ਮੋਦੀ ਸਰਕਾਰ, ਹਿੰਦੂ ਮੀਡੀਆ ਤੇ ਭਾਰਤੀ ਫ਼ੌਜ ਨੂੰ ਪਹਿਲਗਾਮ ਘਟਨਾ ਦੇ ਦੋਸ਼ੀ ਤਾਂ ਲੱਭੇ ਨਹੀਂ, ਸਗੋਂ ਜੰਗ ਕਾਰਨ ਪੰਜਾਬ ਅਤੇ ਕਸ਼ਮੀਰ ਦੇ ਸਿੱਖਾਂ ਤੇ ਮੁਸਲਮਾਨਾਂ ਨੂੰ ਬੇਵਜ੍ਹਾ ਨੁਕਸਾਨ ਝੱਲਣਾ ਪਿਆ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 12 May, 2025 09:43 PM (Asia/Kolkata)
ਅੰਮ੍ਰਿਤਸਰ, 12 ਮਈ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿੰਦੂ ਸਰਕਾਰ ਨੂੰ ਪਹਿਲਗਾਮ 'ਚ ਮਾਰੇ ਗਏ ਹਿੰਦੂਆਂ ਦਾ ਤਾਂ ਦੁੱਖ ਹੈ, ਪਰ ਪੁੰਛ 'ਚ ਮਾਰੇ ਗਏ ਸਿੱਖਾਂ ਤੇ ਮੁਸਲਮਾਨਾਂ ਦਾ ਕੋਈ ਦੁੱਖ ਨਹੀਂ ਹੈ। ਇਹਨਾਂ ਲਈ ਨਾ ਤਾਂ ਕਿਸੇ ਨੇ ਅਪ੍ਰੇਸ਼ਨ ਸੰਧੂਰ ਕਰਨਾ ਹੈ ਤੇ ਨਾ ਹੀ ਕੁਝ ਹੋਰ, ਸਿੱਖਾਂ ਤੇ ਮੁਸਲਮਾਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਣਾ। ਸਿੱਖਾਂ ਨੂੰ ਪਾਕਿਸਤਾਨ ਵਿਰੁੱਧ ਭੜਕਾਉਣ ਲਈ ਸਿੱਖਾਂ ਦੀ ਤਾਂ ਫਿਰ ਵੀ ਖ਼ਬਰ ਚਲਾ ਦਿੱਤੀ ਪਰ ਮੁਸਲਮਾਨਾਂ ਦਾ ਸਿੱਖਾਂ ਤੋਂ ਬਿਨ੍ਹਾਂ ਕਿਸੇ ਨੇ ਦਰਦ ਨਾ ਵੇਖਿਆ। ਕਸ਼ਮੀਰ ਦੇ ਪੁਣਛ ਵਿੱਚ ਮੁਸਲਮਾਨਾਂ ਦੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦੇਣ ਵਾਲੇ ਮਾਰੇ ਗਏ ਇੱਕ ਨੇਕ ਮੁਸਲਮਾਨ ਨੂੰ ਵੀ ਭਾਰਤੀ ਮੀਡੀਆ ਨੇ ਪਾਕਿਸਤਾਨ ਦਾ ਵੱਡਾ ਅੱਤਵਾਦੀ ਬਣਾ ਦਿੱਤਾ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਈ ਸਿੱਖਾਂ ਦੇ ਘਰਾਂ ਦਾ ਉਜਾੜਾ ਹੋ ਗਿਆ ਪਰ ਭਾਰਤੀਏ ਖੁਸ਼ੀਆਂ ਮਨਾਉਂਦੇ ਰਹੇ। ਦਿੱਲੀ, ਗੁਜਰਾਤ, ਬੰਬੇ ਵਿੱਚ ਕੋਈ ਬਲੈਕ ਆਊਟ ਨਹੀਂ ਹੋਇਆ, ਕੋਈ ਡਰੋਨ ਜਾਂ ਮਿਜਾਇਲ ਨਹੀਂ ਡਿੱਗੀ, ਕੋਈ ਦਹਿਸ਼ਤ ਦਾ ਮਾਹੌਲ ਨਹੀਂ ਬਣਾਇਆ ਗਿਆ। ਪਰ ਦੂਜੇ ਪਾਸੇ ਪੰਜਾਬ ਅਤੇ ਕਸ਼ਮੀਰ ਨੂੰ ਤਬਾਹ ਕਰਨ ਲਈ ਜੰਗ ਦਾ ਮਾਹੌਲ ਸਿਰਜ ਦਿੱਤਾ ਗਿਆ, ਥੋੜੇ ਦਿਨਾਂ ਵਿੱਚ ਪੰਜਾਬੀਆਂ ਤੇ ਕਸ਼ਮੀਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਅਤੇ ਭਾਰਤ ਭਰ ਦੇ ਮੁਸਲਮਾਨਾਂ ਨੂੰ ਵੀ ਫ਼ਿਰਕੂ ਹਿੰਦੂਤਵੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਭਾਰਤੀ ਹਿੰਦੂ ਮੀਡੀਆ ਤਾਂ ਹਰ ਰਾਤ ਹੀ ਪਾਕਿਸਤਾਨ ਦੇ ਕਈ ਇਲਾਕਿਆਂ ਉੱਤੇ ਕਬਜ਼ਾ ਕਰ ਲੈਂਦਾ ਸੀ, ਮੀਡੀਆ ਨੇ ਰੱਜ ਕੇ ਝੂਠ ਅਤੇ ਨਫ਼ਰਤ ਨੂੰ ਫੈਲਾਇਆ, ਜੰਗਬੰਦੀ ਕਾਰਨ ਮੀਡੀਆ ਉਦਾਸ ਹੈ। ਜੰਗ ਦੇ ਮਹੌਲ ਵਿੱਚ ਸਭ ਤੋਂ ਵਧੀਆ ਤੇ ਅਹਿਮ ਰੋਲ ਸ. ਸਿਮਰਨਜੀਤ ਸਿੰਘ ਮਾਨ, ਸ. ਇਮਾਨ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਨੇ ਨਿਭਾਇਆ। ਅਮਰੀਕਾ ਵਾਲਾ ਟਰੰਪ ਤਾਂ ਬਾਅਦ ਵਿੱਚ ਆਇਆ, ਪਹਿਲਾਂ ਖ਼ਾਲਿਸਤਾਨੀ ਮਾਨ ਨੇ ਹੀ ਸ਼ਾਂਤੀ ਦਾ ਡੰਕਾ ਵਜਾਇਆ। ਇਸ ਦੇ ਨਾਲ ਹੀ ਕੁਝ ਭਾਰਤ ਪੱਖੀ ਸਿੱਖਾਂ ਨੂੰ ਭਾਰਤੀ ਰਾਸ਼ਟਰਵਾਦ ਦਾ ਭੂਤ ਚਿੰਬੜਦਾ ਵੀ ਨਜ਼ਰ ਆਇਆ ਤੇ ਉਹਨਾਂ ਨੇ ਪੰਥਕ ਸਿੱਖਾਂ ਨੂੰ ਰੱਜ ਕੇ ਮਿਹਣੇ ਮਾਰੇ। ਥੋੜੇ ਦਿਨਾਂ ਵਿੱਚ ਹੀ ਐਨਾ ਕੁਝ ਹੋ ਗਿਆ ਪਰ ਭਾਰਤ ਸਰਕਾਰ, ਭਾਰਤੀ ਮੀਡੀਆ ਤੇ ਭਾਰਤੀ ਫ਼ੌਜ ਨੂੰ ਪਹਿਲਗਾਮ ਵਿੱਚ ਬੇਦੋਸ਼ੇ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀ ਨਹੀਂ ਲੱਭੇ ਤੇ ਨਾ ਹੀ ਲੱਭਣੇ ਹਨ, ਦਾਲ ਵਿੱਚ ਹੀ ਕੁਝ ਕਾਲ਼ਾ ਨਹੀਂ, ਪੂਰੀ ਦਾਲ ਹੀ ਕਾਲ਼ੀ ਹੈ। ਸਿੱਖਾਂ ਨੂੰ ਤਾਂ ਚਿੱਠੀ ਸਿੰਘਪੁਰਾ ਵੀ ਯਾਦ ਹੈ, ਪਹਿਲਗਾਮ ਅਤੇ ਪੁੰਛ ਵੀ ਯਾਦ ਰਹੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਖ਼ਾਲਿਸਤਾਨ ਦੀ ਸਥਾਪਨਾ ਨਾਲ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਬਣੀ ਰਹੇਗੀ, ਇਸ ਕਰਕੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Leave a Reply