ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਟਕਸਾਲੀ ਸੋਚ ਵਿੱਚ ਹੈ,ਨਿੱਜੀ ਹਿੱਤ ਪਾਲਣ ਵਾਲਿਆਂ ਵਿੱਚ ਨਹੀਂ- ਜਥੇ.ਸਤਨਾਮ ਸਿੰਘ ਚੋਹਲਾ
- ਰਾਜਨੀਤੀ
- 10 Mar, 2026 06:02 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,10 ਮਾਰਚ
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਟਕਸਾਲੀ ਸੋਚ ਵਿੱਚ ਹੈ,ਨਿੱਜੀ ਹਿੱਤ ਪਾਲਣ ਵਾਲਿਆਂ ਵਿੱਚ ਨਹੀਂ- ਜਥੇ.ਸਤਨਾਮ ਸਿੰਘ ਚੋਹਲਾ- ਕਿਹਾ,ਵਰਕਰ ਦੇ ਮੁੜ੍ਹਕੇ ਦਾ ਮੁੱਲ ਪਾਉਣ ਵਾਲਾ ਲੀਡਰ ਹੀ ਇਤਿਹਾਸ ਸਿਰਜਦਾ ਹੈ
- ਹਲਕਾ ਖਡੂਰ ਸਾਹਿਬ 'ਚ ਅਸਲ ਟਕਸਾਲੀ ਸੋਚ ਹੀ ਲਹਿਰਾਏਗੀ ਪਾਰਟੀ ਦੀ ਜਿੱਤ ਦਾ ਪਰਚਮ
- ਕਿਹਾ,ਵਰਕਰ ਦੇ ਮੁੜ੍ਹਕੇ ਦਾ ਮੁੱਲ ਪਾਉਣ ਵਾਲਾ ਲੀਡਰ ਹੀ ਇਤਿਹਾਸ ਸਿਰਜਦਾ ਹੈ
- ਹਲਕਾ ਖਡੂਰ ਸਾਹਿਬ 'ਚ ਅਸਲ ਟਕਸਾਲੀ ਸੋਚ ਹੀ ਲਹਿਰਾਏਗੀ ਪਾਰਟੀ ਦੀ ਜਿੱਤ ਦਾ ਪਰਚਮ
ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਨਿਮਾਣੇ ਵਰਕਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਕੇ ਸਿਰਕੱਢ ਆਗੂ ਬਣੇ ਅਤੇ ਆਪਣੀ ਬੇਦਾਗ਼ ਤੇ ਟਕਸਾਲੀ ਸੋਚ ਲਈ ਜਾਣੇ ਜਾਂਦੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਪਾਰਟੀ ਦੀ ਮਜ਼ਬੂਤੀ ਅਤੇ ਹਲਕਾ ਖਡੂਰ ਸਾਹਿਬ ਦੇ ਭਵਿੱਖ ਨੂੰ ਲੈ ਕੇ ਇੱਕ ਬਹੁਤ ਹੀ ਡੂੰਘਾ ਅਤੇ ਦੂਰਅੰਦੇਸ਼ੀ ਵਾਲਾ ਸੁਨੇਹਾ ਦਿੱਤਾ ਹੈ।ਸਿਆਸਤ ਦੇ ਦਿੱਗਜ ਬੋਹੜਾਂ—ਜਥੇਦਾਰ ਅਜੀਤ ਸਿੰਘ ਰਾਹਲ ਚਾਹਲ,ਸ. ਹਰਦਿਆਲ ਸਿੰਘ ਨਿੱਕਾ ਚੋਹਲਾ,ਸ.ਪ੍ਰੇਮ ਸਿੰਘ ਲਾਲਪੁਰ ਅਤੇ ਪੰਥ ਰਤਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਰਪ੍ਰਸਤੀ ਹੇਠ ਦਹਾਕਿਆਂ ਤੱਕ ਪੰਥਕ ਸਿਆਸਤ ਦੇ ਗੰਭੀਰ ਉਤਾਰ-ਚੜ੍ਹਾਅ ਦੇ ਗਵਾਹ ਰਹੇ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਚੁੱਕੇ,ਜਥੇਦਾਰ ਸਤਨਾਮ ਸਿੰਘ ਦੇ ਇਸ ਬਿਆਨ ਦੇ ਸਿਆਸੀ ਗਲਿਆਰਿਆਂ ਵਿੱਚ ਵੱਡੇ ਅਰਥ ਕੱਢੇ ਜਾ ਰਹੇ ਹਨ।ਪਾਰਟੀ ਅੰਦਰ ਕੁਝ ਲੋਕਾਂ ਵੱਲੋਂ ਆਪਣੇ 'ਨਿੱਜੀ ਹਿੱਤਾਂ' ਅਤੇ ਸਵਾਰਥਾਂ ਖਾਤਰ ਪਾਈ ਜਾ ਰਹੀ ਫੁੱਟ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਜਥੇ.ਸਤਨਾਮ ਸਿੰਘ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਦੀ ਅਸਲ ਤਾਕਤ ਇਸਦੇ ਜ਼ਮੀਨੀ ਅਤੇ ਟਕਸਾਲੀ ਵਰਕਰ ਹਨ।