15 ਫਰਵਰੀ 1915 ਦੀ ਸਿੰਘਾਪੁਰ ਦੀ ਬਗਾਵਤ ਦੇ ਫੌਜੀ ਸੂਰਬੀਰਾਂ ਦਾ ਅਣਗੌਲਿਆ ਕਾਂਡ

15 ਫਰਵਰੀ 1915 ਦੀ ਸਿੰਘਾਪੁਰ ਦੀ ਬਗਾਵਤ ਦੇ ਫੌਜੀ ਸੂਰਬੀਰਾਂ ਦਾ ਅਣਗੌਲਿਆ ਕਾਂਡ

ਭਾਰਤ ਨੂੰ ਅੰਗਰੇਜੀ ਸ਼ਾਸਨ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਚੱਲੇ ਸ਼ੰਘਰਸ਼ ਵਿੱਚ ਗਦਰ ਲਹਿਰ ਦੌਰਾਨ ਭਾਰਤੀ ਫੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ।ਫੌਜੀ ਦੇਸ਼ ਭਗਤਾਂ ਨੇ ਜਦੋ ਜਹਿਦ ਕਰਦਿਆਂ ਅਣਗਿਣਤ ਤਸੀਹੇ ਤੇ ਕਸ਼ਟ ਝੱਲੇ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ।ਸੈਂਕੜੇ ਫੌਜੀਆਂ ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾਇਆ ਗਿਆ ,70 ਤੋਂ ਵੱਧ ਨੂੰ ਫਾਂਸੀ ਦਿੱਤੀ ਗਈ ਤੇ 190 ਤੋਂ ਉਪਰ ਨੂੰ ਉਮਰ ਕੈਦ ਤੇ ਜਲਾਵਤਨੀ ,ਜਾਇਦਾਦ ਜਬਤੀ ਦੀ ਸਜਾ ਦਿੱਤੀ ਗਈ। ਇਸ ਲੇਖ ਵਿੱਚ ਅਸੀਂ ਸਿੰਘਾਪੁਰ ਦੀ ਛਾਉਣੀ ਵਿਚਲੀ 5ਵੀਂ ਲਾਈਟ ਇੰਨਫੈਂਟਰੀ (ਪਲਟਨ) ਦੇ ਬਹਾਦਰ ਫੌਜੀ ਯੋਧੇ ਜਿਹਨਾਂ ਨੇ ਵਿਦੇਸ਼ੀ ਧਰਤੀ ਤੇ ਹੋਣ ਦੇ ਬਾਵਜੂਦ ਵੀ 15 ਫਰਵਰੀ 1915 ਦੇ ਦਿਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਬਗਾਵਤ ਕਰਕੇ ਅੰਗਰੇਜੀ ਸ਼ਾਸ਼ਨ ਨੂੰ ਭਾਜੜਾਂ ਪਾ ਦਿੱਤੀਆਂ ਸਨ ,ਦੀ ਵੀਰ ਗਾਥਾ ਬਿਆਨ ਕਰਨ ਜਾ ਰਹੇ ਹਾਂ।
