ਪੰਜ ਸਿੰਘ ਸਾਹਿਬਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ 'ਗੁਰੂ ਦੋਖੀ' ਅਤੇ 'ਖ਼ਾਲਸਾ ਪੰਥ ਵਿਰੋਧੀ' ਐਲਾਨਿਆ;

ਪੰਜ ਸਿੰਘ ਸਾਹਿਬਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ 'ਗੁਰੂ ਦੋਖੀ' ਅਤੇ 'ਖ਼ਾਲਸਾ ਪੰਥ ਵਿਰੋਧੀ' ਐਲਾਨਿਆ;

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 'ਤੇ ਪੰਜਾਬ ਦੇ  ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕੀਤਾ;

ਸ੍ਰੀ ਅੰਮ੍ਰਿਤਸਰ, 15 ਜੂਨ: ਕੰਵਰ ਪ੍ਰਤਾਪ ਸਿੰਘ/ ਤਾਜੀਮਨੂਰ ਕੌਰ - ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਸਬੰਧੀ ਦੋ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।


 ਪਹਿਲੇ ਮਤੇ ਵਿੱਚ, ਸਿੰਘ ਸਾਹਿਬਾਨ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 'ਤੇ ਵਿਚਾਰ-ਵਟਾਂਦਰਾ ਕੀਤਾ, ਜਿਸਨੂੰ ਪੰਜਾਬ ਸਰਕਾਰ ਨੇ ਕੇਂਦਰੀ ਸਿੱਖ ਸੰਸਥਾਵਾਂ ਨਾਲ ਸਹਿਮਤੀ ਤੋਂ ਬਿਨਾਂ ਪਾਸ ਕੀਤਾ ਸੀ। ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 8 ਮਈ ਨੂੰ ਸੱਦ ਕੇ ਕਾਨੂੰਨ ਵਿੱਚ ਸਿੱਖ ਭਾਵਨਾਵਾਂ ਅਨੁਸਾਰ ਸੋਧਾਂ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਰਾਹੀਂ ਪੰਜਾਬ ਸਰਕਾਰ ਪਾਸ ਮਿਤੀ 11 ਮਈ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਲਿਖਤੀ ਰੂਪ ਵਿੱਚ ਇਤਰਾਜ਼ ਵੀ ਦਰਜ ਕਰਵਾਏ ਗਏ ਸਨ। ਪਰੰਤੂ ਸੂਬਾ ਸਰਕਾਰ ਨੇ ਅੜੀਅਲ ਅਤੇ ਹੈਂਕੜ ਭਰਿਆ ਰਵੱਈਆ ਅਖ਼ਤਿਆਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਮੀਡੀਆ ਬਿਆਨਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੱਤੀ, ਜਿਸ ਨਾਲ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪੈਦਾ ਹੋਇਆ ਹੈ। ਇਸ ਨਾਲ ਪੰਜਾਬ ਅੰਦਰ ਸਿੱਖਾਂ ਵਿਚਕਾਰ ਆਪਸੀ ਖਾਨਾਜੰਗੀ ਵਾਲਾ ਮਾਹੌਲ ਪੈਦਾ ਹੋਇਆ ਹੈ। ਪੰਜਾਬ ਸਰਕਾਰ ਦੀ ਕੈਬਨਿਟ ਨੇ ਇਸ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪੰਜਾਬ ਵਿਧਾਨ ਸਭਾ ਮੈਂਬਰਾਂ ਨੇ ਇਸ ਨੂੰ ਸਹਿਮਤੀ ਦਿੱਤੀ ਹੈ। 

ਪੰਜ ਸਿੰਘ ਸਾਹਿਬਾਨ ਨੇ ਅੱਜ ਦੀ ਇਕੱਤਰਤਾ ਵਿੱਚ ਫ਼ੈਸਲਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਛੱਡ ਕੇ ਸਰਕਾਰ ਦੀ ਕੈਬਨਿਟ ਦੇ ਸਿੱਖ ਮੰਤਰੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿੱਖ ਵਿਧਾਨ ਸਭਾ ਮੈਂਬਰਾਂ ਨੂੰ ਮਿਤੀ ੨੯ ਜੂਨ ੨੦੨੬ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇ ਅਤੇ ਸਰਕਾਰ ਦੀ ਕੈਬਨਿਟ ਦੇ ਗ਼ੈਰ-ਸਿੱਖ ਮੰਤਰੀਆਂ ਪਾਸੋਂ ਲਿਖਤੀ ਸਪੱਸ਼ਟੀਕਰਨ ਲਿਆ ਜਾਵੇ।

ਦੂਜੇ ਮਤੇ ਵਿੱਚ ਫ਼ੈਸਲਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਮਿਤੀ 04 ਜਨਵਰੀ 2026 ਨੂੰ ਸ਼ਿਕਾਇਤ ਵਿੱਚ ਪੁੱਜੀ ਅਤਿ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਸਬੰਧ ਵਿੱਚ ਜਦੋਂ ਮਿਤੀ 15 ਜਨਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦਿਆ ਗਿਆ ਸੀ, ਉਸ ਸਮੇਂ ਸਿੰਘ ਸਾਹਿਬ ਜੀ ਵੱਲੋਂ ਉਸ ਨੂੰ ਵੀਡੀਓ ਬਾਰੇ ਪੁੱਛਿਆ ਗਿਆ, ਜਿਸ ’ਤੇ ਮੁੱਖ ਮੰਤਰੀ ਨੇ ਵੀਡੀਓ ਨੂੰ ਝੂਠੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨਾਲ ਬਣਾਈ ਕਿਹਾ। ਇਸ ’ਤੇ ਸਿੰਘ ਸਾਹਿਬ ਨੇ ਮੁੱਖ ਮੰਤਰੀ ਨੂੰ ਆਦੇਸ਼ ਕੀਤਾ ਕਿ ਉਹ ਵੀਡੀਓ ਦੀ ਜਾਂਚ ਲਈ ਕੋਈ ਦੋ ਫੋਰੈਂਸਿਕ ਲੈਬੋਰੇਟਰੀਆਂ ਸੁਝਾਉਣ ਅਤੇ ਇਸ ਸਬੰਧੀ ਮਿਤੀ 27 ਜਨਵਰੀ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ। ਲੇਕਿਨ ਮੁੱਖ ਮੰਤਰੀ ਜਾਂ ਇਸ ਦੇ ਦਫ਼ਤਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀਡੀਓ ਨੂੰ ਆਪਣੇ ਪੱਧਰ ’ਤੇ ਦੋ ਫੋਰੈਂਸਿਕ ਲੈਬਾਂ ਜੋ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਤੋਂ ਜਾਂਚ ਕਰਵਾਈ, ਜਿਨ੍ਹਾਂ ਦੀ ਰਿਪੋਰਟਾਂ (ਮਿਤੀ 27 ਮਈ 2026 ਅਤੇ 13 ਜੂਨ 2026) ਵਿੱਚ ਸਬੰਧਤ ਵੀਡੀਓ ਸਹੀ ਪਾਈ ਗਈ ਹੈ ਅਤੇ ਇਸ ਵਿੱਚ ਕੋਈ ਛੇੜਛਾੜ ਜਾਂ ਏ.ਆਈ. ਦੇ ਤੱਤ ਨਹੀਂ ਹਨ।

ਵੀਡੀਓ ਵਿੱਚ ਭਗਵੰਤ ਸਿੰਘ ਅਤਿ ਸਤਿਕਾਰਤ ਦਸ ਸਿੱਖ ਗੁਰੂ ਸਾਹਿਬਾਨ ਦੀ ਪ੍ਰਤੀਕ ਤੌਰ ’ਤੇ ਪ੍ਰਚਲਿਤ ਤਸਵੀਰ ’ਤੇ ਸ਼ਰਾਬ ਦੇ ਛਿੱਟੇ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਅਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਅਤਿ ਇਤਰਾਜ਼ਯੋਗ ਹਰਕਤਾਂ ਕਰਦਾ ਅਤੇ ਸ਼ਰਾਬ ਦੇ ਛਿੱਟੇ ਮਾਰਦਾ ਦਿਖਦਾ ਹੈ। ਗੁਰੂ ਖ਼ਾਲਸਾ ਪੰਥ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ।

ਇਹ ਮਾਮਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਦਲ ਪੰਥਾਂ, ਵਿਦਵਾਨਾਂ ਤੇ ਕਾਨੂੰਨੀ ਮਾਹਰਾਂ ਦੀ ਇਕੱਤਰਤਾ ਵਿੱਚ ਵਿਚਾਰਿਆ ਗਿਆ, ਜਿੱਥੇ ਸਮੂਹ ਪੰਥਕ ਸਖ਼ਸ਼ੀਅਤਾਂ ਵੱਲੋਂ ਇਹ ਵਿਚਾਰ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨਿਆ ਜਾਵੇ। ਇੱਕ ਮੁੱਖ ਮੰਤਰੀ ਦਾ ਅਹੁਦਾ ਬਹੁਤ ਹੀ ਸਤਿਕਾਰਤ ਹੁੰਦਾ ਹੈ, ਜਿਸ ਨੇ ਸੂਬੇ ਦੇ ਹਰ ਨਾਗਰਿਕ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਨੇ ਵੀਡੀਓ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਝੂਠ ਬੋਲਿਆ ਹੈ, ਇਸ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਇਹ ਮੁੱਖ ਮੰਤਰੀ ਵਜੋਂ ਗੁਰੂ ਅਤੇ ਸਿੱਖ ਹਿਤੈਸ਼ੀ ਫ਼ੈਸਲੇ ਕਰ ਸਕੇ। ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅੱਜ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੰਦੀ ਹੈ। ਗੁਰੂ ਖ਼ਾਲਸਾ ਪੰਥ ਇਸ ਨੂੰ ਮੂੰਹ ਨਾ ਲਗਾਵੇ।

ਪੰਥਕ ਇਕੱਤਰਤਾ ਵਿੱਚ ਹਾਜ਼ਰ ਸਖ਼ਸ਼ੀਅਤਾਂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ⁠ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਗਿਆਨੀ ਜੁਗਿੰਦਰ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ⁠ਸਿੰਘ ਸਾਹਿਬ ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ. ਈਮਾਨ ਸਿੰਘ ਮਾਨ, ਦਲ ਖ਼ਾਲਸਾ ਵੱਲੋਂ ⁠ਭਾਈ ਕੰਵਰਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਜੀ ਗਰੇਵਾਲ, ਭਾਈ ਗੁਰਬਖਸ਼ ਸਿੰਘ ਜੀ ਖ਼ਾਲਸਾ, ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਬਾਬਾ ਜਬਰਜੰਗ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਾਬਾ ਭਗਤ ਸਿੰਘ ਤੇ ਸਾਬਕਾ ਮੈਨੇਜਰ ਸ. ਪਰਮਜੀਤ ਸਿੰਘ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਵੱਲੋਂ ਨੁਮਾਇੰਦੇ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਵੱਲੋਂ ਬਾਬਾ ਨਾਹਰ ਸਿੰਘ ਸਾਧ ਜੀ,⁠ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਬਲਦੇਵ ਸਿੰਘ ਵੱਲ੍ਹਾ ਨਿਹੰਗ ਸਿੰਘ, ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ਵੱਲੋਂ ਬਾਬਾ ਨਿਰਮਲ ਸਿੰਘ, ਬਾਬਾ ਸੁਖਪਾਲ ਸਿੰਘ ਦਸ਼ਮੇਸ਼ ਤਰਨਾ ਦਲ, ਦਮਦਮੀ ਟਕਸਾਲ ਮਹਿਤਾ ਚੌਂਕ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਚੰਡੀਗੜ੍ਹ ਵੱਲੋਂ ਸ. ਖੁਸ਼ਹਾਲ ਸਿੰਘ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਸ. ਤਰਲੋਚਨ ਸਿੰਘ ਤੇ ਸ. ਗੁਰਭੇਜ ਸਿੰਘ, ਭਾਈ ਲਹਿਣਾ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਵੱਲੋਂ ਸ. ਗੁਰਬੀਰ ਸਿੰਘ, ਭਾਈ ਜੀਵਨ ਸਿੰਘ ਹਾਂਗਕਾਂਗ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸ. ਰਛਪਾਲ ਸਿੰਘ ਸੋਸਣ ਤੇ ਹੋਰ ਨੁਮਾਇੰਦੇ, ਸ. ਬਲਜੀਤ ਸਿੰਘ ਚੇਅਰਮੈਨ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ. ਬਲਦੀਪ ਸਿੰਘ ਰਾਮੂਵਾਲੀਆ, ⁠ਸ. ਗੁਰਸੇਵਕ ਸਿੰਘ ਭਾਣਾ ਫ਼ਰੀਦਕੋਟ, ਵਿਦਿਆਰਥੀ ਜਥੇਬੰਦੀ ਸੱਥ ਤੋਂ ਸ. ਜੁਝਾਰ ਸਿੰਘ, ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ. ਜੁਗਰਾਜ ਸਿੰਘ, ਡਾ. ਕੰਵਰ ਅਮਰਿੰਦਰ ਸਿੰਘ, ਭਾਈ ਜਸਬੀਰ ਸਿੰਘ ਛੱਜੂਪੁਰ ਹਰਿਆਣਾ, ਐਡਵੋਕੇਟ ਸ. ਗੁਰਵਿੰਦਰ ਸਿੰਘ ਸਿੱਧੂ, ਸ. ਜਗਮੋਹਨ ਸਿੰਘ ਦ ਸਿੱਖ ਕਲੈਕਟਿਵ ਤੋਂ, ਐਡਵੋਕੇਟ ਸ. ਸਿਮਰਜੀਤ ਸਿੰਘ, ਸ. ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸ. ਤੇਜਿੰਦਰ ਸਿੰਘ ਖ਼ਾਲਸਾ, ਸ. ਗੁਰਜੀਤ ਸਿੰਘ ਅਜ਼ਾਦ, ਸ. ਇੰਦਰਜੀਤ ਸਿੰਘ ਬਾਬਾ ਬਕਾਲਾ, ਸ. ਹਰਪਾਲ ਸਿੰਘ ਬਲੇਰ, ਸ. ਅਮਰੀਕ ਸਿੰਘ ਬੱਲੋਵਾਲ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਆਵਾਜ਼ਿ-ਏ-ਕੌਮ ਜਥੇਬੰਦੀ ਵੱਲੋਂ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ⁠ਸ. ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਸ. ਬਿਜੈ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਸ. ਮੇਜਰ ਸਿੰਘ, ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ, ਇੰਚਾਰਜ ਸਕੱਤਰੇਤ ਸ. ਬਗੀਚਾ ਸਿੰਘ, ਹੈੱਡ ਪ੍ਰਚਾਰਕ ਸ. ਸਰਬਜੀਤ ਸਿੰਘ ਢੋਟੀਆਂ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.