ਵਿਧਾਨ ਸਭਾ ਦੀਆਂ ਚੋਣਾਂ ਅਤੇ ਪੰਥਕ ਜਥੇਬੰਦੀਆਂ ਦੀ ਏਕਤਾ

ਵਿਧਾਨ ਸਭਾ ਦੀਆਂ ਚੋਣਾਂ ਅਤੇ ਪੰਥਕ ਜਥੇਬੰਦੀਆਂ ਦੀ ਏਕਤਾ

ਵਿਧਾਨ ਸਭਾ ਦੀਆਂ ਚੋਣਾਂ ਅਤੇ ਪੰਥਕ ਜਥੇਬੰਦੀਆਂ ਦੀ ਏਕਤਾ -ਰਣਜੀਤ ਸਿੰਘ ਦਮਦਮੀ ਟਕਸਾਲ 

ਭਾਵੇਂ ਕਿ ਭਾਰਤੀ ਚੋਣ ਪ੍ਰਣਾਲੀ ਵਿੱਚ ਪੰਥ ਅਤੇ ਪੰਜਾਬ ਦਾ ਕੋਈ ਬਹੁਤਾ ਭਲਾ ਨਹੀਂ ਹੋ ਸਕਦਾ ਪਰ ਫਿਰ ਵੀ ਪੰਥ ਤੇ ਪੰਜਾਬ ਹਿਤੈਸ਼ੀ ਜਥੇਬੰਦੀਆਂ ਨੂੰ ਇਹ ਚੋਣ ਮੈਦਾਨ ਰਾਸ਼ਟਰੀ ਪਾਰਟੀਆਂ ਲਈ ਖਾਲੀ ਨਹੀਂ ਛੱਡਣਾ ਚਾਹੀਦਾ ਹੈ। ਜਿਹੜੀਆਂ ਪੰਥਕ ਜਥੇਬੰਦੀਆਂ ਚੋਣ ਪ੍ਰਣਾਲੀ ਵਿੱਚ ਦਿਲਚਸਪੀ ਰੱਖਦੀਆਂ ਹਨ ਜਾਂ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਉਹ ਸਿਆਸੀ ਖੇਤਰ ਵਿੱਚ ਸਰਗਰਮ ਹੋ ਕੇ ਤੇ ਚੋਣਾਂ ਜਿੱਤ ਕੇ ਆਪਣੇ ਪੰਥ ਤੇ ਪੰਜਾਬ ਦੀ ਝੋਲੀ ਵਿੱਚ ਕੁਝ ਪਾ ਸਕਦੀਆਂ ਹਨ ਤਾਂ ਉਹ ਚੋਣਾਂ ਵਿੱਚ ਹਿੱਸਾ ਜ਼ਰੂਰ ਲੈਣ। 

ਜਿਹੜੀਆਂ ਜਥੇਬੰਦੀਆਂ ਭਾਵੇਂ ਭਾਰਤੀ ਸੰਵਿਧਾਨ ਤੇ ਭਾਰਤੀ ਚੋਣ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ ਤੇ ਜੇਕਰ ਉਹ ਵੀ ਕਿਸੇ ਰਾਜਨੀਤੀ, ਰਣਨੀਤੀ ਤੇ ਕੂਟਨੀਤੀ ਤਹਿਤ ਚੋਣਾਂ ਵਿੱਚ ਹਿੱਸਾ ਲੈਂਦੀਆਂ ਹਨ ਤਾਂ ਇਹ ਵੀ ਪੰਥ ਤੇ ਪੰਜਾਬ ਦੇ ਹਿੱਤ ਵਿੱਚ ਹੀ ਹੈ। ਪਰ ਇਹ ਸਮਝ ਲੈਣਾ ਕਿ ਚੋਣਾਂ ਵਿੱਚ ਜਿੱਤਣਾ ਹੀ ਪੰਥ ਤੇ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਹੈ ਤਾਂ ਇਹ ਨਾ-ਸਮਝੀ ਹੋਵੇਗੀ। ਜੇ ਚੋਣਾਂ ਰਾਹੀਂ ਹੀ ਪੰਥ ਅਤੇ ਪੰਜਾਬ ਦਾ ਕੁਝ ਬਣਨਾ ਹੁੰਦਾ ਤਾਂ ਇਹ ਮਸਲਾ ਬੜਾ ਪਹਿਲਾਂ ਹੱਲ ਹੋ ਜਾਣਾ ਸੀ। ਅਕਾਲੀ ਦਲ (ਬਾਦਲ) ਨੇ ਬਥੇਰੀ ਵਾਰ ਸਰਕਾਰਾਂ ਬਣਾਈਆਂ ਹਨ ਪਰ ਭੁਗਤੇ ਹਮੇਸ਼ਾਂ ਪੰਥ ਅਤੇ ਪੰਜਾਬ ਦੇ ਵਿਰੁੱਧ ਹੀ ਹਨ। 

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸੰਨ 1985 ਦੀਆਂ ਚੋਣਾਂ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਰੋਡੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਸੰਨ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਖਾੜਕੂ ਜਥੇਬੰਦੀਆਂ ਅਤੇ ਦਮਦਮੀ ਟਕਸਾਲ ਨੇ ਪੰਥਕ ਉਮੀਦਵਾਰਾਂ ਦੀ ਹਮਾਇਤ ਕੀਤੀ ਅਤੇ ਪੂਰੀ ਸ਼ਾਨ ਨਾਲ 11 ਸੀਟਾਂ ਉੱਤੇ ਧੜੱਲੇਦਾਰ ਜਿੱਤ ਪ੍ਰਾਪਤ ਕੀਤੀ ਸੀ। ਸ. ਸਿਮਰਨਜੀਤ ਸਿੰਘ ਮਾਨ, ਬੀਬੀ ਬਿਮਲ ਕੌਰ ਖ਼ਾਲਸਾ, ਭਾਈ ਧਿਆਨ ਸਿੰਘ ਮੰਡ, ਭਾਈ ਅਤਿੰਦਰਪਾਲ ਸਿੰਘ ਖ਼ਾਲਿਸਤਾਨੀ ਆਦਿ ਓਦੋਂ ਹੀ ਮੈਂਬਰ ਪਾਰਲੀਮੈਂਟ ਬਣੇ ਸਨ। ਸੰਨ 1991 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਥਕ ਉਮੀਦਵਾਰਾਂ ਦਾ ਜਿੱਤਣਾ ਤੈਅ ਸੀ ਪਰ ਕੇਂਦਰ ਸਰਕਾਰ ਨੇ ਚੋਣਾਂ ਵਾਲੇ ਦਿਨ ਤੋਂ ਇੱਕ ਰਾਤ ਪਹਿਲਾਂ ਹੀ ਚੋਣਾਂ ਰੱਦ ਕਰ ਦਿੱਤੀਆਂ ਸਨ। ਫਿਰ ਸੰਨ 1992 ਵਿੱਚ ਖਾੜਕੂ ਜਥੇਬੰਦੀਆਂ, ਅਕਾਲੀ ਦਲਾਂ ਅਤੇ ਫੈਡਰੇਸ਼ਨਾਂ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਕਹਿਣ ਤੋਂ ਸਿਰਫ਼ ਐਨਾ ਭਾਵ ਹੈ ਕਿ ਪੰਥਕ ਸ਼ਖਸੀਅਤਾਂ ਅਤੇ ਪੰਥਕ ਜਥੇਬੰਦੀਆਂ ਨੇ ਸਮੇਂ-ਸਮੇਂ ਦੀ ਨੀਤੀ ਅਨੁਸਾਰ ਚੋਣਾਂ ਲੜੀਆਂ ਵੀ ਹਨ ਤੇ ਬਾਈਕਾਟ ਵੀ ਕੀਤੇ ਹਨ। 

