ਸਤਲੁਜ ਫਿਲਮ ਨੇ ਪੁਲੀਸ ਬੁੱਚੜਖ਼ਾਨਿਆਂ ਦੀ ਯਾਦ ਸਿੱਖਾਂ ਨੂੰ ਤਾਜ਼ਾ ਕਰਵਾਈ

ਸਤਲੁਜ ਫਿਲਮ ਨੇ ਪੁਲੀਸ ਬੁੱਚੜਖ਼ਾਨਿਆਂ ਦੀ ਯਾਦ ਸਿੱਖਾਂ ਨੂੰ ਤਾਜ਼ਾ ਕਰਵਾਈ

10 ਅਕਤੂਬਰ 1987 ਦੇ ਸਵੇਰੇ ਕੋਈ ਦਸ ਕੁ ਵਜੇ ਦਾ ਸਮਾਂ ਸੀ । ਮੈਂ ਅਤੇ ਭਾਜੀ ਲਹਿੰਬਰ ਸਿੰਘ ਨਿੱਝਰ ਜੀ ਹੁਸ਼ਿਆਰਪੁਰ ਜਲੰਧਰ ਸੜਕ ਉੱਤੇ ਨਸਾਰਾਲਾ ਸਟੇਸ਼ਨ ਅੱਡੇ ਉੱਤੇ ਆਪਣੀਆਂ ਦੁਕਾਨਾਂ ਉੱਤੇ ਬੈਠੇ ਸੀ । ਸਾਨੂੰ ਮਿਲਣ ਵਾਲੇ ਕੁੱਝ ਬੰਦੇ ਆਏ ਤੇ ਭਾਜੀ ਕਹਿੰਦੇ ਕਿ ਇਹਨਾਂ ਲਈ ਚਾਹ ਬਣਾ ਲਾ ਨਾਲੇ ਆਪਣੇ ਲਈ ਵੀ । ਚਾਹ ਬਣਾਉਣ ਲਈ ਸਟੋਵ ਅਤੇ ਬਾਕੀ ਸਮਾਨ ਅਸੀਂ ਦੁਕਾਨਾਂ ਉੱਪਰ ਹੀ ਰੱਖਿਆ ਹੋਇਆ ਸੀ । ਦੁਕਾਨਾਂ ਦੇ ਬਾਹਰ ਹੀ ਬਣੀ ਇੱਕ ਜਗ੍ਹਾ ਉੱਤੇ ਮੈਂ ਚਾਹ ਬਣਾਉਣ ਦੀ ਤਿਆਰੀ ਕਰਨ ਹੀ ਲੱਗਾ ਸੀ ਕਿ ਨਸਰਾਲਾ ਸਟੇਸ਼ਨ ਅੱਡੇ ਉੱਤੇ ਬਣਦੇ ਚੌਰਸਤੇ ਵਾਲੀ ਜਗ੍ਹਾ ਤੇ ਸੀ ਆਰ ਪੀ ਐਫ ਦੀ ਗੱਡੀਆਂ ਆ ਕੇ ਰੁਕੀਆਂ । ਮੈਂ ਕਿਹਾ ਭਾਜੀ ਸੀ ਆਰ ਪੀ ਵਾਲੇ ਭਾਈ ਸਿੰਘ ਨੂੰ ਫੜਨ ਆਏ ਲੱਗਦੇ ਹਨ । ਪਰ ਭਾਜੀ ਕਹਿੰਦੇ ਕਿ ਨਿਗਾਹ ਤਾਂ ਸਾਰਿਆਂ ਦੀ ਆਪਣੇ ਵੱਲ ਨੂੰ ਹੈ । 
ਭਾਈ ਇੰਦਰਜੀਤ ਸਿੰਘ ਜੀ ਕੀਰਤਨ ਕਰਦੇ ਅਤੇ ਸਿਖਾਉਂਦੇ ਵੀ ਸਨ ਜੋ ਕਿ ਭਾਈ ਰਾਮ ਸਿੰਘ ਅਣਖੀ ਜੀ ਪਿੰਡ ਉੱਦੇਸੀਆਂ ਨੇੜੇ ਅੱਡਾ ਆਦਮਪੁਰ ਦੇ ਰਹਿਣ ਵਾਲੇ ਸਨ ਅਤੇ ਆਪਣੇ ਜਥੇ ਨਾਲ ਸਟੇਜਾਂ ਉੱਤੋਂ ਸ਼ਹੀਦਾਂ ਸਿੰਘਾਂ ਦੀਆਂ ਅਤੇ ਹੋਰ ਵੀ ਇਤਿਹਾਸਕ ਵਾਰਾਂ ਗਾਉਂਦੇ ਹੁੰਦੇ ਸਨ ਅਤੇ ਪੁਲੀਸ ਉੱਹਨਾਂ ਨੂੰ ਵੀ ਅਤੇ ਉਹਨਾਂ ਦੇ ਰਿਸ਼ਤੇਦਾਰੀ ਵਿੱਚ ਲੱਗਦੇ ਸਾਲਾ ਸਾਹਿਬ ਭਾਈ ਇੰਦਰਜੀਤ ਸਿੰਘ ਨੂੰ ਵੀ ਅਕਸਰ ਹੀ ਫੜ ਕੇ ਲੈ ਜਾਇਆ ਕਰਦੀ ਅਤੇ ਭਾਈ ਇੰਦਰਜੀਤ ਸਿੰਘ ਦੀ ਰਿਹਾਇਸ਼ ਸਾਡੀਆਂ ਦੁਕਾਨਾਂ ਦੇ ਪਿੱਛਲੇ ਪਾਸੇ ਥੋੜੀ ਜਿਹੀ ਹਟਵੀਂ ਹੀ ਸੀ । 
