Declaration of Amritsar, ਦਸਤਾਵੇਜ ਜਿਸ ਨੂੰ ਸਮਝਣ ਲਈ ਭਾਰਤੀ ਹੋਮ ਮਨਿਸਟਰ ਨੂੰ 15 ਦਿਨ ਲੱਗੇ,
- ਰਾਜਨੀਤੀ
- 07 Aug, 2026 08:59 AM (Asia/Kolkata)
2, ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਲੱਗ ਅਲੱਗ ਪਾਟੋਧਾੜ ਤੇ ਦਿਸ਼ਾਹੀਣ ਹੋਈ ਪੰਥਕ ਸਿਆਸਤ ਨੂੰ ਇੱਕ ਸੂਤਰ ਵਿੱਚ ਪ੍ਰੋਣ ਲਈ ਇੱਕ ਦਸਤਾਵੇਜ ਪੰਥ ਸਾਹਮਣੇ ਰੱਖਿਆ ਗਿਆ ਜਿਸ ਨੂੰ ਨਾਮ ਦਿੱਤਾ ਗਿਆ " ਅੰਮ੍ਰਿਤਸਰ ਐਲਾਨਨਾਮਾ "
ਇਸ ਐਲਾਨਨਾਮੇ ਦਾ ਜਨਮ ਜਿਹੜੀਆਂ ਬ੍ਰਿਖਮ ਪ੍ਰਸਥਿਤੀਆਂ ਵਿੱਚ ਹੋਇਆ, ਇਸ ਦੀਆਂ ਜਨਮ ਪੀੜਾਂ ਦੀ ਕਹਾਣੀ ਸਮੂਹ ਪੰਥ ਦੇ ਚੇਤਿਆ ਵਿੱਚ ਉਕਰੀ ਹੋਈ ਹੈ ਪਰ ਨਵੀਂ ਪੀੜੀ ਨੂੰ ਵੀ ਇਸ ਨਾਲ ਜੋੜਨ ਲਈ ਫਿਰ ਪੰਥ ਦੇ ਵਿਹੜੇ ਵਿੱਚ ਹਾਜ਼ਰ ਹੈ |
ਅੰਮ੍ਰਿਤਸਰ ਐਲਾਨਨਾਮੇ ਤੇ ਅਕਾਲੀ ਦਲਾਂ ਨੂੰ ਇਕੱਠੇ ਕਰਨ ਦੀ ਇੱਕ ਸੁਹਿਰਦ ਮੁਹਿਮ ਪੰਥ ਦਰਦੀਆਂ ਵੱਲੋਂ ਆਰੰਭੀ ਗਈ,, ਉਸ ਸਮੇਂ ਪ੍ਰਮੁੱਖ ਤੌਰ ਤੇ ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਸਰਦਾਰ ਸਿਮਰਨਜੀਤ ਸਿੰਘ ਮਾਨ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਸਰਦਾਰ ਜਗਦੇਵ ਸਿੰਘ ਤਲਵੰਡੀ ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਆਪੋ ਆਪਣੇ ਦਲਾਂ ਦੀ ਅਗਵਾਈ ਕਰ ਰਹੇ ਸਨ,, ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਇਸ ਸਾਰੇ ਵਰਤਾਰੇ ਤੋਂ ਵੱਖ ਤੇ ਦੂਰ ਹੀ ਰਿਹਾ,,,