ਅਜ਼ਾਦੀ ਸੰਘਰਸ਼ ਦੌਰਾਨ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵੱਖ ਵੱਖ ਸਮੇਂ ਕਈ ਅਜ਼ਾਦੀ ਲਹਿਰਾਂ ਚੱਲੀਆਂ।ਉਹਨਾਂ ਵਿੱਚੋਂ ਇੱਕ ਅਜ਼ਾਦੀ ਲਹਿਰ ਸੀ, ਗਦਰ ਪਾਰਟੀ ਲਹਿਰ ਜਿਸਦਾ ਆਰੰਭ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਭਾਰਤ ਤੋਂ ਬਾਹਰ ਦੂਰ ਕਨੇਡਾ ਤੇ
ਅਮਰੀਕਾ ਦੀ ਧਰਤੀ ਤੇ ਰੋਜ਼ੀ ਰੋਟੀ ਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਦੁਆਰਾ ਕੀਤਾ ਗਿਆ ।ਜਿਹਨਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਸੀ । ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਅਜ਼ਾਦੀ ਅਤੇ ਗੈਰ ਫਿਰਕੂ ਰਾਜ ਦੀ ਸਥਾਪਨਾ ਕਰਨਾ ਸੀ । ਜਿਸਦੀ ਪ੍ਰਾਪਤੀ ਲਈ ਭਾਰਤ ਦੇ ਆਮ ਲੋਕਾਂ ਅਤੇ ਫੌਜੀਆਂ ਦੀ ਮਦਦ ਨਾਲ ਹਥਿਆਰਬੰਦ ਸੰਘਰਸ਼ ਕਰਨ ਦੀ ਲੋੜ ਸੀ।ਇਸ ਕਾਰਜ ਲਈ ਲੋਕ ਜਾਗਰਿਤੀ ਜਰੂਰੀ ਸੀ।ਗਦਰ ਪਾਰਟੀ ਵੱਲੋਂ ਭਾਰਤ ਦੀ ਅਜ਼ਾਦੀ ਲਈ ਅੰਗਰੇਜਾਂ ਵਿਰੁੱਧ ਹਥਿਆਰਬੰਦ ਯੁੱਧ ਦੀਆਂ ਤਿਆਰੀਆਂ ਅਜੇ ਪੂਰੀਆਂ ਵੀ ਨਹੀਂ ਹੋਈਆਂ ਸਨ ਕਿ ਜੁਲਾਈ 1914 ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਇਸ ਵਿੱਚ ਅੰਗਰੇਜ਼ ਬੁਰੀ ਤਰ੍ਹਾਂ ਫਸ ਗਏ ।ਗਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਲਈ ਇਹ ਮੌਕਾ ਢੁੱਕਵਾ ਜਾਣਿਆ। ਪਾਰਟੀ ਨੇ 5 ਅਗਸਤ- 1914 ਨੂੰ ਐਲਾਨ ਏ ਜੰਗ ਕਰ ਦਿੱਤਾ ।ਸੈਂਕੜੇ ਗਦਰੀ ਵੱਖ ਵੱਖ ਜ਼ਹਾਜ਼ਾਂ ਰਾਹੀਂ ਭਾਰਤ ਵੱਲ ਚੱਲ ਪਏ।