ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਭਾਜਪਾ ਨੇ ਕਰਵਾਇਆ ਤੇ ਕਾਂਗਰਸ ਨੇ ਕੀਤਾ ਸੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਭਾਜਪਾ ਨੇ ਕਰਵਾਇਆ ਤੇ ਕਾਂਗਰਸ ਨੇ ਕੀਤਾ ਸੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 5 ਜੂਨ , ਕੰਵਰ ਪ੍ਰਤਾਪ ਸਿੰਘ -ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਖ਼ਾਲਸਾ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਿਸੇ ਇੱਕ ਪਾਰਟੀ ਨੇ ਨਹੀਂ ਬਲਕਿ ਸਮੁੱਚੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ ਜਿਸ ਦੀ ਅਗਵਾਈ ਤਾਂ ਭਾਵੇਂ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ ਪਰ ਸਮਰਥਨ ਭਾਜਪਾ, ਆਰ.ਐੱਸ.ਐੱਸ., ਅਖੌਤੀ ਅਕਾਲੀ ਆਗੂਆਂ ਅਤੇ ਕਾਮਰੇਡ ਪਾਰਟੀਆਂ ਸਮੇਤ ਸਮੁੱਚੇ ਭਾਰਤ ਦੇ ਕੱਟੜ ਹਿੰਦੂਵਾਦੀਆਂ ਨੇ ਕੀਤਾ ਸੀ। ਇਸ ਹਮਲੇ ’ਚ ਹਿੰਦੂ ਭਾਰਤੀ ਮੀਡੀਆ ਦਾ ਰੋਲ ਵੀ ਅਣਗੌਲਿਆ ਨਹੀਂ ਜਾ ਸਕਦਾ, ਜਿਸ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਤੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦਾ ਪਿੜ ਬੰਨ੍ਹਣ ’ਚ ਅਹਿਮ ਭੂਮਿਕਾ ਨਿਭਾਈ। ਭਾਰਤ ਦੀ ਹਿੰਦੂਤਵੀ ਸਰਕਾਰ ਵੱਲੋਂ ਸਿੱਖਾਂ ਉੱਤੇ ਕੀਤੇ ਗਏ ਜ਼ੁਲਮਾਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱੱਤੀ। ਐਨਾ ਕਹਿਰ ਤਾਂ ਸੋਮਨਾਥ ਮੰਦਰ ਢਾਹੁਣ ਵੇਲੇ ਮਹਿਮੂਦ ਗ਼ਜ਼ਨਵੀ ਨੇ ਵੀ ਨਹੀਂ ਢਾਹਿਆ ਸੀ, ਜਿੰਨਾ ਅਕ੍ਰਿਤਘਣ ਹਿੰਦੂਤਵੀਆਂ ਨੇ ਸਿੱਖਾਂ ਉੱਤੇ ਢਾਹਿਆ। ਫੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲ਼ੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਹਮੇਸ਼ਾਂ ਲਈ ਰੱਦ ਕਰ ਦਿੱਤਾ ਹੈ, ਜਿਸ ਨੇ ਸਾਡਾ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਸਾਡੀ ਬਰਬਾਦੀ ’ਤੇ ਲੱਡੂ ਵੰਡੇ ਤੇ ਭੰਗੜੇ ਪਾ ਕੇ ਖ਼ੁਸ਼ੀਆਂ ਮਨਾਈਆਂ ਸਨ। ਅਸੀਂ ਅਜਿਹਾ ਰਾਜ-ਭਾਗ ਸਿਰਜਣਾ ਚਾਹੁੰਦੇ ਹਨ ਜਿੱਥੇ ਸਿੱਖ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਸਰ ਕਰ ਸਕਣ, ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ, ਜਿੱਥੇ ਉਹਨਾਂ ਦਾ ਧਰਮ ਪ੍ਰਫੁੱਲਤ ਹੋਵੇ, ਜਿੱਥੇ ਉਹਨਾਂ ਦੀ ਮਾਂ-ਬੋਲੀ ਨੂੰ ਕੋਈ ਛੁਟਿਆਉਣ ਦਾ ਯਤਨ ਨਾ ਕਰੇ। ਜਿੱਥੇ ਉਹਨਾਂ ਦੇ ਧਰਮ ਸਥਾਨਾਂ ਤੇ ਧਰਮ ਗ੍ਰੰਥਾਂ ’ਤੇ ਹਮਲੇ ਕਰਨ ਦਾ ਕੋਈ ਹੀਆ ਨਾ ਕਰ ਸਕੇ, ਜਿੱਥੇ ਉਹਨਾਂ ਦੇ ਕੁਦਰਤੀ ਸ੍ਰੋਤਾਂ ਨੂੰ ਕੋਈ ਲੁੱਟ ਨਾ ਸਕੇ ਤੇ ਉਹਨਾਂ ਦੇ ਧਾਰਮਿਕ ਮਾਮਲਿਆਂ ’ਚ ਕੋਈ ਦਖ਼ਲ-ਅੰਦਾਜੀ ਨਾ ਕਰ ਸਕੇ। ਜੂਨ 1984 ਦੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਬਹੁਤ ਉਥਲ-ਪੁਥਲ ਹੋਈ। ਰਾਜਨੀਤੀ ਵਿੱਚ ਵੀ ਵੱਡੀ ਤਬਦੀਲੀ ਆਈ, ਰਾਜਨੀਤਕ ਸਮੀਕਰਨ ਵੀ ਬਦਲੇ ਪਰ ਇਹ ਸਭ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਭਰ ਨਹੀਂ ਸਕੇ। ਦਹਾਕੇ ਬੀਤਣ ਦੇ ਬਾਅਦ ਵੀ ਜ਼ਖ਼ਮ ਹਰੇ ਹਨ। ਸਾਡੀ ਅੱਜ ਵੀ ਪੀੜ ਸੱਜਰੀ ਹੈ ਤੇ ਸੰਘਰਸ਼ ਜਾਰੀ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹੌਲਨਾਕ ਹਮਲੇ ਦਾ ਪ੍ਰਭਾਵ ਦੁਨੀਆਂ ਪੱਧਰ ਉੱਤੇ ਅੱਜ ਵੀ ਵੇਖਣ ਨੂੰ ਮਿਲ਼ਦਾ ਹੈ ਤੇ ਸੱਚ ਦੁਨੀਆਂ ਦੇ ਸਾਹਮਣੇ ਹੈ। ਸਿੱਖ ਕੌਮ ਨੇ ਹਿੰਦੂਤਵ ਨੂੰ ਇਸ ਵਹਿਸ਼ੀ ਕਾਰੇ ਲਈ ਕਦੇ ਮੁਆਫ਼ ਨਹੀਂ ਕਰਨਾ, ਇਹ ਇਤਿਹਾਸ ਬੋਲੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.