ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਦਾ ਐਲਾਨ :ਪੰਥ ਦੇ ਸਿਧਾਂਤਾਂ ਦੀ ਰਾਖੀ ਅਤੇ ਟਕਸਾਲ ਦੀ ਸ਼ਾਨ ਬਚਾਉਣ ਲਈ ਛੇਤੀ ਲਵਾਂਗੇ ਫੈਸਲਾ : ਸਮੂਹ ਵਿਦਿਆਰਥੀ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 26 Mar, 2026 07:47 PM (Asia/Kolkata)
ਚੰਡੀਗੜ੍ਹ, 25 ਮਾਰਚ , ਕੰਵਰ ਪ੍ਰਤਾਪ ਸਿੰਘ- ਭਾਈ ਹਰਨਾਮ ਸਿੰਘ ਧੁੰਮਾ ਲਈ ਇੱਕ ਹੋਰ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਦੇਸ਼-ਵਿਦੇਸ਼ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਖ਼ਾਲਸਾ ਪੰਥ ਦੇ ਸਿਧਾਂਤਾਂ ਦੀ ਰਾਖੀ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਬਚਾਉਣ ਲਈ ਦਮਦਮੀ ਟਕਸਾਲ ਬਾਰੇ ਛੇਤੀ ਹੀ ਕੋਈ ਫ਼ੈਸਲਾ ਲੈਣਗੇ।
ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਨਾਂ ਹੇਠ ਜਾਰੀ ਹੋਏ ਲੈਟਰਪੈਡ ਵਿੱਚ ਸੱਚਖੰਡਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਡਰਾਇਵਰ ਵਜੋਂ ਸੇਵਾ ਨਿਭਾ ਚੁੱਕੇ ਭਾਈ ਦਵਿੰਦਰ ਸਿੰਘ ਕੈਨੇਡਾ ਅਤੇ ਪੀ.ਏ ਗਿਆਨੀ ਜਸਵਿੰਦਰ ਸਿੰਘ ਅਮਰੀਕਾ, ਗਿਆਨੀ ਯਾਦਵਿੰਦਰ ਸਿੰਘ ਆਸਟ੍ਰੇਲੀਆ, ਭਾਈ ਬਲਵੰਤ ਸਿੰਘ ਗੋਪਾਲਾ (ਸਾਬਕਾ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਤਰਨਦੀਪ ਸਿੰਘ ਯੂਕੇ, ਭਾਈ ਹਰਪ੍ਰੀਤ ਸਿੰਘ ਅਸਟਰੀਆ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਵੱਲੋਂ ਸਾਜੀ ਦਮਦਮੀ ਟਕਸਾਲ ਦਾ ਇਤਿਹਾਸ ਬਹੁਤ ਸ਼ਾਨਾਮੱਤਾ ਹੈ, ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਤੇ ਬਾਬਾ ਠਾਕੁਰ ਸਿੰਘ ਜੀ ਤਕ ਸਾਰੇ ਹੀ ਮੁਖੀਆਂ ਨੇ ਮਹਾਨ ਸੇਵਾਵਾਂ ਨਿਭਾਈਆਂ ਹਨ।