ਅਜੋਕੇ ਸੰਚਾਰ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਵੀ ਇਹਨਾਂ ਅਜ਼ਾਦੀ ਪਰਵਾਨਿਆਂ ਨੇ ਪੂਰਾ ਨੈਟਵਰਕ ਕਾਇਮ ਕਰ ਲਿਆ ।ਬਹੁਤ ਸਾਰੇ ਗਦਰੀ ਪਲਟਣਾਂ ਵਿੱਚ ਭਰਤੀ ਹੋ ਗਏ ।ੳਹਨਾਂ ਵੱਲੋਂ ਬਹੁਤ ਸਾਰੀਆਂ ਫੌਜੀ ਛਾਉਣੀਆਂ ਵਿੱਚ ਜਾਕੇ ਭਾਰਤੀ ਫੌਜੀਆਂ ਨੂੰ ਗਦਰ ਵਿੱਚ ਸਾਥ ਦੇਣ ਲਈ ਸਹਿਮਤ ਕਰ ਲਿਆ ।ਦੇਸ਼ ਤੋਂ ਬਾਹਰ ਹਾਂਗਕਾਂਗ ਸਿੰਘਪੁਰ, ਰੰਗੂਨ ,ਪੀਨਾਂਗ ਆਦਿ ਵਿਚਲੀਆਂ ਭਰਤੀ
ਫੌਜਾਂ ਵਿੱਚ ਵੀ ਗਦਰੀਆ ਦਾ ਚੰਗਾ ਪ੍ਰਭਾਵ ਬਣ ਚੁੱਕਾ ਸੀ। ਬਹੁਤ ਸਾਰੀਆਂ ਫੌਜੀ ਛਾਉਣੀਆਂ ਵਿੱਚ ਹੋਈਆਂ ਬਗਾਵਤਾਂ ਚੋਂ ਇੱਕ ਸੀ ਸਿੰਗਾਪੁਰ ਵਿਚਲੀ 5ਵੀਂ ਨੇਟਿਵ ਲਾਈਟ ਇੰਨਫੈਂਨਟਰੀ (ਪਲਟਨ) ਦੀ ਬਗਾਵਤ।
ਸਰਕਾਰੀ ਰਿਕਾਰਡ ਅਨੁਸਾਰ ਸਤੰਬਰ ,ਅਕਤੂਬਰ 1914 ਦੌਰਾਨ ਬਾਹਰਲੇ ਦੇਸ਼ਾਂ ਤੋਂ ਆਏ ਗਦਰੀਆਂ ਹੀਰਾ ਸਿੰਘ ਚਰੜ, ਮੁਜਤਬਾ ਹੁਸੈਨ , ਜੀਵਨ ਸਿੰਘ ਫੇਲੋਕੇ ਤੇ ਗਿਆਨ ਚੰਦ ਮੋਰੀ ਮਰਲ ਅਦਿ ਨੇ ਸਿੰਘਾਪੁਰ ਦੀਆਂ ਪਲਟਨਾਂ ਵਿੱਚ ਗਦਰ ਦਾ ਪ੍ਰਚਾਰ ਕੀਤਾ ।ਜਿਸਦੇ ਸਿੱਟੇ ਵਜੋਂ ਇਥੇ
ਰਹਿੰਦੀ 5ਵੀਂ ਨੇਟਿਵ ਲਾਈਟ ਇੰਨਫੈਂਨਟਰੀ (ਪਲਟਨ) ਦੀ ਬਗਾਵਤ ਹੋਈ।ਇਸ ਪਲਟਨ ਦੇ ਬਹੁਤੇ ਜਵਾਨ ਪੰਜਾਬੀ ਮੁਸਲਮਾਨ ਸਨ ।ਬਗਾਵਤ ਦੇ ਸਮੇਂ ਸਿੰਘਾਪੁਰ ਵਿੱਚ ਸਿਰਫ ਇਹ ਹੀ ਇੱਕ ਸਿਖਲਾਈ ਪ੍ਰਾਪਤ ਪਲਟਨ ਸੀ।
ਅਸਲ ਵਿੱਚ ਬਹਾਦਰ ਫੌਜੀਆਂ ਨੇ 15 ਫਰਵਰੀ 1915 ਸ਼ਾਮ ਨੂੰ 8 ਵਜੇ , ਜਦੋਂ ਅਫਸਰਾਂ ਨੇ ਖਾਣੇ ਤੇ ਬੈਠ ਜਾਣਾ ਸੀ ਉਸ ਸਮੇਂ ਗਦਰ ਦੀ ਯੋਜਨਾ ਬਣਾਈ ਸੀ । ਇਸ ਬਾਰੇਅਫਸਰਾਂ ਨੂੰ ਕੁਝ ਸ਼ੱਕ ਹੋ ਗਿਆ ਤੇ 15 ਫਰਵਰੀ ਦੀ ਸਵੇਰ ਨੂੰ ਹੀ ਪਲਟਨ ਨੂੰ ਹੁਕਮ ਸੁਣਾ ਦਿੱਤਾ ਕਿ ਉਹਨਾਂ ਨੂੰ ਕੱਲ ਹੀ ਹਾਂਗਕਾਗ ਰਵਾਨਾ ਕਰਨਾ ਹੈ ਇਸ ਲਈ ਅੱਜ ਹੀ ਸ਼ਾਮ ਨੂੰ ਹਥਿਆਰ ਜਮਾਂ ਕਰਾ ਦੇਣ।