਪਲਸਤਰ ਹੋਣ ਕਾਰਨ ਮੈਂ ਤਿੰਨ ਮਹੀਨਿਆਂ ਲਈ ਬਿਸਤਰੇ 'ਤੇ ਪੈ ਗਿਆ। ਮਾਤਾ-ਪਿਤਾ ਦੇ ਸਿੱਖੀ ਸੰਸਕਾਰਾਂ, ਅਨੰਦਪੁਰ ਸਾਹਿਬ ਦੀ ਸੀਸ ਭੇਟ ਕਰਵਾਉਣ ਵਾਲੀ ਗੁਰੂ ਧਰਤੀ ਉੱਤੇ ਰਹਿੰਦਿਆਂ ਅਤੇ ਖ਼ਾਲਸਾ ਸਕੂਲ ਦੇ ਕੁਝ ਧਾਰਮਿਕ ਬਿਰਤੀ ਵਾਲੇ ਅਧਿਆਪਕਾਂ ਦੇ ਪ੍ਰਭਾਵ ਹੇਠ ਮੇਰਾ ਮੁਢਲਾ ਰੁਝਾਨ 'ਕਰਮ ਵਾਲੀ ਸਿੱਖੀ' ਵੱਲ ਹੋ ਗਿਆ। ਪੈਰ ਦੇ ਆਪਰੇਸ਼ਨ ਦੌਰਾਨ ਮਿਲੀ ਵਿਹਲ ਕਾਰਨ ਮੇਰੇ ਪਿਤਾ ਜੀ ਨੇ ਮੈਨੂੰ ਕੁਝ ਕਿਤਾਬਾਂ ਲਿਆ ਦਿੱਤੀਆਂ ਜਿਨ੍ਹਾਂ ਵਿਚ ਗਿਆਨੀ ਤ੍ਰਿਲੋਕ ਸਿੰਘ ਦਾ ਲਿਖਿਆ 'ਗੋਲੀ ਚੱਲਦੀ ਗਈ', ਗਿਆਨੀ ਸੋਹਣ ਸਿੰਘ ਸੀਤਲ ਲਿਖਤ 'ਸਿੱਖ ਰਾਜ ਕਿਵੇਂ ਬਣਿਆ', 'ਸਿੱਖ ਰਾਜ ਕਿਵੇਂ ਗਿਆ','ਦੁਖੀਏ ਮਾਂ ਪੁੱਤ' ਆਦਿ ਦਾ ਮੇਰੀ ਕੁਆਰੀ ਮਾਨਸਿਕਤਾ ਉਤੇ ਡੂੰਘਾ ਪ੍ਰਭਾਵ ਪਿਆ। ਮੈਂ ਆਪਣੇ ਆਪ ਨੂੰ ਪ੍ਰਸ਼ਨ ਕਰਦਾ ਸਾਂ ਕਿ ਸਿੱਖਾਂ ਨੇ ਇਤਿਹਾਸ ਵਿਚ ਆਪਣੇ ਜਿਸ ਰਾਜ ਭਾਗ ਦੀ ਪ੍ਰਾਪਤੀ ਲਈ ਕੁਰਬਾਨੀਆਂ ਕੀਤੀਆਂ ਜੋ ਬਾਅਦ ਵਿਚ ਕਈ ਕਾਰਨਾਂ ਕਰਕੇ ਖ਼ਤਮ ਹੋ ਗਿਆ ਸੀ, ਉਸ ਦਾ ਵਰਤਮਾਨ ਦਾ ਵਜੂਦ ਕੀ ਸੀ? ਉਸ ਰਾਜ ਦੌਰਾਨ ਸਿੱਖਾਂ ਦੀ ਚੜ੍ਹਤ, ਪ੍ਰਭਾਵ ਅਤੇ ਗੌਰਵ ਕਿੱਥੇ ਚਲਿਆ ਗਿਆ? 