ਅੱਜ ਵੀ ਖ਼ਾਲਿਸਤਾਨ ਦੀ ਗੱਲ ਧੜੱਲੇ ਨਾਲ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਣਾਂ ਲੜਦੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਬਾਈਕਾਟ ਕਰਦੀ ਆ ਰਹੀ ਜਥੇਬੰਦੀ ਦਲ ਖ਼ਾਲਸਾ ਨੇ ਵੀ ਸੰਨ 2007 ਵਿੱਚ 8 ਕੁ ਸੀਟਾਂ 'ਤੇ ਚੋਣਾਂ ਲੜੀਆਂ ਸਨ। ਮਾਨ ਦਲ ਅਤੇ ਦਲ ਖ਼ਾਲਸਾ ਦੋਵਾਂ ਜਥੇਬੰਦੀਆਂ ਦੇ ਰਾਹ ਭਾਵੇਂ ਵੱਖ-ਵੱਖ ਹਨ ਪਰ ਮੰਜ਼ਲ ਇੱਕ ਹੈ, ਪਿਛਲੇ ਸਮੇਂ ਵਿੱਚ ਦਲ ਖ਼ਾਲਸਾ ਨੇ ਵੀ ਸ. ਸਿਮਰਨਜੀਤ ਸਿੰਘ ਮਾਨ ਦੀ ਚੋਣਾਂ ਵਿੱਚ ਸਫ਼ਲਤਾ ਲਈ ਕਾਮਨਾ ਕੀਤੀ ਸੀ। ਭਾਈ ਦਲਜੀਤ ਸਿੰਘ ਬਿੱਟੂ ਦਾ ਗਰੁੱਪ ਵੀ ਚੋਣਾਂ ਲੜ ਚੁੱਕਾ ਹੈ ਤੇ ਬਾਅਦ ਵਿੱਚ ਉਹਨਾਂ ਨੇ ਚੋਣ ਸਿਸਟਮ ਤੋਂ ਦੂਰੀ ਬਣਾ ਲਈ ਤੇ ਨਿਵੇਕਲੇ ਢੰਗ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਜਾਰੀ ਰੱਖੇ ਹਨ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਹਮੇਸ਼ਾਂ ਹੀ ਪੰਥਕ ਅਤੇ ਖ਼ਾਲਿਸਤਾਨੀ ਧਿਰਾਂ ਨੂੰ ਚੋਣਾਂ ਵਿੱਚ ਹਮਾਇਤ ਕੀਤੀ ਹੈ।

ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕ ਰਹੇ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ ਬਣਾ ਕੇ ਚੋਣਾਂ ਲੜਦੇ ਰਹੇ ਹਨ। ਭਾਈ ਦਲਜੀਤ ਸਿੰਘ ਬਿੱਟੂ ਵੀ ਪਿਛਲੇ ਦਿਨੀਂ ਕਹਿ ਚੁੱਕੇ ਹਨ ਕਿ ਰਾਸ਼ਟਰੀ ਪਾਰਟੀਆਂ ਲਈ ਚੋਣ ਮੈਦਾਨ ਖਾਲੀ ਛੱਡ ਦੇਣਾ ਸਾਡੇ ਲਈ ਸਹੀ ਨਹੀਂ ਹੋਵੇਗਾ, ਜਿਹੜੇ ਚੋਣਾਂ ਲੜਨਾ ਚਾਹੁੰਦੇ ਹਨ ਉਹ ਲੜਨ। ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਦਲ ਖ਼ਾਲਸਾ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੀ ਖ਼ਾਲਿਸਤਾਨ ਦੇ ਸੰਘਰਸ਼ ਨੂੰ ਅਗਾਂਹ ਤੋਰਨ ਲਈ ਏਕਤਾ ਬੇਹੱਦ ਸ਼ਲਾਘਾਯੋਗ ਕਦਮ ਹੈ ਪਰ ਇਹਨਾਂ ਜਥੇਬੰਦੀਆਂ ਦੇ ਆਗੂ ਆਪਣੇ ਐਲਾਨਾਂ ਅਨੁਸਾਰ ਆਪਣਾ ਘੇਰਾ ਵੱਡਾ ਕਰਨ ਵਿੱਚ ਅਜੇ ਕਾਮਯਾਬੀ ਪ੍ਰਾਪਤ ਨਹੀਂ ਕਰ ਸਕੇ ਹਨ। ਪੰਥਕ ਅਤੇ ਖ਼ਾਲਿਸਤਾਨੀ ਜਥੇਬੰਦੀਆਂ ਨੂੰ ਭਾਰਤੀ ਚੋਣ ਪ੍ਰਣਾਲੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ ਇਹ ਬਹਿਸ ਵੀ ਹਮੇਸ਼ਾਂ ਚੱਲਦੀ ਰਹੀ ਹੈ ਤੇ ਚੱਲਦੀ ਰਹਿਣੀ ਹੈ। 