ਇਸ ਹਾਲਤ ਨੂੰ ਦੇਖ ਕੇ ਫੌਜੀਆਂ ਨੇ ਨੀਯਤ ਸਮੇਂ ਤੋਂ ਪਹਿਲਾਂ ਹੀ ਗਦਰ ਸ਼ੁਰੂ ਕਰਨ ਦਾ ਦਾ ਫੈਸਲਾ ਕੀਤਾ। 15 ਫਰਵਰੀ 1915 ਸੋਮਵਾਰ ਦਾ ਦਿਨ ਸੀ ਤੇ ਚੀਨੀ ਨਵੇਂ ਸਾਲ ਦਾ ਪਹਲਾਂ ਦਿਨ ਹੋਣ ਕਾਰਨ ਸਿੰਘਾਪੁਰ ਚ ਜਨਤਕ ਛੁੱਟੀ ਸੀ ।ਸ਼ਹਿਰ ਦੇ ਲੋਕ ਨਵੇਂ ਸਾਲ ਦੀ ਪਟਾਖਿਆਂ ਦੀਆਂ ਲ਼ੜੀਆਂ ਚ ਆਪਣੇ ਘਰਾਂ ਦੀਆਂ ਉਪਰਲੀ ਮੰਜਿਲਾਂ ਦੀਆਂ ਬਾਰੀਆ ਚੋਂ ਹੇਠਾਂ ਗਲੀਆਂ ਵਿੱਚ ਛੋਟੇ ਪਟਾਖਿਆਂ ਦੀਆਂ ਲ਼ੜੀਆਂ ਚਲਾ ਰਹੇ ਸਨ।ਯੂਰਪੀਨ ਲੋਕ ਜਿਹਨਾਂ ਵਿੱਚ ਅੰਗਰੇਜ , ਜਰਮਨ, ਫਰੈਂਚ ਆਦਿ ਤੈਰਾਕੀ ,ਟੈਨਿਸ ਜਾਂ ਪੋਲੋ ਆਦਿ ਦੇ ਮੰਨੋਰੰਜਨ ਚ ਲੱਗੇ ਹੋਏ ਸਨ ਸ਼ਹਿਰ ਤੋਂ 5 ਕਿਲੋਮੀਟਰ ਦੂਰ ਅਲਗਜੈਡਰਾ ਬਾਰਕਾਂ ਵਿੱਚ 5ਵੀਂ ਲਾਈਟ ਇੰਨਫੈਂਟਰੀ ਦੇ ਜਵਾਨਾਂ ਦੀ ਵਿਦਾਇਗੀ ਦੀ ਯਾਦਗਰੀ ਪਰੇਡ ਸ਼ੁਰੂ ਹੋ ਚੁੱਕੀ ਸੀ ,ਕਿਉਂਕਿ ਉਸ ਨੂੰ ਹੁਣ ਹਾਂਗਕਾਂਗ ਭੇਜਿਆ ਜਾ ਰਿਹਾ ਸੀ।ਇਹ ਸਗਾਗਮ ਕਰਨਲ ਮਾਰਟਿਨ ਦੀ ਅਗਵਾਈ ਹੇਠ ਹੋ ਰਿਹਾ ਸੀ। ਬ੍ਰਿਗੇਡੀਅਰ ਜਨਰਲ ਰਿਡਾਊਟ ਸਲਾਮੀ ਲਈ ਪਹੰਚ ਚੁੱਕਾ ਸੀ ।ਰਿਡਾਊਟ ਨੂੰ ਰਜੀਮਂੈਟ ਤੇ ਕੱਝ ਸ਼ੱਕ ਸੀ ,ਪਰੇਡ ਦੇ ਸਮੇਂ ਉਸ ਨੇ ਨੋਟ ਕੀਤਾ ਕਿ ਸੱਜੇ ਵਿੰਗ ਨੇ ਵਧੀਆ ਤਰੀਕੇ ਨਾਲ ਮਾਰਚ ਨਹੀਂ ਕੀਤਾ ਸੀ ,ਜਵਾਨ ਆਪਸ ਚ ਗੱਲਬਾਤ ਕਰ ਰਹੇ ਸਨ।ਇਹ ਇੰਸਪੈਕਸ਼ਨ ਇੱਕ ਘੰਟਾ ਚੱਲੀ ਸੀ ਉਪਰੰਤ ਜਨਰਲ ਰਿਡਾਊਟ ਆਪਣੀ ਸਰਕਾਰੀ ਰਿਹਾਇਸ਼
ਟੈਂਗਲਿਨ ਚਲਾ ਗਿਆ ਤੇ ਇੰਨਫੈਂਟਰੀ ਜਵਾਨ ਆਪਣੀ ਰਵਾਨਗੀ ਦੀ ਦੀ ਤਿਅਰੀ ਕਰਨ ਚਲੇ ਗਏ। ਹੁੰਮਸ ਭਰੀ ਸ਼ਾਮ ਨੂੰ 3 ਵਜੇ ਜਦੋਂ ਅਧਿਕਾਰੀ ਫੌਜੀਆਂ ਤੋਂ ਹਥਿਆਰ ਜਮਾਂ ਕਰਵਾਉਣ ਲੱਗੇ ਤਾਂ ਅਚਾਨਕ ਬਿਨਾਂ ਕਿਸੇ ਚੇਤਾਵਨੀ ਦੇ ਪੂਰੀ ਪਲਟਨ ਨੇ ਵਿਦਰੋਹ ਕਰ ਦਿੱਤਾ।ਸਭ ਤੋਂ ਪਹਿਲਾਂ ਨੌਜਵਾਨ ਸਿਪਾਹੀ ਇਸਮਾਇਲ ਖਾਂ ਨੇ ਸੰਤਰੀ ਦੀ ਪੋਸਟ ਛੱਡ ਦਿੱਤੀ ਤੇ ਇੱਕ ਗੋਲੀ ਚਲਾ ਕੇ ਬਗਾਵਤ ਦਾ ਸਿਗਨਲ ਦੇ ਦਿੱਤਾ । ਅਸਲਾ ਜਮਾ੍ਹ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ ।ਹੋਰ ਵੀ ਜਿਸ ਕਿਸੇ ਅੰਗਰੇਜ਼ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ,ਉਸਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ । ਬਾਰਕਾਂ ਤੇ ਕਬਜ਼ਾ ਕਰਕੇ ਫੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆ ਵਿੱਚ ਵੰਡ ਲਿਆ। ਇੱਕ ਹਿੱਸਾ ਜਰਮਨ ਕੈਦੀਆਂ ਨੂੰ ਕੈਂਪ ਤੋਂ ਛੁਡਵਾਉਣ ਗਿਆ ਤਾਂ ਕਿ ਉਹਨਾਂ ਨੂੰ ਵੀ ਨਾਲ ਰਲਾ ਲਿਆ ਜਾਵੇ ।ਇਥੇ ਬਾਗੀਆਂ ਨੇ ਦੋ ਯੂਰਪੀਨ ਅਫਸਰ ਕੈਪਪਟਨ ਬਾਈਸ ਤੇ ਲੈਫਟੀਨੈਂਟ ਇਲੀਅਟ ਮਾਰ ਦਿੱਤੇ।ਜਰਮਨ ਕੈਦੀ ਜੇਲ ਤੋਂ ਬਾਹਰ ਕੱਢ ਲਏ ,ਪਰ ਉਹਨਾਂ ਨੇ ਗਦਰੀ ਫੌਜੀਆਂ ਦਾ ਸਾਥ ਨਾ ਦਿੱਤਾ।ਦੂਸਰਾ ਹਿੱਸਾ ਪਲਟਨ ਦੇ ਹੈਡ ਕਵਾਟਰ ਉਤੇ ਕਬਜ਼ਾ ਕਰਨ ਤੁਰਿਆ ਜਾਵੇ। ਜਿਸ ਵਿੱਚ ਉਹ ਕਾਮਯਾਬ ਨਾ ਹੋ ਸਕੇ ।ਤੀਸਰਾ ਹਿੱਸਾ ਵਲੰਟੀਅਰ ਕੋਰ ਨੂੰ ਰੋਕਣ ਸ਼ਹਿਰ ਵੱਲ ਗਿਆ।