ਉਸ ਸਮੇਂ ਪੰਜਾਬੀ ਸੂਬੇ ਦੀ ਲਹਿਰ ਇਕ ਸਿਖਰ ਨੂੰ ਪਹੁੰਚ ਚੁੱਕੀ ਸੀ ਜੋ ਬਾਅਦ ਵਿਚ 1 ਨਵੰਬਰ 1966 ਨੂੰ ਹੋਂਦ ਵਿਚ ਆ ਗਿਆ ਸੀ। ਸਾਡੇ ਘਰ ਮਾਸਟਰ ਤਾਰਾ ਸਿੰਘ ਵੱਲੋਂ ਚਲਾਈ ਜਾਂਦੀ ਅਖ਼ਬਾਰ 'ਜਥੇਦਾਰ' ਆਉਂਦੀ ਸੀ, ਜਿਸ ਨੂੰ ਮੈਂ ਬੜੇ ਗਹੁ ਨਾਲ ਪੜ੍ਹਦਾ ਸਾਂ। ਪੰਜਾਬੀ ਬੋਲਦੇ ਇਲਾਕੇ, ਸੰਤ ਫ਼ਤਹਿ ਸਿੰਘ, ਸਿਖ ਹੋਮ ਲੈਂਡ ਤੇ ਮਾਸਟਰ ਤਾਰਾ ਸਿੰਘ ਦੇ ਚਰਚਿਤ ਨਾਵਾਂ ਅਤੇ ਸਿੱਖ ਰਾਜਨੀਤਿਕ ਉਦੇਸ਼ਾਂ ਦੀ ਚਰਚਾ ਨਾਲ ਮੈਨੂੰ ਮੇਰੇ ਪ੍ਰਸ਼ਨਾਂ ਦੇ ਕੁਝ ਕੁ ਉੱਤਰ ਮਿਲਣ ਲੱਗ ਪਏ। ਮੈਨੂੰ ਕੁਝ ਕੁਝ ਸਮਝ ਲੱਗਣ ਲੱਗ ਪਈ ਸੀ ਕਿ ਮਹਾਰਾਜਾ ਸਿੰਘ ਦੀ ਅਗਵਾਈ ਹੇਠਲੇ ਰਾਜ-ਭਾਗ ਦਾ ਭਾਰਤ ਦੀ ਆਜ਼ਾਦੀ ਸਮੇਂ ਨਾ ਮਿਲਣ ਕਾਰਨ ਸਿੱਖ ਠੱਗੇ ਗਏ ਸਨ। ਸਿੱਖਾਂ ਨੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸੰਘਰਸ਼ ਲੜਿਆ ਸੀ। ਅਕਾਲੀ ਪਾਰਟੀ ਦੀ ਅਗਵਾਈ ਸੰਤ ਫ਼ਤਹਿ ਸਿੰਘ ਕਰ ਰਹੇ ਸਨ ਪਰ ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀ ਉਸ ਅਧੂਰੇ ਪੰਜਾਬੀ ਸੂਬੇ ਤੋਂ ਅਸੰਤੁਸ਼ਟ ਸਨ। ਉਹ ਪੰਜਾਬ ਵਿਚ ਇਸ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਨੂੰ ਸ਼ਾਮਲ ਕਰਵਾ ਕੇ, ਇਸ ਨੂੰ 'ਸਿੱਖ ਹੋਮ ਲੈਂਡ' ਦਾ ਨਾਂ ਦੇਣਾ ਚਾਹੁੰਦੇ ਸਨ।
ਇਨ੍ਹਾਂ ਸਮਿਆਂ ਵਿਚ ਮੈਂ ਕੁਝ ਉਦਾਸ ਰਹਿਣ ਲੱਗ ਪਿਆ। ਮੇਰੇ ਮਾਤਾ ਜੀ ਨੇ ਮੇਰੇ ਕੋਲੋਂ ਮੇਰੀ ਉਦਾਸੀ ਦੇ ਕਾਰਨਾਂ ਬਾਰੇ ਪੁੱਛਿਆ। ਕੁਝ ਦਿਨ ਤਾਂ ਮੈਂ ਉਨ੍ਹਾਂ ਨੂੰ ਟਾਲਦਾ ਰਿਹਾ ਪਰ ਇੱਕ ਦਿਨ ਮੈਂ ਉਨ੍ਹਾਂ ਨਾਲ ਆਪਣੇ ਮਨ ਦੇ ਜਜ਼ਬਾਤਾਂ ਦੀ ਸਾਂਝ ਪਾਈ ਕਿ ਮੈਂ ਗੁਆ ਚੁੱਕੇ ਸਿੱਖ ਗੌਰਵ ਦੀ ਬਹਾਲੀ ਲਈ ਕੰਮ ਕਰਨਾ ਚਾਹੁੰਦਾ ਸਾਂ। ਉਨ੍ਹਾਂ ਨੇ ਮੈਨੂੰ ਸਿੱਖਿਆ ਦਿੰਦੇ ਕਿਹਾ ਕਿ ਅਜਿਹੇ ਕੰਮਾਂ ਲਈ ਪਹਿਲਾਂ ਬਹੁਤ 'ਬੰਦਗੀ' ਦੀ ਲੋੜ ਪੈਂਦੀ ਹੈ। 'ਬੰਦਗੀ' ਸ਼ਬਦ ਨੇ ਮੇਰੀ ਅਨਭੋਲ ਮਾਨਸਿਕਤਾ ਉਤੇ ਗਹਿਰਾ ਪ੍ਰਭਾਵ ਪਾਇਆ। ਮਨ ਵਿਚ ਕੋਈ ਹੋਰ ਹੀ ਪ੍ਰੇਰਨਾ ਜਾਗ ਪਈ। ਅੰਮ੍ਰਿਤ ਮੈ 10 ਸਾਲ ਦੀ ਉਮਰ ਵਿਚ ਛਕ ਲਿਆ ਸੀ। ਨਿਤਨੇਮ ਦੇ ਨਾਲ ਨਾਲ, ਚੰਡੀ ਦੀ ਵਾਰ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਮੈਂ ਬੜੀ ਸ਼ਰਧਾ ਤੇ ਦ੍ਰਿੜਤਾ ਨਾਲ ਕਰਨਾ ਸ਼ੁਰੂ ਕਰ ਦਿੱਤਾ।
