ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ, ਕੌਮੀ ਏਕਤਾ ਤੇ ਪੰਥਕ ਚੇਤਨਾ ਦੇ ਸੰਦੇਸ਼ ਨਾਲ ਮੀਰੀ ਪੀਰੀ ਖਾਲਸਾ ਮਾਰਚ ਆਰੰਭ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ, ਕੌਮੀ ਏਕਤਾ ਤੇ ਪੰਥਕ ਚੇਤਨਾ ਦੇ ਸੰਦੇਸ਼ ਨਾਲ ਮੀਰੀ ਪੀਰੀ ਖਾਲਸਾ ਮਾਰਚ ਆਰੰਭ

ਜਦੋਂ ਵੀ ਕੌਮ ਸਿਧਾਂਤਾਂ ਤੋਂ ਦੂਰ ਤੇ ਵੰਡ ਦਾ ਸ਼ਿਕਾਰ ਹੋਈ ਤਾਂ ਵਿਰੋਧੀ ਤਾਕਤਾਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ-ਗਿਆਨੀ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਨੇ ਮੀਰੀ ਪੀਰੀ ਦੇ ਸਿਧਾਂਤ ’ਤੇ ਚੱਲ ਕੇ ਹਰ ਚੁਣੌਤੀ ਦਾ ਕੀਤਾ ਟਾਕਰਾ- ਗਿਆਨੀ ਕੁਲਦੀਪ ਸਿੰਘ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦਾ ਸੰਦੇਸ਼ ਘਰ-ਘਰ ਪਹੁੰਚਾਏਗਾ ਮੀਰੀ ਪੀਰੀ ਖ਼ਾਲਸਾ ਮਾਰਚ- ਐਡਵੋਕੇਟ ਧਾਮੀ

ਮੀਰੀ ਪੀਰੀ ਖ਼ਾਲਸਾ ਮਾਰਚ ’ਚ ਸੰਗਤਾਂ ਕਰਨ ਭਰਵੀਂ ਸ਼ਮੂਲੀਅਤ- ਸ. ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ, 24 ਜੁਲਾਈ -ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮਨੁੱਖਤਾ ਦੀ ਰਾਖੀ, ਧਰਮ ਦੀ ਅਜ਼ਾਦੀ, ਇਨਸਾਫ਼ ਅਤੇ ਰੂਹਾਨੀ ਉੱਚਤਾ ਦੇ ਸੰਦੇਸ਼ ਨੂੰ ਪ੍ਰਗਟ ਕਰਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਖ਼ਾਲਸਈ ਜਾਹੋ-ਜਲਾਲ ਨਾਲ ਆਰੰਭਤਾ ਹੋਈ। ਇਸ ਖ਼ਾਲਸਾ ਮਾਰਚ ਦਾ ਮਕਸਦ ਮੀਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਸੰਗਤਾਂ ਅਤੇ ਖ਼ਾਸਕਰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ, ਕੌਮੀ ਏਕਤਾ ਤੇ ਪੰਥਕ ਚੇਤਨਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਦਾ ਪ੍ਰਚਾਰ ਕਰਨਾ ਹੈ।


ਮੀਰੀ ਪੀਰੀ ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ। ਮੀਰੀ ਪੀਰੀ ਖਾਲਸਾ ਮਾਰਚ ’ਚ ਨਿਹੰਗ ਸਿੰਘ ਦਲ ਪੰਥ ਦੀ ਹਾਥੀ, ਊਠ ਤੇ ਘੋੜਿਆਂ ਸਮੇਤ ਸ਼ਮੂਲੀਅਤ ਨੇ ਇਸ ਦੇ ਖ਼ਾਲਸਈ ਜਲੋਅ ਵਿਚ ਵਾਧਾ ਕੀਤਾ। ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਮੀਰੀ ਪੀਰੀ ਖਾਲਸਾ ਮਾਰਚ ਦਾ ਹਿੱਸਾ ਬਣੇ।


ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਖ਼ਸ਼ਿਆਂ ਮੀਰੀ ਪੀਰੀ ਦਾ ਸਿਧਾਂਤ ਸਿੱਖੀ ਦੀ ਰੂਹ ਹੈ, ਜੋ ਮਨੁੱਖ ਨੂੰ ਇਕ ਪਾਸੇ ਅਕਾਲ ਪੁਰਖ ਨਾਲ ਜੋੜਦਾ ਹੈ ਅਤੇ ਦੂਜੇ ਪਾਸੇ ਜ਼ੁਲਮ ਬੇਇਨਸਾਫ਼ੀ ਤੇ ਅਨਿਆਂ ਦੇ ਵਿਰੁੱਧ ਡੱਟ ਕੇ ਖੜ੍ਹਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਕਿ ਸੰਤ ਅਤੇ ਸਿਪਾਹੀ ਦਾ ਸਰੂਪ ਹੀ ਸਿੱਖੀ ਦਾ ਅਸਲ ਅਦਰਸ਼ ਹੈ। 

ਗੁਰੂ ਸਾਹਿਬ ਨੇ ਨਗਾਰਾ ਵਜਾ ਕੇ ਅਜ਼ਾਦ ਹੋਂਦ ਅਤੇ ਸਵੈਮਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਨਾ ਕੇ ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਅਤੇ ਜਰਨੈਲ ਹਰੀ ਸਿੰਘ ਨਲੂਆ ਵਰਗੇ ਮਹਾਨ ਯੋਧਿਆਂ ਦੁਆਰਾ ਪ੍ਰਾਪਤ ਕੀਤੀਆਂ ਫ਼ਤਿਹ ਇਸ ਇਤਿਹਾਸ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਮੀਰੀ ਪੀਰੀ ਦੇ ਸੰਕਲਪ ਨੂੰ ਸਮਝਣ ਅਤੇ ਅਪਨਾਉਣ ਦੀ ਲੋੜ ਹੈ। ਜਿਥੇ ਸਿੱਖ ਨੇ ਗੁਰਬਾਣੀ, ਨਾਮ ਸਿਮਰਨ ਅਤੇ ਸੇਵਾ ਨਾਲ ਜੁੜਨਾ ਹੈ, ਉਥੇ ਹੀ ਆਪਣੀ ਕੌਮੀ ਹੋਂਦ ਅਤੇ ਅਧਿਕਾਰਾਂ ਦੀ ਰੱਖਿਆ ਲਈ ਵੀ ਸੁਚੇਤ ਰਹਿਣਾ ਹੈ।

 ਉਨ੍ਹਾਂ ਕਿਹਾ ਕਿ ਜਦੋਂ ਵੀ ਕੌਮ ਆਪਣੇ ਸਿਧਾਂਤਾਂ ਤੋਂ ਦੂਰ ਹੋਈ ਜਾਂ ਵੰਡ ਦਾ ਸ਼ਿਕਾਰ ਹੋਈ ਤਾਂ ਵਿਰੋਧੀ ਤਾਕਤਾਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ, ਕੌਮੀ ਏਕਤਾ ਅਤੇ ਆਪਸੀ ਸਹਿਯੋਗ ਸਾਡੀ ਵੱਡੀ ਤਾਕਤ ਹੈ। ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕਜੁਟ ਰਹਾਂਗੇ, ਤਾਂ ਕੋਈ ਵੀ ਤਾਕਤ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇਗੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਸਿੱਖ ਕੌਮ ਨੂੰ ਚੜ੍ਹਦੀ ਕਲਾ, ਦ੍ਰਿੜ੍ਹਤਾ ਅਤੇ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਿਰਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਸਦੀਵੀ ਹੈ, ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਿਵਾਅ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਗੁਰੂ ਭਰੋਸੇ ਅਤੇ ਸਿੱਖੀ ਜਜ਼ਬੇ ਨਾਲ ਵੱਡੀਆਂ ਵੱਡੀਆਂ ਹਕੂਮਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। 

