ਭਾਜਪਾ ਸਰਕਾਰ ਵੱਲੋਂ ਹਰਿਆਣਾ ਦੇ ਸਿੱਖਾਂ ਉੱਤੇ ਕੀਤੇ ਜ਼ੁਲਮ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕੀਤੀ ਨਿਖੇਧੀ
- ਰਾਜਨੀਤੀ
- 14 Aug, 2026 02:14 PM (Asia/Kolkata)
ਪੰਥ ਦੋਖੀ ਗੁਰਸਿਮਰਨ ਮੰਡ ਨੂੰ ਗ੍ਰਿਫ਼ਤਾਰ ਕੀਤਾ ਜਾਏ
ਅੰਮ੍ਰਿਤਸਰ, 14 ਅਗਸਤ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਦਿਹਾਤੀ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਨਿਜ਼ਾਮਪੁਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਜੋ ਹਰਿਆਣਾ ਦੀ ਭਾਜਪਾ ਸਰਕਾਰ ਨੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿੱਖਾਂ ਉੱਤੇ ਪੁਲਿਸ ਲਾਠੀਚਾਰਜ ਅਤੇ ਭਾਰੀ ਜ਼ੁਲਮ ਕੀਤਾ ਹੈ ਅਸੀਂ ਸਮੂਹ ਖ਼ਾਲਸਾ ਪੰਥ ਵੱਲੋਂ ਇਸ ਦੀ ਨਿਖੇਧੀ ਕਰਦੇ ਹਾਂ। ਭਾਜਪਾ ਅਤੇ ਆਰ ਐਸ ਐਸ ਦੀ ਸ਼ਹਿ ਪ੍ਰਾਪਤ ਗੁਰਸਿਮਰਨ ਮੰਡ ਪਿਛਲੇ ਦਿਨੀਂ ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਗਿਆ ਸੀ, ਜਿੱਥੇ ਉਸ ਨੇ ਬਦਮਾਸ਼ੀ ਕਰਦਿਆਂ ਦੋ ਨੌਜਵਾਨਾਂ ਨੂੰ ਆਪਣੀ ਗੱਡੀ ਥੱਲੇ ਦਰੜ ਦਿੱਤਾ ਅਤੇ ਉਸ ਤੋਂ ਬਾਅਦ ਰੋਹ ਵਿੱਚ ਆਏ ਕੁਝ ਸਿੱਖ ਨੌਜਵਾਨਾਂ ਨੇ ਗੁਰਸਿਮਰਨ ਮਨ ਦੀ ਕੁੱਟਮਾਰ ਕੀਤੀ। ਹਰਿਆਣਾ ਦੀ ਭਾਜਪਾ ਸਰਕਾਰ ਨੇ ਗੁਰਸਿਮਰਨ ਮੰਡ ਉੱਤੇ ਇਰਾਦਾ ਕਤਲ ਦਾ ਪਰਚਾ ਦੇਣ ਦੀ ਬਜਾਏ ਸਿੱਖ ਨੌਜਵਾਨਾਂ ਉੱਤੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਰੋਸ ਵਜੋਂ ਹਰਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਸ਼ਾਂਤਮਈ ਮੋਰਚਾ ਲਾਇਆ ਗਿਆ ਉਸ ਮੋਰਚੇ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਨੇ ਜਬਰੀ ਕੁਚਲਣ ਦੀ ਮਨਸ਼ਾ ਨਾਲ ਭਾਰੀ ਪੁਲੀਸ ਬਲ ਬੁਲਾ ਕੇ ਸਿੱਖਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ, ਅਥਰੂ ਗੈਸ ਦੇ ਗੋਲੇ ਸੁੱਟੇ ਅਤੇ ਫਾਇਰਿੰਗ ਵੀ ਕੀਤੀ। ਇਸ ਲਾਠੀਚਾਰਜ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਝੀਂਡਾ ਸਮੇਤ ਸੈਂਕੜੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਅਸੀਂ ਹੈਰਾਨ ਹਾਂ ਕਿ ਸਿੱਖਾਂ ਉੱਤੇ ਭਾਜਪਾ ਦੀ ਸਰਕਾਰ ਕਿੰਨਾ ਅੱਤਿਆਚਾਰ ਕਰ ਰਹੀ ਹੈ ਪਰ ਭਾਜਪਾ ਵਿੱਚ ਬੈਠੇ ਪਗੜੀਧਾਰੀ ਸਿੱਖ ਪਤਾ ਨਹੀਂ ਕਿਉਂ ਗੂੰਗੇ ਹੋ ਗਏ ਹਨ ? ਕੀ ਇਹਨਾਂ ਨੂੰ ਸਿੱਖਾਂ ਉੱਤੇ ਭਾਜਪਾ ਵੱਲੋਂ ਕੀਤੇ ਜੁਲਮ ਦਿਖਾਈ ਨਹੀਂ ਦੇ ਰਹੇ ?ਭਾਜਪਾ ਵਿੱਚ ਬੈਠੇ ਸਿੱਖ ਚਿਹਰੇ ਆਪ ਦੀਆਂ ਛੋਟੀਆਂ ਛੋਟੀਆਂ ਗਰਜਾਂ ਕਰਕੇ ਕੌਮ ਨੂੰ ਪਿੱਠ ਦੇ ਕੇ ਸਰਕਾਰੀ ਸੰਦ ਬਣੇ ਹੋਏ ਹਨ। ਭਾਜਪਾ ਇੱਕ ਮਾਨਵਤਾ ਵਿਰੋਧੀ ਪਾਰਟੀ ਹੈ। ਭਾਜਪਾ ਵਿੱਚ ਵੱਡੇ ਵੱਡੇ ਰਾਕਸ਼ਸ ਬਿਰਤੀ ਵਾਲੇ ਲੋਕ ਬੈਠੇ ਹਨ ਜੋ ਆਪਣੇ ਤੋਂ ਇਲਾਵਾ ਕਿਸੇ ਹੋਰ ਨੂੰ ਵੇਖਣਾ ਨਹੀਂ ਚਾਹੁੰਦੇ । 1984 ਦੀ ਸਿੱਖ ਨਸਲਕੁਸ਼ੀ ਹੋਵੇ। ਗੁਜਰਾਤ 2002 ਦੇ ਮੁਸਲਿਮ ਵਿਰੋਧੀ ਦੰਗੇ ਹੋਣ ਜਾਂ ਮਣੀਪੁਰ ਦੇ ਦੰਗੇ ਹੋਣ ਜਾਂ ਦਿੱਲੀ ਦੇ ਵਿੱਚ 2020 ਦੇ ਮੁਸਲਿਮ ਵਿਰੋਧੀ ਦੰਗੇ ਹੋਣ ਹਰ ਦੰਗਿਆਂ ਵਿੱਚ ਭਾਜਪਾ ਅਤੇ ਆਰਐਸਐਸ ਦਾ ਰੋਲ ਅਹਿਮ ਰਿਹਾ ਹੈ। ਪੰਜ ਦੇਸ਼ਾਂ ਦੀ ਬਣੀ ਜਥੇਬੰਦੀ ਫਾਈਵ ਆਈਜ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਅਤੇ ਇਹਨਾਂ ਦੀਆਂ ਏਜੰਸੀਆਂ ਹੀ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਮਰਵਾ ਰਹੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਦੱਸਿਆ ਸੀ ਕਿ ਭਾਈ ਹਰਦੀਪ ਸਿੰਘ ਨਿੱਝਰ ਨੂੰ ਮਰਵਾਉਣ ਵਿੱਚ ਭਾਰਤੀ ਏਜੰਸੀਆਂ ਦਾ ਹੀ ਹੱਥ ਹੈ ਅਤੇ ਅਮਰੀਕਾ ਦੀ ਏਜੰਸੀ ਸੀਆਈਏ ਦੀ ਸਾਬਕਾ ਅਧਿਕਾਰੀ ਨੇ ਖੁਲਾਸਾ ਕੀਤਾ ਸੀ ਕਿ ਅਫਗਾਨਿਸਤਾਨ ਵਿੱਚ ਗੁਰਦੁਆਰਾ ਸਾਹਿਬ ਤੇ ਹੋਏ ਬੰਬ ਬਲਾਸਟਾਂ ਲਈ ਭਾਰਤ ਦੀ ਸਰਕਾਰ ਨੇ ਆਈ ਸਿਸ ਨਾਮਕ ਅੱਤਵਾਦੀ ਜਥੇਬੰਦੀ ਨੂੰ ਕਰੋੜਾਂ ਰੁਪਏ ਦਿੱਤਾ ਸੀ। ਅਮਰੀਕਾ ਦੀਆਂ ਏਜੰਸੀਆਂ ਨੇ ਭਾਰਤੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀ ਵਿਕਾਸ ਯਾਦਵ ਨੂੰ ਸੰਮਨ ਕੀਤਾ ਹੈ ਕਿਉਂਕਿ ਵਿਕਾਸ ਯਾਦਵ ਉਹ ਸ਼ਖਸ ਹੈ ਜਿਸਨੇ ਭਾਈ ਗੁਤਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਵੱਖ ਵੱਖ ਸਮੇਂ ਤੇ ਅੰਤਰਰਾਸ਼ਟਰੀ ਆਗੂਆਂ ਨੇ ਨੇ ਹਿੰਦੁਸਤਾਨ ਦੀ ਭਾਜਪਾ ਸਰਕਾਰ ਨੂੰ ਸਿੱਖ ਵਿਰੋਧੀ ਦੱਸਿਆ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜੋ ਭਾਰਤ ਸਰਕਾਰ ਦੀ ਇਸ ਘਟੀਆ ਹਰਕਤ ਦੀ ਪੂਰੀ ਤਰ੍ਹਾਂ ਨਿੰਦਾ ਕਰਦੀ ਹੈ ਅਤੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਹਰਿਆਣੇ ਦੇ ਸਿੱਖ ਹਮੇਸ਼ਾਂ ਸਾਡੇ ਨਾਲ ਖੜ੍ਹੇ ਹਨ, ਸਾਨੂੰ ਪੰਜਾਬ ਦੇ ਸਿੱਖਾਂ ਨੂੰ ਵੀ ਇਸ ਵੇਲੇ ਉਹਨਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਗੁਰਸਿਮਰਨ ਮੰਡ ਨੂੰ ਸੋਧਾ ਲਾ ਕੇ ਹਰਿਆਣਾ ਦੇ ਸਿੱਖਾਂ ਨੇ ਚੜ੍ਹਦੀ ਕਲਾ ਵਾਲਾ ਕਾਰਜ ਕੀਤਾ ਹੈ, ਤੇ ਫਿਰ ਸਿੱਖਾਂ ਨੇ ਮੋਰਚਾ ਲਾ ਕੇ ਅਤੇ ਆਪਣੇ ਪਿੰਡੇ ਉੱਤੇ ਭਾਰੀ ਤਸ਼ੱਦਦ ਝੱਲ ਕੇ ਗੁਰਸਿਮਰਨ ਮੰਡ ਅਤੇ ਉਸ ਦੇ ਮੁੰਡੇ ਉੱਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਵਾਉਣ ਵਿੱਚ ਵੀ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਗੁਰਸਿਮਰਨ ਮੰਡ ਜੋ ਸਿੱਖੀ, ਪੰਜਾਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਖਾੜਕੂ ਸਿੰਘਾਂ ਖਿਲਾਫ ਬਕਵਾਸ ਕਰਦਾ ਸੀ ਜੋਸਹਿਣਯੋਗ ਨਹੀਂ ਸੀ। ਗੁਰਸਿਮਰਨ ਮੰਡ ਦੀ ਮਾੜੀ ਜ਼ੁਬਾਨ ਨੇ ਉਸ ਦਾ ਹਸ਼ਰ ਮਾੜਾ ਕਰਵਾਇਆ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਗੁਰਸਿਮਰਨ ਮੰਡ ਅਤੇ ਉਸਦੇ ਮੁੰਡੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਹੀ ਸਿੱਖ ਭਾਵਨਾਵਾਂ ਨੂੰ ਕੁਝ ਸੰਤੁਸ਼ਟੀ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਸਮਰਥਨ ਕਰਨ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵੀ ਕੁਝ ਸ਼ਰਮ ਕਰਨੀ ਚਾਹੀਦੀ ਹੈ।
Leave a Reply