ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਗੁਰਤਾਗੱਦੀ ਦਿਵਸ ਨੂੰ 'ਸਿੱਖ ਵਾਤਾਵਰਨ ਦਿਵਸ' ਵਜੋਂ ਮਨਾਇਆ
- ਸਿੱਖਿਆ/ਵਿਗਿਆਨ
- 17 Mar, 2026 01:58 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,17 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿੱਚ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਧਾਰਮਿਕ ਵਿਭਾਗ ਦੇ ਪ੍ਰੋ.ਕਿਰਨਜੀਤ ਕੌਰ ਅਤੇ ਜੀਵ ਵਿਗਿਆਨ ਵਿਭਾਗ ਦੇ ਪ੍ਰੋ.ਕਿਰਨਦੀਪ ਕੌਰ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 'ਸਿੱਖ ਵਾਤਾਵਰਨ ਦਿਵਸ' ਮਨਾਇਆ ਗਿਆ।ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਫੈਸਰ ਕਿਰਨਜੀਤ ਕੌਰ ਨੇ ਸਿੱਖ ਵਾਤਾਵਰਨ ਦਿਵਸ ਅਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਬੀ.ਕਾਮ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਾਤਾਵਰਨ ਸੰਭਾਲ ਦੀ ਮਹੱਤਤਾ ਉਤੇ ਰੋਸ਼ਨੀ ਪਾਈ।

ਇਸ ਤੋਂ ਇਲਾਵਾ ਬੀ.ਕਾਮ.ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਆਰਗੈਨਿਕ ਭੋਜਨ ਬਾਰੇ,ਬੀਏ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਔਸ਼ਧੀ ਦਰੱਖਤਾਂ ਦੇ ਲਾਭਾਂ ਬਾਰੇ ਅਤੇ ਬੀ.ਕਾਮ ਦੇ ਹੋਰ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।ਵਿਦਿਆਰਥੀਆਂ ਵੱਲੋਂ ਸੁੰਦਰ ਪੋਸਟਰ ਵੀ ਤਿਆਰ ਕੀਤੇ ਗਏ।ਕਾਲਜ ਦੇ ਐਨਐਸਐਸ ਯੂਨਿਟ ਵੱਲੋਂ ਕੈਂਪਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸੰਕਲਪ ਲਿਆ ਗਿਆ।ਇਸ ਮੌਕੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਨ ਸੁਰੱਖਿਆ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ਾਂ ‘ਤੇ ਚਲਦਿਆਂ ਪ੍ਰਕਿਰਤੀ ਦੀ ਰੱਖਿਆ ਕਰਨ ਅਤੇ ਸਾਫ-ਸੁਥਰਾ, ਹਰਿਆ-ਭਰਿਆ ਵਾਤਾਵਰਨ ਬਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਪ੍ਰਿੰਸੀਪਲ ਸਾਹਿਬ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਸਿੱਖ ਵਾਤਾਵਰਨ ਦਿਵਸ ਅਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।
Leave a Reply