ਸਾਜ਼ਿਸ਼ ਤਹਿਤ ਮਰਵਾਇਆ ਕੌਮੀ ਯੋਧਾ ਦੀਪ ਸਿੱਧੂ

ਸਾਜ਼ਿਸ਼ ਤਹਿਤ ਮਰਵਾਇਆ ਕੌਮੀ ਯੋਧਾ ਦੀਪ ਸਿੱਧੂ

ਮਿਤੀ 15 ਫ਼ਰਵਰੀ 2022 ਦੀ ਰਾਤ ਨੂੰ ਜਿਸ ਕਿਸੇ ਨੂੰ ਵੀ ਇਹ ਮਨਹੂਸ ਖ਼ਬਰ ਮਿਲੀ ਕਿ ਭਾਈ ਸੰਦੀਪ ਸਿੰਘ ਦੀਪ ਸਿੱਧੂ ਹਾਦਸੇ ਦੌਰਾਨ ਸਾਥੋਂ ਸਰੀਰਕ ਰੂਪ 'ਚ ਵਿਛੜ ਗਿਆ ਹੈ ਤਾਂ ਇਕਦਮ ਸਭ ਦੇ ਦਿਲ-ਦਿਮਾਗ 'ਚ ਇਹ ਗੱਲ ਠਣਕੀ ਕਿ ਇਹ ਕੋਈ ਕੁਦਰਤੀ ਹਾਦਸਾ ਨਹੀਂ ਬਲਕਿ ਇੱਕ ਸੋਚੀ-ਸਮਝੀ, ਡੂੰਘੀ, ਲੁਕਵੀਂ ਸਾਜ਼ਿਸ਼ ਤਹਿਤ ਹਿੰਦ ਸਰਕਾਰ ਵੱਲੋਂ ਐਕਸੀਡੈਂਟ ਦੇ ਬਹਾਨੇ ਦੀਪ ਸਿੱਧੂ ਨੂੰ ਕਤਲ ਕੀਤਾ ਗਿਆ ਹੈ, ਸ਼ਹੀਦ ਕੀਤਾ ਗਿਆ ਹੈ ਕਿਉਂਕਿ 'ਦੀਪ ਸਿੱਧੂ' ਹਿੰਦ-ਸਟੇਟ ਲਈ ਖ਼ਤਰਾ ਬਣ ਚੁੱਕਾ ਸੀ, ਭਾਰਤੀ ਸਟੇਟ ਉਸ ਨੂੰ ਵਧਣ-ਫੁੱਲਣ ਨਹੀਂ ਸੀ ਦੇਣਾ ਚਾਹੁੰਦੀ, ਉਸ ਨੂੰ ਹਰ-ਹੀਲੇ ਖ਼ਤਮ ਕਰਨਾ ਚਾਹੁੰਦੀ ਸੀ। ਸਟੇਟ ਨੂੰ ਪਤਾ ਲਗ ਗਿਆ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੀ ਵਾਂਗਡੋਰ ਨੂੰ ਸੰਭਾਲਣ ਵਾਲ਼ਾ ਇੱਕ ਹੋਰ ਸੂਰਮਾ ਨਿੱਤਰ ਪਿਆ ਹੈ, ਹੁਣ ਸੰਘਰਸ਼ 'ਚ ਆਈ ਖੜੋਤ ਦਿਨੋਂ-ਦਿਨ ਟੁੱਟ ਰਹੀ ਹੈ। ਸਰਕਾਰ ਨੂੰ 'ਦੀਪ ਸਿੱਧੂ' ਦੇ ਬੋਲਾਂ 'ਚੋਂ, ਉਸ ਦੀ ਦ੍ਰਿੜਤਾ 'ਚੋਂ, ਉਸ ਦੀ ਸਰਗਰਮੀ 'ਚੋਂ, ਉਸ ਦੇ ਨਾਲ਼ ਜੁੜੀ ਸਿੱਖ ਜਵਾਨੀ ਦੇ ਜਜ਼ਬੇ 'ਚੋਂ ਇਹ ਸੰਕੇਤ ਮਿਲ਼ ਗਏ ਸਨ। 