ਜਿਹੜਾ ਵੀ ਅੰਗਰੇਜ਼ ਫੌਜੀਆਂ ਦੇ ਸਾਹਮਣੇ ਆਇਆ , ਮਾਰ ਦਿੱਤਾ ਗਿਆ ।ਫਿਰ ਉਹਨਾਂ ਨੇ ਸ਼ਹਿਰ ਦੇ ਥਾਣੇ ਤੇ ਕਬਜ਼ਾ ਕਰ ਲਿਆ।ਇਹਨਾਂ ਝੜਪਾਂ ਵਿੱਚ 8 ਅੰਗਰੇਜ਼ ਅਫਸਰ ,19 ਸਿਪਾਹੀ ਅਤੇ 17 ਸਿਵਲਿਅਨ ਮਾਰੇ ਗਏ। ਅੰਗਰੇਜ਼ਾਂ ਨੇ ਵਾਇਰਲੈਸਾਂ ਰਾਹੀਂ ਨਾਲ ਲੱਗਦੇ ਸਮੰਦਰੀ ਘਾਟਾਂ ਤੋਂ ਜੰਗੀ ਜ਼ਹਾਜ਼ਾਂ ਨੂੰ ਆਪਣੇ ਬਚਾ ਲਈ ਸੱਦ ਲਿਆ।16 ਤੇ 17 ਫਰਵਰੀ ਨੂੰ ਦੋ ਜੰਗੀ ਬੇੜੇ ਵੱਡੀ ਗਿਣਤੀ ਵਿੱਚ ਗੋਰੇ ਫੌਜੀਆਂ ਨੂੰ ਲੈ ਕੇ ਸਿੰਘਾਪੁਰ ਪੁੱਜ ਗਏ।ਗਦਰੀ ਫੌਜੀ ਭੁੱਖੇ ਪਿਆਸੇ ਕਿੰਨਾਂ ਕੁ ਚਿਰ ਟਾਕਰਾ ਕਰ ਸਕਦੇ ,ਕਿਸੇ ਵੀ ਪਾਸਿਉਂ ਮਦਦ ਦੀ ਆਸ ਨਹੀਂ ਸੀ ।ਉਹਨਾਂ ਨੇ 16 ਫਰਵਰੀ ਰਾਤ ਤੱੇ ਡੱਟ ਕੇ ਮੁਕਾਬਲਾ ਕੀਤਾ। ਅੰਗਰੇਜਾਂ ਨੇ ਬਾਗੀ ਫੌਜੀਆਂ ਨੂੰ
ਮਾਰਨ ਜਾਂ ਫੜਾਉਣ 200 ਡਾਲਰ ਦਾ ਇਨਾਮ ਘੋਸ਼ਿਤ ਕਰ ਦਿੱਤਾ। ।9 ਫਰਵਰੀ ਤੱਕ ਕਾਫੀ ਬਾਗੀਆਂ ਨੇ ਆਤਮ ਸਮਰਪਣ ਕਰ ਦਿੱਤਾ ਜਾਂ ਫੜ ਲਏ ਗਏ।ਫੜੇ ਗਏ ਬਹਾਦਰ ਬਾਗੀ ਫੌਜੀਆ ਦਾ ਕੋਰਟ ਮਾਰਸ਼ਲ ਕਰਕੇ ਇਹਨਾਂ ਵਿੱਚੋਂ 44 ਜਣਿਆ ਨੂੰ ਪਬਲਿਕ ਦੇ ਸਾਹਮਣੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਤੇ 3 ਨੂ ੰ ਫਾਂਸੀ ਦਿੱਤੀ ਗਈ ।ਸ਼ਹੀਦ ਹੋਣ ਵਾਲਿਆਂ ਚ 2 ਅਫਸਰ 6 ਹਵਾਲਦਾਰ ਤੇ 39 ਸਿਪਾਹੀ ਰੈਂਕ ਦੇ ਸੂਰਬੀਰ ਸਨ।162 ਨੂੰ ਉਮਰ ਕੈਦ ਤੇ ਹੋਰ ਸਖਤ ਸਜ਼ਾਵਾਂ ਦਿੱਤੀਆਂ ।
 

ਉਮਰ ਕੈਦ ,ਜਲਾਵਤਨੀ 63
20ਸਾਲ ਕੈਦ 9
15ਸਾਲ ਕੈਦ 25
10ਸਾਲ ਕੈਦ 34
7 ਸਾਲ ਕੈਦ 10
5 ਸਾਲ 3
3 ਸਾਲ ਕੈਦ 2
2 ਸਾਲ ਕੈਦ 9
1ਸਾਲ ਕੈਦ 7
ਵਿਦਰੋਹੀਆਂ ਤੋਂ ਗਲਤੀ ਇਹ ਹੋਈ ਕਿ ਕੋਤਵਾਲੀ ਦੇ ਕਬਜ਼ੇ ਨੂੰ ਸਿੰਘਪੁਰ ਤੇ ਕਬਜ਼ਾ ਸਮਝ ਲਿਆ ਅਤੇ ਸਮੰਦਰੀ ਘਾਟ ਤੇ ਵੀ ਬਾਗੀ ਸਮੇਂ ਸਿਰ ਨਾ ਪੁੱਜ ਸਕੇ। ਜਰਮਨ ਸਿਪਾਹੀਆਂ ਨੇ ਵੀ ਸਾਥ ਨਾ ਦਿੱਤਾ।ਇਸ ਕਾਰਨ ਉਹਨਾਂ ਸੂਰਬੀਰਾਂ ਦੀ ਯੋਜਨਾ ਸਫਲ ਨਾ ਹੋਏ। ਇਸ ਤਰ੍ਹਾਂ ਅਸੀਂ
ਦੇਖਦੇ ਹਾਂ ਕਿ ਗਦਰੀ ਸੂਰਬੀਰਾਂ ਵੱਲੋਂ 1912-13 ਵੇਲੇ ਭਾਰਤ ਦੀ ਪੂਰਨ ਅਜ਼ਾਦੀ ਦੇ ਮਿਸ਼ਨ ਦੀ ਪਾ੍ਰਪਤੀ ਲਈ ਸ਼ੁਰੂ ਕੀਤੇ ਸ਼ੰਘਰਸ਼ ਵਿੱਚ ਸਿੰਘਾਪੁਰ ਵਿਚ ਰਹਿ ਰਹੀ ਭਾਰਤੀ ਫੌਜ ਦੀ 5ਵੀਂ ਨੇਟਿਵ ਲਾਈਟ ਇੰਨਫੈਂਟਰੀ ਦੇ ਸੂਰਬੀਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ।ਪਰ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਤਿਹਾਸਕਾਰਾਂ ਤੇ ਰਾਜਨੀਤਕ ਲੋਕਾਂ ਨੇ ਅਣਗੌਲੇ ਕਰ ਰੱਖਿਆ ਹੈ । ਜਿਸ ਕਾਰਨ ਸਿਰਫ ਸੌ ਸਾਲ ਚ ਹੀ ਆਮ ਲੋਕਾਂ ਨੂੰ ੳਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਭੁੱਲ ਗਈਆਂ ਹਨ ।ਇਸ ਲਈ ਲੋੜ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਦੁਨੀਆਂ
ਸਾਹਮਣੇ ਲਿਆ ਕੇ ਢੁਕਵੀਆਂ ਯਾਦਗਰਾਂ ਸਥਾਪਿਤ ਕਰਨਾ।
 

ਕੰਵਲਬੀਰ ਸਿੰਘ ਪੰਨੂ 
987798068

ਸ. ਕੰਵਲਬੀਰ ਸਿੰਘ ਪੰਨੂ
ਸ. ਕੰਵਲਬੀਰ ਸਿੰਘ ਪੰਨੂ
00919876698068
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.