ਗਿਆਨੀ ਰਘਬੀਰ ਸਿੰਘ ਦੇ ਬਗਾਵਤੀ ਸੁਰ — ਪੰਥਕ ਪੁਨਰ-ਉਥਾਨ ਜਾਂ ਸਿਰਫ਼ ਸਿਆਸੀ ਪੈਂਤੜੇਬਾਜ਼ੀ?

ਗਿਆਨੀ ਰਘਬੀਰ ਸਿੰਘ ਦੇ ਬਗਾਵਤੀ ਸੁਰ — ਪੰਥਕ ਪੁਨਰ-ਉਥਾਨ ਜਾਂ ਸਿਰਫ਼ ਸਿਆਸੀ ਪੈਂਤੜੇਬਾਜ਼ੀ?

ਪੰਥਕ ਸਿਆਸਤ ਦੇ ਇਤਿਹਾਸ ਵਿੱਚ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਕੋਈ ਸ਼ਖ਼ਸੀਅਤ ਸੱਤਾ ਦੇ ਗਲਿਆਰਿਆਂ ਤੋਂ ਦੂਰ ਹੁੰਦੀ ਹੈ, ਤਾਂ ਉਸ ਦੀ ਜ਼ਮੀਰ ਅਚਾਨਕ ਜਾਗ ਪੈਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਜਲੰਧਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਇਸੇ ਲੜੀ ਦਾ ਇੱਕ ਹਿੱਸਾ ਜਾਪਦੀ ਹੈ। ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ 'ਤੇ ਲਾਏ ਗਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੇ ਸਿੱਖ ਜਗਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਆਪਣੇ ਅਤੀਤ ਅਤੇ ਨੈਤਿਕਤਾ 'ਤੇ ਵੀ ਵੱਡੇ ਸਵਾਲੀਆ ਚਿੰਨ੍ਹ ਲੱਗ ਗਏ ਹਨ।
 

ਰਘਬੀਰ ਸਿੰਘ ਵਲੋਂ ਭ੍ਰਿਸ਼ਟਾਚਾਰ ਦੇ ਗੰਭੀਰ ਖੁਲਾਸੇ: ਸ਼੍ਰੋਮਣੀ ਕਮੇਟੀ ਦੇ ਨਿਘਾਰ ਦੀ ਦਾਸਤਾਨ?
 

​ਗਿਆਨੀ ਰਘਬੀਰ ਸਿੰਘ ਨੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੇ ਕਰੋੜਾਂ ਦੇ ਘਪਲੇ, ਅਖੰਡ ਪਾਠਾਂ ਲਈ 5-5 ਲੱਖ ਦੀ ਭੇਟਾ ਦੀ ਮੰਗ ਅਤੇ ਗੁਰੂ ਘਰ ਦੀਆਂ ਜ਼ਮੀਨਾਂ ਦੀ ਬੁਰਛਾਗਰਦੀ ਵਰਗੇ ਜੋ ਖੁਲਾਸੇ ਕੀਤੇ ਹਨ, ਉਹ ਕਿਸੇ ਵੀ ਸਿੱਖ ਦਾ ਹਿਰਦਾ ਵਲੂੰਧਰਨ ਲਈ ਕਾਫ਼ੀ ਹਨ। ਸਭ ਤੋਂ ਵੱਡਾ ਗੁਨਾਹ 328 ਪਾਵਨ ਸਰੂਪਾਂ ਦਾ ਲਾਪਤਾ ਹੋਣਾ ਹੈ। ਇਹ ਇਲਜ਼ਾਮ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਦੀ ਉੱਚ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਵੱਲੋਂ ਭ੍ਰਿਸ਼ਟ ਕਰਮਚਾਰੀਆਂ ਦੀ ਦਿੱਤੀ ਜਾ ਰਹੀ ਪੁਸ਼ਤਪਨਾਹੀ ਵੱਲ ਇਸ਼ਾਰਾ ਕਰਦੇ ਹਨ। ਜੇਕਰ ਇੱਕ ਮੁੱਖ ਗ੍ਰੰਥੀ ਪੱਧਰ ਦਾ ਵਿਅਕਤੀ ਇਹ ਗੱਲਾਂ ਕਹਿ ਰਿਹਾ ਹੈ, ਤਾਂ ਸਪੱਸ਼ਟ ਹੈ ਕਿ ਪ੍ਰਬੰਧਕੀ ਢਾਂਚਾ ਅੰਦਰੋਂ ਪੂਰੀ ਤਰ੍ਹਾਂ ਖੋਖਲਾ ਹੋ ਚੁੱਕਾ ਹੈ।
 

