ਜਾਗ ਖਾਲਸਾ ਜਾਗ! ਤੇਰਾ ਘਰ ਲੁੱਟਿਆ ਜਾ ਰਿਹੈ...

ਜਾਗ ਖਾਲਸਾ ਜਾਗ! ਤੇਰਾ ਘਰ ਲੁੱਟਿਆ ਜਾ ਰਿਹੈ...

ਦੂਜੇ ਉੱਤੇ ਦੋਸ਼ ਮੜ੍ਹ ਕੇ ਤੇ ਆਪ ਸੁਰਖਰੂ ਹੋ ਜਾਣ ਬੜਾ ਹੀ ਸੌਖਾ ਕੰਮ ਹੁੰਦਾ ਹੈ । ਅਸੀਂ ਵੀ ਏਸੇ ਤਰਾਂ ਕਰਕੇ ਹੀ ਸਮਾਂ ਲੰਘਾਉਂਦੇ ਗਏ ਤਾਂ ਇੱਕ ਦਿਨ ਸਾਡੇ ਘਰ ਉੱਤੇ ਹੀ ਡਾਕਾ ਵੱਜ ਗਿਆ ਤੇ ਬਹੁਤ ਕੁੱਝ ਹੀ ਲੁੱਟਿਆ ਪੁੱਟਿਆ ਗਿਆ । ਅਸੀਂ ਦੁੱਧ ਦੀ ਰਾਖੀ ਬਿੱਲੇ ਬੈਠਾ ਕੇ ਤੇ ਆਪ ਨਾਚ ਗਾਣਿਆਂ ਤੇ ਅਤੇ ਉੱਚੀ ਉੱਚੀ ਡੀਜੇ ਵਿਆਹਾਂ ਪਾਰਟੀਆਂ ਵਿੱਚ ਲਗਾ ਕੇ ਨੱਚਦੇ ਰਹੇ । ਸਾਡੇ ਵਿਆਹ ਸ਼ਾਦੀਆਂ ਪਾਰਟੀਆਂ ਵਿੱਚ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਚੱਲਦੀਆਂ ਰਹੀਆਂ, ਤਰਾਂ ਤਰ੍ਹਾਂ ਦਾ ਮੀਟ ਵੀ ਸਿੱਖ ਦਿਆਂ ਬੱਚੇ ਬੱਚੀਆਂ ਦੀਆਂ ਸ਼ਾਦੀਆਂ ਵਿੱਚ ਚੱਲਦਾ ਰਿਹਾ, ਮਹਿੰਗੇ ਮਹਿੰਗੇ ਕਲਾਕਾਰਾਂ ਉੱਤੇ ਅਸੀਂ ਲੱਖਾਂ ਰੁਪਏ ਰੋੜ੍ਹ ਦਿੱਤੇ ਤੇ ਅਰਧ ਨੰਗੀਆਂ ਜਾਂ ਪੌਣੀਆਂ ਨੰਗੀਆਂ ਡਾਂਸਰਾਂ ਨੂੰ ਵੀ ਅਸੀਂ ਆਪਣਿਆਂ ਵਿਆਹਾਂ ਵਿੱਚ ਨਚਾਇਆ , ਲੇਕਿਨ ਗੁਰੂ ਘਰਾਂ ਦੇ ਵਜ਼ੀਰਾਂ ਗ੍ਰੰਥੀ ਸਿੰਘਾਂ , ਰਾਗੀਆਂ , ਢਾਡੀਆਂ ਕਵੀਸ਼ਰਾਂ ਤੇ ਪ੍ਰਚਾਰਕਾਂ ਨੂੰ ਅਸੀਂ ਦੋ ਦੋ ਪੰਜ ਪੰਜ ਹਜ਼ਾਰ ਰੁਪਏ ਦੇਣ ਪਿੱਛੇ ਵੀ ਲੜ ਪੈਂਦੇ ਹਾਂ, ਪਰ ਇੱਕ ਲੱਚਰਤਾ ਫੈਲਾਉਣ ਵਾਲੇ ਕਲਾਕਾਰ ਨੂੰ ਸਾਡੇ ਐਨ ਆਰ ਆਈ ਭਰਾ ਜਾਂ ਪੰਜਾਬ ਦੇ ਸਰਦੇ ਪੁੱਜਦੇ ਪਰਿਵਾਰ ਦਸ ਦਸ ਲੱਖ ਰੁਪਏ ਤੱਕ ਵੀ ਦੇ ਦਿੰਦੇ ਹਨ ।

ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ । ਨਾ ਹਿੰਦੂ ਨਾ ਮੁਸਲਮਾਨ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ । ਏਥੇ ਨੌਂ ਗੁਰੂ ਸਾਹਿਬਾਨ ਜੀਆਂ ਦਾ ਆਗਮਨ ਹੋਇਆ ਹੈ, ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਟਨਾ ਸਾਹਿਬ ਬਿਹਾਰ ਵਿਖੇ ਹੋਇਆ ਹੈ । ਮਹਾਰਾਜਾ ਰਣਜੀਤ ਸਿੰਘ ਨੇ ਕੁੱਝ ਸਮਾਂ ਰੁਕ ਕੇ ਮੋਰਾਂ ਨਾਮੀ ਕੰਜਰੀ ਦਾ ਮੁਜਰਾ ਡਾਂਸ ਵੇਖ ਕੇ ਕੁਤਾਹੀ ਕੀਤੀ ਸੀ । ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਧਾਰੀ ਸਿੱਖ ਸੀ । ਗੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਓਸ ਵੇਲੇ ਦੇ ਜਥੇਦਾਰ ਬਾਬਾ ਅਕਾਲੀ ਫੂਲ ਸਿੰਘ ਤੱਕ ਪਹੁੰਚ ਗਈ ਸੀ । ਪਤਾ ਲੱਗਦਿਆਂ ਸਾਰ ਹੀ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਕਿ ਕੋਈ ਵੀ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਫਤਹਿ ਨਾ ਬੁਲਾਵੇ , ਮਹਾਰਾਜਾ ਰਣਜੀਤ ਸਿੰਘ ਜੀ ਵਲੋਂ ਰੋਜ਼ਾਨਾ ਦਰਬਾਰ ਸਾਹਿਬ ਜੀ ਵਿਖੇ ਕਰਵਾਈ ਜਾਂਦੀ ਦੇਗ ਨੂੰ ਪਰਵਾਨ ਨਾ ਕੀਤਾ ਜਾਵੇ । ਹੁਕਮਨਾਮਾ ਸਾਰੇ ਸਿੱਖ ਜਗਤ ਨੇ ਮੰਨਿਆਂ । ਮਹਾਰਾਜਾ ਰਣਜੀਤ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ੀ ਹੋਈ, ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਗਲਤੀ ਨੂੰ ਕਬੂਲ ਕੀਤਾ ਕਿ ਮੇਰੇ ਕੋਲੋਂ ਅਵੱਗਿਆ ਹੋਈ ਹੈ, ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲਾਚੀ ਬੇਰੀ ਨਾਲ ਜਿਸ ਬੇਰੀ ਨਾਲ ਕਿਸੇ ਸਮੇਂ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ ਘੋੜੇ ਬੰਨ੍ਹੇ ਸੀ ਮੱਸੇ ਰੰਘੜ ਦਾ ਸਿਰ ਲਾਹੁਣ ਸਮੇਂ ਓਸ ਬੇਰੀ ਨਾਲ ਬੰਨ੍ਹ ਕੇ ਤੇ ਤੇੜ ਸਿਰਫ ਕਛਹਿਰਾ ਹੀ ਰਹਿਣ ਦਿੱਤਾ ਗਿਆ ਸੀ ਕੋਰੜੇ ਮਾਰਨ ਦੀ ਸਜਾ ਮਿਲੀ ਸੀ ਸਿਰਫ ਇੱਕ ਮੋਰਾਂ ਨਾਮੀ ਵੇਸਵਾ ਦਾ ਨਾਚ ਵੇਖਣ ਬਦਲੇ । 