ਉਨ੍ਹਾਂ ਕਿਹਾ ਕਿ ਇਹ ਵੀ ਸਦੀਵੀ ਸੱਚ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈਣ ਵਾਲੇ ਆਪਣੀ ਹੋਂਦ ਵੀ ਬਚਾ ਨਹੀਂ ਸਕੇ, ਜਦਕਿ ਜੋ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਇਆ ਉਹ ਬਖ਼ਸ਼ਿਸ਼ ਦਾ ਪਾਤਰ ਬਣਿਆ। ਉਨ੍ਹਾਂ ਸਿੱਖ ਕੌਮ ਨੂੰ ਸੁਨੇਹਾ ਦਿੱਤਾ ਕਿ ਆਓ ਕੌਮ ਦੀ ਚੜ੍ਹਦੀ ਕਲਾ ਲਈ ਇਕਮੁਠ ਹੋ ਕੇ ਸਮੇਂ ਦੀ ਵੰਗਾਰ ਦਾ ਟਾਕਰਾ ਕਰੀਏ। ਉਨ੍ਹਾਂ ਸੰਗਤਾਂ ਨੂੰ ਮੀਰੀ ਪੀਰੀ ਖਾਲਸਾ ਮਾਰਚ ਵਿਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਬਖ਼ਸ਼ਿਸ਼ ਮੀਰੀ ਪੀਰੀ ਦੇ ਨਿਵੇਕਲੇ ਸਿਧਾਂਤ ਨੇ ਸਿੱਖ ਕੌਮ ਨੂੰ ਆਤਮਿਕਤਾ ਅਤੇ ਸਮਾਜਿਕ ਜ਼ੁੰਮੇਵਾਰੀ ਦਾ ਅਦੁੱਤੀ ਸੰਤੁਲਨ ਪ੍ਰਦਾਨ ਕੀਤਾ। ਇਹ ਸਿਧਾਂਤ ਸਦੀਆਂ ਤੋਂ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਅਟੱਲ ਰਹਿੰਦਿਆ ਸਿੱਖ ਪੰਥ ਲਈ ਸਦਾ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅੱਜ ਆਰੰਭ ਕੀਤੇ ਗਏ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਮਕਸਦ ਦਾ ਇਸੇ ਮਹਾਨ ਵਿਰਾਸਤ ਨੂੰ ਘਰ-ਘਰ ਤੀਕ ਪਹੁੰਚਾਉਣਾ ਅਤੇ ਨੌਜੁਆਨ ਪੀੜ੍ਹੀ ਨੂੰ ਗੁਰਬਾਣੀ, ਗੁਰਮਤਿ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨਾਲ ਜੋੜਨ ਦਾ ਇਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ, ਸੰਪ੍ਰਦਾਵਾਂ ਅਤੇ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਕੌਮ ਸਦਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੀ ਹੈ ਅਤੇ ਰਹੇਗੀ।


ਇਸੇ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ ਦੇ ਮਕਸਦ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਵਿਚ ਹਰ ਸਿੱਖ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਸ. ਬਾਦਲ ਨੇ ਸੰਗਤਾਂ ਨੂੰ ਵੱਖ-ਵੱਖ ਪੜਾਵਾਂ ’ਤੇ ਖ਼ਾਲਸਾ ਮਾਰਚ ਦਾ ਸਵਾਗਤ ਅਤੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਸ. ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਆਦੇਸ਼ ਪੰਥ ਲਈ ਅਹਿਮੀਅਤ ਰੱਖਦਾ ਹੈ ਅਤੇ ਪੂਰੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਰੌਸ਼ਨੀ ਵਿਚ ਸਜਾਏ ਜਾ ਰਹੇ ਇਸ ਮੀਰੀ ਪੀਰੀ ਖਾਲਸਾ ਮਾਰਚ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਧਾਰਨ ਕੀਤੀਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਵੀ ਕਰਵਾਏ। ਮੀਰੀ ਪੀਰੀ ਖਾਲਸਾ ਮਾਰਚ ਦਾ ਵੱਖ-ਵੱਖ ਪੜਾਵਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। 


ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਮੇਜਰ ਸਿੰਘ ਸੋਢੀ, ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ, ਸ. ਬਿਕਰਮ ਸਿੰਘ ਮਜੀਠੀਆ, ਸ. ਦਰਬਾਰਾ ਸਿੰਘ ਗੁਰੂ, ਸ. ਸੁੱਚਾ ਸਿੰਘ ਲੰਗਾਹ, ਸ. ਸਿਕੰਦਰ ਸਿੰਘ ਮਲੂਕਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਗੁਲਜ਼ਾਰ ਸਿੰਘ ਰਣੀਕੇ, ਸ. ਹੀਰਾ ਸਿੰਘ ਗਾਬੜੀਆ, ਸ. ਤਜਿੰਦਰ ਸਿੰਘ ਮਿੱਡੂਖੇੜਾ, ਡਾ. ਦਲਜੀਤ ਸਿੰਘ ਚੀਮਾ, ਸ. ਅਰਸ਼ਦੀਪ ਸਿੰਘ ਕਲੇਰ, ਸ. ਸਰਬਜੀਤ ਸਿੰਘ ਝਿੰਜਰ, ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ, ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਸੁਰਜੀਤ ਸਿੰਘ ਭਲਵਾਨ, ਸ. ਗੁਰਪ੍ਰੀਤ ਸਿੰਘ ਰੰਧਾਵਾ, ਸ੍ਰੀ ਪ੍ਰੇਮ ਕੁਮਾਰ ਅਰੋੜਾ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਸੁਰਜੀਤ ਸਿੰਘ ਗੜ੍ਹੀ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਗੁਰਪ੍ਰੀਤ ਸਿੰਘ ਝੱਬਰ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਜੋਧ ਸਿੰਘ ਸਮਰਾ, ਸ. ਗੁਰਿੰਦਰਪਾਲ ਸਿੰਘ ਰਣੀਕੇ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਕੇਵਲ ਸਿੰਘ ਬਾਦਲ, ਸ. ਗੁਰਮੀਤ ਸਿੰਘ ਬੂਹ, ਭਾਈ ਅਜੈਬ ਸਿੰਘ ਅਭਿਆਸੀ, ਸ. ਖ਼ੁਸ਼ਵਿੰਦਰ ਸਿੰਘ ਭਾਟੀਆ, ਸ. ਸੁਖਵਰਸ ਸਿੰਘ ਪੰਨੂ, ਜਥੇਦਾਰ ਕੌਰ ਸਿੰਘ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਅਜਮੇਰ ਸਿੰਘ ਖੇੜਾ, ਸ. ਨਵਤੇਜ ਸਿੰਘ ਕਾਉਣੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ. ਅਵਤਾਰ ਸਿੰਘ ਵਣਵਾਲਾ, ਸ. ਗੁਰਨਾਮ ਸਿੰਘ ਜੱਸਲ, ਸ. ਹਰਜਿੰਦਰ ਸਿੰਘ ਪਵਾਤ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਵਧੀਕ ਸਕੱਤਰ ਸ. ਬਿਜੈ ਸਿੰਘ, ਸ. ਪ੍ਰੀਤਪਾਲ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸ. ਭਗਵੰਤ ਸਿੰਘ ਧੰਗੇੜਾ, ਸ. ਬਲਵਿੰਦਰ ਸਿੰਘ ਖੈਰਾਬਾਦ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਗੁਰਦਿਆਲ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸ. ਗੁਰਮੀਤ ਸਿੰਘ ਮੁਕਤਸਰੀ, ਸ. ਅਜ਼ਾਦ ਦੀਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੇਜਰ ਸਿੰਘ, ਅਕਾਲੀ ਆਗੂ ਸ. ਰਣਬੀਰ ਸਿੰਘ ਰਾਣਾ ਲੋਪੋਕੇ, ਸ. ਰਾਜਵਿੰਦਰ ਸਿੰਘ ਰਾਜਾਲਦੇਹ, ਸ. ਪ੍ਰੇਮ ਸਿੰਘ ਚੰਦੂਮਾਜਰਾ, ਸ. ਗਗਨਦੀਪ ਸਿੰਘ ਬਰਨਾਲਾ, ਫੈਡਰੇਸ਼ਨ ਆਗੂ ਸ. ਅਮਰਬੀਰ ਸਿੰਘ ਢੋਟ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ, ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਕਸ਼ਮੀਰ ਸਿੰਘ ਬਟਾਲਾ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਬਲਦੇਵ ਸਿੰਘ ਮੁਸਤਫਾਪੁਰ, ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਬਾਬਾ ਬਿਕਰਮ ਸਿੰਘ ਔਰੰਗਾਬਾਦ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.