ਸੂਬੇ 'ਚ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਤਹਿਤ ਅੱਜ‌ ਤੋਂ ਸ਼ੁਰੂ ਹੋਵੇਗੀ 'ਸਵੈ-ਗਣਨਾ'

ਸੂਬੇ 'ਚ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਤਹਿਤ ਅੱਜ‌ ਤੋਂ ਸ਼ੁਰੂ ਹੋਵੇਗੀ 'ਸਵੈ-ਗਣਨਾ'

ਬਿੰਦਰ ਸਿੰਘ ਖੁੱਡੀ ਕਲਾਂ 

ਭਾਰਤ ਸਰਕਾਰ ਵੱਲੋਂ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਤਹਿਤ ਪੰਜਾਬ ਸਮੇਤ ਚਾਰ ਸੂਬਿਆਂ ਵਿੱਚ 16 ਨਵੰਬਰ ਤੋਂ 30 ਨਵੰਬਰ 2026 ਤੱਕ 'ਸਵੈ-ਗਣਨਾ' ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੌਰਾਨ ਸੂਬੇ ਦੇ ਸਮੂਹ ਨਾਗਰਿਕ ਘਰ ਬੈਠੇ ਹੀ ਸਰਕਾਰੀ ਵੈੱਬ ਪੋਰਟਲ

https://se.census.gov.in/ 'ਤੇ ਜਾ ਕੇ ਆਪਣੇ ਪਰਿਵਾਰ ਅਤੇ ਘਰ ਨਾਲ ਸਬੰਧਿਤ 40 ਸਵਾਲਾਂ ਦੇ ਵੇਰਵੇ ਖੁਦ ਆਨਲਾਈਨ ਦਰਜ਼ ਕਰ ਸਕਣਗੇ। 

ਸਵੈ-ਗਣਨਾ ਦਾ ਇਹ ਪੜਾਅ ਮੁਕੰਮਲ ਹੋਣ ਉਪਰੰਤ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਸੂਬੇ ਵਿੱਚ ਰਸਮੀ ਤੌਰ 'ਤੇ ਘਰ-ਘਰ ਜਾ ਕੇ ਜਨਸੰਖਿਆ ਗਣਨਾ ਦਾ ਕੰਮ ਕੀਤਾ ਜਾਵੇਗਾ। 

​ਪੰਜਾਬ ਦੇ ਮਰਦਮਸ਼ੁਮਾਰੀ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਡਾਇਰੈਕਟਰ, ਸੈਂਸਸ ਆਪ੍ਰੇਸ਼ਨਜ਼ ਨਵਜੋਤ ਖੋਸਾ ਸਮੇਤ ਸਮੂਹ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਅਹਿਮ ਰਾਸ਼ਟਰੀ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਮ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਡਿਜੀਟਲ ਮਰਦਮਸ਼ੁਮਾਰੀ ਤਹਿਤ ਦਿੱਤੀ ਗਈ ਇਹ ਸਹੂਲਤ ਲੋਕਾਂ ਨੂੰ ਆਪਣੀ ਸਹੂਲਤ ਅਨੁਸਾਰ ਖੁਦ ਆਪਣੀ ਜਾਣਕਾਰੀ ਦਰਜ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਸੂਬੇ ਭਰ ਵਿੱਚ ਲੋਕਾਂ ਨੂੰ ਇਸ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨ ਲਈ 9 ਡਿਜੀਟਲ ਐੱਲ.ਈ.ਡੀ.ਵੈਨਾਂ ਵੀ ਚਲਾਈਆਂ ਗਈਆਂ ਹਨ, ਜਿਨ੍ਹਾਂ 'ਤੇ ਲੱਗੇ ਕਿਊ.ਆਰ.ਕੋਡ ਰਾਹੀਂ ਨਾਗਰਿਕ ਸਿੱਧਾ ਸਵੈ-ਗਣਨਾ ਪੋਰਟਲ ਨਾਲ ਜੁੜ ਸਕਦੇ ਹਨ। 

​ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੌਰਾਨ ਗਿਣਤੀਕਾਰਾਂ ਵੱਲੋਂ ਘਰ-ਘਰ ਜਾ ਕੇ ਮਕਾਨਾਂ ਦੀ ਸੂਚੀਬੱਧਤਾ ਦਾ ਸਰਵੇਖਣ ਪਹਿਲਾਂ ਹੀ ਸਫਲਤਾਪੂਰਵਕ ਮੁਕੰਮਲ ਕੀਤਾ ਜਾ ਚੁੱਕਾ ਹੈ। ਹੁਣ ਦੂਜੇ ਪੜਾਅ ਵਿੱਚ ਜਨਸੰਖਿਆ ਗਣਨਾ ਤੋਂ ਪਹਿਲਾਂ 15 ਦਿਨਾਂ ਲਈ 'ਸਵੈ-ਗਣਨਾ' ਪੋਰਟਲ ਖੋਲ੍ਹਿਆ ਜਾ ਰਿਹਾ ਹੈ। ਇਹ ਪੋਰਟਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਮੇਤ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਆਪਣੇ ਮੋਬਾਈਲ ਨੰਬਰ ਰਾਹੀਂ ਓ.ਟੀ.ਪੀ. ਵੈਰੀਫਿਕੇਸ਼ਨ ਕਰਕੇ ਆਪਣੇ ਪਰਿਵਾਰ ਦੀ ਸਹੀ ਅਤੇ ਮੁਕੰਮਲ ਜਾਣਕਾਰੀ ਭਰ ਸਕਦਾ ਹੈ। ਜਾਣਕਾਰੀ ਸਬਮਿਟ ਕਰਨ ਉਪਰੰਤ ਨਾਗਰਿਕਾਂ ਨੂੰ ਇੱਕ ਵਿਸ਼ੇਸ਼ 'ਸੈਲਫ-ਐਨੂਮਰੇਸ਼ਨ ਆਈ.ਡੀ.'ਪ੍ਰਾਪਤ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਹਾਇਤਾ ਜਾਂ ਜਾਣਕਾਰੀ ਲਈ ਕੌਮੀ ਟੋਲ-ਫ੍ਰੀ ਹੈਲਪਲਾਈਨ ਨੰਬਰ 1855 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। 

​ ਆਨਲਾਈਨ ਸਵੈ-ਗਣਨਾ ਦੀ ਮਿਆਦ 30 ਨਵੰਬਰ ਨੂੰ ਸਮਾਪਤ ਹੋਣ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਸਰਕਾਰੀ ਗਿਣਤੀਕਾਰ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਘਰ-ਘਰ ਜਾ ਕੇ ਹਰੇਕ ਪਰਿਵਾਰ ਅਤੇ ਵਿਅਕਤੀ ਦਾ ਵੇਰਵਾ ਇਕੱਤਰ ਕਰਨਗੇ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਸੋਧ ਦਾ ਗੇੜ ਚੱਲੇਗਾ। ਜਿਨ੍ਹਾਂ ਪਰਿਵਾਰਾਂ ਵੱਲੋਂ ਆਨਲਾਈਨ ਸਵੈ-ਗਣਨਾ ਮੁਕੰਮਲ ਕਰ ਲਈ ਗਈ ਹੋਵੇਗੀ, ਉਨ੍ਹਾਂ ਨੂੰ ਘਰ ਆਉਣ ਵਾਲੇ ਗਿਣਤੀਕਾਰ ਨੂੰ ਸਿਰਫ਼ ਆਪਣੀ 'ਸੈਲਫ-ਐਨੂਮਰੇਸ਼ਨ ਆਈਡੀ' ਦਿਖਾਉਣੀ ਹੋਵੇਗੀ, ਜਿਸ ਰਾਹੀਂ ਡਾਟੇ ਦੀ ਪੁਸ਼ਟੀ ਕਰ ਲਈ ਜਾਵੇਗੀ। ਜੇਕਰ ਆਨਲਾਈਨ ਫਾਰਮ ਭਰਦੇ ਸਮੇਂ ਕੋਈ ਜਾਣਕਾਰੀ ਅਧੂਰੀ ਰਹਿ ਜਾਂਦੀ ਹੈ ਜਾਂ ਕੋਈ ਸੋਧ ਕਰਨੀ ਹੋਵੇ, ਤਾਂ ਉਹ ਘਰ-ਘਰ ਸਰਵੇਖਣ ਦੌਰਾਨ ਗਿਣਤੀਕਾਰ ਨੂੰ ਦੱਸ ਕੇ ਪੂਰੀ ਕਰਵਾਈ ਜਾ ਸਕਦੀ ਹੈ। ਮਰਦਮਸ਼ੁਮਾਰੀ ਐਕਟ, 1948 ਤਹਿਤ ਨਾਗਰਿਕਾਂ ਵੱਲੋਂ ਦਿੱਤੀ ਗਈ ਸਾਰੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰੱਖੀ ਜਾਂਦੀ ਹੈ। 

​ ਇਸ ਮੁਹਿੰਮ ਨੂੰ ਸੂਬੇ ਦੇ ਹਰ ਘਰ ਤੱਕ ਪਹੁੰਚਾਉਣ ਲਈ ਸੂਬਾ ਪੱਧਰੀ ਨੋਡਲ ਅਫ਼ਸਰਾਂ, ਜ਼ਿਲ੍ਹਾ ਮਰਦਮਸ਼ੁਮਾਰੀ ਟੀਮਾਂ ਅਤੇ ਮਾਸਟਰ ਟਰੇਨਰਾਂ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਤਹਿਸੀਲਾਂ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਵਿਸ਼ੇਸ਼ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਨੌਜਵਾਨਾਂ ਅਤੇ ਅਧਿਆਪਕਾਂ ਨੂੰ ਸਵੈ-ਗਣਨਾ ਪੋਰਟਲ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਪਰਿਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਡਿਜੀਟਲ ਮੁਹਿੰਮ ਨਾਲ ਜੋੜ ਕੇ ਮਰਦਮਸ਼ੁਮਾਰੀ 2027 ਨੂੰ ਸਫਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.