ਖੈਰ ਸਾਨੂੰ ਮਿਲਣ ਵਾਲੇ ਬੰਦੇ ਭਾਜੀ ਦੇ ਕੋਲ ਕੁਰਸੀਆਂ ਉੱਪਰ ਬੈਠੇ ਕੇ ਗੱਲਬਾਤ ਕਰਨ ਲੱਗ ਪਏ ਅਤੇ ਮੈਂ ਚਾਹ ਬਣਾਉਣ ਲੱਗ ਪਿਆ । ਮੈਂ ਧੌਣ ਘੁਮਾ ਕੇ ਪਿੱਛੇ ਵੇਖਣ ਲੱਗਾ ਤਾਂ ਮੇਰੀ ਕੰਨਪਟੀ ਕੋਲ ਇੱਕ ਸੀ ਆਰ ਪੀ ਵਾਲੇ ਨੇ ਰਿਵਾਲਵਰ ਲਗਾਇਆ ਹੋਇਆ ਸੀ ਤੇ ਕਹਿੰਦਾ ਆਪਣੀ ਜਗਾਹ ਤੋਂ ਹਿੱਲਣਾ ਨਹੀਂ । ਜਦੋਂ ਮੈਂ ਆਲੇ ਦੁਆਲੇ ਨਿਗਾਹ ਘੁਮਾਈ ਤਾਂ ਦੁਕਾਨਾਂ ਦੀਆਂ ਛੱਤਾਂ ਉੱਤੇ ਪੂਰੇ ਨਸਰਾਲਾ ਅੱਡੇ ਨੂੰ ਸੀ ਆਰ ਪੀ ਐਫ ਨੇ ਘੇਰਿਆ ਹੋਇਆ ਸੀ ਅਤੇ ਸਾਰਿਆਂ ਨੇ ਬੰਦੂਕਾਂ ਮੇਰੇ ਵੱਲ ਨੂੰ ਸਿੱਧੀਆਂ ਤਾਣੀਆਂ ਹੋਈਆਂ ਸਨ । ਜਿਸ ਨੇ ਮੇਰੀ ਕੰਨਪਟੀ ਤੇ ਰਿਵਾਲਵਰ ਰੱਖਿਆ ਸੀ ਉੱਹ ਕਹਿਦਾ ਤੇਰਾ ਨਾਮ ਹਰਪ੍ਰੀਤ ਸਿੰਘ ਹੀ , ਮੈਂ ਕਿਹਾ ਹਾਂਜੀ , ਕਹਿੰਦਾ ਸਾਡੇ ਨਾਲ ਜਾਣਾ ਪੈਣਾ, ਵੈਸੇ ਉੱਹ ਹਿੰਦੀ ਬੋਲਦੇ ਸਨ , ਮੈਂ ਕਿਹਾ ਠੀਕ ਆ ਜੀ ਤੇ ਸਾਡੇ ਪ੍ਰਾਹੁਣਾ ਸਾਹਿਬ ਭਾਜੀ ਲਹਿੰਬਰ ਸਿੰਘ ਕਹਿੰਦੇ ਜੀ ਏਹਦਾ ਕਸੂਰ ਕੀ ਹੈ ? ਕਿਉਂ ਇਸ ਨੂੰ ਫੜ ਕੇ ਲਿਜਾ ਰਹੇ ਹੋ ਤਾਂ ਇੱਕ ਸਿਪਾਹੀ ਕਹਿੰਦਾ ਏਹਨੂੰ ਵੀ ਸੁੱਟੋ ਜੀਪ ਵਿੱਚ ਨਾਲ ਹੀ ,ਪਰ ਉੱਹਨਾਂ ਦੇ ਵੱਡੇ ਅਫਸਰ ਨੇ ਕਿਹਾ ਕਿ ਨਹੀਂ ਜਿਸ ਨੂੰ ਫੜਨ ਆਏ ਹਾਂ ਉੱਸੇ ਨੂੰ ਹੀ ਲਿਜਾਣਾ ਹੈ । ਫੇਰ ਭਾਜੀ ਜਦੋਂ ਇੱਕ ਜੀਪ ਵੱਲ ਵੇਖਿਆ ਤਾਂ ਉੱਸਦੇ ਸ਼ੀਸ਼ੇ ਵਿੱਚੋਂ ਇੱਕ ਮੂੰਹ ਬੰਨ੍ਹੀ ਸਿੱਖ ਨੌਜਵਾਨ ਦਿਸਿਆ ਜਿਸ ਨੇ ਮੇਰੇ ਵਾਰੇ ਪੁਲੀਸ ਵਾਲਿਆਂ ਨੂੰ ਸਭ ਕੁੱਝ ਦੱਸਿਆ ਸੀ ਕਿ ਹਰਪ੍ਰੀਤ ਕੋਲ ਸਾਰੇ ਚੋਟੀ ਦੇ ਖਾੜਕੂ ਆ ਕੇ ਰਹਿੰਦੇ ਹਨ । ਉੱਹ ਨੌਜਵਾਨ ਪਿੰਡ ਸਾਹਰੀ ਦਾ ਅਵਤਾਰ ਸਿੰਘ ਸੋਢੀ ਸੀ ਜੋ ਤਸ਼ੱਦਦ ਨਾ ਝੱਲ ਸਕਿਆ ਅਤੇ ਉੱਸ ਨੇ ਮੇਰਾ ਨਾਮ ਲੈ ਦਿੱਤਾ ਸੀ , ਪਰ ਬਾਅਦ ਵਿੱਚ ਪੁਲਿਸ ਨੇ ਸੋਢੀ ਨੂੰ ਵੀ ਸ਼ਹੀਦ ਕਰ ਦਿੱਤਾ ਸੀ । 