ਪਰ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਤੋਂ ਦੋ ਢਾਈ ਸੌ ਸਾਲਾਂ ਬਾਅਦ ਪੂਰੇ ਦਾ ਪੂਰਾ ਪੰਜਾਬ ਹੀ ਇੱਕ ਕੰਜਰਖ਼ਾਨੇ ਦਾ ਰੂਪ ਧਾਰਨ ਕਰ ਜਾਵੇਗਾ । ਜਿਹਨਾਂ ਕੌਮਾਂ ਨੂੰ ਖਤਮ ਕਰਨਾ ਹੋਵੇ ਬਰਬਾਦ ਕਰਨਾ ਹੋਵੇ ਤੇ ਉਜਾੜਨਾ ਹੋਵੇ ਪਹਿਲਾਂ ਓਹਨਾ ਦੀ ਮਾਂ ਬੋਲੀ ਨੂੰ ਮਾਰ ਦਿਓ ,ਫੇਰ ਓਹਨਾ ਦਾ ਇਤਿਹਾਸ ਵਿਗਾੜ ਦਿਓ , ਫੇਰ ਓਹਨਾ ਦੇ ਸੱਭਿਆਚਾਰ ਨੂੰ ਕਲੰਕਿਤ ਕਰ ਦਿਉ, ਫੇਰ ਓਹਨਾ ਦੇ ਹਰ ਸਿਧਾਂਤ ਉੱਤੇ ਬਿਖੇੜਾ ਖੜ ਕਰ ਦਿਓ ਸ਼ੰਕੇ ਖੜ੍ਹੇ ਕਰ ਦਿਓ, ਫੇਰ ਓਸ ਕੌਮ ਦੇ ਲੋਕਾਂ ਨੂੰ ਐਸ਼ ਪ੍ਰਸਤੀਆਂ ਵਿੱਚ ਪਾ ਦਿਓ, ਓਸ ਕੌਮ ਦੇ ਲੋਕਾਂ ਨੂੰ ਸ਼ਰਾਬ ਅਤੇ ਸ਼ਬਾਬ ਦੇ ਚਸਕੇ ਪਾ ਦਿਓ ਤੇ ਗੁਰਬਾਣੀ ਨਾਲੋ ਤੋੜ ਦਿਓ ਇੱਕ ਨਾ ਇੱਕ ਦਿਨ ਉਹ ਕੌਮ ਖੁਦ ਬ ਖੁਦ ਆਪਣੀ ਮੌਤੇ ਆਪ ਹੀ ਮਰ ਜਾਵੇਗੀ । 

ਖਾਲਸਾ ਜੀ ਪਿਆਰੇ ਸਿੱਖੋ ਭੈਣ ਭਰਾਵੋ ਬਜ਼ੁਰਗੋ ਬੱਚਿਓ ਅਤੇ ਬੱਚੀਓ ਹਾਲੇ ਵੀ ਜਾਗ ਜਾਓ ਨਹੀਂ ਤਾਂ ਓਹ ਸਮਾਂ ਦੂਰ ਨਹੀਂ ਹੈ ਕਿ ਜਦੋਂ ਸਿਰਫ ਲਾਇਬਰੇਰੀਆਂ ਦੀਆਂ ਅਲਮਾਰੀਆਂ ਵਿੱਚ ਪਈਆਂ ਕਿਤਾਬਾਂ ਵਿੱਚੋਂ ਹੀ ਪੜ੍ਹਨ ਨੂੰ ਮਿਲਿਆ ਕਰੇਗਾ ਕਿ ਇੱਕ ਸਿੱਖ ਕੌਮ ਹੁੰਦੀ ਸੀ । ਆਹ ਜੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋ ਰਿਹਾ ਹੈ ਇਹ ਸਿਰਫ ਹੁਣ ਹੀ ਨਹੀਂ ਹੋਇਆ ਹੈ, ਇਹ ਪਿੱਛਲੇ ਪੰਜਾਹ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ ਹੁੰਦਾ ਆ ਰਿਹਾ ਹੈ । ਇਹ ਕੋਈ ਪੰਜ ਕੁ ਪ੍ਰਤੀਸ਼ਤ ਹੀ ਬਾਹਰ ਆਇਆ ਹੈ । ਅਗਰ ਪੂਰੇ ਪੜਦੇ ਚੁੱਕ ਦਿੱਤੇ ਗਏ ਤਾਂ ਤੁਹਾਨੂੰ ਏਹਨਾਂ ਦੁਸ਼ਟਾਂ ਪਾਪੀਆਂ ਜਾਲਮਾ ਦਰਿੰਦਿਆਂ ਦੀਆਂ ਸ਼ਕਲਾਂ ਤੋਂ ਹੀ ਨਫਰਤ ਹੋ ਜਾਵੇਗੀ ਜੀ । 

