ਸੰਧਵਾਂ ਸਾਬ੍ਹ ਦੀ ਵੀ ਮਾਰੀ ਗਈ ਮੱਤ...
- ਰਾਜਨੀਤੀ
- 06 Aug, 2026 04:45 PM (Asia/Kolkata)
ਆਮ ਆਦਮੀ ਪਾਰਟੀ ਦਾ ਹੰਕਾਰ ਪੂਰਾ ਅਸਮਾਨੀ ਚੜ੍ਹਿਆ ਹੋਇਆ ਹੈ ਉਹ ਪੰਜਾਬ ਦੇ ਲੋਕਾਂ ਨੂੰ ਲੁੱਟ-ਕੁੱਟ ਰਹੇ ਨੇ ਤੇ ਸਿੱਖ ਧਰਮ ਦੀ ਵੀ ਹੇਠੀ ਕਰ ਰਹੇ ਨੇ। ਝਾੜੂ ਪਾਰਟੀ ਨੂੰ ਭੁੱਲ ਗਿਆ ਕਿ ਜਿਹੜਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਇਆ ਹੈ ਉਸਦੇ ਚੂਰ-ਚੂਰ ਹੋਣ ਵਿੱਚ ਦੇਰ ਨਹੀਂ ਲੱਗੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਪੰਜਾਬ ਵਿਧਾਨ ਸਭਾ ਜਾਂ ਦਿੱਲੀ ਦੀ ਪਾਰਲੀਮੈਂਟ ਬਦਲ ਨਹੀਂ ਸਕਦੀ ਹੈ। ਝਾੜੂ ਪਾਰਟੀ ਜਿਸ ਢੰਗ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ ਤੇ ਮੰਨਣ ਤੋਂ ਇਨਕਾਰੀ ਹੋਈ ਪਈ ਹੈ ਇਹ ਸਿੱਖ ਕੌਮ ਨੂੰ ਵੱਡੀ ਵੰਗਾਰ ਹੈ ਜਿਸ ਦੇ ਟਾਕਰੇ ਲਈ ਹਰ ਸਿੱਖ ਨੂੰ ਆਪਣਾ ਪੰਥਕ ਫ਼ਰਜ ਨਿਭਾਉਣ ਦੀ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਸਾਹਿਬਾਨਾਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਕੀਤੇ ਅਪਮਾਨ ਕਾਰਨ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਦੋਖੀ ਤੇ ਪੰਥ ਦੋਖੀ ਐਲਾਨਿਆ ਹੋਇਆ ਹੈ। ਜਿਹੜਾ ਵਿਅਕਤੀ ਸਾਡੇ ਤਖ਼ਤ ਵੱਲੋਂ ਫਿਟਕਾਰਿਆ ਗਿਆ ਹੈ ਜੇ ਉਹ ਆਪਣੀ ਗ਼ਲਤੀ-ਭੁੱਲ ਨਹੀਂ ਬਖਸ਼ਾਉਂਦਾ ਤਾਂ ਦੋਵਾਂ ਜਹਾਨਾਂ ਵਿੱਚ ਡੁੱਬੇਗਾ। ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਆਪਣੇ ਆਕਾ ਭਗਵੰਤ ਮਾਨ ਦੇ ਹੱਕ 'ਚ ਭੁਗਤ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦੀ ਮਨਮਰਜ਼ੀ ਨਾਲ ਵਿਆਖਿਆ ਕਰ ਰਹੇ ਹਨ ਤੇ ਵਿਧਾਨ ਸਭਾ ਵਿੱਚ ਬੈਠੇ ਵਿਧਾਇਕਾਂ ਨੂੰ ਹੀ ਸੰਗਤ ਦੱਸ ਕੇ ਤੇ ਉਹਨਾਂ ਨੂੰ ਗੁਰੂ ਸਾਹਿਬ ਤੋਂ ਉੱਚਾ ਕਹਿ ਕੇ ਵੱਡਾ ਗੁਨਾਹ ਕਰ ਰਹੇ ਹਨ। ਉਹਨਾਂ ਨੇ ਪੰਥ ਵਿਰੋਧੀ ਬੋਲਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੱਡੀ ਸੱਟ ਮਾਰੀ ਹੈ ਤੇ ਗੁਰੂ ਸਾਹਿਬ ਦੀ ਤੌਹੀਨ ਕਰਨੀ ਚਾਹੀ ਹੈ ਜਿਸ ਨੂੰ ਲੈ ਕੇ ਪੰਥ ਵਿੱਚ ਰੋਹ ਹੈ। ਸੰਧਵਾ ਸਾਬ੍ਹ ਅੰਮ੍ਰਿਤਧਾਰੀ ਸਿੱਖ ਹਨ ਪਰ ਸਿੱਖੀ ਸਿਧਾਂਤਾਂ ਤੋਂ ਕੋਰੇ ਹਨ ਜਾਂ ਭਗਵੰਤ ਮਾਨ ਦੀ ਚਾਪਲੂਸੀ ਨੇ ਹੀ ਉਹਨਾਂ ਦੀ ਮੱਤ ਮਾਰ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਬਾਰੇ ਸ. ਪ੍ਰਤਾਪ ਸਿੰਘ ਬਾਜਵਾ ਦਾ ਸਵਾਲ ਬਿਲਕੁਲ ਵਾਜਿਬ ਸੀ ਤੇ ਇੱਕ ਸਿੱਖ ਹੋਣ ਦੇ ਨਾਤੇ ਸੰਧਵਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਹੀ ਜਵਾਬ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਭਗਵੰਤ ਮਾਨ ਦਾ ਪੱਖ ਪੂਰਦਿਆਂ ਆਪਣਾ ਨਾਂ ਵੀ ਪੰਥ ਦੋਖੀਆਂ ਦੀ ਸੂਚੀ 'ਚ ਸ਼ਾਮਲ ਕਰ ਲਿਆ। ਸੰਧਵਾਂ ਦਾ ਦਾਦਾ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਵੀ 1984 ਵਿੱਚ ਇੰਦਰਾ ਗਾਂਧੀ ਦੇ ਹੱਕ ਵਿੱਚ ਭੁਗਤਦਿਆਂ ਪੰਥ ਦੇ ਗੱਦਾਰਾਂ ਵਿੱਚ ਆਪਣਾ ਨਾਂ ਦਰਜ ਕਰਵਾ ਗਿਆ ਸੀ ਤੇ ਨਵੰਬਰ 1984 ਵਿੱਚ ਜਦੋਂ ਹਿੰਦੂ ਭੀੜਾਂ ਨੇ ਉਸਨੂੰ ਇੱਕ ਸਿੱਖ ਜਾਣਦਿਆਂ ਉਸ ਉੱਤੇ ਹਮਲਾ ਕੀਤਾ ਤਾਂ ਓਦੋਂ ਸ਼ਾਇਦ ਉਸਦੀ ਅਕਲ ਜ਼ਰੂਰ ਟਿਕਾਣੇ ਆਈ ਹੋਵੇਗੀ। ਜ਼ੈਲ ਸਿੰਘ ਵਾਂਗ ਉਸਦਾ ਪੋਤਾ ਸੰਧਵਾਂ ਵੀ ਸਰਕਾਰ ਦਾ ਸੰਦ ਬਣ ਕੇ ਸਿੱਖੀ ਖ਼ਿਲਾਫ਼ ਭੁਗਤ ਰਿਹਾ ਹੈ। ਅਜਿਹੇ ਭੇਖੀ ਸਿੱਖ ਆਪਣੇ ਮੱਥੇ ਉੱਤੇ ਖ਼ੁਦ ਹੀ ਕਲੰਕ ਲਵਾ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਝਾੜੂ ਪਾਰਟੀ ਦੇ ਸਾਰੇ ਵਿਧਾਇਕ ਮੰਨੇ ਸਨ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਮਾਮਲੇ ਵਿੱਚ ਉਹਨਾਂ ਦੀ ਵੱਡੀ ਗ਼ਲਤੀ ਹੈ ਤੇ ਸੋਧਾਂ ਕਰਵਾਉਣ ਲਈ ਜੈਕਾਰੇ ਛੱਡ ਕੇ ਆਏ ਸਨ ਪਰ ਹੁਣ ਮੁੱਕਰ ਰਹੇ ਨੇ ਜਿਵੇਂ ਪੰਥ ਦਾ ਗ਼ੱਦਾਰ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹ 2 ਦਸੰਬਰ 2024 ਨੂੰ ਮੰਨ ਕੇ ਬਾਅਦ ਵਿੱਚ ਸਾਫ਼ ਹੀ ਮੁੱਕਰ ਗਿਆ ਸੀ। ਭਾਜਪਾ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਲਈ ਜ਼ੋਰ ਪਾਇਆ, ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ, ਅਕਾਲੀ ਦਲ ਬਾਦਲ ਨੇ ਤਖ਼ਤ ਸਾਹਿਬ ਦੇ ਸਿਧਾਂਤ ਮਲੀਆਮੇਟ ਕੀਤੇ ਤੇ ਹੁਣ ਝਾੜੂ ਪਾਰਟੀ ਵਾਲੇ ਵੀ ਸਾਡੇ ਤਖ਼ਤ ਨਾਲ ਮੱਥਾ ਲਾ ਰਹੇ ਨੇ। ਪਹਿਲਿਆਂ ਦਾ ਜੋ ਹਸ਼ਰ ਹੋਇਆ, ਭਗਵੰਤ ਮਾਨ ਤੇ ਉਸ ਦੀ ਜੁੰਡਲੀ ਨੂੰ ਕੁਝ ਸਬਕ ਲੈ ਲੈਣਾ ਚਾਹੀਦਾ ਹੈ, ਨਹੀਂ ਤਾਂ ਸਿੱਖ ਪਾਸਾ ਪਲਟਣ ਲੱਗਿਆਂ ਦੇਰ ਨਹੀਂ ਲਗਾਉਂਦੇ ਹਨ। ਸੰਧਵਾਂ ਸਾਬ੍ਹ ਦੂਜਿਆਂ ਦੀਆਂ ਦਾੜ੍ਹੀਆਂ ਉੱਤੇ ਤਾਂ ਖਿੱਝ ਕੇ ਟਿੱਪਣੀ ਕਰ ਰਹੇ ਹਨ ਪਰ ਕਲੀਨ ਸ਼ੇਵ ਭਗਵੰਤ ਮਾਨ ਬਾਰੇ ਉਹਨਾਂ ਦਾ ਕੀ ਖ਼ਿਆਲ ਹੈ ? ਉਸ ਬਾਰੇ ਵੀ ਆਪਣੀ ਜ਼ੁਬਾਨ ਤੋਂ ਕੁਝ ਲਫ਼ਜ਼ ਕੱਢ ਲੈਣ। ਸੰਧਵਾਂ ਸਾਬ੍ਹ ਤਾਂ ਆਪਣੀ ਪੱਗ ਉੱਤੇ ਗਾਂ ਦੀ ਪੂਛ ਮਰਵਾਉਂਦੇ ਫਿਰਦੇ ਸਨ ਤੇ ਹਿੰਦੂ ਕਰਮਕਾਂਡ ਕਰਨ ਲੱਗਿਆਂ ਭੋਰਾ ਸ਼ਰਮ ਨਹੀਂ ਕਰਦੇ। ਅਜੇ ਤਕ ਇਹ ਬੇਅਦਬੀ ਮਾਮਲਿਆਂ ਵਿੱਚ ਵੀ ਇਨਸਾਫ਼ ਨਹੀਂ ਦੇ ਸਕੇ ਹਨ। ਝਾੜੂ ਪਾਰਟੀ ਦਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪੰਚਮ ਪਾਤਸ਼ਾਹ ਆਖੀ ਜਾਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਖੀ ਬਾਰੇ ਇਹਨਾਂ ਨੂੰ ਕਿੰਨੀ ਕੁ ਸਮਝ ਹੈ ਪਰ ਇਹ ਦੂਜਿਆਂ ਨੂੰ ਮੱਤਾਂ ਦਿੰਦੇ ਫਿਰਦੇ ਹਨ। ਝਾੜੂ ਪਾਰਟੀ ਨੂੰ ਸਲਾਹ ਹੈ ਕਿ ਉਹ ਸੱਤਾ ਦੇ ਹੰਕਾਰ ਵਿੱਚੋਂ ਨਿਕਲ ਕੇ ਅੜਨ ਦੀ ਬਜਾਏ ਸਿੱਖ ਪੰਥ ਦੀ ਗੱਲ ਮੰਨ ਲੈਣ, ਇਸੇ ਵਿੱਚ ਹੀ ਉਹਨਾਂ ਦਾ ਭਲਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: +918872293883
Leave a Reply