ਖ਼ੈਰ, ਲੰਬੇ ਸਮੇਂ ਤੋਂ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਅਤੇ ਪੰਥ ਦੋਖੀ ਬਾਦਲ-ਭਾਜਪਾ ਤੋਂ ਸਤਾਏ ਪੰਜਾਬ ਦੇ ਲੋਕਾਂ ਨੇ ਸੰਨ 2022 ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਦਿੱਤੀ ਸੀ ਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਨੇ ਇਸ ਝਾੜੂ ਪਾਰਟੀ ਨੂੰ ਬਹੁਤ ਪੈਸਾ ਅਤੇ ਹੋਰ ਸਰਮਾਇਆ ਦਿੱਤਾ, ਪਰ ਜੇ ਓਦੋਂ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਤਾਕਤ ਦੇਣ ਦੀ ਬਜਾਏ ਪੰਥਕ ਜਥੇਬੰਦੀਆਂ ਨੂੰ ਇਸੇ ਸਾਥ ਤੇ ਸਰਮਾਏ ਨਾਲ ਮਜ਼ਬੂਤ ਕੀਤਾ ਹੁੰਦਾ ਤਾਂ ਅੱਜ ਗੱਲ ਹੀ ਕੁਝ ਹੋਰ ਹੋਣੀ ਸੀ। ਹੁਣ ਭਾਜਪਾ ਵੀ ਪੰਜਾਬ ਉੱਤੇ ਕਾਬਜ਼ ਹੋਣ ਨੂੰ ਫਿਰਦੀ ਹੈ। ਇਸ ਹਲਾਤ ਵਿੱਚ ਕਾਂਗਰਸ, ਭਾਜਪਾ, ਬਾਦਲ ਦਲ ਅਤੇ ਝਾੜੂ ਪਾਰਟੀ ਵਾਲਿਆਂ ਨੂੰ ਨੁੱਕਰੇ ਲਾਉਣ ਤੇ ਹਰਾਉਣ ਵਾਸਤੇ ਪੰਥਕ ਅਖਵਾਉਂਦੀਆਂ ਜਥੇਬੰਦੀਆਂ ਨੂੰ ਇੱਕ ਸਾਂਝੇ ਮੰਚ 'ਤੇ ਇਕੱਤਰ ਹੋਣਾ ਚਾਹੀਦਾ ਹੈ। ਪੰਥ ਅਤੇ ਪੰਜਾਬ ਦਰਦੀ ਸ਼ਖਸੀਅਤਾਂ, ਸੰਸਥਾਵਾਂ ਅਤੇ ਕਿਸਾਨ ਯੂਨੀਅਨਾਂ ਦੇ ਸਾਥ ਨਾਲ ਪੰਜਾਬ ਵਿੱਚ ਪੰਥਕ ਸਰਕਾਰ ਬਣਾਈ ਜਾਵੇ। 

ਆਪਸੀ ਵਖਰੇਵੇਂ, ਮੱਤਭੇਦ ਅਤੇ ਗਿਲੇ-ਸ਼ਿਕਵੇ ਤਿਆਗ ਕੇ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਅਤੇ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਦੀ ਅਗਵਾਈ ਵਾਲਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ, ਭਾਈ ਮੋਹਕਮ ਸਿੰਘ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੂਨਾਈਟਿਡ ਅਕਾਲੀ ਦਲ, ਭਾਈ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਵਾਲੀ ਸਿਆਸੀ ਪਾਰਟੀ ਮਿਸਲ ਸਤਲੁਜ ਜੋ ਏਕਤਾ ਤੇ ਗਠਜੋੜ ਲਈ ਯਤਨ ਜਾਰੀ ਰੱਖਣ ਤੇ ਇੱਕ ਸਾਂਝੇ ਪੰਥਕ ਪਲੈਟਫਾਰਮ ਉੱਤੇ ਹੀ ਚੋਣਾਂ ਲੜਨ ਅਤੇ ਜਿੱਤ ਪ੍ਰਾਪਤ ਕਰਨ, ਇਹ ਪੰਥ ਅਤੇ ਪੰਜਾਬ ਵਾਸੀਆਂ ਦੀ ਆਵਾਜ਼ ਅਤੇ ਇੱਛਾ ਹੈ। ਜੇ ਇਹ ਪੰਥਕ ਸ਼ਖ਼ਸੀਅਤਾਂ ਅਤੇ ਪੰਥਕ ਜਥੇਬੰਦੀਆਂ ਏਕਤਾ ਵਿੱਚ ਅਸਫ਼ਲ ਰਹਿੰਦੀਆਂ ਹਨ ਤਾਂ ਫਿਰ ਵਿਧਾਨ ਸਭਾ ਚੋਣਾਂ ਵਿੱਚ ਵੀ ਅਸਫ਼ਲ ਹੀ ਰਹਿਣਗੀਆਂ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.