PAKISTAN ~‘ਆਪਣੀ ਛੱਤ ਆਪਣਾ ਘਰ’ ਯੋਜਨਾ ਤਹਿਤ ਪੰਜ ਸਾਲਾਂ ’ਚ 10 ਲੱਖ ਘਰ ਬਣਾਉਣ ਦਾ ਟੀਚਾ: ਮਰੀਅਮ ਨਵਾਜ਼

PAKISTAN ~‘ਆਪਣੀ ਛੱਤ ਆਪਣਾ ਘਰ’ ਯੋਜਨਾ ਤਹਿਤ ਪੰਜ ਸਾਲਾਂ ’ਚ 10 ਲੱਖ ਘਰ ਬਣਾਉਣ ਦਾ ਟੀਚਾ: ਮਰੀਅਮ ਨਵਾਜ਼

ਮੁਲਤਾਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਮੁਲਤਾਨ ਕ੍ਰਿਕਟ ਸਟੇਡੀਅਮ ਵਿੱਚ ‘ਆਪਣੀ ਛੱਤ ਆਪਣਾ ਘਰ’ ਯੋਜਨਾ ਦੇ ਕਰੀਬ 25,000 ਲਾਭਪਾਤਰੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਯੋਜਨਾ ਤਹਿਤ ਨਵੇਂ ਘਰਾਂ ਦੀ ਉਸਾਰੀ ’ਤੇ 312 ਅਰਬ ਰੁਪਏ ਖ਼ਰਚੇ ਜਾਣਗੇ। ਸਮਾਗਮ ਦੌਰਾਨ ਯੋਗ ਲਾਭਪਾਤਰੀਆਂ ਨੂੰ ਚੈੱਕ ਵੀ ਵੰਡੇ ਗਏ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਪਿਛਲੇ ਢਾਈ ਸਾਲਾਂ ਵਿੱਚ ਕਰੀਬ 1 ਲੱਖ 35 ਹਜ਼ਾਰ ਘਰਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ, ਜਦਕਿ ਹੋਰ 1 ਲੱਖ 50 ਹਜ਼ਾਰ ਘਰਾਂ ਦਾ ਕੰਮ ਮੁਕੰਮਲ ਹੋਣ ਨੇੜੇ ਹੈ। ਸਰਕਾਰ ਦਾ ਟੀਚਾ ਹੁਣ ਪੰਜ ਸਾਲਾਂ ਵਿੱਚ 10 ਲੱਖ ਘਰ ਬਣਾਉਣ ਦਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਮੁਹੰਮਦ ਨਵਾਜ਼ ਸ਼ਰੀਫ਼ ਦੀ ਹਦਾਇਤ ’ਤੇ 5 ਲੱਖ ਘਰਾਂ ਦੇ ਮੂਲ ਟੀਚੇ ਨੂੰ ਦੁੱਗਣਾ ਕੀਤਾ ਗਿਆ ਹੈ।

ਮਰੀਅਮ ਨਵਾਜ਼ ਨੇ ਕਿਹਾ ਕਿ ‘ਆਪਣੀ ਛੱਤ ਆਪਣਾ ਘਰ’ ਪੰਜਾਬ ਦੀ ਸਭ ਤੋਂ ਵੱਡੀ ਘੱਟ ਲਾਗਤ ਵਾਲੀ ਰਿਹਾਇਸ਼ੀ ਯੋਜਨਾ ਹੈ ਅਤੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਵੀ ਪਛਾਣ ਮਿਲੀ ਹੈ। ਉਨ੍ਹਾਂ ਅਜ਼ਰਬਾਈਜਾਨ ਤੇ ਮਸਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਵੀ ਯੋਜਨਾ ਦੀ ਕਾਮਯਾਬੀ ਨੂੰ ਮਾਨਤਾ ਮਿਲੀ ਹੈ। ਉਨ੍ਹਾਂ ਮੁਤਾਬਕ ਇਹ ਯੋਜਨਾ ਕਿਫ਼ਾਇਤੀ ਰਿਹਾਇਸ਼ ਲਈ ਦੁਨੀਆ ਭਰ ਵਿੱਚ ਇੱਕ ਮਿਸਾਲ ਬਣ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਨੇ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲੀ ਹੈ, ਜਿਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਪਹਿਲਾਂ ਘਰ ਦੇ ਕਿਰਾਏ ’ਤੇ ਖ਼ਰਚ ਹੁੰਦਾ ਸੀ। ਉਨ੍ਹਾਂ ਕਿਹਾ, “ਉਨ੍ਹਾਂ ਸਾਰਿਆਂ ਨੂੰ ਵਧਾਈ, ਜਿਨ੍ਹਾਂ ਨੇ ਸਾਰੀ ਉਮਰ ਕਿਰਾਏ ਦੇ ਘਰਾਂ ਵਿੱਚ ਗੁਜ਼ਾਰੀ ਅਤੇ ਹੁਣ ਆਪਣੇ ਘਰਾਂ ਦੇ ਮਾਲਕ ਬਣ ਗਏ ਹਨ।” ਉਨ੍ਹਾਂ ਇਸ ਯੋਜਨਾ ਨੂੰ “ਇੱਕ ਭੈਣ ਵੱਲੋਂ ਧੀਆਂ, ਮਾਵਾਂ ਅਤੇ ਪਿਉਆਂ ਲਈ ਤੋਹਫ਼ਾ” ਦੱਸਿਆ।

ਮਰੀਅਮ ਨਵਾਜ਼ ਨੇ ਕਿਹਾ ਕਿ ਕਰਜ਼ੇ ਦੀ ਜ਼ਮਾਨਤ ਵਜੋਂ ਪਲਾਟ ਗਿਰਵੀ ਰੱਖਣ ਦੀ ਸਲਾਹ ਦਿੱਤੀ ਗਈ ਸੀ, ਪਰ ਯੋਜਨਾ ਨਾਲ ਜੁੜੇ ਢਾਈ ਲੱਖ ਪਰਿਵਾਰਾਂ ਵਿੱਚੋਂ ਇੱਕ ਵੀ ਪਰਿਵਾਰ ਨੇ ਕਰਜ਼ੇ ਦੀ ਅਦਾਇਗੀ ਵਿੱਚ ਚੂਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਪਰਿਵਾਰਾਂ ਨੂੰ ਆਪਣੇ ਘਰਾਂ ਦੇ ਮਾਲਕ ਬਣਦੇ ਵੇਖਣਾ “ਬੇਹੱਦ ਖ਼ੁਸ਼ੀ ਦਾ ਪਲ” ਅਤੇ “ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਨਾਮ” ਹੈ।

ਮੁਲਤਾਨ ਦੌਰੇ ਦੌਰਾਨ ਮਰੀਅਮ ਨਵਾਜ਼ ਸ਼ਰੀਫ਼ ਨੇ ਵੁਮੈਨ ਯੂਨੀਵਰਸਿਟੀ ਮੁਲਤਾਨ ਦੇ ਅੱਠਵੇਂ ਡਿਗਰੀ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.