ਅਨੰਦਪੁਰ ਸਾਹਿਬ ਰੋਪੜ ਜ਼ਿਲੇ ਦੀ ਇਕ ਤਹਿਸੀਲ ਬਣ ਗਈ ਸੀ। ਇਥੋਂ ਦੇ ਕੁਝ ਪਰਿਵਾਰਾਂ ਨੂੰ ਇਹ ਤਹਿਸੀਲ ਬਣਨ ਨਾਲ ਰੁਜ਼ਗਾਰ ਆਦਿ ਵੀ ਮਿਲ ਗਿਆ ਸੀ। ਮੇਰੇ ਪਿਤਾ ਜੀ ਨੇ ਮੈਨੂੰ ਇਸ ਤਹਿਸੀਲ ਵਿਚ ਅਸ਼ਟਾਮ ਫਿਰੋਸ਼ੀ ਦਾ ਲਾਈਸੈਂਸ ਲੈ ਦਿੱਤਾ। ਉਨ੍ਹਾਂ ਨੇ ਮੈਨੂੰ ਇਕ ਮੁਨੀਮਾਂ ਵਾਲਾ ਬਕਸਾ ਵੀ ਬਣਵਾ ਦਿੱਤਾ ਜੋ ਅਜੇ ਤੱਕ ਮੇਰੇ ਕੋਲ ਸਾਂਭਿਆ ਪਿਆ ਹੈ। ਉਸ ਬਕਸੇ ਵਿਚ ਮੈਂ ਹਜ਼ਾਰ ਕੁ ਰੁਪਏ ਦੇ ਅਸ਼ਟਾਮ ਰੱਖ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਦਿੱਤਾ। ਸੌ ਰੁਪਏ ਦੇ ਅਸ਼ਟਾਮ ਵੇਚਣ 'ਤੇ ਮੈਨੂੰ ਢਾਈ ਰੁਪਏ ਬਚਦੇ ਸਨ। ਤਹਿਸੀਲ ਦੇ ਭ੍ਰਿਸ਼ਟ ਵਾਤਾਵਰਣ ਵਿਚ ਮੈਂ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕੀਤਾ। ਜਦੋਂ ਮੈਂ ਉਥੇ ਕੰਮ ਕਰਦੇ ਹੋਏ ਹੋਰ ਅਸ਼ਟਾਮ-ਫਰੋਸ਼ਾਂ ਤੇ ਅਰਜੀ ਨਵੀਸਾਂ ਨੂੰ ਵੇਖਦਾ ਸਾਂ ਤਾਂ ਉਨ੍ਹਾਂ ਵਰਗੀ ਮਾਨਸਿਕਤਾ ਵਿਚ ਜੀਊਣਾ ਮੈਨੂੰ ਪਸੰਦ ਨਹੀਂ ਸੀ। ਮੇਰਾ ਵਿਦਿਅਕ ਭਵਿੱਖ ਤਾਂ ਧੁੰਦਲਾ ਹੋ ਹੀ ਗਿਆ ਸੀ, ਮੈਨੂੰ ਆਪਣੇ ਜਜ਼ਬਾਤਾਂ ਦਾ ਵੀ ਦਮ ਘੁੱਟਦਾ ਨਜ਼ਰ ਆਇਆ। ਮੈਨੂੰ ਸਤਾਰ੍ਹਵਾਂ ਸਾਲ ਲੱਗ ਚੁੱਕਾ ਸੀ। ਅਜਿਹੀ ਅਧੇੜ-ਬੁਣ ਵਿਚ ਮੈਂ ਆਪਣੇ ਮਾਤਾ ਜੀ ਦੇ ਕਹੇ ਹੋਏ ਸ਼ਬਦਾਂ ਕਿ "ਮਹਾਨ ਕੰਮਾਂ ਲਈ ਬੰਦਗੀ ਦੀ ਲੋੜ ਹੁੰਦੀ ਹੈ"- ਅਨੁਸਾਰ ਸੋਚਣਾ ਸ਼ੁਰੂ ਕਰ ਦਿੱਤਾ। ਮਨ ਵਿਚ ਇਹ ਗੱਲ ਵੀ ਵੱਸ ਗਈ ਕਿ ਬੰਦਗੀ ਘਰੋਂ ਨਿਕਲ ਕੇ ਹੀ ਹੁੰਦੀ ਹੈ। ਅਸ਼ਟਾਮ-ਫ਼ਰੋਸ਼ੀ ਮੈ ਪਹਿਲਾਂ ਹੀ ਨਹੀਂ ਕਰਨਾ ਚਾਹੁੰਦਾ ਸਾਂ। ਸਾਲ 1967 ਦੇ ਅਪ੍ਰੈਲ ਦੀ ਗੱਲ ਹੈ ਕਿ ਮੈਨੂੰ ਮੇਰੇ ਪਿਤਾ ਜੀ ਨੇ 900 ਰੁਪਿਆ ਦੇ ਕੇ ਰੋਪੜ ਤੋਂ ਅਸ਼ਟਾਮ ਲਿਆਉਣ ਲਈ ਭੇਜਿਆ। ਉਹ ਅਸ਼ਟਾਮ ਲੈ ਕੇ ਮੈਂ ਕਦੇ ਵੀ ਘਰ ਵਾਪਸ ਨਾ ਆਇਆ। ਉਸ ਸਮੇਂ ਦੇ ਹਾਲਾਤ ਵਿਚ ਘਰੋਂ 28 ਦਿਨ ਭੱਜੇ ਰਹਿਣ ਕਾਰਨ ਜ਼ਿੰਦਗੀ ਦੇ ਜੋ ਨਵੇਂ ਤਜਰਬੇ, ਦ੍ਰਿੜਤਾ, ਰੂਹਾਨੀ ਸ਼ਕਤੀ ਅਤੇ ਆਪਣੀ ਕੌਮ ਦੇ ਅਧਿਕਾਰਾਂ ਲਈ ਜੀਊਣ ਲਈ ਸਮਰਪਣ ਭਾਵਨਾ ਤੇ ਪਲਟਾ ਮੇਰੀ ਜ਼ਿੰਦਗੀ ਵਿਚ ਆਇਆ, ਉਹ ਜੀਵਨ ਦੇ ਕਈ ਪੜਾਅ ਤਹਿ ਕਰਕੇ ਖ਼ਾਲਸਾ ਪੰਥ ਦੇ ਇਸ ਨੀਤੀ ਸ਼ਾਸਤਰ ਤੱਕ ਪਹੁੰਚ ਚੁੱਕਾ ਹੈ। 