ਮੈਨੂੰ ਇੱਕ ਜੀਪ ਵਿੱਚ ਪਿੱਛਲੇ ਪਾਸੇ ਸੀਟ ਉੱਤੇ ਬੈਠਾਇਆ ਗਿਆ । ਇੱਕ ਕੱਪੜਾ ਮੇਰੀਆਂ ਅੱਖਾਂ ਉੱਪਰ ਬੰਨ੍ਹ ਦਿੱਤਾ ਗਿਆ ਅਤੇ ਇੱਕ ਪਰਨੇ ਵਰਗੇ ਕੱਪੜੇ ਨਾਲ ਮੇਰੇ ਦੋਨਾਂ ਗੁੱਟਾਂ ਕੋਲੋਂ ਮੇਰੀ ਬਾਂਹ ਪਿੱਛੇ ਕਰਕੇ ਜੀਪ ਦੇ ਇੱਕ ਡੰਡੇ ਨਾਲ ਬੰਨ੍ਹ ਦਿੱਤੇ ਗਏ ਅਤੇ ਦਸ ਪੰਦਰਾਂ ਜੀਪਾਂ ਮੇਰੇ ਵਾਲੀ ਜੀਪ ਨੂੰ ਵਿੱਚਾਲੇ ਲੈਕੇ ਚੱਲ ਪਈਆਂ । ਜਦੋਂ ਮੇਰੀਆਂ ਅੱਖਾਂ ਖੁੱਲੀਆਂ ਹੀ ਸਨ ਤਾਂ ਏਸ ਤਰ੍ਹਾਂ ਜੀਪਾਂ ਦੀ ਸੈਟਿੰਗ ਸੀ ਆਰ ਪੀ ਨੇ ਕਰ ਲਈ ਸੀ । ਵੀਹ ਕੁ ਮਿੰਟਾਂ ਬਾਅਦ ਜੀਪਾਂ ਕਿਸੇ ਜਗ੍ਹਾ ਉੱਤੇ ਜਾ ਕੇ ਰੁਕ ਗਈਆਂ । ਮੈਨੂੰ ਅੱਖਾਂ ਬੰਨ੍ਹੀਆਂ ਤੇ ਹੀ ਥੱਲੇ ਉਤਾਰਿਆ ਗਿਆ ਅਤੇ ਦੋਨਾਂ ਪਾਸਿਆਂ ਤੋਂ ਫੜ ਕੇ ਇੱਕ ਬੇਸਮੈਂਟ ਵਿੱਚ ਬਣੇ ਭੋਰੇ ਜਿਹੇ ਵਿੱਚ ਲਿਜਾਇਆ ਗਿਆ । ਥੱਲੇ ਲਿਜਾ ਕੇ ਮੇਰੀਆਂ ਅੱਖਾਂ ਤੋਂ ਕੱਪੜਾ ਖੋਹਲ ਦਿਤਾ ਗਿਆ । 
ਜਦੋਂ ਕੱਪੜਾ ਅੱਖਾਂ ਤੋਂ ਖੋਹਲਿਆਂ ਤਾਂ ਸਾਹਮਣੇ ਸੀ ਆਰ ਪੀ ਐਫ ਦਾ ਕਮਾਂਡਰ ਭਗਤ ਸਿੰਘ ਬੈਠਾ ਸੀ । ਇਹ ਯੂਪੀ ਬਿਹਾਰ ਦੇ ਠਾਕਰ ਰਾਜਪੂਤ ਘਰਾਣਿਆਂ ਦੇ ਹਿੰਦੂ ਹੁੰਦੇ ਹਨ , ਏਹਨਾਂ ਦੇ ਨਾਵਾਂ ਦੇ ਮਗਰ ਵੀ ਸਿੰਘ ਲੱਗਦਾ ਹੈ । ਜਦੋਂ ਹਰੀਆਂ ਵੇਲਾਂ ਵਾਲੇ ਤਰਨਾ ਦਲ ਨਿਹੰਗ ਜਥੇਬੰਦੀ ਦੇ ਮੁੱਖੀ ਬਾਬਾ ਨਿਹਾਲ ਸਿੰਘ ਦਾ ਭਤੀਜਾ ਖਾੜਕੂ ਸਿੰਘ ਜਸਬੀਰ ਸਿੰਘ ਲਾਲੀ ਸ਼ਹੀਦ ਕੀਤਾ ਸੀ ਉਦੋਂ ਭਗਤ ਸਿੰਘ ਦੀ ਫੋਟੋ ਅਖਬਾਰਾਂ ਵਿੱਚ ਛਪੀ ਸੀ ਤੇ ਮੈਂ ਉੱਸ ਨੂੰ ਪਛਾਣ ਲਿਆ ਸੀ । ਮੇਰੇ ਮੂਹਰੇ ਇੱਕ ਮੇਜ ਉੱਤੇ ਚਾਰ ਪਾਸਪੋਰਟ ਸਾਈਜ ਦੀਆਂ ਫੋਟੋਆਂ ਰੱਖੀਆਂ ਗਈ ਕਾਲੀਆਂ ਚਿੱਟੀਆਂ, ਇੱਕ ਬਾਬਾ ਰਤਨ ਸਿੰਘ ਉੱਸਮਾਮਨ ਸ਼ਹੀਦ ਪਿੰਡ ਵਾਲੇ ਦੀ ਸੀ ਦੂਜੀ ਭਾਈ ਮੱਖਣ ਸਿੰਘ ਗੜੁੱਲੀ ਦੀ ਦੋ ਦੇ ਨਾਮ ਮੈਨੂੰ ਵਿਸਰ ਗਏ ਹਨ, ਕਹਿੰਦੇ ਏਹਨਾਂ ਵਿੱਚੋਂ ਕਿਸੇ ਨੂੰ ਜਾਣਦਾਂ, ਮੈਂ ਫੋਟੋਆਂ ਵੱਲ ਨੂੰ ਚੰਗੀ ਤਰ੍ਹਾਂ ਵੇਖ ਕੇ ਕਿਹਾ ਨਹੀਂ ਜੀ ,ਕਮਾਂਡਰ ਭਗਤ ਸਿੰਘ ਨੇ ਇੱਕ ਸਿਪਾਹੀ ਦੀ ਰਫਲ ਫੜਕੇ ਉੱਸਦਾ ਵੱਟ ਮੇਰੇ ਮੌਰਾਂ ਵਿੱਚ ਮਾਰਿਆ ਤੇ ਮੱਖਣ ਸਿੰਘ ਦੀ ਫੋਟੋ ਤੇ ਉਂਗਲ ਰੱਖ ਕੇ ਕਹਿੰਦਾ ਕਿ ਆਹ ਮੱਖਣ ਤਾਂ ਤਿੰਨ ਦਿੰਨ ਪਹਿਲਾਂ ਤੈਨੂੰ ਦੁਕਾਨਾਂ ਤੇ ਮਿਲ ਕੇ ਗਿਆ ਹੈ , ਇੱਕ ਤਾਂ ਮੈਂ ਚਾਰੇ ਹੀ ਸਿੰਘਾਂ ਨੂੰ ਜਾਣਦਾ ਸੀ ਅਤੇ ਸੀ ਆਰ ਪੀ ਵਾਲਿਆਂ ਨੂੰ ਵੀ ਪੱਕਾ ਹੀ ਪਤਾ ਲੱਗਦਾ ਸੀ , ਦੂਜਾ ਮੇਰੇ ਮਨ ਵਿੱਚ ਜੀਰੋ ਪ੍ਰਤੀਸ਼ਤ ਵੀ ਡਰ ਜਾਂ ਘਬਰਾਹਟ ਨਹੀਂ ਸੀ , ਮੈਂ ਟਾਰਚਰ ਹੋਣ ਲਈ ਆਪਣੇ ਆਪ ਨੂੰ ਪੂਰਾ ਤਿਆਰ ਕਰ ਲਿਆ ਸੀ । ਮੈਂ ਕਿਹਾ ਸਾਹਬ ਸਾਡੀ ਦੁਕਾਨ ਹੈ ਉੱਥੇ ਦਿਹਾੜੀ ਵਿੱਚ ਕਈ ਗ੍ਰਾਹਕ ਆਉਂਦੇ ਜਾਂਦੇ ਹਨ, ਇਹ ਬੰਦਾ ਵੀ ਆਇਆ ਹੋਵੇਗਾ । ਭਗਤ ਸਿੰਘ ਕਹਿੰਦਾ ਸਾਨੂੰ ਸਾਰਾ ਕੁੱਝ ਦੱਸ ਦੇਹ ਅਸੀਂ ਤੈਨੂੰ ਐਥੋਂ ਹੀ ਛੱਡ ਦਵਾਂਗੇ ਨਹੀਂ ਤਾਂ ਅਸੀਂ ਤੈਨੂੰ ਪੁਲੀਸ ਵਾਲਿਆਂ ਨੂੰ ਦੇ ਦੇਣਾ ਹੈ ਤੇ ਉੱਹ ਕੁੱਟ ਕੁੱਟ ਕੇ ਤੇਰੀ ਚਮੜੀ ਉੱਧੇੜ ਦੇਣਗੇ । ਪਰ ਮੈਂ ਉੱਹਨਾਂ ਨੂੰ ਕੁੱਝ ਨਹੀਂ ਦੱਸਿਆ ਤੇ ਥੋੜੇ ਚਿਰ ਬਾਅਦ ਫੇਰ ਮੇਰੀਆਂ ਅੱਖਾਂ ਉੱਤੇ ਪਰਨਾ ਬੰਨ੍ਹ ਕੇ ਤੇ ਮੈਨੂੰ ਸਦਰ ਠਾਣੇ ਹੁਸ਼ਿਆਰਪੁਰ ਛੱਡ ਗਏ । ਸਦਰ ਠਾਣੇ ਮੈਂ ਸਾਲ ਕੁ ਪਹਿਲਾਂ ਵੀ ਇੱਕ ਵਾਰੀ ਮਾਨ੍ਹ ਸਿੰਘ ਮਾਨੇ ਠਾਣੇਦਾਰ ਦੇ ਹੁੰਦਿਆਂ ਇੱਕ ਰਾਤ ਰਹਿ ਕੇ ਗਿਆ ਸੀ । ਉਦੋਂ ਮਾਨੇ ਠਾਣੇਦਾਰ ਨੂੰ ਪੈਸੇ ਦੇ ਕੇ ਅਤੇ ਝੂਠ ਝਾਠ ਬੋਲ ਕੇ ਮੈਂ ਬਚ ਗਿਆ ਸੀ । ਫੜਨ ਲਈ ਤਾਂ ਮੈਨੂੰ ਜਲੰਧਰ ਤੋਂ ਸਵਰਨਾ ਘੋਟਣਾ ਐਸ ਐਸ ਪੀ ਤਿੰਨ ਚਾਰ ਹਜ਼ਾਰ ਪੁਲੀਸ ਵਾਲਾ ਲੈ ਕੇ ਆਇਆ ਸੀ ਪਰ ਮੈਂ ਘਰ ਨਹੀਂ ਮਿਲਿਆ ਸੀ ਤੇ ਮੇਰਾ ਕੇਸ ਮਾਨੇ ਠਾਣੇਦਾਰ ਨੂੰ ਦੇ ਗਿਆ ਸੀ । ਖੈਰ ਲਿਖਤ ਪੜ੍ਹਤ ਕਰਕੇ ਮੈਨੂੰ ਸਦਰ ਠਾਣੇ ਵਿੱਚ ਪਿੱਛੇ ਜਿਹੇ ਬਣੇ ਇੱਕ ਕਮਰੇ ਵਿੱਚ ਬਿਠਾ ਦਿੱਤਾ ਗਿਆ । ਏਥੇ ਹੀ ਪਿੱਛਲੀ ਵਾਰੀ ਮੈਂ ਰਾਤ ਕੱਟੀ ਸੀ । 
