ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਦੇ ਦਫ਼ਤਰ ਮੂਹਰੇ ਹੋਇਆ ਪ੍ਰਦਰਸ਼ਨ ਅਤੇ ਕੰਧ 'ਤੇ ਚਿਪਕਾਏ ਗਏ ਲਾਹਣਤ ਪੱਤਰ

ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਦੇ ਦਫ਼ਤਰ ਮੂਹਰੇ ਹੋਇਆ ਪ੍ਰਦਰਸ਼ਨ ਅਤੇ ਕੰਧ 'ਤੇ ਚਿਪਕਾਏ ਗਏ ਲਾਹਣਤ ਪੱਤਰ

ਹੁਸ਼ਿਆਰਪੁਰ 19 ਅਕਤੂਬਰ , ਰਣਜੀਤ ਸਿੰਘ ਖਾਲਸਾ 
ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲ਼ੇ ਪਰਵਿੰਦਰ ਸਿੰਘ ਝੋਟਾ ਨੂੰ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ਨੂੰ ਲੈ ਕੇ ਮਾਨਸੇ ਵਿੱਚ ਚੱਲ ਰਹੇ ਸੰਘਰਸ਼ ਤੋਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਸੀ ਕਿ 19 ਅਕਤੂਬਰ ਨੂੰ ਪੂਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਜਾਂ ਦਫਤਰਾਂ ਮੂਹਰੇ ਪ੍ਰਦਰਸ਼ਨ ਕਰਦਿਆਂ ਉਨਾਂ ਨੂੰ ਲਾਹਣਤ ਪੱਤਰ ਸੌਂਪੇ ਜਾਣਗੇ। ਸੋ ਉਸ ਐਲਾਨ 'ਤੇ ਪਹਿਰਾ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੋਂ ਹਲਕਾ ਸ਼ਾਮ 84 ਦੇ ਇੰਚਾਰਜ ਭੁਪਿੰਦਰ ਸਿੰਘ ਸੱਜਣ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਰਵਜੋਤ ਦੇ ਦਫ਼ਤਰ ਮੂਹਰੇ ਪ੍ਰਦਰਸ਼ਨ ਕੀਤਾ ਗਿਆ ਅਤੇ ਦਫ਼ਤਰ ਦੀ ਦੀਵਾਰ 'ਤੇ ਲਾਹਣਤ ਪੱਤਰ ਚਿਪਕਾਏ ਗਏ। ਇਸ ਮੌਕੇ ਗੱਲ ਕਰਦਿਆਂ ਭਾਈ ਸੱਜਣ ਨੇ ਕਿਹਾ ਕਿ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਸਬੰਧੀ ਜਿੱਥੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਅੰਦਰ ਗੁੱਸੇ ਅਤੇ ਰੋਹ ਦੀ ਇੱਕ ਲਹਿਰ ਹੈ ਅਤੇ ਮਾਨਸੇ ਵਿਖੇ ਵੱਡਾ ਸੰਘਰਸ਼ ਵੀ ਚੱਲ ਰਿਹਾ ਹੈ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਚੁੱਪੀ ਬਹੁਤ ਵੱਡੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਚੁੱਪੀ ਨੂੰ ਤੋੜਨ ਦੀ ਖ਼ਾਤਰ ਹੀ ਇਹ ਪੱਤਰ ਉਨ੍ਹਾਂ ਨੂੰ ਸੌਂਪੇ ਗਏ ਹਨ। ਐਕਸ਼ਨ ਕਮੇਟੀ ਵੱਲੋਂ ਸਰਕਾਰ ਮੂਹਰੇ ਰੱਖੀਆਂ ਗਈਆਂ ਮੰਗਾਂ ਸਬੰਧੀ ਗੱਲ ਕਰਦਿਆਂ ਭਾਈ ਸੱਜਣ ਨੇ ਕਿਹਾ ਕਿ ਸਰਕਾਰ ਕੋਲ਼ ਜਿੰਨਾ ਕੁ ਸਮਾਂ ਬਾਕੀ ਬਚਿਆ ਹੈ ਉਹ ਜ਼ਰੂਰ ਉਨ੍ਹਾਂ ਵਾਜਬ ਮੰਗਾਂ ਵੱਲ ਧਿਆਨ ਦੇਵੇ ਤਾਂ ਜੋ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੀ ਆਤਮਾ ਅਤੇ ਭਾਈ ਝੋਟੇ ਦੇ ਬਾਪੂ ਜੀ ਦੇ ਮਨ ਨੂੰ ਕੁਝ ਢਾਰਸ ਬੱਝ ਸਕੇ। ਭਾਈ ਸੱਜਣ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਤੁਸੀਂ ਜ਼ਰੂਰ ਇਸ ਗੱਲ ਦਾ ਨਿਖੇੜਾ ਕਰ ਦਿਓ ਕਿ ਤੁਹਾਡੀ ਨਜ਼ਰ ਵਿੱਚ ਪੰਜਾਬ ਦੀ ਮੌਜੂਦਾ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਐਤਕੀਂ ਪੰਜਾਬ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ 'ਚ ਭੁਗਤ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਜ਼ਰੂਰ ਲਾਂਭੇ ਕਰ ਦੇਣਗੇ। ਇਸ ਮੌਕੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਘਟ ਜਾਵੇ। ਇਸ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲ਼ਿਆਂ ਵਿੱਚ ਸਰਦਾਰ ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਨੂਰਾ ਜ਼ਿਲ੍ਹਾ ਯੂਥ ਪ੍ਰਧਾਨ ਤੋਂ ਇਲਾਵਾ ਭਾਈ ਹਰਪ੍ਰੀਤ ਸਿੰਘ ਭਾਈ ਜਤਿੰਦਰ ਸਿੰਘ ਸਰਦਾਰ ਅਮਰਜੀਤ ਸਿੰਘ ਭਾਈ ਦਲਜੀਤ ਸਿੰਘ ਭਾਈ ਕੁਲਬੀਰ ਸਿੰਘ ਸਤੌਰ ਭਾਈ ਹਰਮਿੰਦਰ ਸਿੰਘ ਪੰਡੋਰੀ ਭਾਈ ਬਲਬੀਰ ਸਿੰਘ ਪੰਡੋਰੀ ਭਾਈ ਭਾਈ ਕੁਲਦੀਪ ਸਿੰਘ ਪੰਡੋਰੀ ਅਤੇ ਕੁਲਵੰਤ ਸਿੰਘ ਨਸਰਾਲਾ ਕਲੋਨੀ ਤੋਂ ਇਲਾਵਾ ਵੱਡੀ ਗਿਣਤੀ 'ਚ ਹਲਕੇ ਦੇ ਹੋਰ ਲੋਕ ਵੀ ਸ਼ਾਮਲ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.