ਗੁਰੂ ਘਰਾਂ ਵਿੱਚ ਮਰਿਆਦਾ ਦੀ ਅਣਦੇਖੀ ਖਿਲਾਫ ਸਖ਼ਤ ਆਵਾਜ਼, ਅਖੰਡ ਪਾਠਾਂ ਦੇ ਨਾਮ ਤੇ ਲੁੱਟ ਬੰਦ ਹੋਵੇ
- ਗੁਰਬਾਣੀ-ਇਤਿਹਾਸ
- 23 Jan, 2026 05:26 AM (Asia/Kolkata)
ਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਮਿਸ਼ਨਰੀ ਫੈਡਰੇਸ਼ਨ ਦੇ ਇੰਟਰਨੈਸ਼ਨਲ ਕੋਆਡੀਨੇਟਰ ਸ. ਗੁਰਜੀਤ ਸਿੰਘ ਅਜ਼ਾਦ ਨੇ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ ਅਤੇ ਮਰਿਆਦਾ ਸਬੰਧੀ ਗੰਭੀਰ ਸਵਾਲ ਖੜੇ ਕਰਦੇ ਹੋਏ ਕਿਹਾ ਹੈ ਕਿ ਇਹ ਮਾਮਲਾ ਮਨਮਰਜ਼ੀ ਨਹੀਂ, ਵਿਧਾਨ ਅਤੇ ਜ਼ਿੰਮੇਵਾਰ ਟੀਮ ਦੇ ਅਧੀਨ ਹੋਣਾ ਚਾਹੀਦਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਹਰੇਕ ਹਾਲਤ ਵਿੱਚ ਇੱਕ ਹੱਦ ਤੈਅ ਹੋਣੀ ਲਾਜ਼ਮੀ ਹੈ। ਅਖੰਡ ਪਾਠਾਂ ਦੀਆਂ ਲੜੀਆਂ ਦੇ ਨਾਮ ਤੇ ਲੋਕਾਈ ਦੀ ਲੁੱਟ ਕਿਸੇ ਵੀ ਕੀਮਤ ਤੇ ਕਬੂਲ ਨਹੀਂ। ਗੁਰੂ ਘਰਾਂ ਵਿੱਚ ਭਾਵਨਾਵਾਂ ਦੇ ਨਾਲ ਖੇਡ ਕੇ ਧੰਧਾ ਬਣਾਉਣਾ ਪੰਥਕ ਅਪਰਾਧ ਹੈ ਅਤੇ ਇਸ ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।
ਸ. ਗੁਰਜੀਤ ਸਿੰਘ ਅਜ਼ਾਦ ਨੇ ਸਪਸ਼ਟ ਕੀਤਾ ਕਿ ਜੇ ਅਖੰਡ ਪਾਠ ਕੀਤੇ ਜਾਣ ਤਾਂ ਉਸ ਲਈ ਸਖ਼ਤ ਨਿਯਮ ਲਾਗੂ ਹੋਣ। ਵੱਖਰੇ ਅਖੰਡ ਪਾਠ ਲਈ ਵੱਖਰੇ ਕਮਰੇ ਹੋਣ। ਅਖੰਡ ਪਾਠ ਦੀ ਘੱਟੋ ਘੱਟ ਭੇਟ ਤੈਅ ਕੀਤੀ ਜਾਵੇ। ਭੇਟ ਦਾ ਵੱਡਾ ਹਿੱਸਾ ਪਾਠੀਆਂ ਨੂੰ ਮਿਲੇ ਅਤੇ ਇਹ ਹਿੱਸਾ ਨੱਬੇ ਫੀਸਦੀ ਤੋਂ ਘੱਟ ਨਾ ਹੋਵੇ।
ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਜਾਂ ਮੌਜੂਦਗੀ ਹੈ ਉੱਥੇ ਗੁਰਦੁਆਰੇ ਵਾਲੇ ਸਾਰੇ ਨਿਯਮ ਲਾਗੂ ਹੋਣ। ਨਿਸ਼ਾਨ ਸਾਹਿਬ ਹੋਵੇ। ਨਗਾਰਾ ਹੋਵੇ। ਲੰਗਰ ਚੱਲੇ। ਕੀਰਤਨ ਹੋਵੇ। ਸਿੱਖ ਰਹਿਤ ਮਰਿਆਦਾ ਦੀ ਪਾਲਣਾ ਹੋਵੇ। ਗੁਰੂ ਸਾਹਿਬ ਦੀ ਹਾਜ਼ਰੀ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਸੁਵਿਧਾ ਦੇ ਅਧੀਨ ਨਹੀਂ ਹੋ ਸਕਦੀ।
ਇਸ ਸਾਰੇ ਮਸਲੇ ਲਈ ਉਹਨਾਂ ਨੇ ਵੱਡੀਆਂ ਪੰਥਕ ਧਿਰਾਂ ਨੂੰ ਇਕਜੁੱਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਇੱਕ ਸਤਿਕਾਰ ਕਮੇਟੀ ਬਣਾਈ ਜਾਵੇ। ਇਸ ਕਮੇਟੀ ਦੇ ਸਾਰੇ ਖ਼ਰਚੇ SGPC ਵੱਲੋਂ ਚੁੱਕੇ ਜਾਣ ਤਾਂ ਜੋ ਕੋਈ ਵੀ ਇਸ ਨੂੰ ਨਿੱਜੀ ਜਾਂ ਵਪਾਰਕ ਮਾਮਲਾ ਨਾ ਬਣਾ ਸਕੇ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਮਰਿਆਦਾ ਲਾਗੂ ਨਹੀਂ ਉੱਥੇ ਪਹਿਲਾ ਕਦਮ ਮਰਿਆਦਾ ਲਾਗੂ ਕਰਵਾਉਣਾ ਹੋਣਾ ਚਾਹੀਦਾ ਹੈ। ਉਸ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹਟਾਉਣਾ ਆਖ਼ਰੀ ਵਿਕਲਪ ਹੋਵੇ ਨਾ ਕਿ ਪਹਿਲਾ।
ਅਖੀਰ ਵਿੱਚ ਸ. ਗੁਰਜੀਤ ਸਿੰਘ ਅਜ਼ਾਦ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਅਪੀਲ ਕੀਤੀ ਗਈ ਹੈ ਕਿ ਅਕਾਲ ਤਖ਼ਤ ਦੇ ਅਧੀਨ ਤੁਰੰਤ ਇੱਕ ਸਤਿਕਾਰ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਗੁਰੂ ਸਾਹਿਬ ਦੀ ਮਰਿਆਦਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਪੰਥ ਅੰਦਰ ਫੈਲੀ ਅਵਿਵਸਥਾ ਨੂੰ ਰੋਕਿਆ ਜਾ ਸਕੇ।
Leave a Reply