ਬੁੱਚੜ ਪੁਲਿਸ ਨੇ ਕਿੰਨੇ ਕੁ ਸਿੱਖਾਂ ਦਾ ਖੂਨ ਪੀਣਾ ਹੈ ? - ਭਾਈ ਗੁਰਪ੍ਰੀਤ ਸਿੰਘ (ਮਾਨ ਦਲ)
- ਰਾਜਨੀਤੀ
- 27 Feb, 2026 02:11 PM (Asia/Kolkata)
ਅੰਮ੍ਰਿਤਸਰ 27 ਫਰਵਰੀ , ਜੁਗਰਾਜ ਸਿੰਘ ਸਰਹਾਲੀ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਨੌਜਵਾਨ ਰਣਜੀਤ ਸਿੰਘ ਦੇ ਹੱਕ ਵਿੱਚ ਹਰ ਸਿੱਖ ਅਤੇ ਪੰਜਾਬੀ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਅਤੇ ਪੰਜਾਬ ਵਿੱਚ ਚਾਹੇ ਅਕਾਲੀਆਂ, ਭਾਜਪਾਈਆਂ, ਕਾਂਗਰਸੀਆਂ ਤੇ ਝਾੜੂ ਪਾਰਟੀ ਵਾਲਿਆਂ ਕੋਲ ਸੱਤਾ ਹੋਵੇ ਇਹ ਸਭ ਪੰਥ ਅਤੇ ਪੰਜਾਬ ਵਿਰੁੱਧ ਭੁਗਤਦੇ ਹਨ। ਪੰਜਾਬ ਪੁਲਿਸ ਨੇ ਹੋਰ ਕਿੰਨੇ ਕੁ ਸਿੱਖਾਂ ਦਾ ਖ਼ੂਨ ਪੀਣਾ ਹੈ ? ਸਿੱਖਾਂ ਤੇ ਪੰਜਾਬੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ ਪੁਲਿਸ ਲਈ ਆਮ ਗੱਲ ਬਣੀ ਹੋਈ ਹੈ। ਝੂਠੇ ਮੁਕਾਬਲੇ ਬਣਾਉਣ 'ਚ ਪੁਲਿਸ ਐਨੀ ਮਾਹਰ ਹੋ ਚੁੱਕੀ ਹੈ ਕਿ ਜਦੋਂ ਦਿਲ ਕਰਦਾ ਹੈ ਕਿਸੇ ਸਿੱਖ ਨੌਜਵਾਨ ਨੂੰ ਚੁੱਕ ਕੇ ਉਸ ਨੂੰ ਕਿਸੇ ਘਟਨਾ ਵਿੱਚ ਦੋਸ਼ੀ ਦੱਸ ਕੇ, ਭਾਰੀ ਤਸ਼ੱਦਦ ਕਰਕੇ, ਫਿਰ ਝੂਠਾ ਮੁਕਾਬਲਾ ਵਿਖਾ ਦਿੰਦੀ ਹੈ ਤੇ ਮੀਡੀਆ ਵਿੱਚ ਕਿਸੇ ਫਿਲਮੀ ਸੀਨ ਵਾਂਗ ਕਹਾਣੀ ਸੁਣਾ ਦਿੱਤੀ ਜਾਂਦੀ ਹੈ। ਪਰ ਪਹਿਲੇ ਪਲ ਵਿੱਚ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪੁਲਿਸ ਨੇ ਕਹਾਣੀ ਘੜੀ ਹੋਈ ਹੈ ਤੇ ਅਸਲ ਸੱਚ ਕੁਝ ਹੋਰ ਹੀ ਹੈ। ਉਹਨਾਂ ਕਿਹਾ ਕਿ ਪੁਲਿਸ ਆਪਣਾ ਬੁੱਚੜਪੁਣਾ ਬੰਦ ਕਰੇ ਤੇ ਪੰਜਾਬ ਦੀ ਨੌਜਵਾਨੀ ਦਾ ਹੋਰ ਖੂਨ ਨਾ ਵਹਾਵੇ। ਉਹਨਾਂ ਕਿਹਾ ਕਿ ਸੰਘਰਸ਼ੀ ਯੋਧੇ ਬਾਬਾ ਬੂਝਾ ਸਿੰਘ ਦੇ ਝੂਠੇ ਮੁਕਾਬਲੇ ਤੋਂ ਸ਼ੁਰੂ ਹੋਏ ਇਹ ਮੁਕਾਬਲੇ ਰੁਕਣ ਦਾ ਨਾਂ ਨਹੀਂ ਲੈ ਰਹੇ, ਭਾਵੇਂ ਕਿ ਸਰਕਾਰਾਂ ਬਦਲੀਆਂ, ਆਗੂ ਬਦਲੇ ਪਰ ਸਰਕਾਰੀ ਨੀਤੀ ਹਮੇਸ਼ਾ ਪੰਥ ਅਤੇ ਪੰਜਾਬ ਦੇ ਖਿਲਾਫ ਹੀ ਰਹੀ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ ਅਤੇ ਅਜੋਕਾ ਮੁੱਖ ਮੰਤਰੀ ਭਗਵੰਤ ਮਾਨ ਸਭ ਦੀਆਂ ਸਰਕਾਰਾਂ ਵਿੱਚ ਸਿੱਖਾਂ ਦੇ ਝੂਠੇ ਮੁਕਾਬਲੇ ਬਣੇ ਹਨ। ਉਹਨਾਂ ਕਿਹਾ ਕਿ ਕਿਸੇ ਨੂੰ ਦੋਸ਼ੀ ਠਹਿਰਾਉਣਾ ਤੇ ਸਜ਼ਾ ਦੇਣਾ ਅਦਾਲਤਾਂ ਦਾ ਕੰਮ ਹੈ ਪਰ ਪੁਲਿਸ ਖੁਦ ਹੀ ਜੱਜ ਅਤੇ ਜਾਲਮ ਬਣੀ ਹੋਈ ਹੈ। ਉਹਨਾਂ ਕਿਹਾ ਕਿ ਇਨਾ ਝੂਠੇ ਮੁਕਾਬਲਿਆਂ ਵਿਰੁੱਧ ਇਕ ਮਾਰਚ ਨੂੰ ਗੁਰਦਾਸਪੁਰ ਵਿੱਚ ਹੋ ਰਹੇ ਇਕੱਠ ਵਿੱਚ ਹਰੇਕ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ, ਜੇ ਅੱਜ ਨਾ ਬੋਲੇ ਤਾਂ ਕੱਲ੍ਹ ਨੂੰ ਸਾਡੀ ਅਤੇ ਕਿਸੇ ਹੋਰ ਦੀ ਵਾਰੀ ਵੀ ਆ ਸਕਦੀ ਹੈ।
Leave a Reply