ਭਗਵੰਤ ਮਾਨ ਦਾ ਬਿਜਲੀ 'ਸਰਪਲਸ' ਦਾ ਦਾਅਵਾ ਸਫ਼ੈਦ ਝੂਠ; ਅਕਾਲੀ ਦਲ ਦੇ ਲਗਾਏ ਗੋਇੰਦਵਾਲ ਥਰਮਲ ਪਲਾਂਟ 'ਤੇ ਆਪਣੀ ਮੋਹਰ ਲਾ ਰਹੀ ਹੈ 'ਆਪ' ਸਰਕਾਰ- ਬ੍ਰਹਮਪੁਰਾ
- ਰਾਜਨੀਤੀ
- 09 Mar, 2026 01:25 PM (Asia/Kolkata)
16,000 ਮੈਗਾਵਾਟ ਮੰਗ ਵਾਲੇ ਪੰਜਾਬ ਨੂੰ 540 ਮੈਗਾਵਾਟ ਦਾ ਪਲਾਂਟ ਕਿਵੇਂ ਕਰ ਸਕਦੈ ਸਰਪਲਸ? ਅੰਕੜਿਆਂ ਦੀ ਜਾਦੂਗਰੀ ਬੰਦ ਕਰੇ ਮੁੱਖ ਮੰਤਰੀ
'ਆਪ' ਦੇ ਝੂਠਾਂ ਤੋਂ ਅੱਕੀ ਜਨਤਾ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੀ; ਵਰਕਰ ਮਿਲਣੀ ਦੌਰਾਨ ਉੱਮੜਿਆ ਭਾਰੀ ਉਤਸ਼ਾਹ
ਰਾਕੇਸ਼ ਨੲਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,9 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗੁਰਦਾਸਪੁਰ ਦੇ ਕਾਦੀਆਂ ਅਤੇ ਕਾਹਨੂੰਵਾਨ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਐਲਾਨਾਂ ਨੂੰ "ਸਿਆਸੀ ਡਰਾਮੇਬਾਜ਼ੀ" ਕਰਾਰ ਦਿੰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ,ਹਲਕਾ ਖਡੂਰ ਸਾਹਿਬ ਦੇ ਇੰਚਾਰਜ 'ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ।ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਜਾ ਕੇ ਨਵੇਂ ਲਾਰੇ ਲਾਉਣ ਵਾਲੇ ਮੁੱਖ ਮੰਤਰੀ ਪਹਿਲਾਂ ਇਹ ਦੱਸਣ ਕਿ ਅਕਾਲੀ ਦਲ ਦੇ ਸਮੇਂ ਗੋਇੰਦਵਾਲ ਸਾਹਿਬ ਵਿਖੇ ਵਸਾਇਆ ਗਿਆ 1200 ਏਕੜ ਦਾ ਵਿਸ਼ਾਲ ਸਨਅਤੀ ਕੰਪਲੈਕਸ ਅੱਜ 'ਉਜਾੜ ਦਾ ਰੂਪ' ਕਿਉਂ ਧਾਰ ਚੁਕਾਂ ਹੈ?ਸ੍ਰ.ਬ੍ਰਹਮਪੁਰਾ ਅੱਜ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਖ਼ੁਰਦ ਵਿਖੇ ਵਿਖੇ ਇੱਕ ਵਰਕਰ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਆਮ ਆਦਮੀ ਪਾਰਟੀ ਦੇ ਫ਼ੋਕੇ ਲਾਰਿਆਂ ਤੋਂ ਨਿਰਾਸ਼ ਹੋਏ ਲੋਕਾਂ ਦਾ ਅਕਾਲੀ ਦਲ ਵੱਲ ਮੁੜ ਵੱਧ ਰਿਹਾ ਝੁਕਾਅ ਅਤੇ ਵਰਕਰਾਂ ਦਾ ਭਾਰੀ ਉਤਸ਼ਾਹ ਪ੍ਰਤੱਖ ਦੇਖਣ ਨੂੰ ਮਿਲਿਆ।
ਪੱਤਰਕਾਰਾਂ ਨਾਲ ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਗੱਲਬਾਤ ਕਰਦਿਆਂ ਸ੍ਰ.ਬ੍ਰਹਮਪੁਰਾ ਨੇ ਗੋਇੰਦਵਾਲ ਸਾਹਿਬ ਸਥਿਤ (ਜੀ.ਵੀ.ਕੇ.) ਥਰਮਲ ਪਲਾਂਟ ਦੇ ਮੁੱਦੇ 'ਤੇ 'ਆਪ' ਸਰਕਾਰ ਦੀ ਪੋਲ ਖੋਲ੍ਹੀ। ਉਨ੍ਹਾਂ ਕਿਹਾ ਕਿ,ਮੁੱਖ ਮੰਤਰੀ ਅੱਜ-ਕੱਲ੍ਹ ਹਰ ਰੈਲੀ ਵਿੱਚ ਬਿਜਲੀ ਬੋਰਡ ਦੇ ਮੁਨਾਫ਼ੇ ਅਤੇ ਬਿਜਲੀ ਸਰਪਲਸ ਹੋਣ ਦਾ ਜੋ ਸਫ਼ੈਦ ਝੂਠ ਬੋਲ ਰਹੇ ਹਨ,ਉਸਦੀ ਅਸਲੀਅਤ ਕੁਝ ਹੋਰ ਹੈ। 