ਉੰਝ ਤਾਂ ਇਸ ਦਸਤਾਵੇਜ਼ ਨੂੰ ਤਿਆਰ ਕਰਨ ਵਾਲੀ ਇੱਕ ਪੰਜ ਮੈਂਬਰੀ ਕਮੇਟੀ ਸੀ,, ਉਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਮੁਖੀ ਡਾਕਟਰ ਕੇਹਰ ਸਿੰਘ, ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਬਲਕਾਰ ਸਿੰਘ, ਅੰਗਰੇਜ਼ੀ ਵਿਭਾਗ ਦੇ ਹੀ ਸਾਬਕਾ ਮੁਖੀ ਡਾਕਟਰ ਗੁਰਭਗਤ ਸਿੰਘ, ਪ੍ਰਸਿੱਧ ਸਿੱਖ ਚਿੰਤਕ ਤੇ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਅਤੇ ਮਨੁੱਖੀ ਅਧਿਕਾਰ ਆਗੂ ਸਰਦਾਰ ਜਸਪਾਲ ਸਿੰਘ ਢਿੱਲੋ ਇਸ ਜਿੰਮੇਵਾਰੀ ਨੂੰ ਨਿਭਾ ਰਹੇ ਸਨ | ਇਸ ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ ਤੇ ਇੱਕ ਦਸਤਾਵੇਜ਼ ਡਾਕਟਰ ਬਲਕਾਰ ਸਿੰਘ ਤੇ ਡਾਕਟਰ ਕੇਹਰ ਸਿੰਘ ਨੇ ਤਿਆਰ ਕੀਤਾ, ਇਸ ਦਸਤਾਵੇਜ਼ ਨੂੰ ਬਾਕੀ ਮੈਂਬਰਾਂ ਨੇ ਪੜਿਆ ਤੇ ਵਿਚਾਰਿਆ ਤੇ ਉਹ ਸਾਰੇ ਕਿਸੇ ਸਸੋਪੰਜ ਵਿੱਚ ਪੈ ਗਏ,,, ਸਿੱਖ ਸਿਆਸਤ ਵਿੱਚ ਵਿਚਰਦੇ ਤੇ ਪੰਥਕ ਸੋਚ ਨੂੰ ਪਰਣਾਏ ਲੋਕ ਉੱਪਰ ਲਿਖੀ ਕਮੇਟੀ ਦੇ ਮੈਂਬਰਾਂ ਦੀ ਸੋਚ, ਸਭਾਓ ਨੂੰ ਪਹਿਚਾਣਦੇ ਹੀ ਹਨ ਇਸੇ ਕਰਕੇ ਹੀ ਕਮੇਟੀ ਦੇ ਸਾਰੇ ਮੈਂਬਰਾਂ ਦਾ ਨਾਂ ਇਸ ਲਿਖਤ ਵਿੱਚ ਲਿਖਿਆ ਹੈ, ਹੁਣ ਕਮੇਟੀ ਦੇ ਮੈਂਬਰਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਦਸਤਾਵੇਜ਼ ਹੋਰ ਲਿਖਿਆ ਜਾਵੇ ਤਾਂ ਜੋ ਇੱਕ ਨਿਰਣਾਇਕ ਸਿੱਟੇ ਉੱਤੇ ਪਹੁੰਚਿਆ ਜਾ ਸਕੇ ਪਹਿਲਾਂ ਲਿਖੇ ਦਸਤਾਵੇਜ਼ ਬਾਰੇ ਡਾਕਟਰ ਗੁਰਭਗਤ ਸਿੰਘ ਦੀ ਟਿੱਪਣੀ ਸੀ ਕੀ ਅਗਰ ਅਜਿਹੀ ਰਾਜਨੀਤਿਕ ਪਹੁੰਚ ਰੱਖਣੀ ਹੈ ਤਾਂ ਮੈਂ ਇਸ ਕਮੇਟੀ ਚੋਂ ਬਾਹਰ ਹਾਂ ਕਿਉਂਕਿ ਸੁਹਿਰਦ ਪੰਥਕ ਧਿਰਾਂ ਦੀ ਪਹੁੰਚ ਹਮੇਸ਼ਾ ਹੀ ਮੁਕੰਮਲ ਸਿੱਖ ਆਜ਼ਾਦੀ ਰਹੀ ਹੈ ਤੇ ਕਮੇਟੀ ਦੇ ਕੁਝ ਮੈਂਬਰ ਆਪੋ ਆਪਣੇ ਰਾਜਸੀ ਸਬੰਧਾਂ ਨੂੰ ਸਾਹਮਣੇ ਰੱਖ ਕੇ ਚੱਲ ਰਹੇ ਸਨ ਤੇ ਤੇ ਹੁਣ ਹੋਰ ਨਿਰਣਾਇਕ ਤੇ ਸਪਸ਼ਟ ਰੂਪ ਵਿੱਚ ਇੱਕ ਖਰੜਾ ਤਿਆਰ ਕੀਤਾ ਗਿਆ ਜੋ ਕਿ ਡਾਕਟਰ ਗੁਰਭਗਤ ਸਿੰਘ ਦੀ ਅਗਵਾਈ ਵਿੱਚ ਹੋਇਆ | ਇਹ ਸਾਰਾ ਖਰੜਾ ਮਈ 1994 ਦੇ ਅੰਤ ਵਿੱਚ ਪਟਿਆਲੇ ਹੱਥ ਨਾਲ ਲਿਖਿਆ ਗਿਆ ਅਗਲੇ ਦਿਨ ਕਾਰ ਰਾਹੀਂ ਅੰਮ੍ਰਿਤਸਰ ਪਹੁੰਚਿਆ ਗਿਆ |
ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨੇੜੇ ਹੀ ਕਿਸੇ ਮਕਾਨ ਵਿੱਚ ਜਥੇਦਾਰ ਅਕਾਲ ਤਖਤ ਭਾਈ ਮਨਜੀਤ ਸਿੰਘ ਦੇ ਸਨਮੁਖ ਰੱਖਿਆ ਗਿਆ,, ਉਪਰੋਕਤ ਹੱਥ ਲਿਖਤ ਖਰੜੇ ਨੂੰ ਗੋਹ ਨਾਲ ਵਿਚਾਰਦਿਆਂ ਜਥੇਦਾਰ ਸਾਹਿਬ ਨੇ ਆਖਿਆ ਕਿ ਇਸ ਖਰੜੇ ਉੱਤੇ ਇਕ ਦੋ ਅਕਾਲੀ ਆਗੂਆਂ ਤੋਂ ਬਿਨਾਂ ਬਾਕੀ ਅਕਾਲੀ ਆਗੂਆਂ ਦਾ ਸਹਿਮਤ ਹੋਣਾ ਮੁਸ਼ਕਿਲ ਹੀ ਜਾਪਦਾ ਹੈ,,, ਉਸ ਸਮੇਂ ਤੱਕ ਖਰੜਾ ਅਜੇ ਹੱਥ ਲਿਖਤ ਹੀ ਸੀ ਤੇ ਲਗਭਗ ਰਾਤ ਦੇ 10 ਵੱਜ ਚੁੱਕੇ ਸਨ ਤੇ ਫੈਸਲਾ ਹੋਇਆ ਇਸ ਨੂੰ ਹੁਣੇ ਹੀ ਟਾਈਪ ਕੀਤਾ ਜਾਵੇ ਫਿਰ ਰਾਤ ਨੂੰ 10 ਵਜੇ ਭਾਈ ਸਾਹਿਬ ਦੇ ਭਰਾ ਸ਼ਾਇਦ ਉਹਨਾਂ ਦਾ ਨਾਂ ਉਪਕਾਰ ਸਿੰਘ ਸੀ ਨੇ ਕਿਸੇ ਤਰ੍ਹਾਂ ਟਾਈਪ ਰਾਈਟਰ ਦਾ ਇੰਤਜ਼ਾਮ ਕੀਤਾ,,,( ਪਾਠਕਾਂ ਦੀ ਜਾਣਕਾਰੀ ਹਿੱਤ ਖਰੜੇ ਨੂੰ ਗੁਪਤ ਰੱਖਣ ਦਾ ਮਕਸਦ ਸਮੇਂ ਤੋਂ ਪਹਿਲਾ ਅਕਾਲੀ ਆਗੂਆਂ ਤੇ ਸਰਕਾਰ ਦੇ ਸੁਹੀਆਂ ਤੰਤਰ ਤੋਂ ਵੀ ਬਚਾਉਣਾ ਸੀ ) ਰਾਤ ਨੂੰ ਹੀ ਖਰੜੇ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅਲੱਗ ਅਲੱਗ ਟਾਈਪ ਕੀਤਾ ਗਿਆ ਤੇ ਇਸ ਦੀਆਂ ਕਾਫੀ ਕਾਪੀਆਂ ਬਣਾ ਲਈਆਂ ਗਈਆਂ | ਹੁਣ ਉੱਥੇ ਮੌਜੂਦ ਸ਼ਖਸ਼ੀਅਤਾਂ ਨੇ ਫੈਸਲਾ ਕੀਤਾ ਕਿ ਅਗਲੇ ਦਿਨ ਜਦੋਂ ਪ੍ਰੋਗਰਾਮ ਸ਼ੁਰੂ ਹੋਵੇਗਾ ਤਾਂ ਜਥੇਦਾਰ ਭਾਈ ਮਨਜੀਤ ਸਿੰਘ ਆਪਣੇ ਭਰਾ ਨੂੰ ਜਦੋਂ ਇਸ਼ਾਰਾ ਕਰਨਗੇ ਉਹ ਉਦੋਂ ਹੀ ਕਾਪੀਆਂ ਲੈ ਕੇ ਆਵੇਗਾ ਜਥੇਦਾਰ ਸਾਹਿਬ ਮੀਟਿੰਗ ਨੂੰ ਅਖੀਰ ਤੱਕ ਖਿੱਚਣਗੇ ਤੇ ਉੱਠਣ ਤੋਂ ਪਹਿਲਾਂ ਆਖਣਗੇ ਕਿ ਚਲੋ ਬਾਹਰ ਸੰਗਤ ਤੇ ਪੱਤਰਕਾਰ ਉਡੀਕ ਰਹੇ ਹਨ ਆਪਾਂ ਪਹਿਲਾਂ ਹੀ ਲੇਟ ਹੋ ਗਏ ਹਾਂ ਜਲਦੀ ਕਰੋ ਤੇ ਇਸ ਜਲਦੀ ਵੀ ਉਪਕਾਰ ਸਿੰਘ ਕਾਪੀਆਂ ਲੈ ਕੇ ਆਵੇਗਾ ਤੇ ਇਹ ਖਾਸ ਖਿਆਲ ਰੱਖੇਗਾ ਕਿ ਪੰਜਾਬੀ ਵਾਲੀ ਕਾਪੀ ਕੈਪਟਨ ਅਮਰਿੰਦਰ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਫੜਾ ਦੇਣੀ ਹੈ ਤੇ ਇੰਗਲਿਸ਼ ਵਾਲੀਆਂ ਕਾਪੀਆਂ ਦੂਜੀਆਂ ਆਗੂਆਂ ਨੂੰ ਤੇ ਜਲਦੀ ਜਲਦੀ ਕਰਨਲ ਜਸਮੇਰ ਸਿੰਘ ਬਾਲਾ ਨੂੰ ਸਾਈਨ ਕਰਨ ਲਈ ਜਥੇਦਾਰ ਕਹਿਣਗੇ | ਉਸੇ ਤਰਜ ਤੇ ਜਲਦੀ ਜਲਦੀ ਵਿੱਚ ਸਾਰਿਆਂ ਤੋਂ ਦਸਤਖਤ ਕਰਵਾਏ ਜਾਣਗੇ,, ਤੇ ਹੋਇਆ ਵੀ ਇਸੇ ਤਰ੍ਹਾਂ ਸਾਰਿਆਂ ਨੇ ਦਸਤਖਤ ਕਰ ਦਿੱਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਅਕਾਲੀ ਦਲ ਵਿੱਚ ਏਕਤਾ ਕਰਵਾਈ ਗਈ ਤੇ ਮੰਜ਼ਿਲ ਅੰਮ੍ਰਿਤਸਰ ਐਲਾਨਨਾਮੇ ਨੂੰ ਐਲਾਨਿਆ ਗਿਆ |
