ਜਥੇਦਾਰਾਂ ਖ਼ਿਲਾਫ਼ ਨੀਚ ਭਾਸ਼ਾ ਵਰਤਣ ਵਾਲੇ ਹੰਕਾਰੇ ਵਲਟੋਹੇ ਨੂੰ ਮਾਫ਼ੀ ਨਹੀਂ ਮਿਲਣੀ ਚਾਹੀਦੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਜਥੇਦਾਰਾਂ ਖ਼ਿਲਾਫ਼ ਨੀਚ ਭਾਸ਼ਾ ਵਰਤਣ ਵਾਲੇ ਹੰਕਾਰੇ ਵਲਟੋਹੇ ਨੂੰ ਮਾਫ਼ੀ ਨਹੀਂ ਮਿਲਣੀ ਚਾਹੀਦੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 30 ਮਈ , ਨਜ਼ਰਾਨਾ ਟਾਈਮਜ ਬਿਊਰੋ

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਬਾਰੇ ਅਤਿ ਨੀਚ ਦਰਜੇ ਦੀ ਮੰਦੀ ਅਤੇ ਹਲਕੀ ਭਾਸ਼ਾ ਵਰਤਣ ਵਾਲੇ ਵਿਰਸਾ ਸਿੰਘ ਵਲਟੋਹੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਗਿਜ਼ ਮਾਫ਼ੀ ਨਹੀਂ ਮਿਲਣੀ ਚਾਹੀਦੀ। ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਹੁਕਮ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚੋਂ 10 ਸਾਲ ਲਈ ਕਢਵਾਇਆ ਗਿਆ ਸੀ ਉਹ ਫੈਸਲਾ 10 ਸਾਲਾਂ ਤਕ ਜਿਉਂ ਦਾ ਤਿਉਂ ਕਾਇਮ ਰਹਿਣਾ ਚਾਹੀਦਾ ਹੈ ਤੇ 10 ਸਾਲਾਂ ਬਾਅਦ ਹੀ ਇਸ ਫੈਸਲੇ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਅਗਾਂਹ ਇਸ ਨੂੰ ਕਿਸੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ ਜਾਂ ਨਹੀਂ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਦਲ ਦਲ ਦੇ ਦਬਾਅ ਹੇਠ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਵਿਚਾਰ ਕੇ ਉਸ ਨੂੰ ਮਾਫ਼ ਕਰ ਦਿੰਦੇ ਹਨ ਤਾਂ ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ, ਸ਼ਾਨ ਅਤੇ ਆਜ਼ਾਦ ਹੋਂਦ ਹਸਤੀ ਨੂੰ ਵੱਡੀ ਸੱਟ ਵੱਜੇਗੀ ਤੇ ਸੰਗਤਾਂ ਦੀਆਂ ਭਾਵਨਾਵਾਂ ਵੀ ਵਲੂੰਧਰੀਆਂ ਜਾਣਗੀਆਂ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤਾਂ ਹੁਣ ਵੀ ਜਥੇਦਾਰਾਂ ਬਾਰੇ ਬਕਵਾਸ ਕਰਨ ਤੋਂ ਬਾਜ ਨਹੀ ਆ ਰਿਹਾ, ਉਸ ਦਾ ਹੰਕਾਰ ਸੱਤਵੇਂ ਅਸਮਾਨ 'ਤੇ ਹੈ, ਉਹ ਤਖਤਾਂ ਦੇ ਜਥੇਦਾਰਾਂ ਨੂੰ ਬਾਦਲ ਦਲ ਦੇ ਨੌਕਰ ਅਤੇ ਤਨਖਾਹਦਾਰ ਮੁਲਾਜ਼ਮ ਹੀ ਸਮਝਦਾ ਹੈ, ਉਸਨੂੰ ਅਜੇ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈ ਤੇ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਰਾਹਤ ਭਾਲ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਵਰਗਿਆਂ ਨੇ ਪੰਥ ਦੀ ਮਹਾਨ ਜਥੇਬੰਦੀਆਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਰੋਲ ਦਿੱਤਾ ਤੇ ਇਹ ਤਖਤਾਂ ਦੇ ਜਥੇਦਾਰਾਂ ਨੂੰ ਕੱਖ ਨਹੀਂ ਸਮਝਦੇ। ਉਹਨਾ ਕਿਹਾ ਕਿ ਤਿੰਨਾਂ ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਕੇ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਬਦਲਾ ਲਿਆ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹਨਾਂ ਨੇ ਖੁੱਲ੍ਹ ਕੇ ਵੰਗਾਰਿਆ ਹੈ ਜੋ ਗ਼ੁਨਾਹ ਬਖਸ਼ਣਯੋਗ ਨਹੀਂ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਜੇ ਵਲਟੋਹੇ ਦੇ ਫੈਸਲੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਬਦੀਲੀ ਕੀਤੀ ਤਾਂ ਉਹਨਾਂ ਨੂੰ ਸਿੱਖ ਸੰਗਤਾਂ ਦੇ ਰੋਹ ਅਤੇ ਰੋਸ ਦਾ ਸ਼ਿਕਾਰ ਹੋਣਾ ਪਵੇਗਾ।