ਸਦਰ ਠਾਣੇ ਵਿੱਚ ਸਿੱਖ ਮੁੰਡਿਆਂ ਨੂੰ ਫੜ ਫੜ ਕੇ ਲਿਆਉਣ ਅਤੇ ਟਾਰਚਰ ਕਰਨ ਦਾ ਸਿਲਸਿਲਾ ਦਿਨ ਰਾਤ ਚੱਲਦਾ ਹੀ ਰਹਿੰਦਾ ਸੀ । ਠਾਣੇ ਦੀਆਂ ਦੋਨੋ ਹਵਾਲਾਤਾਂ ਸਿੱਖ ਮੁੰਡਿਆਂ ਅੱਧਖੜ ਉੱਮਰ ਦੇ ਬੰਦਿਆਂ ਅਤੇ ਕੁੱਝ ਕੁ ਬਜ਼ੁਰਗਾਂ ਨਾਲ ਭਰੀਆਂ ਪਈਆਂ ਸਨ । ਵਿੱਚ ਹੋਰ ਕੇਸਾਂ ਚੋਰੀਆਂ ਵਗੈਰਾ ਵਾਲੇ ਬੰਦੇ ਵੀ ਫੜ ਕੇ ਲਿਆਏ ਜਾਂਦੇ ਸਨ । ਟਾਰਚਰ ਹੁੰਦੇ ਸਿੱਖ ਮੁੰਡਿਆਂ ਦੀਆਂ ਚੀਕਾਂ ਲੇਰਾਂ ਮੇਰੇ ਕੰਨਾਂ ਵਿੱਚ ਪੈਂਦੀਆਂ ਸਨ । ਸਾਹਮਣੇ ਖੁੱਲ੍ਹੇ ਵੇਹੜੇ ਵਿੱਚ ਸਭ ਦੇ ਪਟਾ ਫੇਰਿਆ ਜਾਂਦਾ ਸੀ ਜੋ ਕਿ ਮੈਨੂੰ ਕਮਰੇ ਵਿੱਚੋਂ ਬੈਠੇ ਨੂੰ ਵੀ ਦਿੱਸਦਾ ਸੀ । ਬਾਕੀ ਸਾਰਾ ਤਸ਼ਦੱਦ ਇੰਸਪੈਕਟਰ ਵਿਦਿਆ ਸਾਗਰ ਦੇ ਦਫ਼ਤਰ ਵਿੱਚ ਜਾਂ ਨਾਲ ਬਣੇ ਖੁੱਲ੍ਹੇ ਹਾਤੇ ਵਿੱਚ ਹੁੰਦਾ ਸੀ । 
ਦੋ ਰਾਤਾਂ ਅਤੇ ਦੋ ਦਿਨ ਮੈਂਨੂੰ ਕੁੱਝ ਨਹੀਂ ਕਿਹਾ ਗਿਆ । ਬਾਕੀ ਚਾਹ ਰੋਟੀ ਸਮੇਂ ਸਿਰ ਮਿਲੀ ਜਾਂਦਾ ਸੀ ,ਮੈਂ ਸਿਰਫ ਇੱਕ ਟਾਈਮ ਇੱਕ ਹੀ ਪਰਸ਼ਾਦਾ ਛਕਦਾ ਸੀ , ਇਹ ਮੈਨੂੰ ਸਿਘਾਂ ਵਲੋਂ ਸਿਖਲਾਈ ਮਿਲੀ ਹੋਈ ਸੀ ।ਜਦੋਂ ਜਿਆਦਾ ਤਸ਼ੱਦਦ ਹੁੰਦਾ ਹੈ ਤਾਂ ਭੁੱਖਾ ਬੰਦਾ ਜਲਦੀ ਬੇਹੋਸ਼ ਹੋ ਜਾਂਦਾ ਹੈ । ਤੀਜੇ ਦੁਪਹਿਰ ਤੋਂ ਬਾਅਦ ਮੈਂ ਸੋਚਿਆ ਕਿ ਮੈਨੂੰ ਐਵੇਂ ਹੀ ਫੜ ਲਿਆਏ ਹਨ, ਹੋ ਸਕਦਾ ਹੈ ਅੱਜਕੱਲ੍ਹ ਵਿੱਚ ਛੱਡ ਹੀ ਦੇਣ , ਕਿਉਂਕਿ ਕਈਆਂ ਨੂੰ ਤਾਂ ਆਉਂਦਿਆਂ ਹੀ ਲੰਮਿਆਂ ਪਾ ਕੇ ਤਸ਼ੱਦਦ ਕਰਨਾ ਅਤੇ ਪੁੱਛਣਾ ਸ਼ੁਰੂ ਕਰ ਦਿੰਦੇ ਸਨ । ਤੀਜੇ ਦਿਨ ਸ਼ਾਮ ਨੂੰ ਮੈਂ ਤਿੰਨ ਚਾਰ ਪਰਸ਼ਾਦੇ ਰੱਜ ਕੇ ਛਕ ਕੇ ਆਪਣੀ ਭੁੱਖ ਦੂਰ ਕੀਤੀ ਹੀ ਸੀ ਕਿ ਘੰਟੇ ਕੁ ਬਾਅਦ ਕੋਈ ਸ਼ਾਮ ਦੇ ਅੱਠ ਕੁ ਵਜੇ ਇੰਸਪੈਕਟਰ ਵਿਦਿਆ ਸਾਗਰ ਦੇ ਦਫਤਰ ਦੀ ਘੰਟੀ ਵੱਜੀ ਤੇ ਮੈਨੂੰ ਆਵਾਜ਼ ਪੈ ਗਈ । ਸ਼ਾਇਦ ਪੁਲਿਸ ਵਾਲੇ ਏਹੀ ਇੰਤਜ਼ਾਰ ਕਰਦੇ ਸਨ ਕਿ ਕਦੋਂ ਹਰਪ੍ਰੀਤ ਰੋਟੀ ਰੱਜ ਕੇ ਖਾਂਦਾ ਹੈ । ਇੱਕ ਪੁਲੀਸ ਵਾਲਾ ਮੈਨੂੰ ਲੈਣ ਲਈ ਆਇਆ , ਟਾਰਚਰ ਕਰਨ ਤੋਂ ਪਹਿਲਾਂ ਇੱਕ ਸੇਵਾ ਸਿੰਘ ਨਾਮ ਦੇ ਸਿੰਘ ਦੇ ਮੈਨੂੰ ਦਰਸ਼ਨ ਕਰਾਏ ਗਏ , ਪੁਲੀਸ ਵਾਲਾ ਕਹਿੰਦਾ ਇਸ ਦੀਆਂ ਦੋਨੋ ਬਾਹਾਂ ਨਕਾਰਾ ਹੋ ਚੁੱਕੀਆਂ ਹਨ , ਕਿਉਂਕਿ ਇਹ ਦੱਸਦਾ ਕੁੱਝ ਨਹੀਂ ਹੈ । ਇਹ ਮੈਨੂੰ ਡਰਾਵਾ ਦਿੱਤਾ ਗਿਆ ਸੀ । ਹਰੇਕ ਨਵੇਂ ਫੜੇ ਸਿੰਘ ਨੂੰ ਸੇਵਾ ਸਿੰਘ ਦੇ ਦਰਸ਼ਨ ਜਰੂਰ ਕਰਵਾਏ ਜਾਂਦੇ ਸਨ । ਵਿੱਦਿਆ ਸਾਗਰ ਆਪਣੀ ਕੁਰਸੀ ਉੱਤੇ ਬੈਠਾ ਸੀ । ਕਹਿੰਦਾ ਕੱਪੜੇ ਲਾਹ ਦੇਹ , ਮੈਂ ਪੈਂਟ ਕਮੀਜ ਬਨੈਣ ਲਾਹ ਦਿੱਤੀ , ਮੇਰਾ ਕਛਹਿਰਾ ਨਹੀਂ ਲੁਹਾਇਆ ਗਿਆ, ਨਹੀਂ ਤਾਂ ਸਭ ਨੂੰ ਅਲਫ ਨੰਗਾ ਹੀ ਟੰਗਦੇ ਸੀ , ਕਹਿੰਦੇ ਕਿਰਪਾਨ ਵੀ ਲਾਹ ਦੇ ਮੈਂ ਕਿਹਾ ਇਹ ਮੈਂ ਨਹੀਂ ਲਾਹੁਣੀ ਏਹ ਸਾਡਾ ਕਕਾਰ ਹੈ , ਫੇਰ ਵਿਦਿਆ ਸਾਗਰ ਨੇ ਬਾਕੀ ਦੇ ਜਲਾਦਾਂ ਨੂੰ ਇਸ਼ਾਰਾ ਕੀਤਾ ਜਿਹੜੇ ਮੇਰੇ ਉੱਪਰ ਤਸ਼ੱਦਦ ਕਰਨ ਲਈ ਤਿਆਰ ਬਰ ਤਿਆਰ ਖੜੇ ਸਨ , ਇੱਕ ਨੇ ਮੇਰੀਆਂ ਬਾਹਾਂ ਫੜੀਆਂ ਦੂਜੇ ਨੇ ਕਿਰਪਾਨ ਲਾਹ ਕੇ ਮੇਜ ਉੱਤੇ ਰੱਖ ਦਿੱਤੀ, ਮੇਰੀ ਛੋਟੀ ਕੇਸਕੀ ਲਾਹ ਕੇ ਮੇਰੇ ਹੱਥ ਪਿੱਛੇ ਨੂੰ ਕਰਕੇ ਦੋਨੋ ਗੁੱਟਾਂ ਕੋਲੋਂ ਘੁੱਟ ਕੇ ਬੰਨ੍ਹ ਦਿੱਤੇ ਅਤੇ ਪਿੱਛੇ ਬਿਨਾਂ ਛੱਤ ਵਾਲੇ ਹਾਤੇ ਵਿੱਚ ਲੈ ਗਏ , ਉੱਥੇ ਇੱਕ ਗਡਰ ਨਾਲ ਤਿੰਨ ਕਿਸਮਾਂ ਦੇ ਰੱਸੇ ਟੰਗੇ ਹੋਏ ਸਨ । ਇਹ ਭਾਰ ਦੇ ਹਿਸਾਬ ਨਾਲ ਸਨ ਬਹੁਤੇ ਭਾਰੇ ਸਰੀਰ ਵਾਲਿਆਂ ਨੂੰ ਸਭ ਤੋਂ ਮੋਟੇ ਰੱਸੇ ਨਾਲ ਟੰਗਿਆ ਜਾਂਦਾ ਹੈ । 
ਮੇਰੇ ਗੁੱਟਾਂ ਦੇ ਦੁਆਲੇ ਜਿਸ ਤਰਾ ਪੁੱਠੀ ਤਾੜੀ ਮਾਰੀਦੀ ਹੈ ਏਸ ਤਰ੍ਹਾਂ ਕਰਕੇ ਰੱਸਾ ਪੂਰਾ ਘੁੱਟ ਕੇ ਬੰਨ੍ਹ ਦਿੱਤਾ ਗਿਆ, ਉੱਥੇ ਪਈ ਇੱਕ ਕੁਰਸੀ ਉੱਤੇ ਮੈਨੂੰ ਖੜਾ ਕਰਕੇ ਤੇ ਦੂਜੇ ਪਾਸੇ ਦੋ ਪੁਲੀਸ ਵਾਲਿਆਂ ਨੇ ਰੱਸਾ ਫੜਿਆ ਹੋਇਆ ਸੀ ਅਤੇ ਤਿੰਨ ਪੁਲਿਸ ਵਾਲਿਆਂ ਨੇ ਮੈਨੂੰ ਥੋੜਾ ਜਿਹਾ ਉੱਤਾਂਹ ਕਰਕੇ ਤੇ ਕੁਰਸੀ ਥੱਲਿਓਂ ਕੱਢ ਦਿੱਤੀ ਅਤੇ ਹੌਲੀ ਹੌਲੀ ਮੈਨੂੰ ਹਵਾ ਵਿੱਚ ਪੁੱਠਾ ਭਾਵ ਕਿ ਬਾਹਵਾਂ ਪਿੱਛੇ ਨੂੰ ਬੰਨ੍ਹ ਕੇ ਇਸੇ ਤਰ੍ਹਾਂ ਹੀ ਛੱਡ ਦਿੱਤਾ । 
