ਪੱਤਰਕਾਰ ਨਿਰਮਲ ਸਿੰਘ ਚੌਹਾਨ ਦੇ ਸਰੀਰਕ ਵਿਛੋੜੇ 'ਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ

ਪੱਤਰਕਾਰ ਨਿਰਮਲ ਸਿੰਘ ਚੌਹਾਨ ਦੇ ਸਰੀਰਕ ਵਿਛੋੜੇ 'ਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 26 ਅਗਸਤ (ਚਰਨਜੀਤ ਸਿੰਘ): ਪੱਤਰਕਾਰ ਸ. ਨਿਰਮਲ ਸਿੰਘ ਜੀ ਚੌਹਾਨ ਕੱਲ੍ਹ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ, ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਇਲਾਜ ਕਰਵਾਇਆ ਗਿਆ ਪਰ ਹੁਣ ਜਦੋਂ ਉਹ ਪੂਨੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਗਏ ਸਨ ਤੇ ਓਥੇ ਹੀ ਚੜ੍ਹਾਈ ਕਰ ਗਏ ਤੇ ਪੂਨੇ 'ਚ ਹੀ ਉਹਨਾਂ ਦਾ ਅੱਜ ਸਸਕਾਰ ਕੀਤਾ ਗਿਆ। ਹੁਣ ਕੁਝ ਦਿਨਾਂ ਬਾਅਦ ਪਰਿਵਾਰ ਅੰਮ੍ਰਿਤਸਰ ਆਏਗਾ ਅਤੇ ਅਰਦਾਸ ਸਮਾਗਮ ਕਰਵਾਇਆ ਜਾਏਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੰਕਲ (ਨਿਰਮਲ ਸਿੰਘ ਜੀ) ਨਾਲ ਮੇਰਾ ਬੜਾ ਪਿਆਰ ਸੀ, ਮੈਂ ਉਹਨਾਂ ਕੋਲ ਕਿਤਾਬਾਂ ਟਾਈਪਿੰਗ ਦਾ ਕੰਮ ਕਰਵਾਉਂਦਾ ਹੁੰਦਾ ਸੀ ਤੇ ਉਹ ਸਾਡੀ ਜਥੇਬੰਦੀ ਦੀਆਂ ਖ਼ਬਰਾਂ ਵੀ ਬੜੀ ਅਹਿਮੀਅਤ ਨਾਲ ਛਾਪਦੇ ਸਨ। ਉਹ ਸਾਡੇ ਘਰ ਦੇ ਨੇੜੇ ਹੀ ਰਹਿੰਦੇ ਸਨ। ਉਹਨਾਂ ਦਾ ਵਿਛੋੜਾ ਸਾਡੇ ਲਈ ਅਸਹਿ ਹੈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਅੰਕਲ ਜੀ ਦੇ ਬੋਲ ਮੈਨੂੰ ਹਮੇਸ਼ਾਂ ਯਾਦ ਰਹਿਣਗੇ "ਜਿਹੜਾ ਵੀ ਕੰਮ ਕਰਨਾ ਜੋਸ਼ ਦੇ ਨਾਲ ਹੋਸ਼ ਵਿੱਚ ਰਹਿ ਕੇ ਕਰਨਾ।" ਜ਼ਿਕਰਯੋਗ ਹੈ ਕਿ ਭਾਈ ਨਿਰਮਲ ਸਿੰਘ ਚੌਹਾਨ ਲੰਬੇ ਸਮੇਂ ਤੋਂ ਅਕਾਲੀ ਪੱਤ੍ਰਿਕਾ ਅਖ਼ਬਾਰ ਵਿੱਚ ਸ੍ਰੀ ਅੰਮ੍ਰਿਤਸਰ ਤੋਂ ਪੱਤਰਕਾਰੀ ਕਰਦੇ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.