ਉਹਨਾਂ ਕਿਹਾ ਕਿ ਦਮਦਮੀ ਟਕਸਾਲ ਹਮੇਸ਼ਾਂ ਸਿੱਖੀ ਦਾ ਪ੍ਰਚਾਰ, ਗੁਰਮਤਿ ਵਿਚਾਰਧਾਰਾ ਦੀ ਚੜ੍ਹਦੀ ਕਲਾ, ਸਿੱਖ ਕੌਮ ਦੀ ਅਜ਼ਾਦ ਹੋਂਦ-ਹਸਤੀ ਦੀ ਰਾਖੀ, ਸਿੱਖੀ ਮਰਯਾਦਾ ਦੀ ਝੰਡਾਬਰਦਾਰ, ਸਿੱਖ ਸਿਧਾਂਤਾਂ ਦੀ ਬਹਾਲੀ, ਸਿੱਖ ਫ਼ਲਸਫ਼ੇ 'ਤੇ ਪਹਿਰਾ ਦੇਣ, ਖ਼ਾਲਸਈ ਪ੍ਰਭੂਸੱਤਾ ਦਾ ਝੰਡਾ ਬੁਲੰਦ ਕਰਨ, ਸਿੱਖ ਵਿਰਾਸਤ ਲਈ ਜੂਝਣ ਤੇ ਸਿੱਖਾਂ ਦੀ ਅਜ਼ਾਦੀ ਲਈ ਸੰਘਰਸ਼ ਕਰਨ 'ਚ ਮੋਹਰੀ ਸੀ ਪਰ ਪਿਛਲੇ ਕਈ ਸਾਲਾਂ ਤੋਂ ਭਾਈ ਹਰਨਾਮ ਸਿੰਘ ਧੁੰਮਾ ਵੱਲੋਂ ਦਮਦਮੀ ਟਕਸਾਲ ਨੂੰ ਅਰਸ਼ ਤੋਂ ਫਰਸ਼ 'ਤੇ ਸੁੱਟਦਿਆਂ ਜਥੇਬੰਦੀ ਦੇ ਵੱਕਾਰ ਨੂੰ ਰੋਲਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਰੇਕ ਪੰਥ-ਪ੍ਰਸਤ ਗੁਰਸਿੱਖ ਤੇ ਸੰਗਤਾਂ ਦੁਖੀ ਹਨ ਤੇ ਸਭ ਨੂੰ ਪੰਥਕ ਸਿਧਾਂਤਾਂ ਦੇ ਘਾਣ ਅਤੇ ਟਕਸਾਲ ਦੀ ਰੁਲ਼ ਰਹੀ ਸ਼ਾਨ ਦੀ ਚਿੰਤਾ ਖਾਈ ਜਾ ਰਹੀ ਹੈ।
ਵਿਦਿਆਰਥੀਆਂ ਨੇ ਕਿਹਾ ਕਿ ਭਾਈ ਧੁੰਮਾ ਜੋ ਸਰਕਾਰ ਦਾ ਪਿੱਠੂ ਬਣ ਕੇ ਸਿੱਖ ਕੌਮ ਖਿਲਾਫ ਭੁਗਤ ਰਿਹਾ ਹੈ, ਸਿੱਖ ਵਿਰੋਧੀ ਜਮਾਤ ਭਾਜਪਾ ਦੀ ਹਮਾਇਤ ਅਤੇ ਸਿੱਖਾਂ ਦੇ ਕਾਤਲਾਂ ਦਾ ਸਨਮਾਨ ਕਰਦਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਤੌਹੀਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਂਚ 'ਤੇ ਬਹਿ ਕੇ ਲੱਤਾਂ ਲਮਕਾ ਕੇ ਬੇਅਦਬੀ ਕਰ ਚੁੱਕਾ ਹੈ, ਸਿੱਖਾਂ ਨੂੰ ਸਨਾਤਨੀ ਅਖਵਾ ਕੇ ਵੱਖਰੀ ਸਿੱਖ ਕੌਮ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਅਤੇ ਅਜੋਕੇ ਸਿੱਖ ਸੰਘਰਸ਼ ਤੇ ਹਜ਼ਾਰਾਂ ਸ਼ਹੀਦੀਆਂ ਨੂੰ ਦੁਰਕਾਰ ਰਿਹਾ ਹੈ, ਕੁੰਭ ਦੇ ਮੇਲੇ ਗੰਗਾ ਨਹਾਉਣ, ਪੱਥਰ ਪੂਜਣ ਤੇ ਹੋਰ ਹਿੰਦੂ ਕਰਮਕਾਂਡ ਕਰਨ, ਸਿੱਖ ਕੌਮ ਦੇ ਗੱਦਾਰ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨ, ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ 'ਚ ਬਹਿਣ, ਸੁਖਬੀਰ ਬਾਦਲ ਦੇ ਘਰ ਪੈਦਲ ਜਾਣ ਦੇ ਬਿਆਨ, ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਦੁਸ਼ਟ ਇਜ਼ਹਾਰ ਆਲਮ ਨਾਲ ਸਟੇਜਾਂ ਸਾਂਝੀਆਂ ਕਰਨ, ਬੁੱਚੜ ਮੁੱਖ ਮੰਤਰੀ ਬਿਅੰਤ ਸਿਹੁੰ ਦੇ ਪੀ.ਏ. ਗੁਰਮੀਤ ਸਿਹੁੰ ਭੜੀ ਦੇ ਮਰਨ 'ਤੇ ਧਾਹਾਂ ਮਾਰ ਕੇ ਰੋਣ, ਕਾਂਗਰਸ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੋਂ ਸਿਰੋਪਾ ਲੈਣ, ਜਸਬੀਰ ਡਿੰਪੇ ਨਾਲ ਯਾਰੀਆਂ ਪੁਗਾਉਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਿਲੇ ਗਾਉਣ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਹੋਏ ਕਤਲਾਂ 'ਚ ਦੋਸ਼ੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਮਾੜੀ ਸ਼ਬਦਾਵਲੀ ਵਰਤਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਸਨਮਾਨ ਕਰਨ, ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਅਤੇ ਦਮਦਮੀ ਟਕਸਾਲ ਦੀਆਂ ਪ੍ਰੰਪਰਾਵਾਂ ਦੇ ਉਲਟ ਜਾ ਕੇ ਜਥੇਬੰਦੀ ਦਾ ਸਿਆਸੀਕਰਨ ਕਰਨ ਵਿੱਚ ਦੋਸ਼ੀ ਹੈ ਤੇ ਇਸ ਦੇ ਗੁਨਾਹਾਂ ਦੀ ਸੂਚੀ ਬਹੁਤ ਲੰਬੀ ਹੈ।
ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਦੇ ਆਗੂ, ਦਮਦਮੀ ਟਕਸਾਲ ਦੇ ਪੁਰਾਣੇ ਅਤੇ ਨਵੇਂ ਸੁਹਿਰਦ ਵਿਦਿਆਰਥੀ, ਪੰਥ-ਪ੍ਰਸਤ ਗੁਰਸਿੱਖ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਸੰਗਤਾਂ ਵਾਰ-ਵਾਰ ਦਮਦਮੀ ਟਕਸਾਲ ਨੂੰ ਬਚਾਉਣ ਦਾ ਹੋਕਾ ਦੇ ਰਹੀਆਂ ਹਨ ਕਿਉਂਕਿ ਭਾਈ ਧੁੰਮਾ ਦੁਸ਼ਮਣ ਤੋਂ ਕੁਹਾੜਾ ਲੈ ਕੇ ਤੇਜ਼ੀ ਨਾਲ ਸਿੱਖੀ ਅਤੇ ਟਕਸਾਲ ਦੀਆਂ ਜੜ੍ਹਾਂ ਨੂੰ ਵੱਢ ਰਿਹਾ ਹੈ ਤੇ ਟਕਸਾਲ ਦੇ ਪਹਿਲੇ ਮਹਾਂਪੁਰਖਾਂ ਦੀ ਵੀ ਹੇਠੀ ਕਰ ਰਿਹਾ ਹੈ। ਹੁਣ ਜਦੋਂ ਪਾਣੀ ਸਿਰੋਂ ਲੰਘ ਚੁੱਕਾ ਹੈ ਤਾਂ ਅਸੀਂ ਸਮੂਹ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨਾਲ ਵਿਚਾਰ ਕਰਨ ਤੋਂ ਬਾਅਦ ਸਿੱਖੀ ਸਿਧਾਂਤਾਂ ਦੀ ਰਾਖੀ, ਦਮਦਮੀ ਟਕਸਾਲ ਦੀ ਸਾਖ ਬਚਾਉਣ, ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਤੇ ਗੁਰਮਤਿ ਦੇ ਪ੍ਰਚਾਰ ਲਈ ਛੇਤੀ ਹੀ ਫੈਸਲਾ ਲੈ ਰਹੇ ਹਾਂ। ਗੁਰੂ ਸਾਹਿਬ ਇਸ ਕਾਰਜਾਂ ਵਿੱਚ ਸਾਨੂੰ ਸਫਲਤਾ ਬਖਸ਼ਣ ਤੇ ਸੰਗਤਾਂ ਸਹਿਯੋਗ ਕਰਨ।
Leave a Reply