ਜਿਸ ਜਿਸ ਨੇ ਵੀ ਸਿੱਖਾਂ ਦੇ ਘਰਾਂ ਵਿੱਚ ਜਨਮ ਲਿਆ ਹੋਇਆ ਹੈ ਅਤੇ ਉੱਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੈ, ਆਹ ਮੋਬਾਇਲ ਫੋਨ , ਫੇਸਬੁੱਕ, ਵਾਟਸਅੱਪ, ਇੰਸਟਾਗ੍ਰਾਮ ਆਦਿ ਸਾਰਿਆਂ ਕੋਲ ਹੀ ਉੱਪਲਬਧ ਤੇ ਸਾਰਿਆਂ ਦਾ ਹੀ ਫਰਜ ਬਣਦਾ ਹੈ ਕਿ ਘਰ ਦੇ ਦੁਸ਼ਮਣਾਂ ਅਤੇ ਬਾਹਰੀ ਦੁਸ਼ਮਣਾਂ ਦੇ ਖਿਲਾਫ ਆਵਾਜ਼ ਉੱਠਾਵੇ । ਸ਼੍ਰਮੋਣੀ ਕਮੇਟੀ ਕੀ ਕਰਦੀ ਹੈ, ਸਿੱਖੀ ਦਾ ਪ੍ਰਚਾਰ ਕਰਨਾ ਏਹਦਾ ਫਰਜ ਹੈ , ਦਮਦਮੀ ਟਕਸਾਲ ਕੀ ਕਰਦੀ ਹੈ, ਸੰਪਰਦਾਵਾਂ ਕੀ ਕਰਦੀਆਂ ਹਨ , ਡੇਰਿਆਂ ਵਾਲੇ ਸਾਧ ਕੀ ਕਰਦੇ ਹਨ , ਨਿਹੰਗ ਸਿੰਘ ਜਥੇਬੰਦੀਆਂ ਕੀ ਕਰਦੀਆਂ ਹਨ , ਰਾਗੀ , ਢਾਡੀ ਕਵੀਸ਼ਰ , ਕਥਾਵਾਚਕ ਕੀ ਕਰਦੇ ਹਨ ?

ਇਹ ਕਹਿਣਾ ਬੜਾ ਹੀ ਸੌਖਾ ਹੈ ਪਰ ਇਹ ਕਹਿਣਾ ਬੜਾ ਔਖਾ ਹੈ ਕਿ ਅਸੀਂ ਕੀ ਕਰਦੇ ਹਾਂ , ਮੈਂ ਕੀ ਕਰਦਾ ਹਾਂ । ਸੰਸਥਾਵਾਂ ਦੇ ਫਰਜ ਤਾਂ ਹਨ ਹੀ ਕਿਉਂਕਿ ਏਹਨਾ ਦੀ ਜਿੰਮੇਵਾਰੀ ਹੈ ਪਰਚਾਰ ਕਰਨ ਦੀ ਅਤੇ ਗੁਰਦੁਆਰਿਆਂ ਦੀ ਤੇ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਦੀ । ਪਰ ਸਾਡੀ ਜਿੰਮੇਵਾਰੀ ਇਹ ਵੀ ਬਣਦੀ ਹੈ ਕਿ ਏਹਨਾਂ ਉੱਪਰ ਕਰੜੀ ਨਿਗਾਹ ਵੀ ਰੱਖੀਏ, ਖੁਦ ਵੀ ਸਿੱਖੀ ਧਾਰਨ ਕਰੀਏ, ਹੋਰਾਂ ਨੂੰ ਵੀ ਪ੍ਰੇਰਿਤ ਕਰੀਏ ਅਤੇ ਜਾਗਦੇ ਰਹੀਏ ਜੀ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.