ਡਾ. ਸਰਬਜਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਮਰਸ਼ੀਅਲ ਆਰ.ਓ. ਦਾ ਉਦਘਾਟਨ

ਡਾ. ਸਰਬਜਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਮਰਸ਼ੀਅਲ ਆਰ.ਓ. ਦਾ ਉਦਘਾਟਨ

ਟਾਂਗਰਾ - ਸੁਰਜੀਤ ਸਿੰਘ ਖਾਲਸਾ ‌ ‌
 

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਪ੍ਰੋ. (ਡਾ.) ਐਸ.ਪੀ. ਓਬਰਾਏ ਜੀ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਦੀ ਭਲਾਈ ਲਈ ਇੱਕ ਕਮਰਸ਼ੀਅਲ ਆਰ.ਓ. ਸਿਸਟਮ ਲਗਾਇਆ ਗਿਆ, ਜਿਸ ਦਾ ਉਦਘਾਟਨ ਅੱਜ ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਆਨੰਦਪੁਰ ਸਾਹਿਬ ਦੇ ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਜੀ ਵੱਲੋਂ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਦੀ ਅਗਵਾਈ ਵਿੱਚ ਕੀਤਾ ਗਿਆ।
ਉਦਘਾਟਨ ਸਮਾਗਮ ਦੌਰਾਨ ਡਾ. ਸਰਬਜਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੇ ਵਿਦਿਆਰਥੀ ਜੀਵਨ ਦੇ ਤਜਰਬੇ, ਸੰਘਰਸ਼ ਅਤੇ ਉਪਲਬਧੀਆਂ ਸਾਂਝੀਆਂ ਕੀਤੀਆਂ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਜੀਵਨ ਮਨੁੱਖੀ ਸ਼ਖਸੀਅਤ ਦੇ ਨਿਰਮਾਣ ਦਾ ਸਭ ਤੋਂ ਮਹੱਤਵਪੂਰਨ ਦੌਰ ਹੁੰਦਾ ਹੈ ਅਤੇ ਇਸ ਸਮੇਂ ਨੂੰ ਸਹੀ ਦਿਸ਼ਾ ਵਿੱਚ ਲਗਾ ਕੇ ਹੀ ਉੱਚੀਆਂ ਮੰਜਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਲਗਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦੀ ਮਹੱਤਤਾ ਬਾਰੇ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਵੀ ਬਹੁਤ ਜ਼ਰੂਰੀ ਹੈ।
ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਾਇਆ ਗਿਆ ਇਹ ਕਮਰਸ਼ੀਅਲ ਆਰ.ਓ. ਸਿਸਟਮ ਵਿਦਿਆਰਥੀਆਂ ਲਈ ਸਾਫ਼ ਅਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰੇਗਾ, ਜੋ ਕਿ ਸਿਹਤਮੰਦ ਵਾਤਾਵਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਹਨਾਂ ਨੇ ਕਿਹਾ ਕਿ ਪ੍ਰੋਫੈਸਰ (ਡਾ.)ਐਸਪੀ ਓਬਰਾਏ ਜੀ ਅਤੇ ਡਾ਼. ਸਰਬਜਿੰਦਰ ਸਿੰਘ ਜੀ ਦਾ ਇਸ ਉਪਰਾਲੇ ਸ਼ਲਾਘਾਯੋਗ ਹੈl ਅਜਿਹੀਆਂ ਪ੍ਰੇਰਣਾਦਾਇਕ ਸ਼ਖਸੀਅਤਾਂ ਦਾ ਕਾਲਜ ਵਿੱਚ ਆਉਣਾ ਅਤੇ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਅੱਗੇ ਵਧਣ ਅਤੇ ਜੀਵਨ ਨੂੰ ਸੁਚਾਰੂ ਢੰਗ ਨਾਲ ਜਿਉਣ ਲਈ ਨਵੀਂ ਪ੍ਰੇਰਣਾ ਮਿਲਦੀ ਹੈ। ਡਾ. ਸਰਬਜਿੰਦਰ ਸਿੰਘ ਜੀ ਵੱਲੋਂ ਭਵਿੱਖ ਵਿੱਚ ਵੀ ਕਾਲਜ ਤਰੱਕੀ ਲਈ ਮਦਦ ਕਰਨ ਦਾ ਵਿਸ਼ਵਾਸ ਦਵਾਇਆ ਗਿਆl 
ਇਸ ਮੌਕੇ ਸਠਿਆਲਾ ਤੋਂ ਸ. ਭੁਪਿੰਦਰ ਸਿੰਘ ਬੱਲ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਸ਼ੋਭਾ ਵਧਾਈ। ਮੰਚ ਸੰਚਾਲਨ ਅੰਗਰੇਜ਼ੀ ਵਿਭਾਗ ਤੋਂ ਕਰਮਬੀਰ ਸਿੰਘ ਦੁਆਰਾ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਧੰਨਵਾਦ ਕਰਦਿਆ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਸੰਕਲਪ ਪ੍ਰਗਟ ਕੀਤਾ ਗਿਆ l ਇਸ ਮੌਕੇ ਡਾ. ਆਰ.ਐਸ ਅਟਵਾਲ ਡਾਇਰੈਕਟਰ ਸਿਹਤ ਸੇਵਾਵਾਂ, ਸ. ਸੁਖਜਿੰਦਰ ਸਿੰਘ ਪ੍ਰਧਾਨ, ਸ. ਸੁਖਦੀਪ ਸਿੰਘ,ਸ. ਸ਼ਿਸ਼ਪਾਲ ਸਿੰਘ, ਸ. ਮਨਪ੍ਰੀਤ ਸਿੰਘ ਸੰਧੂ ਤੇ ਕਾਲਜ ਸਟਾਫ ਵੱਲੋਂ ਵਿਸ਼ੇਸ਼ ਭੂਮੀਕਾ ਨਿਭਾਈ ਗਈ l

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.