ਅਸਲ ਵਿੱਚ ਜਦੋਂ ਖਰੜਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ ਉਸ ਵਿੱਚ ਸ਼ਬਦਾਂ ਤੇ ਵਾਕਾਂ ਨੂੰ ਇਸ ਤਰਾਂ ਤਰਤੀਬ ਕੀਤਾ ਗਿਆ ਕਿ ਵਿਆਖਿਆਕਾਰਾਂ ਨੂੰ ਵੀ ਸਮਝਣ ਲਈ ਕੋਸ਼ਾਂ ਦੀ ਮਦਦ ਲੈਣੀ ਪਵੇ ਖਾਸ ਤੌਰ ਤੇ ਅੰਗਰੇਜ਼ੀ ਖਰੜੇ ਵਿੱਚ ਸ਼ਬਦਾਂ ਨੂੰ ਖਾਸ ਤਰਤੀਬ ਕੀਤਾ ਗਿਆ, ਜਿਵੇਂ ਕਿ ਸ਼ਬਦ ਕਨਫੈਡਰਲ, ( Confederal ),, ਫੈਡਰਲ, ਕਨਫੈਡਰਲ ਬਾਰੇ ਕਿਸੇ ਹੋਰ ਲਿਖਤ ਰਾਹੀਂ ਵਿਚਾਰ ਕਰਾਂਗੇ | ਹੁਣ ਅਪਣੀ ਗੱਲ ਤੇ ਵਾਪਿਸ ਆਉਂਦੇ ਹਾਂ | ਅਗਲੇ ਦਿਨ ਅਖਬਾਰਾਂ ਵਿੱਚ ਇਸ ਐਲਾਨਨਾਮੇ ਤੇ ਅਕਾਲੀ ਏਕਤਾ ਮੁੱਖ ਖਬਰ ਸੀ, ਅੰਮ੍ਰਿਤਸਰ ਐਲਾਨਨਾਮੇ ਨੂੰ ਪੜ੍ਹ ਕੇ ਕਈਆਂ ਦੇ ਢਿੱਡ ਵਿੱਚ ਮਰੋੜ ਉੱਠਣਾ ਲਾਜ਼ਮੀ ਸੀ ਤੇ ਅਜਿਹਾ ਹੀ ਹੋਇਆ | ਜੱਗਬਾਣੀ, ਨਵਾਂ ਜ਼ਮਾਨਾ ਉਹਨਾਂ ਵਰਗੇ ਹੋਰਨਾ ਅਦਾਰਿਆਂ ਨੇ ਆਦਤ ਮੁਤਾਬਕ ਹਾਲ ਦੁਵਾਹੀ ਪਾ ਦਿੱਤੀ , ਅੰਮ੍ਰਿਤਸਰ ਐਲਾਨਨਾਮੇ ਵਿੱਚ ਇੱਕ ਪ੍ਰਮੁੱਖ ਮੰਗ ਭਾਰਤੀ ਸੰਵਿਧਾਨ ਵਿੱਚ ਸੋਧ ਦੀ ਸੀ ਤੇ ਲੋਕਤੰਤਰੀ ਢੰਗ ਨਾਲ ਸੰਵਿਧਾਨਿਕ ਸੋਧ ਦੀ ਮੰਗ ਨੂੰ ਇਹਨਾਂ ਅਦਾਰਿਆਂ ਨੇ ਦੇਸ਼ ਵਿਰੋਧੀ ਗਤੀਵਿਧੀਆਂ ਦੱਸਦਿਆਂ ਹੋਇਆ ਸਖਤ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਚਲੋ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਸਿੱਖਾਂ ਦੀ ਹਰ ਵਾਜਬ ਗੱਲ ਨੂੰ ਮੰਗ ਨੂੰ ਦੇਸ਼ ਵਿਰੋਧੀ ਹੀ ਮੰਨਣਾ ਹੈ |