ਘਰੋਂ ਬਾਹਰ ਪੈਰ ਰੱਖ ਕੇ ਆਪਣੀ ਜ਼ਿੰਦਗੀ ਦੀ ਪਹਿਲੀ ਰਾਤ ਮੈਂ ਗੁਰੂ ਰਾਮਦਾਸ ਸਰਾਂ, ਅੰਮ੍ਰਿਤਸਰ ਦੇ ਬਰਾਮਦੇ ਦੇ ਇਕ ਥੜ੍ਹੇ ਉੱਤੇ ਬਿਤਾਈ। ਸਵੇਰੇ ਦਰਬਾਰ ਸਾਹਿਬ ਵਿਚ ਆਸਾ ਦੀ ਵਾਰ ਦਾ ਕੀਰਤਨ ਸੁਣਨ ਉਪ੍ਰੰਤ ਮੈਂ 9 ਵਜੇ ਦੀ ਬੰਬਈ ਐਕਸਪ੍ਰੈਸ ਫੜ੍ਹ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਬੰਦਾ ਸਿੰਘ ਬਹਾਦਰ ਦੀ ਧਰਤੀ ਹਜ਼ੂਰ ਸਾਹਿਬ ਨਾਂਦੇੜ ਚਲਾ ਗਿਆ। ਮਾਤਾ-ਪਿਤਾ ਅਤੇ ਭੈਣਾਂ- ਭਰਾਵਾਂ ਦੀ ਇਸ ਸਬੰਧੀ ਚਿੰਤਾ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਤੋਂ ਹੀ ਉਨ੍ਹਾਂ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਮੈਂ 'ਬੰਦਗੀ' ਕਰਨ ਲਈ ਘਰੋਂ ਜਾ ਰਿਹਾ ਸਾਂ, ਮੇਰੀ ਚਿੰਤਾ ਨਾ ਕੀਤੀ ਜਾਵੇ।"...
"6 ਅਗਸਤ 1978 ਨੂੰ ਜਦੋਂ ਅਸੀਂ ਵੱਖ-ਵੱਖ ਸਿੱਖ ਨੌਜਵਾਨ ਜਥੇਬੰਦੀਆਂ ਦਾ ਇਕੱਠ ਚੰਡੀਗੜ੍ਹ ਵਿਖੇ ਬੁਲਾਇਆ ਤਾਂ 18ਵੀਂ ਸਦੀ ਦੇ ਇਤਿਹਾਸ ਦੇ ਇਕ ਚੈਪਟਰ ਤੋਂ ਪ੍ਰੇਰਨਾ ਲੈ ਕੇ ਜਦੋਂ ਅਸੀਂ ਉਸ ਕਨਵੈਨਸ਼ਨ ਵਿਚ ਵੱਖ ਵੱਖ ਜਥੇਬੰਦੀਆਂ ਨੂੰ ਭੰਗ ਕਰਕੇ ਅਠਾਰ੍ਹਵੀਂ ਸਦੀ ਦੀ ਪਹਿਲੀ ਤੇ ਆਖ਼ਰੀ ਸਿੱਖ ਰਾਜਨੀਤਿਕ ਜਥੇਬੰਦੀ 'ਦਲ ਖ਼ਾਲਸਾ' ਵਾਂਗ ਹੀ ਪੰਥ ਦੀ ਇਸ ਜਥੇਬੰਦੀ ਦਾ ਨਾਮ 'ਦਲ ਖ਼ਾਲਸਾ' ਰੱਖਿਆ ਤਾਂ ਅਸੀਂ ਉਸ ਸਮੇਂ ਤੱਕ ਇਤਨੇ ਕੁ ਪ੍ਰੌੜ੍ਹ, ਰਾਜਸੀ ਸੂਝ-ਬੂਝ ਰੱਖਣ ਵਾਲੇ ਅਤੇ ਪੰਥ ਦੀ ਰਾਜਨੀਤਕ ਦਿਸ਼ਾ ਨੂੰ ਹੋਰ ਸਪਸ਼ਟ ਕਰਨ ਲਈ ਆਪਣੇ ਫ਼ੈਸਲੇ ਆਪ ਲੈਣ ਦੇ ਸਮਰੱਥ ਸਾਂ। - ਪ੍ਰੰਤੂ ਬੜੇ ਸ਼ੋਕ ਦੀ ਗੱਲ ਹੈ ਕਿ ਕੁਝ ਸਿੱਖ ਅਤੇ ਗੈਰ-ਸਿੱਖ ਲੇਖਕਾਂ ਵੱਲੋਂ 'ਦਲ ਖ਼ਾਲਸਾ' ਨੂੰ ਅਕਾਲੀ ਦਲ ਦੇ ਵਿਰੋਧ ਵਿਚ ਗਿਆਨੀ ਜ਼ੈਲ ਸਿੰਘ ਦੀ ਉਪਜ, ਨਕਸਲਬਾੜੀ, ਕਮਿਊਨਿਸਟ ਅਤੇ 'ਕਾਂਗਰਸ ਦੇ ਏਜੰਟ' ਆਦਿ ਆਖ ਕੇ ਬਦਨਾਮ ਕਰਨ ਦਾ ਕੋਝਾ ਯਤਨ ਕੀਤਾ ਗਿਆ।..."


