ਸਿੱਖਾਂ ਨੂੰ ਸਨਾਤਨੀ ਕਹਾਉਣ, ਭਾਜਪਾ ਦੇ ਸੋਹਿਲੇ ਗਾਉਣ ਤੇ ਅਮਿਤ ਸ਼ਾਹ ਦੇ ਸਨਮਾਨ ਕਾਰਨ ਬਾਬਾ ਧੁੰਮਾਂ ਫਿਰ ਵਿਵਾਦਾਂ 'ਚ, ਪੰਥ ਵਿੱਚ ਭਾਰੀ ਵਿਰੋਧ

ਸਿੱਖਾਂ ਨੂੰ ਸਨਾਤਨੀ ਕਹਾਉਣ, ਭਾਜਪਾ ਦੇ ਸੋਹਿਲੇ ਗਾਉਣ  ਤੇ ਅਮਿਤ ਸ਼ਾਹ ਦੇ ਸਨਮਾਨ ਕਾਰਨ ਬਾਬਾ ਧੁੰਮਾਂ ਫਿਰ ਵਿਵਾਦਾਂ 'ਚ,  ਪੰਥ ਵਿੱਚ ਭਾਰੀ ਵਿਰੋਧ

ਚੰਡੀਗੜ੍ਹ, 5 ਮਾਰਚ , ਰਣਜੀਤ ਸਿੰਘ ਖ਼ਾਲਸਾ 

ਦਮਦਮੀ ਟਕਸਾਲ ਦੇ ਮਹਿਤੇ ਧੜੇ ਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਆਏ ਦਿਨ ਵਿਵਾਦਾਂ ਵਿੱਚ ਹੀ ਰਹਿੰਦਾ ਹੈ। ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਕਰਨ, ਬਾਗੇਸ਼ਵਰ ਵਾਲੇ ਤੋਂ ਸਿੱਖਾਂ ਨੂੰ ਸਨਾਤਨੀ ਕਹਾਉਣ, ਟਕਸਾਲ ਦੀ ਮਰਯਾਦਾ ਦੇ ਉਲਟ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਸਿਆਸੀ ਆਗੂਆਂ ਲਈ ਸਟੇਜ ਉੱਤੇ ਬੈਂਚਾਂ ਤੋਂ ਬਾਅਦ ਹੁਣ ਵੱਖਰੇ ਗੱਦੇ ਲਾਉਣ ਤੇ ਫਿਰਕੂ ਹਿੰਦੂਤਵੀ ਆਗੂਆਂ ਨਾਲ ਸਾਂਝ ਪਾਉਣ ਤੇ ਭਾਜਪਾ ਦੇ ਸੋਹਿਲੇ ਗਾਉਣ ਕਰਕੇ ਬਾਬਾ ਧੁੰਮੇ ਦਾ ਪੰਥਕ ਆਗੂਆਂ, ਸਿੱਖ ਸੰਗਤਾਂ ਤੇ ਸੋਸ਼ਲ ਮੀਡੀਆ ਉਤੇ ਸਿੱਖ ਨੌਜਵਾਨਾਂ ਵੱਲੋਂ ਬਹੁਤ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਨੇ ਮਹਾਂਰਾਸ਼ਟਰ ਦੀ ਬੀਜੇਪੀ ਸਰਕਾਰ ਨਾਲ ਮਿਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਪਹਿਲਾ ਨਾਗਪੁਰ, ਫਿਰ ਨੰਦੇੜ ਅਤੇ ਹੁਣ ਮੁੰਬਈ ਚ ਵਿਸ਼ਾਲ ਸਮਾਗਮ ਕਰਵਾਇਆ ਹੈ ਜਿੱਥੇ ਬੀਜੇਪੀ, ਆਰ ਐਸ ਐਸ, ਫਿਰਕੂ ਹਿੰਦੂਤਵੀ ਆਗੂਆਂ ਦਾ ਪੂਰਾ ਬੋਲਬਾਲਾ ਰਿਹਾ ਤੇ ਸਿੱਖ ਪਛਾਣ ਉੱਤੇ ਹਮਲੇ ਕੀਤੇ ਗਏ ਜਿਸ ਦੇ ਜਵਾਬ ਦੇਣ ਦੀ ਬਜਾਏ ਬਾਬਾ ਧੁੰਮਾ ਹੱਥ ਖੜੇ ਕਰਕੇ ਤੇ ਜੈਕਾਰੇ ਗਜਾ ਕੇ ਸਹਿਮਤੀ ਪ੍ਰਗਟਾਉਂਦੇ ਰਹੇ। ਬਾਗੇਸ਼ਵਰ ਵਾਲੇ ਹਿੰਦੂ ਕੱਟੜਪੰਥੀ ਸਾਧ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਬ ਤਨਾਤਨੀ ਵਾਲੇ ਵੀ ਸਨਾਤਨੀ ਬਣ ਰਹੇ ਹੈ ਤੇ ਹਿੰਦੂ ਸਿੱਖ ਵੱਖਰੇ ਨਹੀਂ ਹਨ। 

