ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਪ੍ਰਬੰਧ ਹੋਣ ਕਰੜੇ — ਭਾਈ ਸੁਖਜੀਤ ਸਿੰਘ ਖੋਸੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਪ੍ਰਬੰਧ ਹੋਣ ਕਰੜੇ — ਭਾਈ ਸੁਖਜੀਤ ਸਿੰਘ ਖੋਸੇ

ਜਲੰਧਰ, ਅਮਰਜੀਤ ਸਿੰਘ ਭਾਨਾ
ਸਿੱਖ ਕੌਮ ਦੇ ਸਰਵੋਚ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਖ-ਵੱਖ ਥਾਵਾਂ ‘ਤੇ ਵਾਰ-ਵਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਸਮਾਜ ਸੇਵੀ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਇਹ ਘਟਨਾਵਾਂ ਸਿਰਫ਼ ਸਿੱਖ ਕੌਮ ਹੀ ਨਹੀਂ ਸਗੋਂ ਸਮੂਹ ਇਨਸਾਨੀਅਤ ਲਈ ਵੀ ਬਹੁਤ ਦੁਖਦਾਈ ਅਤੇ ਚਿੰਤਾਜਨਕ ਹਨ।
ਉਨ੍ਹਾਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਇਹ ਮੰਦਭਾਗੀਆਂ ਘਟਨਾਵਾਂ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕੀ ਢਾਂਚੇ ਦੀ ਅਣਗਹਿਲੀ ਨੂੰ ਦਰਸਾਉਂਦੀਆਂ ਹਨ। ਕਈ ਮਾਮਲਿਆਂ ਵਿੱਚ ਵੇਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਵਿੱਚ ਪੱਕੀ ਨਿਗਰਾਨੀ ਅਤੇ ਜ਼ਿੰਮੇਵਾਰ ਸੇਵਾਦਾਰਾਂ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਨੂੰ ਮੌਕਾ ਮਿਲ ਜਾਂਦਾ ਹੈ।
ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਜੇ ਗੁਰੂ ਘਰਾਂ ਵਿੱਚ ਪੱਕੇ ਤੌਰ ‘ਤੇ ਸੇਵਾਦਾਰ ਜਾਂ ਪਹਿਰੇਦਾਰ ਤਾਇਨਾਤ ਕੀਤੇ ਜਾਣ ਅਤੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਐਸੀਆਂ ਮੰਦਭਾਗੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਜਦਕਿ ਅਸਲ ਦੋਸ਼ੀ ਅਕਸਰ ਭੀੜ ਵਿੱਚੋਂ ਤਮਾਸ਼ਬੀਨ ਬਣ ਕੇ ਮਾਮਲੇ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਗੁਰੂ ਘਰਾਂ ਦੀ ਸੁਰੱਖਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਯਕੀਨੀ ਬਣਾਉਣ ਲਈ ਕੜੇ ਅਤੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੇ ਕਦਮ ਚੁੱਕੇ ਜਾਣ। ਐੱਸ ਐੱਸ ਪੀ ਨੂੰ ਮੰਗ ਪੱਤਰ ਸੌਂਪਿਆ ਗਿਆ । 
ਬਾਬਾ ਹਰੀਸ਼ ਸਿੰਘ , ਬਾਬਾ ਮੋਹਣ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਮਨਜੀਤ,ਜੋਰਾਵਰ ਸਿੰਘ,ਅਜੈਬ ਸਿੰਘ , ਮਨਵੀਰ ਸਿੰਘ, ਅਮਰੀਕ ਸਿੰਘ ਤੇ ਸਿੱਖ ਜਥੇਬੰਦੀਆ ਦੇ ਆਗੂ ਹਾਜ਼ਰ ਸਨ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.