​ਗਿਆਨੀ ਰਘਬੀਰ ਸਿੰਘ ਦਾ ਦੋਹਰਾ ਕਿਰਦਾਰ
 

​ਜਿੱਥੇ ਗਿਆਨੀ ਜੀ ਦੇ ਖੁਲਾਸੇ ਮਹੱਤਵਪੂਰਨ ਹਨ, ਉੱਥੇ ਹੀ ਪੰਥਕ ਦਰਦੀਆਂ ਵੱਲੋਂ ਉਨ੍ਹਾਂ 'ਤੇ ਲਾਏ ਗਏ "ਲਾਲਚੀ" ਅਤੇ "ਗੈਰ-ਸਿਧਾਂਤਕ" ਹੋਣ ਦੇ ਇਲਜ਼ਾਮ ਵੀ ਅੱਖੋਂ-ਪਰੋਖੇ ਨਹੀਂ ਕੀਤੇ ਜਾ ਸਕਦੇ।
​ ਇਲਜ਼ਾਮ ਹੈ ਕਿ ਉਨ੍ਹਾਂ ਨੇ ਜਥੇਦਾਰੀ ਨਾਲੋਂ ਹੈੱਡ ਗ੍ਰੰਥੀ ਰਹਿਣ ਨੂੰ ਇਸ ਲਈ ਤਰਜੀਹ ਦਿੱਤੀ ਕਿਉਂਕਿ ਸੰਗਤ ਵੱਲੋਂ ਮਿਲਣ ਵਾਲੇ "ਨੋਟਾਂ ਦੇ ਲਿਫਾਫੇ" ਉਨ੍ਹਾਂ ਦੀ ਨਿੱਜੀ ਜੇਬ ਵਿੱਚ ਜਾਂਦੇ ਸਨ, ਜੋ ਉਨ੍ਹਾਂ ਨੇ ਕਦੇ ਸੰਸਥਾ ਦੇ ਖਾਤੇ ਵਿੱਚ ਜਮਾਂ ਨਹੀਂ ਕਰਵਾਏ।
ਜਦੋਂ ਭਾਈ ਹਰਸਿਮਰਨ ਸਿੰਘ, ਪਰਮਿੰਦਰ ਪਾਲ ਸਿੰਘ ਖਾਲਸਾ ਅਤੇ ਇਸ ਲੇਖਕ ਨੇ ਅਕਾਲੀ ਦਲ ਦੇ ਪੁਨਰ-ਗਠਨ ਅਤੇ ਸਰਬੱਤ ਖਾਲਸਾ ਬੁਲਾਉਣ ਦੀ ਲਿਖਤੀ ਅਪੀਲ ਕੀਤੀ ਸੀ, ਉਦੋਂ ਗਿਆਨੀ ਰਘਬੀਰ ਸਿੰਘ ਨੇ ਕੇਵਲ ਪੰਜ ਬੁੱਧੀਜੀਵੀਆਂ ਦੀ ਮੀਟਿੰਗ ਬੁਲਾ ਕੇ ਖ਼ਾਨਾਪੂਰਤੀ ਕਿਉਂ ਕੀਤੀ?
ਹੁਣ ਕਿਸ ਕਾਰਣ ਜਥੇਦਾਰ ਰਘਬੀਰ ਸਿੰਘ ਸਰਬਤ ਖਾਲਸਾ ਬੁਲਾਉਣਾ ਚਾਹੁੰਦੇ ਨੇ।ਕੀ ਉਨ੍ਹਾਂ ਦੇ ਜਥੇਦਾਰੀ ਖ਼ਤਰੇ ਵਿਚ ਪੈ ਰਹੀ ਹੈ?
 

​ਬਾਦਲ ਪਰਿਵਾਰ ਨਾਲ ਸਾਂਝ: 
 

ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਨੂੰ ਖਾਰਜ ਕੀਤਾ ਗਿਆ ਅਤੇ ਬਾਦਲਕਿਆਂ ਦੇ ਦਬਾਅ ਹੇਠ ਅਕਾਲ ਤਖ਼ਤ ਵਲੋਂ ਅਕਾਲੀ ਦਲ ਦੀ ਪੁਨਰ ਸਿਰਜਣਾ ਲਈ ਬਣਾਈ ਕਮੇਟੀ ਵਿਚੋਂ ਹੋਰ ਮੈਂਬਰ ਅਸਤੀਫੇ ਦੇ ਗਏ, ਉਦੋਂ ਗਿਆਨੀ ਰਘਬੀਰ ਸਿੰਘ ਦੀ ਚੁੱਪ ਕੀ ਸਾਬਿਤ ਕਰਦੀ ਸੀ? ਕੀ ਉਹ ਉਸ ਵੇਲੇ ਬਾਦਲਕਿਆਂ ਨੂੰ ਖੁਸ਼ ਕਰਕੇ ਆਪਣੀ ਕੁਰਸੀ ਨਹੀਂ ਬਚਾ ਰਹੇ ਸਨ?
 

'ਦੋ ਬੇੜੀਆਂ ਦਾ ਸਵਾਰ' ਅਤੇ ਨੈਤਿਕ ਪਤਨ
 

​ਕਿਹਾ ਜਾਂਦਾ ਹੈ ਕਿ ਦੋ ਬੇੜੀਆਂ 'ਤੇ ਸਵਾਰ ਮਲਾਹ ਹਮੇਸ਼ਾ ਡੁੱਬਦਾ ਹੈ। ਗਿਆਨੀ ਰਘਬੀਰ ਸਿੰਘ ਇੱਕ ਪਾਸੇ ਪੰਥ ਨੂੰ ਮਿੱਠੀਆਂ ਗੋਲੀਆਂ ਦਿੰਦੇ ਰਹੇ ਅਤੇ ਦੂਜੇ ਪਾਸੇ ਬਾਦਲ ਪਰਿਵਾਰ ਦੇ ਗੁਨਾਹਾਂ 'ਤੇ ਮਿੱਟੀ ਪਾਉਂਦੇ ਰਹੇ। ਅੱਜ ਜਦੋਂ ਉਹ ਖੁਦ ਉਸੇ "ਸੜਾਂਦ" ਨਾਲ ਲਿਬੜੇ ਮਹਿਸੂਸ ਕਰ ਰਹੇ ਹਨ, ਤਾਂ ਉਨ੍ਹਾਂ ਵੱਲੋਂ ਕੀਤੀ ਗਈ ਬਗਾਵਤ 'ਤੇ ਸੰਗਤ ਨੂੰ ਪੂਰਾ ਭਰੋਸਾ ਨਹੀਂ ਹੋ ਰਿਹਾ। ਜਥੇਦਾਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹਿਣ ਤੋਂ ਬਾਅਦ, ਹੁਣ ਸੇਵਾ ਮੁਕਤੀ ਮੌਕੇ ਦਿੱਤੇ ਗਏ ਬਿਆਨ ਕੇਵਲ ਆਪਣੀ ਖੁੱਸੀ ਹੋਈ ਸਾਖ ਨੂੰ ਬਚਾਉਣ ਦਾ ਇੱਕ ਹਰਬਾ ਜਾਪਦੇ ਹਨ।
 