ਮੇਰੇ ਸਾਰੇ ਸਰੀਰ ਦਾ ਭਾਰ ਹੁਣ ਮੇਰੇ ਮੋਢਿਆਂ ਉੱਤੇ ਪੈਣ ਨਾਲ ਮੇਰੀਆਂ ਚੀਕਾਂ ਨਿੱਕਲ ਗਈਆਂ । ਫੇਰ ਮੈਨੂੰ ਪੁਲਿਸ ਵਾਲਿਆਂ ਨੇ ਥੋੜਾ ਆਸਰਾ ਦਿੱਤਾ ਤੇ ਸਾਹਮਣੇ ਕੁਰਸੀ ਡਾਹ ਕੇ ਅਤੇ ਕਾਪੀ ਪੈਨ ਲੈ ਕੇ ਬੈਠਾ ਵਿਦਿਆ ਸਾਗਰ ਇੰਸਪੈਕਟਰ ਕਹਿੰਦਾ ਬਾਬਾ ਰਤਨ ਅਤੇ ਉੱਸ ਦੇ ਸਟੇਨਗੰਨ ਕਿੱਥੇ ਹੈ ? ਮੈਂ ਕਿਹਾ ਜੀ ਪਤਾ ਨਹੀਂ, ਕਹਿੰਦਾ ਉੱਹਨੂੰ ਫੜਾ ਦੇਹ ਤਾਂ ਤੇਰੀ ਬੰਦ ਖ਼ਲਾਸੀ ਹੋ ਜਾਵੇਗੀ, ਮੈਂ ਕਿਹਾ ਜੀ ਮੈਨੂੰ ਉੱਹਦੇ ਵਾਰੇ ਕੁੱਝ ਨਹੀਂ ਪਤਾ, ਮੇਰੇ ਕੋਲ ਆਉਂਦਾ ਸੀ ਪਰ ਹੋਰ ਕਿੱਥੇ ਜਾਂਦਾ ਮੈਨੂੰ ਨਹੀਂ ਪਤਾ । ਕਹਿੰਦਾ ਅੱਤੋਵਾਲ ਵਾਲਾ ਠੇਕਾ ਕੀਹਨੇ ਸਾੜਿਆ ਸੀ , ਮੈਂ ਕਿਹਾ ਜੀ ਉੱਹ ਵੀ ਨਹੀਂ ਮੈਨੂੰ ਪਤਾ, ਕਹਿੰਦਾ ਝੂਠ ਕਿਉਂ ਬੋਲਦਾਂ , ਤੁਸੀਂ ਹੀ ਸੜਿਆ ਸੀ , ਭਾਵੇਂ ਸਾੜਿਆ ਅਸੀਂ ਹੀ ਸੀ ਪਰ ਮੈਂ ਨਹੀਂ ਮੰਨਿਆ ਸੀ, ਪੁਲਿਸ ਵਾਲਿਆਂ ਨੇ ਫੇਰ ਮੈਨੂੰ ਛੱਡ ਦਿੱਤਾ ਤੇ ਮੇਰੀਆਂ ਫੇਰ ਚੀਕਾਂ ਦਰਦ ਨਾਲ ਆਸਮਾਨ ਨੂੰ ਚੀਰਨ ਲੱਗ ਪਈਆਂ ਸਨ , ਕਰੀਬ ਪੌਣੇ ਘੰਟੇ ਬਾਅਦ ਮੈਂ ਬੇਹੋਸ਼ ਗਿਆ, ਫੇਰ ਮੈਨੂੰ ਉਦੋਂ ਸੁਰਤ ਆਈ ਜਦੋਂ ਮੈਨੂੰ ਥੱਲੇ ਲਾਹਿਆ ਗਿਆ । 
ਹੁਣ ਮੇਰੀਆਂ ਬਾਹਾਂ ਉੱਪਰੋਂ ਰੱਸਾ ਖੋਹਲ ਦਿੱਤਾ ਗਿਆ, ਮੇਰਾ ਸਿਰ ਅਤੇ ਮੋਢੇ ਪਸੀਨੇ ਨਾਲ ਭਿੱਜ ਗਏ ਸਨ ਮੇਰੇ ਕੇਸਾਂ ਵਿੱਚੋਂ ਸਿਰ ਵਿੱਚੋਂ ਪਸੀਨਾ ਚੋ ਚੋ ਕੇ ਥੱਲੇ ਫਰਸ਼ ਉੱਤੇ ਛੱਪੜ ਵਾਂਗ ਬਣ ਗਿਆ ਸੀ ਅਤੇ ਪਸੀਨੇ ਦੀ ਬਦਬੋ ਆਉਂਦੀ ਸੀ । ਵਾਪਸ ਵਿਦਿਆ ਸਾਗਰ ਦੇ ਦਫ਼ਤਰ ਵਾਲੇ ਕਮਰੇ ਵਿੱਚ ਲਿਆ ਕੇ ਮੇਰੇ ਪੈਂਟ ਪੁਆ ਦਿੱਤੀ ਗਈ ।
ਹੁਣ ਥੱਲੇ ਉਰਸ਼ ਉੱਪਰ ਹੀ ਕੰਧ ਨਾਲ ਢਾਸਣਾ ਲੁਆ ਕੇ ਵਿਦਿਆ ਸਾਗਰ ਵੱਲ ਨੂੰ ਮੇਰਾ ਮੂੰਹ ਕਰਕੇ ਮੈਨੂੰ ਬਿਠਾ ਦਿੱਤਾ ਗਿਆ, ਵਿਦਿਆ ਸਾਗਰ ਆਪ ਆਪਣੀ ਕੁਰਸੀ ਉੱਤੇ ਬੈਠਾ ਸੀ । ਉੱਹ ਫੇਰ ਮੈਨੂੰ ਕਹਿੰਦਾ ਬਾਬਾ ਰਤਨ ਉੱਹਦੀ ਘਰਵਾਲੀ ਤੇਰੇ ਕੋਲ ਹੀ ਰਹਿਦੇ ਹਨ , ਫੜਾ ਸਕਦਾਂ ਜਾਂ ਨਹੀਂ, ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ, ਕਰੀਬ ਰਾਤ ਦੇ ਦਸ ਵੱਜ ਚੁੱਕੇ ਸਨ । ਸਿਪਾਹੀਆਂ ਨੂੰ ਕਹਿੰਦਾ ਕਿ ਏਹਨੂੰ ਹਵਾਲਤ ਵਿੱਚ ਬੰਦ ਕਰ ਦਿੱਓ । 
