ਸਠਿਆਲਾ ਵਿਖੇ ਪਸ਼ਚਾਤਾਪ ਸਮਾਗਮ ਵਿੱਚ ਸੰਗਤਾਂ ਦਾ ਵੱਡਾ ਇਕੱਠ
- ਧਾਰਮਿਕ/ਰਾਜਨੀਤੀ
- 10 Mar, 2026 11:24 AM (Asia/Kolkata)
ਅੰਮ੍ਰਿਤਸਰ 10 ਮਾਰਚ , ਨਜ਼ਰਾਨਾ ਟਾਈਮਜ ਬਿਊਰੋ
ਅੱਜ ਪਿੰਡ ਸਠਿਆਲਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਦਿਨ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤ ਇਕੱਠੀ ਹੋਈ।
ਪੰਥਕ ਜਥੇਬੰਦੀਆਂ ਨੇ ਪੁਰਾਣੇ ਫੈਸਲੇ ਅਨੁਸਾਰ ਪਿੰਡ ਸਠਿਆਲਾ ਨੂੰ ਗੁਰਦੁਆਰਾ ਪ੍ਰਬੰਧਾਂ ਵਿੱਚ ਸੁਧਾਰ ਲਈ ਦੋ ਦਿਨ ਦਾ ਸਮਾਂ ਦਿੱਤਾ ਸੀ, ਕਿਉਂਕਿ ਵਾਰ-ਵਾਰ ਹੋ ਰਹੀਆਂ ਬੇਅਦਬੀਆਂ ਦਾ ਮੁੱਖ ਕਾਰਨ ਪ੍ਰਬੰਧਕੀ ਘਾਟ ਤੇ ਲਾਪਰਵਾਹੀ ਆਖਿਆ ਗਿਆ। ਪਿੰਡ ਵਾਸੀਆਂ ਵੱਲੋਂ 18 ਗੁਰਦੁਆਰਿਆਂ ਦੀ ਸੂਚੀ ਤਿਆਰ ਕਰਕੇ ਕਮੇਟੀਆਂ ਦੇ ਪ੍ਰਧਾਨਾਂ ਦੇ ਨਾਂ ਦਰਜ ਕੀਤੇ ਗਏ, ਜੋ ਪ੍ਰਬੰਧਾਂ ਵਿੱਚ ਸੁਧਾਰ ਵੱਲ ਇੱਕ ਸਕਾਰਾਤਮਕ ਕਦਮ ਹੈ।
ਜਿਸ ਦਿਨ ਪੰਥਕ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ, ਉਸ ਦਿਨ ਗੱਲ ਚੱਲੀ ਸੀ ਕਿ ਜੇ ਪ੍ਰਬੰਧ ਨਾ ਸੁਧਰੇ ਤਾਂ ਪਿੰਡੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਹੋਰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾਵੇ। ਪਰ ਅੱਜ ਦੀ ਸੰਗਤ ਸਮ੍ਹੇ ਕਮੇਟੀ ਮੈਂਬਰਾ ਨੇ ਪ੍ਰਬੰਧ ਸੁਧਾਰਨ ਦਾ ਵਾਅਦਾ ਕੀਤਾ, ਜਿਸ ਕਰਕੇ ਗੁਰੂ ਸਰੂਪਾਂ ਨੂੰ ਫਿਲਹਾਲ ਉੱਥੇ ਹੀ ਰੱਖਣ ਦਾ ਫੈਸਲਾ ਲਿਆ ਗਿਆ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇ ਕੋਈ ਗਲਤੀ ਕਰਨ ਵਾਲਾ ਮਨੁੱਖ ਪਸ਼ਚਾਤਾਪ ਨਾਲ ਸ਼ਰਨ ਆ ਜਾਂਦਾ ਹੈ ਤਾਂ ਉਸਨੂੰ ਗਲੇ ਲਗਾਉਣਾ ਸਿੱਖ ਮਰਯਾਦਾ ਅਨੁਸਾਰ ਹੈ। ਸੰਗਤ ਵੱਲੋਂ ਚਿੰਤਾ ਜਤਾਈ ਗਈ ਕਿ ਪਿਛਲੇ ਲਗਭਗ 10–15 ਸਾਲਾਂ ਤੋਂ ਲਗਾਤਾਰ ਬੇਅਦਬੀਆਂ ਰੋਕਣ ਵਾਲਾ ਕੋਈ ਢੰਗ ਦਾ ਨਿਯਮ ਤੇ ਨਿਗਰਾਨੀ ਪ੍ਰਣਾਲੀ ਨਹੀਂ ਬਣੀ, ਜਿਸਦਾ ਮੁੱਖ ਕਾਰਨ ਲਾਪਰਵਾਹੀ ਅਤੇ ਗੁਰਦੁਆਰਾ ਸਥਾਨਾਂ ਦੀ ਢੁੱਕਵੀਂ ਪਹਿਰੇਦਾਰੀ ਦੀ ਕਮੀ ਹੈ। ਇਸ ਲਾਪਰਵਾਹੀ ਨੂੰ ਰੋਕਣ ਲਈ ਰਾਤ-ਦਿਨ ਪਹਿਰੇਦਾਰੀ, ਸੀਸੀਟੀਵੀ, ਅਤੇ ਜਵਾਬਦੇਹ ਪ੍ਰਬੰਧਕੀ ਢਾਂਚਾ ਲਾਜ਼ਮੀ ਕਰਾਰ ਦਿੱਤਾ ਗਿਆ।
- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਹਰਿਆਣਾ ਅਤੇ ਦਿੱਲੀ ਕਮੇਟੀ ਦੀ ਗੈਰ ਹਾਜ਼ਰੀ ਕਾਰਨ ਸੰਗਤਾਂ ਵਿੱਚ ਭਾਰੀ ਰੋਸ
- ਪਹਿਰੇਦਾਰੀ ਤੋਂ ਬਿਨਾਂ ਨਹੀਂ ਰੁਕ ਸਕਦੀਆਂ ਬੇਅਦਬੀਆਂ- ਸੁਖਜੀਤ ਸਿੰਘ ਖੋਸੇ
ਅੱਜ ਦੀ ਸਭਾ ਵਿੱਚ ਦੋ ਮਹੱਤਵਪੂਰਨ ਮਤੇ ਪਾਸ ਕੀਤੇ ਗਏ:
ਜਿਹੜਾ ਦੋਸ਼ੀ ਬੇਅਦਬੀ ਮਾਮਲੇ ਵਿੱਚ ਚਿੰਨ੍ਹਿਆ ਗਿਆ ਹੈ, ਕਿਉਂਕਿ ਉਹ ਇਸੇ ਪਿੰਡ ਦਾ ਵਾਸੀ ਹੈ, ਉਸਦੀ ਕਿਸੇ ਵੀ ਪੱਧਰ ’ਤੇ ਜਮਾਨਤ ਨਾ ਕਰਵਾਈ ਜਾਵੇ, ਅਤੇ ਪਿੰਡ ਵਾਸੀਆਂ ਵੱਲੋਂ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਜੇ ਕੋਈ ਸਰਪੰਚ, ਪੰਚ ਜਾਂ ਹੋਰ ਵਿਅਕਤੀ ਉਸ ਦੀ ਜਮਾਨਤ ਲਈ ਅੱਗੇ ਆਵੇਗਾ, ਤਾਂ ਪਿੰਡ ਵਾਸੀਆਂ ਨੇ ਐਸੇ ਵਿਅਕਤੀ ਦਾ ਵੀ ਬਾਈਕਾਟ ਕਰਨ ਦਾ ਫੈਸਲਾ ਲਿਆ।
ਅਗਲੀ ਪੰਥਕ ਮੀਟਿੰਗ 20 ਮਾਰਚ ਨੂੰ ਇਸੇ ਪਿੰਡ ਸਠਿਆਲਾ ਵਿੱਚ ਸਿੱਖ ਜਥੇਬੰਦੀਆਂ ਦੀ ਸਾਂਝੀ ਬੈਠਕ ਦੇ ਰੂਪ ਵਿੱਚ ਰੱਖੀ ਗਈ ਹੈ, ਜਿਸ ਵਿੱਚ ਅੱਗੇ ਦੀ ਕਾਰਵਾਈ ਅਤੇ ਸੂਬੇ ਭਰ ਦੇ ਪ੍ਰਬੰਧਾਂ ’ਤੇ ਚਰਚਾ ਕੀਤੀ ਜਾਵੇਗੀ।
ਸਭ ਜਥੇਬੰਦੀਆਂ ਨੇ ਇਕੱਠੇ ਹੋ ਕੇ ਸੰਕਲਪ ਕੀਤਾ ਕਿ ਜਿੱਥੇ ਵੀ ਗੁਰੂ ਘਰਾਂ ਵਿੱਚ ਪ੍ਰਬੰਧਕੀ ਘਾਟ, ਲਾਪਰਵਾਹੀ ਜਾਂ ਅਸੁਰੱਖਿਆ ਕਾਰਨ ਬੇਅਦਬੀ ਦੇ ਖ਼ਤਰੇ ਵਾਲੇ ਹਾਲਾਤ ਬਣਦੇ ਹਨ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸੁਰੱਖਿਅਤ ਥਾਂ ਵਲ ਲਿਜਾਣ ਲਈ ਜਥੇਬੰਦੀਆਂ ਮਜ਼ਬੂਰ ਹੋਣਗੀਆਂ।
ਸੰਗਤ ਨੇ ਖਾਸ ਤੌਰ ’ਤੇ ਦੁੱਖ ਜਤਾਇਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤਿਨਿਧੀ ਅੱਜ ਦੀ ਸਭਾ ਵਿੱਚ ਹਾਜ਼ਰ ਨਾ ਹੋਏ, ਜਦੋਂ ਕਿ ਇਹ ਗੁਰਦੁਆਰਾ ਲੰਮੇ ਸਮੇਂ ਤੋਂ ਸੰਬੰਧਤ ਪ੍ਰਬੰਧਕੀ ਨਿਯਮਾਂ ਦੇ ਅਧੀਨ ਹੈ। ਇਸਨੂੰ ਸੰਗਤ ਨੇ ਪ੍ਰਬੰਧਕੀ ਨਿਯਮਾਂ ਵੱਲੋਂ ਸੰਗਤ ਨੂੰ ਲਵਾਰਸ ਛੱਡਣ ਦੇ ਬਰਾਬਰ ਕਰਾਰ ਦਿੰਦਿਆਂ ਭਾਰੀ ਰੋਸ ਜਤਾਇਆ।
ਇਹ ਵੀ ਐਲਾਨ ਕੀਤਾ ਗਿਆ ਕਿ ਜੇ ਭਵਿੱਖ ਵਿੱਚ ਸਠਿਆਲਾ ਜਾਂ ਹੋਰ ਕਿਸੇ ਵੀ ਸਥਾਨ ’ਤੇ ਇਸ ਤਰ੍ਹਾਂ ਦੀ ਘਟਨਾ ਦੁਹਰਾਈ ਗਈ ਤੇ ਪ੍ਰਬੰਧ ਸੁਧਾਰ ਨਾ ਹੋਏ, ਤਾਂ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾ ਕੇ ਕੇਵਲ ਉਨ੍ਹਾਂ ਥਾਵਾਂ ’ਤੇ ਪ੍ਰਕਾਸ਼ ਕੀਤਾ ਜਾਵੇਗਾ ਜਿੱਥੇ ਪੂਰਾ ਸਤਿਕਾਰ, ਸੁਰੱਖਿਆ ਅਤੇ ਲਗਾਤਾਰ ਪਹਿਰੇਦਾਰੀ ਯਕੀਨੀ ਹੋ ਸਕੇ।
ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ ,ਭਾਈ ਸੁਖਜੀਤ ਸਿੰਘ ਖੋਸੇ ,ਭਾਈ ਗੁਰਪ੍ਰੀਤ ਸਿੰਘ ਟਾਵਰ ਮੋਰਚਾ ਸਮਾਣਾ ,ਭਾਈ ਸਤਨਾਮ ਸਮਸਾ , ਬਾਬਾ ਬਹੋੜ ਸਿੰਘ ਦਮਦਮੀ ਟਕਸਾਲ ਮਹਿਤਾ, ਗਿਆਨੀ ਤੇਜਬੀਰ ਸਿੰਘ ਵਿਦਿਆਰਥੀ ਦਮਦਮੀ ਟਕਸਾਲ , ਭਾਈ ਮੋਹਣ ਸਿੰਘ ,ਭਾਈ ਬਲਵਿੰਦਰ ਸਿੰਘ ,ਭਾਈ ਹਰੀਸ਼ ਸਿੰਘ ,ਭਾਈ ਨਿਸ਼ਾਨ ਸਿੰਘ ਸਿਆਲਕਾ, ਅਤੇ ਪਿੰਡ ਸਠਿਆਲਾ ਦੀਆ ਸਮੁੱਚਿਆ ਪ੍ਰਬੰਧਕ ਕਮੇਟੀਆਂ ਤੇ ਪੰਚਾਇਤਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ
Leave a Reply