ਖ਼ਾਲਸੇ ਦਾ ਜਾਹੋ-ਜਲਾਲ ਵੇਖ ਕੇ ਨਿਹਾਲ ਹੋਇਆ ਦੀਪ ਸਿੱਧੂ

ਖ਼ਾਲਸੇ ਦਾ ਜਾਹੋ-ਜਲਾਲ ਵੇਖ ਕੇ ਨਿਹਾਲ ਹੋਇਆ ਦੀਪ ਸਿੱਧੂ

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਕਿਹਾ ਸੀ ਕਿ "ਗੁਰੂ ਦੀ ਅਤੇ ਸ਼ਹੀਦਾਂ ਦੀ ਕਲਾ ਜ਼ਰੂਰ ਵਰਤੇਗੀ ਤੇ ਕਿਸਾਨੀ ਮੋਰਚੇ 'ਚ ਸਾਡੀ ਜਿੱਤ ਹੋਵੇਗੀ।" ਫਿਰ ਜਦੋਂ ਪੰਥ ਅਤੇ ਪੰਜਾਬ ਅੱਗੇ ਝੁਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲ਼ੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਤਾਂ ਇਸ ਜਿੱਤ ਦੀ ਖ਼ੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ 'ਦਿੱਲੀ ਕਿਸਾਨ ਮੋਰਚਾ ਫ਼ਤਹਿ ਮਾਰਚ' 15 ਦਸੰਬਰ 2021 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅੰਮ੍ਰਿਤਸਰ ਪੁੱਜਿਆ। ਉਸ ਦਿਨ ਵੱਖਰਾ ਹੀ ਜਾਹੋ-ਜਲਾਲ ਸੀ, ਸਭ ਪਾਸੇ ਰਾਜ ਕਰੇਗਾ ਖ਼ਾਲਸਾ ਦੇ ਨਾਹਰੇ ਅਤੇ ਨਗਾਰੇ ਗੂੰਜ ਰਹੇ ਸਨ, ਖ਼ਾਲਸਈ ਨਿਸ਼ਾਨ ਸਾਹਿਬ ਝੂਲ ਰਹੇ ਸਨ, ਸੰਗਤਾਂ ਦਾ ਬੇਤਹਾਸ਼ਾ ਇਕੱਠ ਸੀ। ਮੈਂ ਪ੍ਰਕਰਮਾ ਵਿੱਚ ਵੇਖਿਆ ਕਿ ਦੀਪ ਸਿੱਧੂ ਨੂੰ ਨੌਜਵਾਨੀ ਬਹੁਤ ਪਿਆਰ, ਸਤਿਕਾਰ ਤੇ ਮਾਣ ਦੇ ਰਹੀ ਸੀ, ਸੰਗਤਾਂ ਉਸ ਨਾਲ ਤਸਵੀਰਾਂ ਖਿਚਵਾ ਰਹੀਆਂ ਸਨ। ਦੀਪ ਸਿੱਧੂ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਵੀ ਨਾਲ-ਨਾਲ ਤੁਰ ਰਹੇ ਸਨ, ਮੈਨੂੰ ਵੇਖਦਿਆਂ ਜਦ ਦੀਪ ਸਿੱਧੂ ਨੂੰ ਉਹ ਮੇਰੇ ਬਾਰੇ ਦੱਸਣ ਲੱਗੇ ਤਾਂ ਦੀਪ ਨੇ ਕਿਹਾ "ਹਾਂ ਸਰ! ਮੈਂ ਜਾਣਦਾ ਬਾਬਾ ਜੀ ਨੂੰ, ਅਸੀਂ ਮਿਲੇ ਹੋਏ ਆਂ ਕਈ ਵਾਰ, ਇਹਨਾਂ ਨੇ ਆਪਣੀ ਕਿਤਾਬ ਵੀ ਮੈਨੂੰ ਦਿੱਤੀ ਸੀ, ਇਹ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ।" 
ਦੀਪ ਸਿੱਧੂ ਨੇ ਉਸ ਦਿਨ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਕੇ ਕੀਰਤਨ ਸੁਣਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗੁਰੂ ਸਾਹਿਬਾਨਾਂ, ਸ਼ਹੀਦਾਂ ਤੇ ਯੋਧਿਆਂ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ। ਸ੍ਰੀ ਦਰਬਾਰ ਸਾਹਿਬ ਵਿਖੇ ਰੂਹਾਨੀ ਅਨੰਦ ਵੇਖ ਕੇ ਅਤੇ ਖ਼ਾਲਸੇ ਦਾ ਜਲੋਅ ਵੇਖ ਕੇ ਦੀਪ ਸਿੱਧੂ ਓਦੋਂ ਅੰਮ੍ਰਿਤਧਾਰੀ ਸਿੰਘ ਬਣਨ ਲਈ ਉਤਸੁਕ ਹੋ ਚੁੱਕਾ ਸੀ। ਤੇ ਫਿਰ ਰਾਤ 8 ਕੁ ਵਜੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸੰਦੀਪ ਸਿੰਘ 'ਦੀਪ ਸਿੱਧੂ' ਨਾਲ਼ ਅਸੀਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ 'ਚ ਬਣੇ ਗੁਰਦੁਆਰਾ ਸ਼ਹੀਦੀ ਯਾਦਗਾਰ ਦੇ ਦਰਸ਼ਨ ਕਰ ਕੇ ਓਥੇ ਪੰਥਕ ਵਿਚਾਰਾਂ ਕਰਨ ਲਗ ਪਏ। ਓਸ ਦਿਨ 'ਦੀਪ ਸਿੱਧੂ' ਨੇ ਜੋ ਬੋਲ ਬੋਲੇ ਉਸ ਨੇ ਮੇਰੀ ਰੂਹ ਖ਼ੁਸ਼ ਕਰ ਦਿੱਤੀ, ਤੇ ਇਹ ਇਤਿਹਾਸਕ ਬੋਲ ਵਾਰ-ਵਾਰ ਮੇਰੇ ਕੰਨਾਂ 'ਚ ਗੂੰਜਦੇ ਰਹਿੰਦੇ ਹਨ ਜਿਸ ਨੂੰ ਪੰਥ ਹਰ ਹੀਲੇ ਸਾਕਾਰ ਕਰੇਗਾ, ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ। ਉਹ ਬੋਲ ਸਨ ਕਿ “ਬਾਈ! ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਐ ਕਿ ਜੇ ਦਿੱਲੀ 'ਤੇ ਚੜ੍ਹਾਈ ਕਰ ਕੇ ਪੰਥ ਖੇਤੀ ਕਨੂੰਨ ਰੱਦ ਕਰਵਾ ਸਕਦਾ ਏ ਤਾਂ ਸਭ ਕੁਝ ਕਰ ਸਕਦਾ ਐ। ਜੇ ਇੱਥੇ ਸ਼ਹੀਦੀ ਯਾਦਗਾਰ ਬਣ ਸਕਦੀ ਏ ਤਾਂ ਹੁਣ ਖ਼ਾਲਿਸਤਾਨ ਵੀ ਜ਼ਰੂਰ ਬਣੂੰਗਾ। ਪਹਿਲਾਂ ਅਸੀਂ ਲਾਲ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਸਾਹਿਬ ਗੱਡਿਆ, ਹੁਣ ਦਿੱਲੀ ਦੀ ਹਿੱਕ 'ਤੇ ਖ਼ਾਲਿਸਤਾਨ ਦਾ ਝੰਡਾ ਵੀ ਗੱਡਾਂਗੇ।”

      ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
           ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.