ਨਵਾਂ ਬਣਿਆ ਸਤਿਕਾਰ ਸੋਧ ਕਾਨੂੰਨ ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਨਵਾਂ ਬਣਿਆ ਸਤਿਕਾਰ ਸੋਧ ਕਾਨੂੰਨ ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ , 8 ਮਈ , ਨਜ਼ਰਾਨਾ ਟਾਈਮਜ-ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਨੂੰਨ (2026) ਸਿੱਖਾਂ ਲਈ ਹੀ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ, ਇਸ ਵਿੱਚ ਸਮੁੱਚੇ ਖ਼ਾਲਸਾ ਪੰਥ ਦੀ ਸਾਂਝੀ ਰਾਏ ਅਨੁਸਾਰ ਸੋਧਾਂ ਹੋਣੀਆਂ ਬੇਹੱਦ ਜ਼ਰੂਰੀ ਹਨ। ਇਸ ਕਾਨੂੰਨ ਨਾਲ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹਮਲਾ ਕਰਨ ਵਾਲੇ ਦੁਸ਼ਟ ਨੂੰ ਉਮਰ ਕੈਦ ਦੀ ਸਜ਼ਾ ਤੇ 20 ਲੱਖ ਤਕ ਜੁਰਮਾਨਾ ਹੋਵੇਗਾ। ਓਥੇ ਕਿਸੇ ਗੁਰਦੁਆਰਾ, ਸੰਸਥਾ ਜਾਂ ਵਿਅਕਤੀ ਵੱਲੋਂ ਘਰ ਵਿੱਚ ਪ੍ਰਕਾਸ਼ਮਾਨ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਦਾ ਕਿਸੇ ਵੀ ਤਰੀਕੇ ਨਾਲ ਨੁਕਸਾਨ, ਦੁਰਵਰਤੋਂ ਅਤੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਵਿੱਚ ਕੁਤਾਹੀ ਕਾਰਨ ਗ੍ਰੰਥੀ ਸਿੰਘ, ਸੇਵਾਦਾਰ ਸਿੰਘ, ਪ੍ਰਬੰਧਕ ਕਮੇਟੀਆਂ ਅਤੇ ਪਰਿਵਾਰਕ ਮੈਂਬਰ ਵੀ ਟੰਗੇ ਜਾਣਗੇ, ਬਿਨਾਂ ਕਿਸੇ ਜ਼ਮਾਨਤ ਤੋਂ ਪੰਜ ਸਾਲ ਦੀ ਕੈਦ ਅਤੇ ਦਸ ਲੱਖ ਰੁਪਏ ਤਕ ਜੁਰਮਾਨਾ ਹੋਵੇਗਾ। ਇਸ ਕਨੂੰਨ ਦੀ ਦੁਰਵਰਤੋਂ ਕਰਕੇ ਬਥੇਰੇ ਲੋਕ ਦੁਸ਼ਮਣੀਆਂ ਵੀ ਕੱਢਣਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀਆਂ ਸਾਹਿਬ ਤੇ ਗੁਟਕਾ ਸਾਹਿਬ ਨੂੰ ਨਿਸ਼ਾਨਾ ਬਣਾਉਣਗੇ ਤੇ ਇਸ ਦਾ ਇਲਜ਼ਾਮ ਵੀ ਉਹਨਾਂ ਸਿੱਖਾਂ ਉੱਤੇ ਹੀ ਮੜ੍ਹ ਦਿੱਤਾ ਜਾਏਗਾ ਜਿਨ੍ਹਾਂ ਦੇ ਘਰਾਂ ਵਿੱਚ, ਗੁਰਦੁਆਰਾ ਸਾਹਿਬ ਵਿੱਚ ਜਾਂ ਸੰਸਥਾ/ਅਦਾਰੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪ ਤੇ ਪੋਥੀਆਂ ਬਿਰਾਜਮਾਨ ਹੋਣਗੀਆਂ। ਇਸ ਨਾਲ ਆਮ ਸਿੱਖਾਂ ਵਿੱਚ ਡਰ ਦੀ ਭਾਵਨਾ ਪੈਦਾ ਹੋਵੇਗੀ ਤੇ ਉਹ ਆਪਣੇ ਘਰਾਂ ਵਿੱਚੋਂ ਪਾਵਨ ਸਰੂਪਾਂ ਤੇ ਪੋਥੀਆਂ ਨੂੰ ਗੁਰਦੁਆਰਾ ਸਾਹਿਬ 'ਚ ਸੁਸ਼ੋਬਿਤ ਕਰਨ ਲਈ ਮਜਬੂਰ ਹੋਣਗੇ। ਇਸ ਕਨੂੰਨ ਦੇ ਕਰਕੇ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਚਿੰਤਾ ਵਿੱਚ ਪੈ ਗਈਆਂ ਹਨ। ਗੁਰੂ ਸਾਹਿਬ ਦੇ ਸਤਿਕਾਰ ਅਤੇ ਮਰਯਾਦਾ ਲਈ ਸਭ ਗ੍ਰੰਥੀ ਸਿੰਘਾਂ, ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਨੂੰ ਹਮੇਸ਼ਾਂ ਸੁਚੇਤ ਹੋ ਕੇ ਸੇਵਾ ਨਿਭਾਉਣੀ ਚਾਹੀਦੀ ਹੈ ਪਰ ਜਦੋਂ ਅਚਾਨਕ ਸ਼ਾਰਟ ਸਰਕਟ ਹੋ ਗਿਆ ਜਾਂ ਕਿਸੇ ਪਾਪੀ ਨੇ ਮਿੱਥ ਕੇ ਕਾਰਾ ਕਰਨਾ ਹੋਇਆ ਤਾਂ ਉਹ ਇਹਨਾਂ ਸਾਰਿਆਂ ਨੂੰ ਬੇਵਜ੍ਹਾ ਹੀ ਆਪਣੇ ਨਾਲ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦੇਵੇਗਾ। ਗੁਰੂ ਸਾਹਿਬ ਦੇ ਅਪਮਾਨ ਦਾ ਦੋਸ਼ ਤਾਂ ਕਿਸੇ ਸਿੱਖ ਲਈ ਤਿਲ-ਤਿਲ ਕਰਕੇ ਮਰਨ ਨਾਲ਼ੋਂ ਵੀ ਵੱਧ ਬਦਤਰ ਹੈ ਤੇ ਉਹ ਸਮਾਜ ਵਿੱਚ ਮੂੰਹ ਵਿਖਾਉਣ ਦੇ ਲਾਇਕ ਨਹੀਂ ਰਹਿੰਦਾ। ਜਿਵੇਂ ਹੋਰ ਬਥੇਰੇ ਕਨੂੰਨਾਂ ਦੀ ਦੁਰਵਰਤੋਂ ਹੁੰਦੀ ਹੈ, ਲੋਕਾਂ ਨੂੰ ਕਤਲ ਕੇਸਾਂ ਵਿੱਚ ਫਸਾ ਦਿੱਤਾ ਹੈ ਤੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕਈ ਸਾਲ ਲੰਘ ਜਾਂਦੇ ਹਨ ਉਸੇ ਤਰ੍ਹਾਂ ਜਦੋਂ ਇਸ ਕਨੂੰਨ ਦੀ ਵੀ ਦੁਰਵਰਤੋਂ ਹੋਵੇਗੀ ਤਾਂ ਸਭ ਪਾਸੇ ਖਲਬਲੀ ਮੱਚ ਜਾਏਗੀ ਤੇ ਲੋਕ ਗੁਰਬਾਣੀ ਅਤੇ ਸਿੱਖੀ ਤੋਂ ਦੂਰ ਹੋਣਗੇ। ਇਹ ਕਨੂੰਨ ਗੁਰੂ ਅਤੇ ਸਿੱਖ ਦੇ ਰਿਸ਼ਤੇ, ਭਾਵਨਾ ਅਤੇ ਪਿਆਰ ਵਿੱਚ ਵੱਡੀ ਦਰਾੜ ਪੈਦਾ ਕਰੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਕਰਨ ਵਾਲੇ ਸਿੱਖ ਹਮੇਸ਼ਾਂ ਸਹਿਮੇ-ਸਹਿਮੇ ਰਹਿਣਗੇ, ਕੋਈ ਬੇਅਦਬੀ ਦੀ ਮੰਦਭਾਗੀ ਘਟਨਾ ਨਾ ਵਾਪਰ ਜਾਏ ਇਹ ਖ਼ਦਸ਼ਾ ਹਮੇਸ਼ਾਂ ਬਣਿਆ ਰਹੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.