ਸਤੰਬਰ 1981 ਵਿਚ 'ਦਲ ਖ਼ਾਲਸਾ' ਦੇ ਪੰਜ ਸਿੰਘਾਂ ਵੱਲੋਂ ਹਵਾਈ ਜਹਾਜ਼ ਅਗਵਾ ਕਰਨ ਦੇ ਐਕਸ਼ਨ ਨਾਲ 'ਦਲ ਖ਼ਾਲਸਾ' ਨਾ ਕੇਵਲ ਸਿੱਖ ਪੰਥ, ਸਗੋਂ ਵਿਸ਼ਵ ਦੀਆਂ ਨਜ਼ਰਾਂ ਵਿਚ ਆ ਗਿਆ ਸੀ। ਦਲ ਖ਼ਾਲਸਾ ਦੇ ਉਭਾਰ ਨਾਲ ਅਕਾਲੀ ਦਲ ਨੂੰ ਕਿਸੇ ਸਟੇਜ ਉੱਤੇ ਜਾ ਕੇ ਰਾਜਨੀਤਕ ਨੁਕਸਾਨ ਪਹੁੰਚਣਾ ਸੁਭਾਵਿਕ ਸੀ, ਇਸ ਕਾਰਨ ਅਕਾਲੀ ਆਗੂਆਂ ਦੀ ਜਹਾਜ਼ ਅਗਵਾ ਅਗਵਾ ਕਰਨ ਸਬੰਧੀ ਪ੍ਰਤਿਕਿਰਿਆ ਬਹੁਤੀ ਉਤਸ਼ਾਹ-ਜਨਕ ਨਹੀਂ ਸੀ।'ਦਲ ਖ਼ਾਲਸਾ' ਦੀ ਇਸ ਕਾਰਵਾਈ ਨਾਲ ਜਿਥੇ ਸਿੱਖ ਪੰਥ ਨੂੰ ਲਾਭ ਪਹੁੰਚਿਆ, ਉੱਥੇ 'ਦਲ ਖ਼ਾਲਸਾ' ਜਥੇਬੰਦੀ ਨੂੰ ਬਹੁਤ ਨੁਕਸਾਨ ਹੋਇਆ। ਭਾਰਤ ਸਰਕਾਰ ਨਾਲ ਆਪਣੇ ਕੂਟਨੀਤਿਕ ਸਬੰਧ ਵਧੀਆ ਬਣਾਉਣ ਦੀ ਮਨਸ਼ਾ ਨਾਲ ਜਿੱਥੇ ਪਾਕਿਸਤਾਨ ਸਰਕਾਰ ਵੱਲੋਂ ਜਹਾਜ਼ ਦੇ ਹਾਈਜੈਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਮਰ-ਕੈਦ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ, ਉਥੇ ਪੰਜਾਬ ਸਰਕਾਰ ਵੱਲੋਂ ਦਲ ਖ਼ਾਲਸਾ ਦੇ ਮੁੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਇੱਥੇ ਹੀ ਬੱਸ ਨਹੀਂ, ਦਲ ਖ਼ਾਲਸਾ ਨੂੰ ਬਦਨਾਮ ਕਰਨ ਦੀਆਂ ਵੀ ਸਾਜਿਸ਼ਾਂ ਵੀ ਰਚੀਆਂ ਜਾਣ ਲੱਗੀਆਂ। ਕਿਧਰੇ ਸੜਕ 'ਤੇ ਜਾ ਰਹੀ ਅਵਾਰਾ ਗਾਂ ਜਾਂ ਵੱਛੇ ਨੇ ਟਰੱਕ ਆਦਿ ਨਾਲ ਟਕਰਾ ਕੇ ਮਰ ਜਾਣਾ- ਤਾਂ ਉਸ ਦਾ ਦੋਸ਼ ਵੀ ਦਲ ਖ਼ਾਲਸਾ ਦੇ ਸਿਰ ਮੜ੍ਹਿਆ ਜਾਣ ਲੱਗਾ। ਅਪ੍ਰੈਲ 1982 ਵਿਚ ਗਊਆਂ ਵੱਢਣ ਦੇ ਲੱਗੇ ਝੂਠੇ ਇਲਜ਼ਾਮ ਨਾਲ ਤਾਂ ਦਲ ਖ਼ਾਲਸਾ ਨੂੰ ਕਦੀ ਵੀ ਪੂਰਾ ਨਾ ਹੋਣ ਵਾਲਾ ਨੁਕਸਾਨ ਹੋਇਆ।.