ਇਹ ਕਹਿ ਕੇ ਉਸਨੇ ਸੰਤ ਜਰਨੈਲ ਸਿੰਘ, ਖਾੜਕੂ ਸਿੰਘਾਂ, ਸੰਘਰਸ਼ਸ਼ੀਲ ਸਿੱਖਾਂ ਤੇ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾਇਆ ਤੇ ਸਿੱਖਾਂ ਦੀ ਅੱਡਰੀ ਹੋਂਦ ਹੱਸਤੀ ਨਿਆਰੇਪਨ ਉੱਤੇ ਵੱਡਾ ਸਿਧਾਂਤਿਕ ਹਮਲਾ ਕੀਤਾ। ਇੱਥੇ ਹੀ ਬਸ ਨਹੀਂ ਸਾਧ ਰਾਮਦੇਵ ਤੇ ਕਈ ਹੋਰ ਸਾਧਾਂ ਨੇ ਬੜੀ ਚਲਾਕੀ ਨਾਲ ਸ਼ਬਦਾਂ ਦੇ ਜਾਲ ਵਿਛਾ ਕੇ ਸਿੱਖ ਪੰਥ ਦੀ ਹੇਠੀ ਕੀਤੀ। ਸਮਾਗਮ ਦੀਆਂ ਵੀਡੀਓ ਅਤੇ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਹੱਕੇ ਬੱਕੇ ਰਹਿ ਗਏ ਹਨ ਤੇ ਬਾਬੇ ਧੁੰਮੇ ਅਤੇ ਹੋਰ ਹਿੰਦੂਤਵੀ ਸਾਧਾਂ ਅਤੇ ਸਿਆਸੀ ਆਗੂਆਂ ਦਾ ਵਿਰੋਧ ਕਰ ਰਹੇ ਹਨ। ਕਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਭਾਰਤ ਉਤੇ ਲੱਗਾ ਸੀ ਤੇ ਅਮਿਤ ਸ਼ਾਹ ਸੰਤ ਜਰਨੈਲ ਸਿੰਘ ਦੇ ਵਿਰੁੱਧ ਵੀ ਪਾਰਲੀਮੈਂਟ ਵਿੱਚ ਬੋਲ ਚੁੱਕਾ ਹੈ ਹੁਣ ਜਦੋਂ ਇਸ ਸਮਾਗਮ ਵਿੱਚ ਬਾਬੇ ਧੁੰਮੇ ਵੱਲੋਂ ਪੂਰੀ ਸ਼ਾਨ ਨਾਲ ਅਮਿਤ ਸ਼ਾਹ ਦਾ ਸਨਮਾਨ ਕੀਤਾ ਗਿਆ ਤਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਵੀ ਰੋਹ ਚੜ੍ਹ ਆਇਆ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਬਾਬੇ ਧੁੰਮੇ ਵੱਲੋਂ ਪੰਡਾਲ ਵਾਲੀ ਜਗ੍ਹਾ ਉੱਤੇ ਨਾਰੀਅਲ ਤੋੜ ਕੇ ਭੂਮੀ ਪੂਜਨ ਕਰਨ ਅਤੇ ਪੱਥਰ ਪੂਜਣ ਕਰਕੇ ਵੀ ਉਹ ਵਿਵਾਦਾਂ ਵਿੱਚ ਆਇਆ ਸੀ। ਕੁਝ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵੀ ਘੁੰਮ ਰਹੀਆਂ ਹਨ ਜਿੱਥੇ ਬਾਬੇ ਧੁੰਮੇ ਦੇ ਨਜ਼ਦੀਕੀ ਅਤੇ ਇਸ ਸਟੇਜ ਦਾ ਸੰਚਾਲਕ ਸ਼ਿਵਲਿੰਗ ਅੱਗੇ ਵੀ ਮੱਥਾ ਟੇਕ ਰਿਹਾ ਹੈ। ਨਾਗਪੁਰ ਵਿੱਚ ਹੋਏ ਸਮਾਗਮ ਦੌਰਾਨ ਤਾਂ ਬਾਬੇ ਧੁੰਮੇ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿਆਸੀ ਆਗੂਆਂ ਲਈ ਬੈਂਚ ਲਗਾ ਦਿੱਤੇ ਸਨ ਅਤੇ ਉਹ ਲੱਤਾਂ ਲਮਕਾ ਕੇ ਬੈਠੇ ਸਨ ਤਾਂ ਉਦੋਂ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਬਾਬੇ ਧੁੰਮੇ ਦੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੀ ਸ਼ਿਕਾਇਤ ਕੀਤੀ ਸੀ ਕਿਉਂਕਿ ਬਾਬੇ ਧੁੰਮੇ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਵੀ ਤੌਹੀਨ ਕੀਤੀ ਸੀ। ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਬਾਬੇ ਧੁੰਮੇ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਅਤੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਬਾਦਲਾਂ ਨੂੰ ਹਮਾਇਤ ਦੇਣ ਬਾਦਲ ਪਰਿਵਾਰ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨ, ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਿਰੋਪੇ ਲੈਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਸਨਮਾਨ ਕਰਨ ਕਰਕੇ ਉਸਨੂੰ ਸਿੱਖ ਸੰਗਤਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ ਹੈ। ਭਾਜਪਾ ਨੂੰ ਸਮਰਥਨ ਦੇਣ ਵੇਲੇ ਬਾਬੇ ਧੁੰਮੇ ਨੇ ਕਿਹਾ ਸੀ ਕਿ ਅਸੀਂ ਸਿੱਖ ਕੌਮ ਨੂੰ ਵੱਖਰੀ ਕੌਮ ਦਾ ਦਰਜਾ ਦਵਾਵਾਂਗੇ, ਬੰਦੀ ਸਿੰਘ ਰਿਹਾ ਕਰਾਵਾਂਗੇ ਤੇ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਕਰਾਵਾਂਗੇ ਪਰ ਹੁਣ ਤਾਂ ਸਾਰੀਆਂ ਗੱਲਾਂ ਉਲਟ ਹੋ ਰਹੀਆਂ ਹਨ। 

ਸਿੱਖ ਸੰਗਤ ਦੁਖੀ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਅਤੇ ਸੰਤ ਜਰਨੈਲ ਸਿੰਘ ਨੂੰ ਭਸਮਾਸੁਰ ਕਹਿਣ ਵਾਲੇ ਭਾਜਪਾਈ ਆਗੂਆਂ ਨਾਲ ਬਾਬਾ ਧੁੰਮਾ ਇੱਕ ਮਿਕ ਕਿਉਂ ਹੋ ਚੁੱਕਾ ਹੈ। ਬਾਬਾ ਹਰਨਾਮ ਸਿੰਘ ਧੁੰਮਾਂ ਦੀਆਂ ਇਹਨਾਂ ਪੰਥ ਵਿਰੋਧੀ ਗਤੀਵਿਧੀਆਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਪਟਿਆਲਾ, ਦਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ, ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸੰਗਰਾਵਾਂ ਦਮਦਮੀ ਟਕਸਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਭੁਪਿੰਦਰ ਸਿੰਘ 6 ਜੂਨ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਿਦੇਸ਼ਾਂ ਦੇ ਕਈ ਗੁਰਦੁਆਰਿਆਂ ਵਿੱਚ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਬੈਨ ਵੀ ਕੀਤਾ ਹੋਇਆ ਹੈ। ਬਾਬਾ ਹਰਨਾਮ ਸਿੰਘ ਧੁੰਮਾ ਜਦੋਂ ਦੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਣੇ ਹੋਏ ਹਨ, ਉਸ ਤੋਂ ਬਾਅਦ ਦਮਦਮੀ ਟਕਸਾਲ ਜਥੇਬੰਦੀ ਦਾ ਮਿਆਰ ਦਿਨੋ ਦਿਨ ਉਹ ਨੀਵਾਂ ਕਰਦੇ ਜਾ ਰਹੇ ਹਨ। ਬਾਬੇ ਧੁੰਮੇ ਦੀ ਸਟੇਜ ਉੱਤੇ ਸਿੱਖਾਂ ਨੂੰ ਸਨਾਤਨੀ ਕਹਿਣ ਵਾਲੇ ਬਾਗੇਸ਼ਵਰ ਵਾਲੇ ਬਾਬੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਹੋਲੇ ਮਹੱਲੇ ਤੇ ਸਟੇਜ ਉੱਤੇ ਖਾਲਸਾਈ ਅਨੁਸਾਰ ਜਵਾਬ ਦੇ ਚੁੱਕੇ ਹਨ। ਹੁਣ ਵੇਖਣਾ ਇਹ ਬਣਦਾ ਹੈ ਕਿ ਬੀਜੇਪੀ ਨਾਲ ਮਿਲ ਕੇ, ਸਿੱਖਾਂ ਨੂੰ ਸਨਾਤਨੀ ਕਹਾ ਕੇ, ਹੋਰ ਕਰਮਕਾਂਡ ਕਰਕੇ ਬਾਬਾ ਧੁੰਮਾ ਸਿੱਖ ਪੰਥ ਦੀ ਝੋਲੀ ਵਿੱਚ ਕੁਝ ਪਵਾਉਂਦਾ ਜਾਂ ਹਿੰਦੂਤਵ ਤੋਂ ਸਿੱਖਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਹੋਰ ਪੱਕੀਆਂ ਕਰਵਾਉਂਦਾ ਹੈ। ਬਾਬੇ ਧੁੰਮੇ ਦਾ ਇੱਕ ਅਮਰੀਕਾ ਤੋਂ ਬੁਲਾਰਾ ਜਤਿੰਦਰ ਸਿੰਘ ਖਾਲਸਾ ਫਰਿਜਨੋ ਜੋ ਬਾਬੇ ਧੁੰਮੇ ਦੀ ਹਰ ਗੱਲ ਨੂੰ ਠੀਕ ਠਹਿਰਾਉਂਦਾ ਹੈ ਅਤੇ ਪੰਥਕ ਸਿੰਘਾਂ ਦੀ ਕਿਰਦਾਰਕੁਸ਼ੀ ਕਰਦਾ ਹੈ। ਬਾਬੇ ਧੁੰਮੇ ਨੂੰ ਠੀਕ ਠਹਿਰਾਉਣ ਲਈ ਜਤਿੰਦਰ ਸਿੰਘ ਤਾਂ ਇੱਥੋਂ ਤੱਕ ਵੀ ਆਖ ਚੁੱਕਾ ਹੈ ਕਿ ਦਮਦਮੀ ਟਕਸਾਲ ਦੇ ਪਹਿਲੇ ਸਾਰੇ ਮੁਖੀ ਵੀ ਗਾਲਾਂ ਕੱਢਦੇ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਗਾਲਾਂ ਕੱਢਦੇ ਸਨ ਜਿਸ ਨੂੰ ਸੁਣ ਕੇ ਸਿੱਖਾਂ ਵਿੱਚ ਬਹੁਤ ਰੋਹ ਹੈ। ਬਾਬੇ ਧੁੰਮੇ ਦੇ ਬੁਲਾਰੇ ਜਤਿੰਦਰ ਸਿੰਘ ਖਾਲਸਾ ਫਰਿਜਨੋ ਨੇ ਅੱਜ ਇੱਕ ਹੋਰ ਫੇਸਬੁਕ ਉੱਤੇ ਪੋਸਟ ਪਾਈ ਜਿਸ ਵਿੱਚ ਉਹ ਆਖਦਾ ਹੈ ਕਿ ਖਾਲਿਸਤਾਨ ਦੇ ਨਾਮ ਉੱਤੇ ਕਿਤਾਬਾਂ ਲਿਖਣ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਰਣਜੀਤ ਸਿੰਘ ਦਮਦਮੀ ਟਕਸਾਲ ਉੱਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ, ਉਸ ਉਤੇ ਯੂਏਪੀਏ ਕਿਉਂ ਨਹੀਂ ਲੱਗੀ। ਸੰਗਤ ਹੈਰਾਨ ਹੈ ਕਿ ਕਿਸੇ ਸਮੇਂ ਦਮਦਮੀ ਟਕਸਾਲ ਸਿੰਘਾਂ ਉਤੇ ਪਏ ਕੇਸ ਰੱਦ ਕਰਵਾਉਂਦੀ ਸੀ ਤੇ ਅੱਜ ਸਿੰਘਾਂ ਉਤੇ ਯੂਏਪੀਏ ਲਗਾਉਣ ਦੀਆਂ ਗੱਲਾਂ ਕਰ ਰਹੀ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.