ਹੁਣ ਪੰਥ ਵਿੱਚ ਇੱਕ ਨਵਾਂ ਉਤਸਾਹ ਆ ਗਿਆ ਸੀ, ਸਿੱਖਾਂ ਨੂੰ ਲੱਗਣ ਲੱਗਾ ਕਿ ਹੁਣ ਸ਼ਾਇਦ ਪੰਥਕ ਸਿਆਸਤ ਆਪਣੇ ਵਿਰਸੇ ਵੱਲ ਪਰਤ ਆਵੇਗੀ | ਇਸੇ ਕਰਕੇ ਪੰਥਕ ਏਕਤਾ ਕਰਕੇ ਆਏ ਆਗੂਆਂ ਵਿੱਚ ਹੁਣ ਇੱਕ ਡਰ ਸੀ ਤੇ ਉਹ ਇਸ ਤੋਂ ਚਾਹ ਕੇ ਵੀ ਭੱਜ ਨਹੀਂ ਸੀ ਸਕਦੇ ਜਿਹੜਾ ਵੀ ਪਹਿਲਾਂ ਭੱਜਦਾ ਉਹ ਪੰਥਕ ਰੋਹ ਦਾ ਸ਼ਿਕਾਰ ਹੁੰਦਾ | ਅਕਾਲੀ ਆਗੂ ਇਹ ਭਲੀਭਾਂਤ ਜਾਣਦੇ ਸਨ ਕਿ ਅੰਮ੍ਰਿਤਸਰ ਐਲਾਨਨਾਮਾ ਪੰਥ ਦੇ ਭਵਿੱਖ ਲਈ ਇੱਕ ਸੁਹਿਰਦ ਕਦਮ ਹੈ|
ਅੰਮ੍ਰਿਤਸਰ ਐਲਾਨਨਾਮਾ ਤਿਆਰ ਕਰਨ ਸਮੇਂ ਚਿੰਤਕਾਂ ਦੇ ਮਨਾ ਵਿੱਚ ਬੀਤੇ ਸਮੇਂ ਦੌਰਾਨ ਪੰਥ ਵਿੱਚ ਪਈਆਂ ਵੰਡੀਆਂ ਦੇ ਕਾਰਨ ਸਾਹਮਣੇ ਪਏ ਸਨ | ਇੱਕ ਵੱਡਾ ਪਾੜਾ ਗਰਮ ਤੇ ਨਰਮ ਖਿਆਲਾਂ ਦਾ ਵੀ ਸੀ, ਅੰਮ੍ਰਿਤਸਰ ਐਲਾਨਨਾਮਾ ਤਿਆਰ ਕਰਨ ਸਮੇਂ ਇੱਕ ਸੋਚ ਇਹ ਵੀ ਸੀ ਕਿ ਅਕਾਲੀ ਆਗੂਆਂ ਨੂੰ ਇਸ ਨੂੰ ਅਪਣਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਭਾਵੇਂ ਕਿ ਬਾਅਦ ਵਿੱਚ, ਅਜਿਹਾ ਹੋਇਆ ਨਹੀਂ | ਚਿੰਤਕਾਂ ਦਾ ਖਿਆਲ ਸੀ ਕਿ ਭਾਵੇਂ ਗਰਮ ਖਿਆਲੀਆਂ ਨੂੰ ਪੌੜੀ ਦੇ ਇੱਕ ਦੋ ਡੰਡੇ ਥੱਲੇ ਆਉਣਾ ਪਵੇ ਪਰ ਅਕਾਲੀ ਆਗੂਆਂ ਚਾਰ ਡੰਡੇ ਉੱਤੇ ਚੜ੍ਹ ਆਉਣ | ਮੁਕੰਮਲ ਆਜ਼ਾਦ ਸਿੱਖ ਰਾਜ ਦੀ ਜਗ੍ਹਾ ਕਨਫੈਡਰਲ ਢਾਂਚਾ ਸ਼ਬਦ ਵਰਤਣ ਦਾ ਕਾਰਨ ਵੀ ਅਕਾਲੀ ਆਗੂਆਂ ਦੀ ਸਹੀ ਪਵਾਉਣਾ ਸੀ |ਸਭ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਨੇ ਜਥੇਦਾਰ ਸਾਹਿਬ ਨਾਲ ਆਪਣਾ ਵਿਰੋਧ ਪ੍ਰਗਟਾਇਆ ਪਰ ਜਨਤਕ ਤੌਰ ਤੇ ਕੁਝ ਵੀ ਆਖਣ ਤੋਂ ਗਰੇਜ ਕੀਤਾ, ਫਿਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਦੋਂ ਸੈਕਟਰ 22 ਵਿੱਚ ਰਿਹਾਇਸ਼ ਰੱਖਦੇ ਸਨ ਨੇ ਜਥੇਦਾਰ ਸਾਹਿਬ ਨਾਲ ਗਿੱਲਾ ਪ੍ਰਗਟ ਕੀਤਾ ਅੱਗੋਂ ਜਥੇਦਾਰ ਸਾਹਿਬ ਨੇ ਸਾਰਾ ਕੁਝ ਖਰੜਾ ਤਿਆਰ ਕਰਨ ਵਾਲਿਆ ਉਤੇ ਸੁਟ ਦਿੱਤਾ,, ਉੰਝ ਕੈਪਟਨ ਸਾਹਿਬ ਨੇ ਆਖਿਆ ਕੀ ਅਗਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਨਫੈਡਲ ਸ਼ਬਦ ਦੀ ਵਿਆਖਿਆ ਜਨਤਕ ਤੌਰ ਤੇ ਆਜ਼ਾਦ ਸਿੱਖ ਰਾਜ ਵਜੋਂ ਕੀਤੀ ਤਾਂ ਉਹ ਵੀ ਜਨਤਕ ਤੌਰ ਤੇ ਇਸ ਦਾ ਵਿਰੋਧ ਕਰਨਗੇ ਪਰ ਇਸ ਗੱਲੋਂ ਬਚਾ ਹੀ ਰਿਹਾ | ਜਿਆਦਾਤਰ ਅਕਾਲੀ ਆਗੂ ਭਾਰਤੀ ਸੰਵਿਧਾਨ ਤੋਂ ਪੂਰੀ ਤਰਹਾਂ ਤੋੜ ਵਿਛੋੜਾ ਕਰਨ ਦੀ ਪੁਜੀਸ਼ਨ ਲੈਣ ਤੋਂ ਹਮੇਸ਼ਾ ਹੀ ਕਤਰਾਉਂਦੇ ਤੇ ਘਬਰਾਉਂਦੇ ਰਹੇ ਹਨ ਤੇ ਹੁਣ ਵੀ ਅਜਿਹਾ ਹੀ ਹੋਇਆ|
ਇਸ ਮਤੇ ਉੱਤੇ ਭਾਰਤ ਦੀ ਪਾਰਲੀਮੈਂਟ ਵਿੱਚ ਵੀ ਬਹਿਸ ਹੋਈ, ਜ਼ਿਕਰਯੋਗ ਤੇ ਧਿਆਨਯੋਗ ਨੁਕਤਾ ਇਹ ਹੈ ਕਿ ਇਸ ਮਤੇ ਤੇ ਹੋਈ ਬਹਿਸ ਸ਼ੁਰੂ ਕਰਨ ਲਈ ਪੰਥ ਦੋਖੀ ਧਿਰਾਂ ਨੇ ਸਿੱਖਾਂ ਨੂੰ ਹੀ ਵਰਤਿਆ| ਰਾਜਸਭਾ ਵਿੱਚ ਉਸ ਸਮੇਂ ਬੀਜੇਪੀ ਵੱਲੋਂ ਮੈਂਬਰ ਐਸ ਐਸ ਆਲੂਵਾਲੀਆ ਨੇ ਮੁੱਦਾ ਚੁੱਕਦਿਆਂ ਦਲੀਲ ਦਿੱਤੀ ਕੀ ਇਹ ਐਲਾਨਨਾਮਾ ਭਾਰਤ ਦੀ ਪ੍ਰਭੂਸੱਤਾ ਤੇ ਸੰਵਿਧਾਨਿਕ ਵਿਵਸਥਾ ਨੂੰ ਚੁਣੌਤੀ ਦਿੰਦਾ ਹੈ ਉਸ ਨੇ ਉਸ ਵੇਲੇ ਦੀ ਕੇਂਦਰੀ ਸਰਕਾਰ ਤੋਂ ਇਸ ਉੱਤੇ ਕਰੜੀ ਕਾਰਵਾਈ ਕਰਨ ਦੀ ਵਕਾਲਤ ਕੀਤੀ | ਉਸ ਵਕਤ ਇੱਕ ਹੋਰ ਸਰਦਾਰ ਇਕਬਾਲ ਸਿੰਘ ਵੀ ਰਾਜ ਸਭਾ ਦਾ ਮੈਂਬਰ ਸੀ, ਇਕਬਾਲ ਸਿੰਘ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਐਲਾਨਨਾਮੇ ਨੂੰ ਸਿੱਖਾਂ ਦੀ ਸਮੂਹਿਕ ਪਹਿਚਾਣ ਤੋਂ ਹੀ ਅਲੱਗ ਕਰਾਰ ਦਿੱਤਾ | ਇੱਕੋ ਇੱਕ ਮੈਂਬਰ ਦੀ ਸੁਰ ਨਰਮ ਰਹੀ,, ਮੁਰਾਸੋਲੀ ਮਾਰਨ ਨੇ ਕਿਹਾ ਕਿ ਐਲਾਨਨਾਮੇ ਨੂੰ ਪੰਜਾਬ ਦੇ ਸਮਕਾਲੀ ਰਾਜਨੀਤਿਕ ਮੁਕਾਬਲੇ ਦੇ ਸੰਦਰਭ ਵਿੱਚ ਵੀ ਸਮਝਿਆ ਜਾਣਾ ਚਾਹੀਦਾ ਸਪਸ਼ਟ ਕੀਤਾ ਗਿਆ ਕਿ ਸੰਵਿਧਾਨਿਕ ਲੋਕਤੰਤਰ ਵੱਖਵਾਦ ਨੂੰ ਹੱਲ ਕਰਨ ਲਈ ਢੁਕਵਾਂ ਰੱਸਤਾ ਹੈ | ਬਾਕੀ ਸਾਰੇ ਜਿਵੇਂ ਕਿ S. S Ahaluwalia, ਜਯੰਤੀ ਨਟਰਾਜਨ,, ਸਿਕੰਦਰ ਬਖ਼ਤ,, ਇਕਬਾਲ ਸਿੰਘ,, ਐਸ ਜੈਪਾਲ ਰੈੱਡੀ,, ਸੁਰਿੰਦਰ ਕੁਮਾਰ ਸਿੰਗਲਾ,, ਵਿਜੇ ਕੁਮਾਰ ਮਲਹੋਤਰਾ,, ਬਿਪਲਬ ਦਾਸ ਗੁਪਤਾ,, ਸੁਸ਼ਮਾ ਸਵਰਾਜ,, ਐਨ ਗਿਰੀ ਪ੍ਰਸਾਦ,, ਇਹਨਾਂ ਸਾਰਿਆਂ ਇੱਕੋ ਬੋਲੀ ਇੱਕੋ ਸੁਰ ਵਿੱਚ ਗ੍ਰਿਹ ਮੰਤਰੀ ਐਸ ਬੀ ਚਵਾਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ | ਪਾਠਕ ਧਿਆਨ ਦੇਣ ਇਹਨਾਂ ਚੋਂ ਹੁਣ ਜਿਆਦਾਤਰ BJP ਦੇ ਖੇਮੇ ਵਿੱਚ ਹਨ ਤੇ ਜਿਹੜੇ ਉਦੋਂ ਇੱਕ ਸੰਵਿਧਾਨਿਕ ਸੋਧ ਨੂੰ ਵੀ ਦੇਸ਼ ਵਿਰੋਧੀ ਗਰਦਾਨ ਰਹੇ ਸਨ ਉਹ ਹੁਣ ਪੂਰਾ ਭਾਰਤੀ ਸੰਵਿਧਾਨ ਹੀ ਬਦਲਣ ਦੇ ਰਾਹ ਪਏ ਹਨ ਤੇ ਇਹਨਾਂ ਵਿੱਚੋਂ ਕਿਸੇ ਦੇ ਮੂੰਹੋਂ ਆਵਾਜ਼ ਵੀ ਨਹੀਂ ਨਿਕਲਦੀ | ਪਹਿਲੇ ਦਿਨ ਦੋ ਮਈ 1994 ਨੂੰ ਇਹਨਾਂ ਇੱਕੋ ਸੁਰ ਵਿੱਚ ਇਸ ਮਤੇ ਬਾਰੇ ਭਾਰਤ ਦੀ ਗ੍ਰਹਿ ਮੰਤਰੀ ਤੋਂ ਆਪਣੀ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਸੀ ਤੇ ਤਕਰੀਬਨ 15 ਦਿਨਾਂ ਬਾਅਦ ਭਾਰਤ ਸਰਕਾਰ ਨੇ ਅੰਮ੍ਰਿਤਸਰ ਐਲਾਨਨਾਮੇ ਬਾਰੇ ਅਧਿਕਾਰਤ ਬਿਆਨ ਦਿੱਤਾ ਸੀ |
ਹਰਮਿੰਦਰ ਸਿੰਘ ਚੈੜੀਆ
Leave a Reply