ਬਾਦਲਾਂ ਦੇ ਰਾਹ ਤੁਰੇ ਭਾਜਪਾ ਵਾਲੇ ਬਾਬਾ ਧੁੰਮਾ - ਲੇਖਕ : ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 18 Feb, 2026 05:29 PM (Asia/Kolkata)
ਦਮਦਮੀ ਟਕਸਾਲ ਦੇ ਮਹਿਤਾ ਧੜੇ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਉਹਨਾਂ ਪੰਥਕ ਗੁਰਸਿੱਖਾਂ ਤੇ ਸਿੱਖ ਸੰਗਤਾਂ ਖ਼ਿਲਾਫ਼ ਸੰਦੇਸ਼ ਜਾਰੀ ਕਰਵਾਇਆ ਹੈ ਜੋ ਬਾਬੇ ਧੁੰਮੇ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਦਾ ਸਮੇਂ-ਸਮੇਂ ਉੱਤੇ ਸਿਧਾਂਤਕ ਵਿਰੋਧ ਕਰਦੇ ਆ ਰਹੇ ਹਨ। ਬਾਬਾ ਧੁੰਮਾ ਜੋ ਭਾਜਪਾ ਨਾਲ ਯਾਰੀ ਪਾ ਕੇ, ਕੁੰਭ ਵਿੱਚ ਨਹਾ ਕੇ, ਪੱਥਰ ਅਤੇ ਭੂਮੀ ਪੂਜਣ ਕਰਕੇ ਹੁਣ ਤਖ਼ਤਾਂ ਪਿੱਛੇ ਜਾ ਲੁਕੇ ਹਨ ਅਤੇ ਭਾਜਪਾ ਦੇ ਪ੍ਰਬੰਧ ਅਧੀਨ ਮੰਨੇ ਜਾਂਦੇ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਵਰਤ ਕੇ ਇੱਕ ਹੋਰ ਭਾਰੀ ਗ਼ੁਨਾਹ ਕਰ ਬੈਠੇ ਹਨ। ਦਾਸ ਨੂੰ ਯਾਦ ਹੈ ਕਿ ਜਦੋਂ ਰਾਧਾ ਸੁਆਮੀ ਡੇਰਾ ਬਿਆਸ ਨੇ ਸਾਲ 2012 ਵਿੱਚ ਇੱਕ ਗੁਰਦੁਆਰਾ ਸਾਹਿਬ ਢਾਹਿਆ ਸੀ ਤਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਬਹੁਤ ਡਟਵਾਂ ਵਿਰੋਧ ਕੀਤਾ ਸੀ ਉਸ ਸਮੇਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਡੇਰੇਦਾਰ ਸ਼ਰੀਫ਼ ਅਤੇ ਪੰਥ-ਪ੍ਰਸਤ ਸ਼ਰਾਰਤੀ ਹਨ। ਖ਼ਾਲਸਾ ਪੰਥ ਨੇ ਓਦੋਂ ਵੀ ਕੋਈ ਪ੍ਰਵਾਹ ਨਹੀਂ ਸੀ ਕੀਤੀ ਤੇ ਸੰਘਰਸ਼ ਜਾਰੀ ਰੱਖਿਆ ਸੀ, ਉਲ਼ਟਾ ਗੁਰਬਚਨ ਸਿੰਘ ਨੂੰ ਬਾਅਦ ਵਿੱਚ ਸ਼ਰਮਸਾਰ ਹੋਣਾ ਪਿਆ। ਹੁਣ ਵੀ ਪਟਨਾ ਸਾਹਿਬ ਤੋਂ ਜਾਰੀ ਹੋਏ ਸੰਦੇਸ਼ ਵਿੱਚ ਬਾਬੇ ਧੁੰਮੇ ਦੀ ਅਲੋਚਨਾ ਤੇ ਵਿਰੋਧ ਕਰਨ ਵਾਲਿਆਂ ਨੂੰ ਪੰਥ ਵਿਰੋਧੀ ਅਤੇ ਸ਼ਰਾਰਤੀ ਅਨਸਰ ਕਿਹਾ ਗਿਆ ਹੈ ਤੇ ਉਨ੍ਹਾਂ ਦੀਆਂ ਜ਼ੁਬਾਨਾਂ ਬੰਦ ਕਰਵਾਉਣ ਲਈ ਤਖ਼ਤਾਂ ਦਾ ਡਰਾਵਾ ਦਿੱਤਾ ਜਾ ਰਿਹਾ ਹੈ ਪਰ ਸਿੱਖ ਕੌਮ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਬਾਬਾ ਧੁੰਮਾ ਭਾਜਪਾ ਨਾਲ ਇੱਕਮਿਕ ਹੋ ਚੁੱਕਾ ਹੈ, ਸਿੱਖਾਂ ਦੇ ਕਾਤਲਾਂ ਭਾਜਪਾਈ ਆਗੂਆਂ ਨੂੰ ਸਨਮਾਨ ਕਰ ਰਿਹਾ ਹੈ ਤੇ ਉਹਨਾਂ ਲਈ ਵੋਟਾਂ ਵੀ ਮੰਗ ਚੁੱਕਾ ਹੈ ਤੇ ਇਹ ਸੰਦੇਸ਼ ਵੀ ਭਾਜਪਾ ਨੇ ਹੀ ਬਾਬੇ ਧੁੰਮੇ ਨੂੰ ਬਚਾਉਣ ਲਈ ਜਾਰੀ ਕਰਵਾਇਆ ਹੈ ਜਿਸ ਬਾਰੇ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਆਪਣੇ ਫੇਸਬੁੱਕ ਖਾਤੇ ਉਤੇ ਸਪੱਸ਼ਟ ਲਿਖ ਚੁੱਕੇ ਹਨ ਕਿ "ਐਨਾ ਕਸ਼ਟ ਕਰਨ ਦੀ ਕੀ ਲੋੜ ਸੀ, ਸਿੱਧਾ ਅਮਿਤ ਸ਼ਾਹ ਪਾਸੋਂ ਹੀ ਹੁਕਮਨਾਮਾ ਜਾਰੀ ਕਰਵਾ ਦਿੰਦੇ।" ਸੰਦੇਸ਼ ਵਿੱਚ ਇਹ ਵੀ ਕਿਹਾ ਗਿਆ ਕਿ "ਬਾਬੇ ਦੀ ਲੋਕਪ੍ਰਿਅਤਾ ਅਤੇ ਪ੍ਰਭਾਵ ਤੋਂ ਘਬਰਾ ਕੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ।" ਹੈਰਾਨੀ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ, ਅਖ਼ਬਾਰਾਂ, ਰਸਾਲਿਆਂ, ਪੰਥਕ ਸਟੇਜਾਂ ਅਤੇ ਹੋਰ ਮਾਧਿਅਮਾਂ 'ਤੇ ਹਰ ਰੋਜ਼ ਬਾਬੇ ਧੁੰਮੇ ਦੀ ਮਿੱਟੀ ਪਲੀਤ ਹੋ ਰਹੀ ਹੈ, ਥਾਂ-ਥਾਂ ਉੱਤੇ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਬਾਬੇ ਧੁੰਮੇ ਨੂੰ ਬੈਨ ਕੀਤਾ ਜਾ ਚੁੱਕਾ ਹੈ, ਪੰਥਕ ਸਫ਼ਾਂ ਅਤੇ ਸੰਗਤਾਂ ਵਿੱਚ ਬਾਬੇ ਧੁੰਮੇ ਦਾ ਵੱਕਾਰ ਪੂਰੀ ਤਰ੍ਹਾਂ ਰੁਲ ਚੁੱਕਾ ਹੈ, ਉਸ ਨੂੰ ਕੋਈ ਮੂੰਹ ਲਾ ਕੇ ਰਾਜ਼ੀ ਨਹੀਂ ਤੇ ਇਸ ਵਰਤਾਰੇ ਨੂੰ ਸਮਝਣ ਦੀ ਬਜਾਏ, ਭਾਜਪਾ ਨਾਲ ਯਾਰੀ ਤੋੜਨ ਦੀ ਬਜਾਏ, ਕੁਝ ਹੋਸ਼ ਕਰਨ ਦੀ ਬਜਾਏ, ਪੰਥ ਵਿਰੋਧੀ ਗਤੀਵਿਧੀਆਂ ਅਤੇ ਹਿੰਦੂ ਕਰਮਕਾਂਡਾਂ ਤੋਂ ਰੁਕਣ ਦੀ ਬਜਾਏ ਬਾਬਾ ਧੁੰਮਾਂ ਪੰਥ ਵੱਲ ਪਿੱਠ ਕਰਕੇ ਅੱਗੇ ਵੱਧਦਾ ਜਾ ਰਿਹਾ ਹੈ ਤੇ ਆਪਣੇ ਜਾਇਜ਼ ਵਿਰੋਧ ਨੂੰ ਕੂੜ ਪ੍ਰਚਾਰ ਤੇ ਆਪਣਾ ਵੱਧ ਰਿਹਾ ਪ੍ਰਭਾਵ ਸਮਝ ਰਿਹਾ ਹੈ। ਪਰ ਸੱਚ ਇਹ ਹੈ ਕਿ ਬਾਬਾ ਧੁੰਮਾ ਅਤੇ ਉਸਦੇ ਸਮਰਥਕ ਆਪਣੇ ਵਿਰੋਧ ਤੋਂ ਪੂਰੇ ਡਰੇ ਅਤੇ ਘਬਰਾਏ ਹੋਏ ਹਨ ਤੇ ਪੂਰੀ ਬੁਖਲਾਹਟ ਵਿੱਚ ਆ ਕੇ ਪੰਥਕ ਜਥੇਬੰਦੀਆਂ, ਪੰਥਕ ਸਿੰਘਾਂ ਅਤੇ ਸਿੱਖ ਸੰਗਤਾਂ ਨੂੰ ਕਈ ਤਰ੍ਹਾਂ ਦੇ ਸਰਟੀਫਿਕੇਟ ਦੇ ਰਹੇ ਹਨ, ਕਾਂਗਰਸੀ ਆਖ ਰਹੇ ਹਨ ਤੇ ਰੱਜ ਕੇ ਗਾਲ੍ਹਾਂ ਵੀ ਕੱਢ ਰਹੇ ਹਨ। ਬਾਬਾ ਧੁੰਮਾ ਅਤੇ ਉਸਦੇ ਸਮਰਥਕ ਜਿੰਨੀ ਛੇਤੀ ਹੋ ਸਕੇ ਸਮਝ ਜਾਣ ਕਿ ਸਿੱਖਾਂ ਦੇ ਕਾਤਲਾਂ ਨਾਲ ਸਟੇਜਾਂ ਸਾਂਝੀਆਂ ਕਰਕੇ, ਹਿੰਦੂ ਰਹੁ-ਰੀਤਾਂ ਕਰਕੇ, ਖ਼ਾਲਸਾ ਪੰਥ ਨੂੰ ਵੰਗਾਰ ਕੇ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਰੋਲ ਕੇ ਉਹ ਸਿੱਖ ਸੰਗਤਾਂ ਨੂੰ ਚੁੱਪ ਨਹੀਂ ਕਰਵਾ ਸਕਦੇ ਇਸ ਨਾਲ ਬਾਬੇ ਧੁੰਮੇ ਦਾ ਹੋਰ ਨੁਕਸਾਨ ਹੋਵੇਗਾ ਤੇ ਭਾਜਪਾ ਉਸ ਨੂੰ ਕਿਸੇ ਜੋਗਾ ਨਹੀਂ ਛੱਡੇਗੀ 'ਨਾ ਉਹ ਘਰਦਾ ਰਹੇਗਾ, ਨਾ ਘਾਟ ਦਾ।' ਬਾਦਲਾਂ ਨਾਲ ਭਾਜਪਾ ਨੇ ਜੋ ਕੀਤੀ ਉਸਦੀ ਉਦਾਹਰਨ ਸਾਹਮਣੇ ਹੈ, ਇਹੀ ਕੁਝ ਬਾਬੇ ਧੁੰਮੇ ਨਾਲ ਹੋਵੇਗਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਭਾਜਪਾ ਦੇ ਪਿਛਲੱਗ ਬਣ ਕੇ ਸਿੱਖੀ ਦਾ ਹਿੰਦੂਕਰਨ ਕੀਤਾ ਸੀ, ਆਪਣੇ ਨਿੱਜੀ ਅਤੇ ਸਿਆਸੀ ਮੁਫ਼ਾਦਾਂ ਲਈ ਤਖ਼ਤਾਂ ਅਤੇ ਜਥੇਦਾਰਾਂ ਦੀ ਦੁਰਵਰਤੋਂ ਕੀਤੀ, ਹਿੰਦੂਤਵੀਆਂ ਨੂੰ ਖ਼ੁਸ਼ ਕਰਨ ਲਈ ਬਥੇਰੇ ਹਿੰਦੂ ਕਰਮਕਾਂਡ ਕੀਤੇ, ਟਿੱਕੇ ਲਵਾਏ, ਸ਼ਿਵਲਿੰਗ ਪੂਜੇ, ਮੁਕਟ ਪਵਾਏ, ਤ੍ਰਿਸ਼ੂਲ ਫੜੇ, ਅਨੰਦਪੁਰ ਦੇ ਮਤੇ ਅਤੇ ਖ਼ਾਲਿਸਤਾਨ ਦੇ ਸੰਘਰਸ਼ ਦਾ ਭੋਗ ਪਾਉਣਾ ਚਾਹਿਆ ਤੇ ਓਹੀ ਕੁਝ ਬਾਬਾ ਧੁੰਮਾ ਕਰ ਰਿਹਾ ਹੈ। ਉਸ ਸਮੇਂ ਬਾਦਲਾਂ ਕੋਲ ਪੰਜਾਬ ਸਰਕਾਰ ਸੀ, ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰ, ਚੀਫ ਖਾਲਸਾ ਦੀਵਾਨ ਅਤੇ ਹੋਰ ਬਥੇਰਾ ਕੁਝ ਸੀ ਪਰ ਓਦੋਂ ਵੀ ਖ਼ਾਲਸਾ ਪੰਥ ਬਾਦਲਾਂ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਟੱਕਰ ਲੈਂਦਾ ਰਿਹਾ ਤੇ ਆਖ਼ਰ ਉਹ ਸਮਾਂ ਵੀ ਆਇਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੱਥ ਜੋੜ ਕੇ ਆਪਣੇ ਸਾਰੇ ਗ਼ੁਨਾਹ, ਪਾਪ ਅਤੇ ਗ਼ਲਤੀਆਂ ਮੰਨੀਆ, ਤਨਖਾਹੀਆ ਕਰਾਰ ਹੋਇਆ, ਫ਼ਖ਼ਰ-ਏ-ਕੌਮ ਅਵਾਰਡ ਵੀ ਖੋਹਿਆ ਗਿਆ। ਹੁਣ ਉਹ ਸਮਾਂ ਵੀ ਦੂਰ ਨਹੀਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਖ਼ਾਲਸਾ ਪੰਥ ਦੇ ਅੱਗੇ ਬਾਬਾ ਹਰਨਾਮ ਸਿੰਘ ਧੁੰਮਾ ਵੀ ਗੋਡੇ ਟੇਕ ਕੇ ਬੈਠਾ ਹੋਵੇਗਾ ਅਤੇ ਗਲ ਵਿੱਚ ਤਖ਼ਤੀ ਪਾ ਕੇ ਪੰਥ ਕੋਲ ਮਾਫ਼ੀਆਂ ਮੰਗਦਾ ਫਿਰੇਗਾ, ਸਿੱਖੀ ਦਾ ਹਿੰਦੂਕਰਨ ਅਤੇ ਦਮਦਮੀ ਟਕਸਾਲ ਨੂੰ ਰੋਲਣ ਕਰਕੇ ਉਸ ਉੱਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਹੋਵੇਗੀ, ਉਸ ਸਮੇਂ ਭਾਜਪਾ ਵੀ ਉਸ ਨੂੰ ਬਚਾ ਨਹੀਂ ਸਕੇਗੀ ਸਗੋਂ ਪਹਿਲਾਂ ਹੀ ਵਰਤ ਕੇ ਸੁੱਟ ਚੁੱਕੀ ਹੋਵੇਗੀ। ਓਦੋਂ ਫਿਰ ਬਾਬੇ ਧੁੰਮੇ ਦੇ ਚੇਲੇ, ਚਾਪਲੂਸ ਅਤੇ ਸਮਰਥਕ ਬੇਹੱਦ ਸ਼ਰਮਸਾਰ ਹੋਣਗੇ ਤੇ ਉਹਨਾਂ ਨੂੰ ਚੱਪਣੀ ਵਿੱਚ ਨੱਕ ਡੋਬਣ ਲਈ ਜਗ੍ਹਾ ਨਹੀਂ ਮਿਲੇਗੀ। ਗੁਰੂ ਸਾਹਿਬ ਇਹਨਾਂ ਨੂੰ ਸੁਮੱਤ ਬਖਸ਼ਣ ਅਰਦਾਸ ਹੈ।

Leave a Reply