…1970 ਤੋਂ 1982 ਤੱਕ ਸਿੱਖ ਪੰਥ ਦੀ ਇਮਾਨਦਾਰੀ, ਦ੍ਰਿੜਤਾ ਤੇ ਗੁਰੂ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਅਸੀਂ ਰਾਜਨੀਤੀ ਦੇ ਮੰਚ ਤੋਂ ਨੈਤਿਕਤਾ ਤੇ ਸੁੱਚੇ ਹਿਰਦੇ ਨਾਲ ਪੰਥ ਦੀ ਸੇਵਾ ਕਰ ਰਹੇ ਸਾਂ। ਭਾਰੀ ਮਿਹਨਤ ਨਾਲ ਸਿੰਜੀ ਸਾਡੀ ਜਥੇਬੰਦੀ ਅਤੇ ਸਾਨੂੰ ਜਦੋਂ ਸਾਰੀਆਂ ਧਿਰਾਂ ਰਲ ਕੇ ਜੱਗ ਵਿਚ ਨਸ਼ਰ ਕਰ ਰਹੀਆਂ ਸਨ ਤਾਂ ਸਿੱਖ ਰਾਜਨੀਤੀ ਦਾ ਇਸ ਤੋਂ ਵੱਡਾ ਝੂਠ ਤੇ ਦੁਖਾਂਤ ਹੋਰ ਕੀ ਹੋ ਸਕਦਾ ਸੀ? ਸਾਡੀ ਇਮਾਨਦਾਰੀ ਤੇ ਪ੍ਰਤੀਬਧਤਾ ਹੀ ਸਾਡੇ ਵਿਰੁੱਧ ਖੜੇ ਕਰ ਦਿੱਤੇ ਗਏ ਸਨ। ਕਿਸੇ ਨੇ ਸੰਜੀਦਗੀ ਤੇ ਗੰਭੀਰਤਾ ਨਾਲ ਸਾਡੇ ਪ੍ਰਤੀ ਰਾਏ ਬਣਾਉਣ ਲਈ ਸਾਡੇ ਦ੍ਰਿਸ਼ਟੀਕੋਣ ਤੋਂ ਸੋਚਣ ਦਾ ਯਤਨ ਹੀ ਨਹੀਂ ਸੀ ਕੀਤਾ।...ਦਲ ਖ਼ਾਲਸਾ ਆਪਣੇ ਆਪ ਵਿਚ ਇੱਕ ਜਥੇਬੰਦੀ ਹੀ ਨਹੀਂ ਸਗੋਂ ਇਕ ਸੰਕਲਪ ਵੀ ਹੈ। ਇਹ ਆਪਣੇ ਆਪ ਵਿਚ ਇਕ ਸੰਸਥਾ ਹੈ ਜਿਸ ਦੇ ਆਗੂ ਸਿੱਖ ਸੱਤਾ ਦੇ ਹੇਠਾਂ ਪਲਦੀਆਂ ਇਤਿਹਾਸਿਕ ਸ਼ਕਤੀਆਂ ਦੀ ਕਨਸੋਅ ਸੁਣਨ ਦੇ ਸਮਰੱਥ ਹਨ।... ਦਲ ਖ਼ਾਲਸਾ ਸਬੰਧੀ ਡਾ. ਸੰਗਤ ਸਿੰਘ ਅਤੇ ਰਾਮ ਨਰਾਇਣ ਕੁਮਾਰ ਵਰਗੇ ਇਤਿਹਾਸਕਾਰ ਜਿੱਥੇ ਸਿੱਖ ਪੰਥ ਦਾ ਨੁਕਸਾਨ ਕਰਦੇ ਰਹੇ ਹਨ, ਉੱਥੇ ਉਹ ਆਪਣੇ ਛੋਟੇ ਪੱਧਰ 'ਤੇ ਬੌਧਿਕ ਗਰੀਬੀ ਦਾ ਵੀ ਪ੍ਰਗਟਾਵਾ ਕਰਦੇ ਰਹੇ ਹਨ। ਸ. ਗਜਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ 1981 ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਉਮਰ ਕੈਦ ਕੱਟ ਰਹੇ ਹਨ। ਮੈਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲਗਭਗ ਚਾਰ ਸਾਲ ਦਾ ਸਮਾਂ ਕੱਟ ਕੇ, ਹੁਣ ਵਿਦਿਆ ਦੇ ਮਾਧਿਅਮ ਰਾਹੀਂ ਸਮਾਜ ਦੀ ਸੇਵਾ ਕਰ ਰਿਹਾ ਹਾਂ। ਸਪਸ਼ਟ ਹੈ ਕਿ ਸਿੱਖ ਰਾਜਨੀਤੀ ਦਾ ਜੋ ਨਵਾਂ ਯੁਗ ਪਿਛਲੀ ਸਦੀ ਦੇ ਅਠਵੇਂ ਦਹਾਕੇ ਵਿਚ ਸ਼ੁਰੂ ਹੋ ਜਾਣਾ ਚਾਹੀਦਾ ਸੀ, ਉਹ ਯਤਨ ਅਸਫ਼ਲ ਹੋ ਗਿਆ ਹੈ। ਸਿੱਖ ਸੱਤਾ ਦੇ ਹੇਠਾਂ ਪਲਦੀਆਂ ਇਤਿਹਾਸਿਕ ਸ਼ਕਤੀਆਂ ਆਪਣਾ ਭਵਿੱਖ ਦਾ ਅੰਕੁਰ ਕਦੋਂ, ਕਿਸ ਤਰ੍ਹਾਂ, ਕਿੰਨਾਂ ਆਗੂਆਂ ਅਤੇ ਕਿਸ ਘਟਨਾ ਰਾਹੀਂ ਭਵਿੱਖ ਵਿਚ ਪ੍ਰਾਪਤ ਕਰਨਗੀਆਂ, ਇਹ ਸਮੇਂ ਤੇ ਇਤਿਹਾਸ ਦੇ ਗਰਭ ਵਿਚ ਪਿਆ ਗੁੰਝਲਦਾਰ ਪ੍ਰਸ਼ਨ ਹੈ। ਜਦੋਂ ਡਾ.ਸਿੰਘ ਭਾਰਤ ਸਰਕਾਰ ਦੇ ਇੰਟੈਲੀਜੈਂਸ ਵਿੰਗ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਸਨ ਤਾਂ ਅਸੀਂ ਬੱਸ ਦਾ ਕਿਰਾਇਆ ਨਾ ਹੋਣ ਕਾਰਨ, ਸਾਈਕਲਾਂ ਉਤੇ ਚੰਡੀਗੜ੍ਹ ਤੋਂ ਜਲੰਧਰ ਤੱਕ, ਕਕਰਾਲੀਆਂ ਰਾਤਾਂ ਵਿਚ ਸਫ਼ਰ ਕਰਦੇ ਹੋਏ, ਆਪਣੇ ਉੱਤੇ ਦਰਜ ਮੁਕੱਦਮਿਆਂ ਦੀਆਂ ਤਰੀਕਾਂ ਭੁਗਤ ਰਹੇ ਸਾਂ। ਜਦੋਂ ਉਹ ਸਾਡੇ ਸਬੰਧੀ ਗਲਤ ਲਿਖਤਾਂ ਲਿਖਦੇ ਹੋਏ ਸਮਕਾਲੀ ਇਤਿਹਾਸ ਦਾ ਇਕ ਵੱਡਾ ਝੂਠ ਬੋਲ ਰਹੇ ਸਨ ਤਾਂ ਅਸੀਂ ਨੌਜਵਾਨ ਸਰਕਾਰ ਦੀਆਂ ਜੇਲ੍ਹਾਂ ਦੇ ਕਸ਼ਟ ਸਹਿ ਰਹੇ ਸਾਂ। ਜੇਕਰ ਫਿਰ ਵੀ ਅਸੀਂ ਅਕਾਲੀ ਦਲ (ਪੰਥ) ਨੂੰ 'ਤੋੜਨ' ਤੇ 'ਕਮਜ਼ੋਰ' ਕਰਨ ਲਈ ਜ਼ਿੰਮੇਵਾਰ ਸਾਂ ਤਾਂ ਸਾਨੂੰ ਆਪਣੀ ਇਸ ਕਾਰਵਾਈ ਉੱਤੇ ਕੋਈ ਪਛਤਾਵਾ ਨਹੀਂ ਹੈ। ਸਮਾਂ ਅਤੇ ਇਤਿਹਾਸ ਆਪਣੇ ਆਪ ਵਿਚ ਸਭ ਤੋਂ ਵੱਡੇ ਨਿਆਂਕਾਰ ਹੁੰਦੇ ਹਨ।...