540 ਮੈਗਾਵਾਟ ਦਾ ਇਹ ਥਰਮਲ ਪਲਾਂਟ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੱਗਾ ਸੀ।ਹੁਣ ਜਦੋਂ ਕੰਪਨੀ ਦਿਵਾਲੀਆ ਹੋ ਗਈ ਤਾਂ ਸਰਕਾਰ ਨੇ ਇਸਨੂੰ ਖਰੀਦ ਕੇ ਸਿਰਫ਼ ਇਸਦਾ ਨਾਂ ਬਦਲਣ ਦੀ ਡਰਾਮੇਬਾਜ਼ੀ ਕੀਤੀ ਹੈ। ਆਪਣੇ ਪੱਲਿਓਂ ਇੱਕ ਵੀ ਨਵੀਂ ਇੱਟ ਨਾ ਲਾਉਣ ਵਾਲੀ 'ਆਪ' ਸਰਕਾਰ ਅਕਾਲੀ ਦਲ ਦੇ ਪ੍ਰੋਜੈਕਟਾਂ ਦਾ ਕਰੈਡਿਟ ਲੈ ਕੇ ਫ਼ੋਕੀ ਵਾਹ-ਵਾਹੀ ਲੁੱਟ ਰਹੀ ਹੈ।ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਅੰਕੜਿਆਂ ਦੀ ਹੇਰਾਫੇਰੀ ਨੂੰ ਬੇਨਕਾਬ ਕਰਦਿਆਂ ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਸਵਾਲ ਕੀਤਾ ਕਿ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਦੀ ਬਿਜਲੀ ਦੀ ਮੰਗ 16,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ,ਫ਼ਿਰ ਸਿਰਫ਼ 540 ਮੈਗਾਵਾਟ ਦਾ ਇਹ ਪਲਾਂਟ ਪੂਰੇ ਪੰਜਾਬ ਨੂੰ 'ਸਰਪਲਸ' ਕਿਵੇਂ ਕਰ ਸਕਦਾ ਹੈ? ਅਸਲੀਅਤ ਇਹ ਹੈ ਕਿ ਮੁਫ਼ਤ ਬਿਜਲੀ ਦੀ ਸਬਸਿਡੀ ਨਾ ਮਿਲਣ ਕਾਰਨ ਪੀ.ਐਸ.ਪੀ.ਸੀ.ਐਲ. ਬੁਰੀ ਤਰ੍ਹਾਂ ਘਾਟੇ ਵਿੱਚ ਹੈ ਅਤੇ ਰੋਜ਼ਮੱਰਾ ਦਾ ਕੋਲਾ ਖਰੀਦਣ ਲਈ ਵੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਲੈਣ ਲਈ ਮਜਬੂਰ ਹੈ।ਉਨ੍ਹਾਂ ਵਰਕਰਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਸਲ ਹਿਤੈਸ਼ੀ ਪਾਰਟੀ ਹੈ,ਜਿਸਨੇ ਹਮੇਸ਼ਾ ਜ਼ਮੀਨੀ ਪੱਧਰ 'ਤੇ ਵਿਕਾਸ ਕੀਤਾ ਹੈ।ਅੱਜ ਦੀ ਇਸ ਵਰਕਰ ਮਿਲਣੀ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਮਕਬੂਲੀਅਤ ਮੁੜ ਸਿਖਰਾਂ ਵੱਲ ਵੱਧ ਰਹੀ ਹੈ ਅਤੇ ਪੰਜਾਬ ਦੇ ਲੋਕ 2027 ਵਿੱਚ ਝੂਠੀ 'ਬਦਲਾਅ' ਵਾਲੀ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਗੇ।ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਬੀਰ ਸਿੰਘ ਜਹਾਂਗੀਰ,ਚੇਅਰਮੈਨ ਗੁਰਸੇਵਕ ਸਿੰਘ ਸ਼ੇਖ,ਉੱਘੇ ਕਿਸਾਨ ਆਗੂ ਮੱਘਰ ਸਿੰਘ,ਕਵਰਜੀਤ ਸਿੰਘ (ਕੰਗ ਖ਼ੁਰਦ), ਕਰਤਾਰ ਸਿੰਘ,ਅਜੈਬ ਸਿੰਘ, ਗੁਰਪਾਲ ਸਿੰਘ, ਗੁਰਦਿਆਲ ਸਿੰਘ,ਮਨਜਿੰਦਰ ਸਿੰਘ,ਮਿੱਠਾ ਆਦੀ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਸਹਿਬਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Leave a Reply