ਪੰਜਾਬ ਨੂੰ ਸਖਤ ਫੈਸਲਾ ਲੈਣਾ ਹੋਵੇਗਾ ਕਿ ਉਸਨੂੰ ਉੱਨਤੀ ਅਤੇ ਖੁਸ਼ਹਾਲੀ ਚਾਹੀਦੀ ਹੈ ਜਾਂ ਵੋਟ ਸਿਆਸਤ ਲਈ ਵੰਡੀ ਜਾਂਦੀ ਖੈਰਾਤ- ਸ ਰਵੀਇੰਦਰ ਸਿੰਘ

ਪੰਜਾਬ ਨੂੰ ਸਖਤ ਫੈਸਲਾ ਲੈਣਾ ਹੋਵੇਗਾ ਕਿ ਉਸਨੂੰ ਉੱਨਤੀ ਅਤੇ ਖੁਸ਼ਹਾਲੀ ਚਾਹੀਦੀ ਹੈ ਜਾਂ ਵੋਟ ਸਿਆਸਤ ਲਈ ਵੰਡੀ ਜਾਂਦੀ ਖੈਰਾਤ- ਸ ਰਵੀਇੰਦਰ ਸਿੰਘ

ਚੰਡੀਗੜ੍ਹ-: 22 ਅਕਤੂਬਰ , ਮੰਗਤ ਸਿੰਘ ਸੈਦਪੁਰ - ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਦਹਾਕਿਆਂ ਤੋਂ ਸਿਆਸੀ ਪਾਰਟੀਆਂ ਨੇ ਵਿਕਾਸ ਨਹੀਂ, ਸਗੋਂ ਮੁਫ਼ਤਖੋਰੀ ਦੇ ਨਸ਼ੇ 'ਤੇ ਲਾ ਰੱਖਿਆ ਹੈ। ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਇੱਕ ਸਮੇਂ ਭਾਰਤ ਦਾ ਸਭ ਤੋਂ ਅਮੀਰ ਸੂਬਾ ਰਹਿਣ ਵਾਲਾ ਪੰਜਾਬ ਅੱਜ ਬੇਰੁਜ਼ਗਾਰੀ, ਕਰਜ਼ੇ, ਨਸ਼ਿਆਂ ਅਤੇ ਪਲਾਇਨ ਦੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ, ਸਭ ਨੇ ਵੋਟਾਂ ਲਈ ਖੈਰਾਤ ਵਾਂਗ ਸਬਸਿਡੀਆਂ ਵੰਡੀਆਂ, ਪਰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਨਹੀਂ ਬਣਾਏ, ਕੋਈ ਖੇਤੀ ਆਧਾਰਿਤ ਉਦਯੋਗ ਨਹੀਂ ਲਿਆਂਦੇ ਜਿਸ ਨਾਲ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਂਦਾ। ਏਸੇ ਕਰਕੇ ਅੱਜ ਪੰਜਾਬ ਦਾ ਨੌਜਵਾਨ ਡਿਗਰੀ ਨਹੀਂ, ਵੀਜ਼ਾ ਲੱਭ ਰਿਹਾ ਹੈ। ਕਿਸਾਨ ਖੇਤੀ ਲਾਗਤ ਵਧਣ ਦੇ ਨਾਲ-ਨਾਲ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਚਿੰਤਾ ਵਿੱਚ ਹੈ। ਪੰਜਾਬ ਦਾ ਖ਼ਜ਼ਾਨਾ ਕਰਜ਼ੇ ਹੇਠ ਦੱਬਿਆ ਪਿਆ ਹੈ। ਜਿਸਦੀਆਂ ਕਿਸ਼ਤਾਂ ਮਿਹਨਤਕਸ਼ ਪੰਜਾਬੀ ਆਪਣੇ 'ਤੇ ਲਗਦੇ ਵੱਡੇ ਟੈਕਸਾਂ ਰਾਹੀਂ ਭਰ ਰਹੇ ਹਨ। ਫਿਰ ਵੀ ਸਰਕਾਰਾਂ ਕੋਲ ਇੱਕੋ ਨੁਸਖ਼ਾ ਹੈ, ਹੋਰ ਮੁਫ਼ਤ ਸਹੂਲਤਾਂ, ਹੋਰ ਕਰਜ਼ਾ ਅਤੇ ਹੋਰ ਝੂਠੇ ਵਾਅਦੇ।
ਸ ਰਵੀਇੰਦਰ ਸਿੰਘ ਨੇ ਪੰਜਾਬੀਆਂ ਨੂੰ ਵੰਗਾਰ ਪਾਉਂਦਿਆਂ ਕਿਹਾ ਕਿ ਪੰਜਾਬ ਨੂੰ ਹੁਣ ਫ਼ੈਸਲਾ ਕਰਨਾ ਪਵੇਗਾ ਕਿ ਉਹ ਵਿਕਾਸ ਚਾਹੁੰਦਾ ਹੈ ਜਾਂ ਵੋਟਾਂ ਲਈ ਵੰਡੀਆਂ ਜਾ ਰਹੀਆਂ ਖੈਰਾਤਾਂ। ਜੇ ਅਸੀਂ ਅੱਜ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਨੂੰ ਨਾਅਰਿਆਂ ਜਾਂ ਖੈਰਾਤਾਂ ਦੇ ਆਧਾਰ 'ਤੇ ਨਹੀਂ, ਨਤੀਜਿਆਂ ਦੇ ਆਧਾਰ 'ਤੇ ਵੋਟ ਪਾਉਣੀ ਹੋਵੇਗੀ। ਅਸੀਂ ਗੁਰੂ ਦੀ ਸ਼ੋਹ ਪ੍ਰਾਪਤ ਧਰਤੀ ਪੰਜਾਬ ਦੇ ਗੈਰਤਮੰਦ ਲੋਕ ਹਾਂ ਜਿੰਨਾ ਨੂੰ ਮੁਫ਼ਤਖੋਰੀ ਨੂੰ ਨਾਂਹ ਕਹਿਕੇ ਬਣਨ ਵਾਲੀ ਸਰਕਾਰ ਤੋਂ ਰੁਜ਼ਗਾਰ ਦੀ ਗਾਰੰਟੀ ਦੀ ਮੰਗ ਕਰਨੀ ਚਾਹੀਦੀ ਹੈ। ਕਿਉਂਕਿ ਸਬਸਿਡੀਆਂ ਸਾਡਾ ਹੀ ਘਾਣ ਨਹੀਂ ਕਰ ਰਹੀਆਂ, ਆਉਣ ਵਾਲੀਆਂ ਪੀੜੀਆਂ ਨੂੰ ਕੰਗਾਲੀ ਅਤੇ ਗੁਲਾਮੀ ਦੇ ਅੰਨ੍ਹੇ ਖੂਹ ਵੱਲ ਧੱਕ ਰਹੀਆਂ ਹਨ। ਇਸ ਲਈ ਲੋਕਾਂ ਦੀ ਮੰਗ ਪੰਜਾਬ ਵਿੱਚ ਪੈਦਾ ਹੁੰਦੇ ਕੱਚੇ ਮਾਲ ਆਧਾਰਿਤ ਉਦਯੋਗ ਹੋਣੀ ਚਾਹੀਦੀ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਕਰਜ਼ਾ ਨਹੀਂ, ਵਿਕਾਸ ਚਾਹੀਦਾ ਹੈ। ਪੰਜਾਬ ਨੂੰ ਬਚਾਉਣ ਦਾ ਇਹੋ ਇਕੋ-ਇਕ ਰਾਹ ਹੈ। ਪੰਜਾਬ ਦੇ ਭਵਿੱਖ ਲਈ ਚਿੰਤਤ ਹਰ ਪੰਜਾਬੀ ਨੂੰ ਇਸੇ ਤਰਾਂ ਹੀ ਸੋਚਣਾ ਚਾਹੀਦਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.