​ਕੌਮੀ ਹਿੱਤ ਬਨਾਮ ਨਿੱਜੀ ਮੁਫ਼ਾਦ
 

​ਗਿਆਨੀ ਰਘਬੀਰ ਸਿੰਘ ਨੇ ਹੁਣ ਸਮੂਹ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਅਤੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਬਾਦਲ ਪਰਿਵਾਰ ਵਿਰੁੱਧ ਸੱਚਾਈ ਦੇ ਤੱਥ ਉਘੇੜੇ ਹਨ, ਪਰ ਵੱਡਾ ਸਵਾਲ ਇਹੀ ਹੈ ਕਿ — ਜਦੋਂ ਜਥੇਦਾਰੀ ਉਨ੍ਹਾਂ ਦੇ ਹੱਥ ਵਿੱਚ ਸੀ, ਉਦੋਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਪੰਥ ਅੱਜ ਅਜਿਹੇ ਆਗੂ ਦੀ ਭਾਲ ਵਿੱਚ ਹੈ ਜੋ ਸਿਰਫ਼ ਅਹੁਦੇ ਤੋਂ ਲੱਥ ਕੇ ਸੱਚ ਨਾ ਬੋਲੇ, ਸਗੋਂ ਅਹੁਦੇ 'ਤੇ ਰਹਿ ਕੇ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦੇਵੇ।
​ਗੁਰਬਾਣੀ ਦਾ ਮਹਾਂਵਾਕ ਹੈ — "ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ"। ਗਿਆਨੀ ਰਘਬੀਰ ਸਿੰਘ ਦਾ ਹਾਲ ਅੱਜ ਉਸੇ ਰਾਹੀ ਵਰਗਾ ਹੈ ਜੋ ਅੱਧਵਾਟੇ ਆਪਣੀ ਗਲਤੀ ਦਾ ਅਹਿਸਾਸ ਤਾਂ ਕਰ ਰਿਹਾ ਹੈ, ਪਰ ਉਸ ਦੇ ਦਾਮਨ 'ਤੇ ਲੱਗੇ ਦਾਗ ਸਾਫ਼ ਹੋਣੇ ਮੁਸ਼ਕਿਲ ਹਨ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਦੋਸ਼ੀ ਲੀਡਰਸ਼ਿਪ ਤੋਂ ਮੁਕਤ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ, ਪਰ ਇਹ ਕਾਰਜ ਉਨ੍ਹਾਂ ਲੋਕਾਂ ਰਾਹੀਂ ਨੇਪਰੇ ਚੜ੍ਹਨਾ ਔਖਾ ਹੈ ਜੋ ਖੁਦ ਉਸੇ ਭ੍ਰਿਸ਼ਟ ਸਿਸਟਮ ਦਾ ਲੰਬਾ ਸਮਾਂ ਹਿੱਸਾ ਰਹੇ ਹੋਣ। ਸਿੱਖ ਸੰਗਤ ਨੂੰ ਹੁਣ ਜਾਗਰੂਕ ਹੋ ਕੇ ਨਵੀਂ ਅਤੇ ਨਿਰਪੱਖ ਲੀਡਰਸ਼ਿਪ ਦੀ ਚੋਣ ਕਰਨੀ ਪਵੇਗੀ, ਜੋ ਕਿਸੇ ਪਰਿਵਾਰ ਦੀ ਬਜਾਏ ਕੇਵਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਜਵਾਬਦੇਹ ਹੋਵੇ।ਇਹ ਇਲਜ਼ਾਮ ਨਾ ਸਿਰਫ਼ ਬਾਦਲ ਪਰਿਵਾਰ ਉੱਤੇ ਹਨ, ਬਲਕਿ ਪੂਰੇ ਸਿਸਟਮ ਉੱਤੇ ਇੱਕ ਚਿੰਨ੍ਹ ਹਨ ਜੋ ਸਿੱਖ ਪੰਥ ਨੂੰ ਸਵੈ-ਪ੍ਰੀਖਣ ਲਈ ਮਜਬੂਰ ਕਰਦੇ ਹਨ। ਸਿੱਖ ਜਾਗਿ੍ਤੀ ਲਹਿਰ ਦੀ ਲੋੜ ਹੈ ਜੋ ਕਦੇ ਪ੍ਰੋਫੈਸਰ ਗੁਰਮੁਖ ਸਿੰਘ ,ਗਿਆਨੀ ਦਿੱਤ ਸਿੰਘ ਨੇ ਚਲਾਈ ਸੀ।
 

 ਲੇਖਕ- ਬਲਵਿੰਦਰਪਾਲ ਸਿੰਘ ਪ੍ਰੋਫੈਸਰ 

@highlight 
#sikh #waheguru #punjab #sikhism #follower #khalsa #gurbani #singh #amritsar #sikhi #waheguruji #BMW #meta #gurugobindsinghji #india #gurunanakdevji #followforfollowback #gurugranthsahibji #satnamwaheguru #gurbaniquotes #india #darbarsahib #love #kaur #guru #khalsapanth #sikhs #gurbanitimeline

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.