ਪਾਰਟੀ ਹਾਈਕਮਾਂਡ ਨੂੰ ਬੜੇ ਹੀ ਸਤਿਕਾਰ ਅਤੇ ਨਿਮਰਤਾ ਸਹਿਤ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ,ਜੋ ਕਿ ਹਮੇਸ਼ਾ ਪੰਥਕ ਅਤੇ ਟਕਸਾਲੀ ਸੋਚ ਦਾ ਗੜ੍ਹ ਰਿਹਾ ਹੈ,ਦੇ ਮਾਮਲੇ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਲੇ ਘਟਨਾਕ੍ਰਮ ਤੋਂ ਸਬਕ ਲੈਣ ਦੀ ਬੇਹੱਦ ਲੋੜ ਹੈ।ਉਨ੍ਹਾਂ ਬੜੀ ਹੀ ਗੰਭੀਰਤਾ ਨਾਲ ਸੁਨੇਹਾ ਦਿੱਤਾ ਕਿ ਹਲਕੇ ਅੰਦਰ ਬਾਹਰੀ ਤਾਕਤਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਪਾਰਟੀ ਦੇ ਵਡੇਰੇ ਹਿੱਤਾਂ ਲਈ ਠੀਕ ਨਹੀਂ ਹੈ।ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਸਾਡੀ ਪਾਰਟੀ,ਸਾਡੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ,ਉਸ ਨੂੰ ਟਕਸਾਲੀ ਵਰਕਰਾਂ ਵੱਲੋਂ ਕਦੇ ਪ੍ਰਵਾਨ ਨਹੀਂ ਕੀਤਾ ਜਾਵੇਗਾ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਹਲਕੇ ਅੰਦਰ ਧੜੇਬੰਦੀਆਂ ਕਰਨ ਵਾਲੇ ਆਪੇ ਨਾਕਾਮ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਖਡੂਰ ਦੀ ਜਿੱਤ ਦਾ ਝੰਡਾ ਅਸਲ ਟਕਸਾਲੀ ਸੋਚ ਦੀ ਅਗਵਾਈ ਹੇਠ ਹੀ ਫ਼ਤਿਹ ਕੀਤਾ ਜਾਵੇਗਾ।ਜਥੇਦਾਰ ਸਤਨਾਮ ਸਿੰਘ ਨੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਆਪਣੇ ਦਹਾਕਿਆਂ ਪੁਰਾਣੇ ਪਰਿਵਾਰਕ ਸਬੰਧਾਂ ਦੇ ਨਾਤੇ ਇੱਕ ਬੇਹੱਦ ਸਨੇਹ ਭਰੀ ਤੇ ਸਾਰਥਕ ਸਲਾਹ ਸਾਂਝੀ ਕੀਤੀ। ਉਨ੍ਹਾਂ ਕਿਹਾ,ਅਸੀਂ ਬ੍ਰਹਮਪੁਰਾ ਪਰਿਵਾਰ ਦੇ ਨਾਲ ਕੱਲ੍ਹ ਵੀ ਜੁੜੇ ਹੋਏ ਸੀ ਅਤੇ ਅੱਜ ਵੀ ਪੂਰੀ ਮਜ਼ਬੂਤੀ ਨਾਲ ਖੜ੍ਹੇ ਹਾਂ।ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਪੁਰਾਣੇ ਵਰਕਰਾਂ ਅਤੇ ਆਗੂਆਂ ਨੇ ਪਾਰਟੀ ਲਈ ਆਪਣੀਆਂ ਉਮਰਾਂ ਗਾਲ ਦਿੱਤੀਆਂ,ਉਨ੍ਹਾਂ ਦਾ ਹਮੇਸ਼ਾ ਮਾਣ-ਸਤਿਕਾਰ ਬਹਾਲ ਰੱਖਿਆ ਜਾਵੇ।ਜਥੇ.ਸਤਨਾਮ ਸਿੰਘ ਨੇ ਆਖਿਆ ਕਿ ਜੇਕਰ ਲੀਡਰ ਵਰਕਰ ਦੀ ਪਿੱਠ 'ਤੇ ਹੱਥ ਰੱਖੇਗਾ,ਤਾਂ ਵਰਕਰ ਲੀਡਰ ਨੂੰ ਕਦੇ ਡਿੱਗਣ ਨਹੀਂ ਦੇਵੇਗਾ।ਅਸੀਂ ਨਾਲ ਖੜ੍ਹੇ ਹਾਂ,ਬਸ ਪਾਰਟੀ ਦੇ ਹਰ ਛੋਟੇ-ਵੱਡੇ ਵਰਕਰ ਨੂੰ ਗਲ਼ ਨਾਲ ਲਾ ਕੇ ਚੱਲਣ ਦੀ ਲੋੜ ਹੈ।ਜਥੇਦਾਰ ਸਤਨਾਮ ਸਿੰਘ ਚੋਹਲਾ ਸਾਹਿਬ ਦੇ ਇਸ ਦੂਰਅੰਦੇਸ਼ੀ ਵਾਲੇ ਬਿਆਨ ਨੇ ਜਿੱਥੇ ਆਮ ਵਰਕਰਾਂ ਵਿੱਚ ਸਕਾਰਾਤਮਕ ਊਰਜਾ ਭਰੀ ਹੈ,ਉੱਥੇ ਹੀ ਪਾਰਟੀ ਦਾ ਨੁਕਸਾਨ ਕਰਨ ਵਾਲੀਆਂ ਤਾਕਤਾਂ ਨੂੰ ਡੂੰਘੀ ਸੋਚ ਵਿੱਚ ਪਾ ਦਿੱਤਾ ਹੈ।