ਜਾਤੀਸੂਚਕ ਸ਼ਬਦ ਮਾਮਲਾ 'ਚ ਰਵਨੀਤ ਬਿੱਟੂ ਨਿਜੀ ਤੌਰ 'ਤੇ ਨਹੀਂ ਹੋਇਆ ਪੇਸ਼ ਅਗਲੀ ਸੁਣਵਾਈ 24 ਜੂਨ ਨੂੰ : ਐਸਸੀ ਕਮਿਸ਼ਨ
- ਰਾਜਨੀਤੀ
- 15 Jun, 2026 03:53 PM (Asia/Kolkata)
ਐਸਪੀ ਰਾਜੇਸ਼ ਛਿੱਬਰ ਤੋਂ ਐਸਸੀ ਕਮਿਸ਼ਨ ਨੇ ਮਾਮਲੇ 'ਚ ਹੁਣ ਤੱਕ ਹੋਈ ਕਾਨੂੰਨੀ ਕਾਰਵਾਈ ਬਾਰੇ ਲਈ ਜਾਣਕਾਰੀ..
ਕੇਂਦਰੀ ਮੰਤਰੀ ਅਹਿਮ ਮੀਟਿੰਗਾਂ ਚ ਰੁਝੇ ਹੋਣ ਕਾਰਨ ਨਿੱਜੀ ਤੌਰ 'ਤੇ ਨਹੀਂ ਹੋ ਸਕਿਆ ਪੇਸ਼ ਦਿੱਤਾ ਜਾਵੇ ਹੋਰ ਸਮਾਂ : ਵਕੀਲ
ਚੰਡੀਗੜ੍ਹ 15 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਜਾਤੀਸੂਚਕ ਸ਼ਬਦਾਂ ਦੇ ਇਸਤੇਮਾਲ ਨਾਲ ਜੁੜੇ ਮਾਮਲੇ ਦੀ ਹੋਈ ਸੁਣਵਾਈ ਦੌਰਾਨ ਅਗਲੀ ਸੁਣਵਾਈ 24 ਜੂਨ 2026 ਨੂੰ ਸਵੇਰੇ 11 ਵਜੇ ਲਈ ਨਿਰਧਾਰਤ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਕਮਿਸ਼ਨ ਨੇ ਇਸ ਮਾਮਲੇ ਦਾ ਸੁਓ ਮੋਟੋ ਨੋਟਿਸ ਲਿਆ ਸੀ ਅਤੇ ਪਹਿਲੀ ਸੁਣਵਾਈ 4 ਜੂਨ 2026 ਨੂੰ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਸੁਣਵਾਈ ਦੌਰਾਨ ਰਵਨੀਤ ਬਿੱਟੂ ਖੁਦ ਹਾਜ਼ਰ ਨਹੀਂ ਹੋਏ ਸਨ। ਉਨ੍ਹਾਂ ਦੀ ਥਾਂ ਵਕੀਲ ਕਮਿਸ਼ਨ ਅੱਗੇ ਪੇਸ਼ ਹੋਏ ਸਨ ਅਤੇ ਪੱਖ ਰੱਖਣ ਲਈ ਹੋਰ ਸਮੇਂ ਦੀ ਮੰਗ ਕੀਤੀ ਗਈ ਸੀ। ਅੱਜ ਹੋਈ ਸੁਣਵਾਈ ਦੌਰਾਨ ਵੀ ਰਵਨੀਤ ਬਿੱਟੂ ਨਿੱਜੀ ਤੌਰ 'ਤੇ ਹਾਜ਼ਰ ਨਹੀਂ ਹੋਏ। ਉਨ੍ਹਾਂ ਦੇ ਵਕੀਲ ਵੱਲੋਂ ਕਮਿਸ਼ਨ ਅੱਗੇ ਇੱਕ ਪੱਤਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਕੇਂਦਰੀ ਮੰਤਰੀ ਅਹਿਮ ਮੀਟਿੰਗਾਂ ਵਿੱਚ ਵਿਅਸਤ ਹੋਣ ਕਾਰਨ ਪੇਸ਼ ਨਹੀਂ ਹੋ ਸਕੇ ਅਤੇ ਹੋਰ ਸਮਾਂ ਦਿੱਤਾ ਜਾਵੇ। ਸੁਣਵਾਈ ਦੌਰਾਨ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ। ਜਸਵੀਰ ਗੜ੍ਹੀ ਮੁਤਾਬਕ ਐਸਪੀ ਰਾਜੇਸ਼ ਛਿੱਬਰ ਤੋਂ ਮਾਮਲੇ ਵਿੱਚ ਹੁਣ ਤੱਕ ਹੋਈ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਲਈ ਗਈ। ਇਸ 'ਤੇ ਪੁਲਿਸ ਅਧਿਕਾਰੀਆਂ ਨੇ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕਮਿਸ਼ਨ ਨੇ ਪੁਲਿਸ ਨੂੰ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਹਨ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਮਿਸ਼ਨ ਅੱਗੇ ਇਹ ਇਤਰਾਜ਼ ਵੀ ਦਰਜ ਕਰਵਾਇਆ ਗਿਆ ਕਿ ਪੇਸ਼ ਕੀਤਾ ਗਿਆ ਪੱਤਰ ਅਧਿਕਾਰਕ ਰੂਪ ਵਿੱਚ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਸੰਬੰਧਿਤ ਪੱਖ ਆਪਣਾ ਜਵਾਬ ਦੇਣਾ ਨਹੀਂ ਚਾਹੁੰਦਾ ਤਾਂ ਕਮਿਸ਼ਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਂਕਿ, ਕਮਿਸ਼ਨ ਨੇ ਰਵਨੀਤ ਬਿੱਟੂ ਨੂੰ ਆਪਣਾ ਪੱਖ ਰੱਖਣ ਲਈ ਇੱਕ ਆਖਰੀ ਮੌਕਾ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 24 ਜੂਨ 2026 ਨੂੰ ਸਵੇਰੇ 11 ਵਜੇ ਲਈ ਤੈਅ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ 24 ਜੂਨ ਹੋਣ ਵਾਲੀ ਸੁਣਵਾਈ ਦਾ ਛਿੱਟਾ ਕੀ ਨਿਕਲੇਗਾ।ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਐਸਸੀ ਕਮਿਸ਼ਨ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ 'ਤੇ ਰਵਨੀਤ ਬਿੱਟੂ ਵਿਰੁੱਧ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦਾ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ਾਂ ਵਿੱਚ ਵੱਡੇ ਪੱਧਰ 'ਤੇ ਚਰਚਾ ਬਣੀ ਹੋਈ ਹੈ।
Leave a Reply