ਹਵਾਲਾਤ ਵਿੱਚ ਬੰਦ ਕਰਕੇ ਸਾਰੇ ਪੁਲੀਸ ਵਾਲੇ ਚਲੇ ਗਏ , ਮੈਂ ਦਰਦ ਨਾਲ ਕੁਰਲਾ ਰਿਹਾ ਸੀ, ਬਾਕੀ ਦੇ ਸਿੰਘ ਵੀ ਉੱਦਾਸ ਹੋ ਗਏ ਸਨ । ਸਾਰੀ ਰਾਤ ਨੀਂਦ ਨਹੀਂ ਆਈ ਸੀ । ਦੂਜੇ ਦਿਨ ਦਸ ਕੁ ਵਜੇ ਵਿਦਿਆ ਸਾਗਰ ਹਿੰਦੂ ਇੰਸਪੈਕਟਰ ਆਇਆ, ਨਾਲ ਦੇ ਸਿੰਘਾਂ ਨੇ ਕਹਿੰਦਾ ਹਰਪ੍ਰੀਤ ਨੂੰ ਉੱਠਾਓ , ਸਿੰਘਾਂ ਨੇ ਮੈਨੂੰ ਆਸਰਾ ਦੇ ਬਿਠਾਇਆ, ਕਹਿੰਦਾ ਏਹਨੂੰ ਖੜ੍ਹਾ ਕਰੋ, ਉੱਹਨਾਂ ਨੇ ਮੈਨੂੰ ਫੜ ਕੇ ਖੜ੍ਹਾ ਕੀਤਾ , ਕਹਿੰਦਾ ਬਾਹਾਂ ਉੱਪਰ ਚੁੱਕ, ਪਰ ਬਾਹਾਂ ਸੇਵਾ ਸਿੰਘ ਵਾਂਗ ਖੜ੍ਹ ਚੁਕੀਆਂ ਸਨ ਅਤੇ ਤੋਰੀਆਂ ਵਾਂਗ ਲਮਕ ਰਹੀਆਂ ਸਨ । ਹੱਥ ਉਂਗਲਾਂ ਹਰਕਤ ਨਹੀਂ ਕਰ ਰਹੇ ਸਨ । ਫੇਰ ਪਾਣੀ ਅਤੇ ਚਾਹ ਆਏ ਨਾਲ ਵਿਦਿਆ ਸਾਗਰ ਨੇ ਆਪ ਮੈਨੂੰ ਦਰਦ ਦੀ ਗੋਲੀ ਹਵਾਲਾਤ ਦਾ ਦਰਵਾਜ਼ਾ ਖੋਹਲ ਕੇ ਖਵਾਈ । ਅਤੇ ਇੱਕ ਅਮਲੀ ਜਿਹੇ ਬੰਦੇ ਨੂੰ ਮੇਰੀਆਂ ਬਾਹਾਂ ਦੀ ਮਾਲਸ਼ ਕਰਨ ਲਈ ਕਿਹਾ ਗਿਆ । ਚੌਥੇ ਦਿਨ ਬਾਹਾਂ ਚੱਲਣ ਲੱਗ ਪਈਆਂ ਸਨ । 
ਪਰ ਹਫਤੇ ਬਾਅਦ ਫੇਰ ਓਸੇ ਤਰ੍ਹਾਂ ਹੀ ਟੰਗ ਲਿਆ ਗਿਆ । ਏਸ ਤਰ੍ਹਾਂ ਤਿੰਨ ਵਾਰ ਟੰਗਿਆ ਗਿਆ ਅਤੇ ਅਖੀਰ ਵਿੱਚ ਤਿੰਨ ਕੇਸ ਪਾ ਕੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ , ਅਸਲਾ ਰੱਖਣ ਦਾ ਅਤੇ ਹੁਸ਼ਿਆਰਪੁਰ ਫਗਵਾੜਾ ਰੋਡ ਉੱਤੇ ਪੈਂਦੇ ਸ਼ਰਾਬ ਦੇ ਠੇਕੇ ਨੂੰ ਸਾੜਨ ਦਾ ਤੇ ਜੇਹਲ ਭੇਜ ਦਿੱਤਾ ਗਿਆ ਸੀ । ਮੇਰੀ ਉੱਮਰ ਉੱਸ ਸਮੇਂ 19 ਸਾਲਾਂ ਦੀ ਸੀ । 16 ਸਾਲਾਂ ਦੀ ਉਮਰ ਵਿੱਚ ਹੀ ਸੰਘਰਸ਼ ਵਿੱਚ ਪੈਰ ਰੱਖ ਦਿੱਤਾ ਸੀ । ਸਾਰੀ ਹੀ ਕਮਾਂਡੋ ਫੋਰਸ ਸਾਡੇ ਪਿੰਡ ਬਡਾਲਾ ਮਾਹੀ ਹੁਸ਼ਿਆਰਪੁਰ ਆਉਂਦੀ ਹੁੰਦੀ ਸੀ ਅਤੇ ਸਾਡੇ ਘਰ ਵੀ । ਦਮਦਮੀ ਟਕਸਾਲ ਦੇ ਮਝੈਲ ਸਿੰਘ ਵੀ ਆਉਂਦੇ ਜਾਂਦੇ ਰਹਿੰਦੇ ਸਨ ਜੀ । 

ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.