ਇਤਿਹਾਸ ਦੇ ਲੰਮੇ ਪੈਂਡਿਆਂ ਉੱਤੇ ਚੱਲ ਰਹੇ ਸਿੱਖ ਪੰਥ ਦਾ ਸਫ਼ਰ ਅਸਲ ਵਿਚ ਮਨੁੱਖਤਾ ਦੀਆਂ ਭਵਿੱਖ ਦੀਆਂ ਪ੍ਰਾਪਤੀਆਂ ਦਾ ਸਫ਼ਰ ਹੈ। ਇਤਿਹਾਸ ਵਿਚ ਕਈ ਵਾਰ ਨਿਰਾਸ ਪਲ ਆ ਜਾਂਦੇ ਹਨ, ਪਰ ਗੁਰੂ ਦੇ ਸਿੱਖ ਨੂੰ ਹਰ ਕਠਿਨ ਹਾਲਾਤ ਵਿਚ ਚੜ੍ਹਦੀ ਕਲਾ ਵਿਚ ਰਹਿਣ ਦਾ ਆਦੇਸ਼ ਹੈ। ਸਿੱਖ ਜਦੋਂ ਕਠਿਨ ਸਮਿਆਂ ਨੂੰ ਵੀ ਆਪਣੀ ਚੜ੍ਹਦੀ ਕਲਾ ਲਈ ਵਰਤਣ ਦੇ ਸਮਰੱਥ ਹੋ ਕੇ ਇਕ ਨਵੇਂ ਭਵਿੱਖ ਵੱਲ ਵਧਦਾ ਹੈ ਤਾਂ ਇਹ ਗੁਰੂ ਦੀ ਮਹਾਨ ਬਖ਼ਸ਼ਿਸ਼ ਦਾ ਇਕ ਰਾਜ਼ ਹੈ। ਗੁਰੂ ਦੇ ਇਨ੍ਹਾਂ ਰਾਜ਼ਾਂ ਦੀ ਰਮਜ਼ ਨੂੰ ਸਮਝਦੇ ਹੋਏ ਜਦੋਂ ਖ਼ਾਲਸਾ ਪੰਥ ਗੁਰੂ ਸ਼ਖਸੀਅਤ ਦੇ ਰੂਪ ਵਿਚ, ਖ਼ੁਦ ਇਸ ਧਰਤੀ ਉੱਤੇ ਵਿਚਰੇਗਾ ਤਾਂ ਇਸ ਦਾ ਜਲੌਅ ਕਿਹਨਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਅਤੇ ਦਿਸ਼ਾ ਦੇਵੇਗਾ, ਇਹ ਭਵਿੱਖ ਦੇ ਵਿਸ਼ਵ ਇਤਿਹਾਸ ਦੀ ਇਕ ਵੱਡੀ ਉਮੀਦ ਹੈ। ਵਿਸ਼ਵ ਦੀ ਇਸ ਮਨੁੱਖੀ ਸਭਿਅਤਾ ਨੂੰ ਕੀ ਗੁਰੂ ਸਾਹਿਬਾਨ ਦਾ ਰਿਣੀ ਨਹੀਂ ਹੋਣਾ ਚਾਹੀਦਾ? ਖ਼ਾਲਸਾ ਪੰਥ ਦਾ ਨੀਤੀ ਸ਼ਾਸਤਰ ਸਿੱਖਾਂ ਅਤੇ ਵਿਸ਼ਵ ਮਨੁੱਖ ਉੱਤੇ ਗੁਰੂ ਸਾਹਿਬ ਦੇ ਚੜ੍ਹਾਏ ਹੋਏ ਕਰਜ਼ ਨੂੰ ਉਤਾਰਨ ਦਾ ਇਕ ਯਤਨ ਹੈ। ਇਸ ਕਰਜ਼ ਨੂੰ ਉਤਾਰਨ ਦੇ ਅਹਿਸਾਸ ਤੇ ਕਰਮ ਜਦੋਂ ਸਮੂਹਿਕ ਪੱਧਰ 'ਤੇ ਹੋਣਗੇ ਤਾਂ ਵਿਸ਼ਵ ਦੇ ਖ਼ਾਲਸਾ ਯੁਗ ਦੇ ਨਵੇਂ ਪੈਂਡਿਆਂ ਦਾ ਸਫ਼ਰ ਆਸਾਨ ਹੁੰਦਾ ਜਾਏਗਾ। [ ਪ੍ਰਿੰਸੀਪਲ (ਭਾਈ) ਹਰਿਸਿਮਰਨ ਸਿੰਘ ਲਿਖਤ ਪੁਸਤਕ 'ਮਹਾਂਪੁਰਸ਼' (ਜਿਲਦ ਤੀਜੀ): ਖ਼ਾਲਸਾ ਪੰਥ ਦਾ ਨੀਤੀ ਸ਼ਾਸਤਰ ਦੇ ਮੁੱਖਬੰਦ ਮਿਤੀ 17 ਦਸੰਬਰ 1998 ਵਿਚੋਂ ਲਏ ਕੁਝ ਅੰਸ਼]
ਕੌਮ ਦੇ ਮਹਾਨ ਵਿਦਵਾਨ, ਚਿੰਤਕ ਅਤੇ ਵਿਦਿਆ-ਦਾਨੀ ਪ੍ਰਿੰਸੀਪਲ ਹਰਸਿਮਰਨ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੌਮ ਅਤੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਸ ਦੀ ਪੂਰਤੀ ਤਾਂ ਕਦੇ ਹੋ ਹੀ ਨਹੀਂ ਸਕਦੀ, ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਕਿ ਜਿੱਥੇ ਪ੍ਰਿੰਸੀਪਲ ਹਰਸਿਮਰਨ ਸਿੰਘ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ, ਉਥੇ ਸਮੂਹ ਪਰਿਵਾਰ, ਸਾਕ-ਸਬੰਧੀਆਂ, ਵਿਦਿਆਰਥੀਆਂ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ। 
 

ਨਿਰਵੈਰ ਸਿੰਘ ਅਰਸ਼ੀ, ਸ੍ਰੀ ਅਨੰਦਪੁਰ ਸਾਹਿਬ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.