'ਦੀਪ ਸਿੱਧੂ' ਕਿਸਾਨੀ ਸੰਘਰਸ਼ ਦਾ ਹੀਰੋ ਬਣਨ ਤੋਂ ਬਾਅਦ ਪੰਜਾਬ ਦਾ ਹੀਰੋ, ਲੋਕ ਨਾਇਕ ਅਤੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਸੀ। ਉਸ ਨੇ ਪੰਜਾਬ 'ਚ ਰਾਜਸੀ ਹਲਚਲ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਸੀ, ਪੰਥਕ ਸਿਆਸਤ ਦਾ ਬੋਲਬਾਲਾ ਹੋਣ ਵਾਲ਼ਾ ਸੀ। ਹਿੰਦ-ਸਟੇਟ ਘਬਰਾਅ ਚੁੱਕੀ ਸੀ, ਹਕੂਮਤੀ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ, ਉਸ ਨੂੰ ਖਤਮ ਕਰਨ ਲਈ ਕਈ ਦਿਮਾਗ ਕੰਮ ਕਰ ਰਹੇ ਸਨ, ਵਿਉਂਤਾਂ ਘੜੀਆਂ ਜਾ ਰਹੀਆਂ ਸਨ। 'ਦੀਪ ਸਿੱਧੂ' ਨੇ ਖ਼ਾਲਿਸਤਾਨੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਚੋਣ ਪ੍ਰਚਾਰ ਸਮੇਂ ਜੋ ਜਲਵਾ ਵਿਖਾਇਆ, ਸਟੇਟ ਨੂੰ ਵੰਗਾਰਿਆ, ਦਿੱਲੀ ਦੀਆਂ ਚਾਲਾਂ ਨੂੰ ਨੰਗਿਆਂ ਨੂੰ ਪਾਤਸ਼ਾਹੀ-ਬਾਦਸ਼ਾਹੀ ਵੱਲ ਵਧਣ ਲਈ ਜਾਗ੍ਰਿਤ ਕੀਤਾ; ਉਸ ਨੇ ਸਟੇਟ ਨੂੰ ਐਨੀ ਤਕਲੀਫ ਦਿੱਤੀ ਕਿ ਏਜੰਸੀਆਂ ਹੁਣ ਉਸ ਨੂੰ ਇੱਕ ਦਿਨ ਲਈ ਵੀ ਜਿਊਂਦਾ ਨਹੀਂ ਸੀ ਛੱਡਣਾ ਚਾਹੁੰਦੀਆਂ। ਸਰਕਾਰੀ ਏਜੰਸੀਆਂ ਵੱਲੋਂ ਐਨੀ ਸਫ਼ਾਈ, ਬਰੀਕੀ ਤੇ ਵਿਉਂਤ ਨਾਲ਼ ‘ਦੀਪ ਸਿੱਧੂ ਨੂੰ ਐਕਸੀਡੈਂਟ ਦੀ ਆੜ ਹੇਠ ਕਤਲ ਕੀਤਾ ਗਿਆ, ਜਿਸ ਦਾ ਰਾਜ ਕਦੇ ਵੀ ਨਹੀਂ ਖੁੱਲ੍ਹੇਗਾ। ਭਾਰਤ ਸਰਕਾਰ, ਭਾਜਪਾ, ਆਰ.ਐੱਸ.ਐੱਸ, ਕਾਂਗਰਸ, ਕਾਮਰੇਡ ਲਾਣਾ, ਹਿੰਦੂ ਮੀਡੀਆ, ਬਾਦਲ ਦਲ, ਕੇਜਰੀਵਾਲ ਪਾਰਟੀ ਅਤੇ ਅਖੌਤੀ ਕਿਸਾਨ ਯੂਨੀਅਨਾਂ ਦੇ ਆਗੂ ਸਭ ਉਸ ਦੇ ਵੈਰੀ ਬਣੇ ਹੋਏ ਸਨ। ਇਹਨਾਂ ਦੇ ਕਰਿੰਦਿਆਂ ਵੱਲੋਂ ਸਮੇਂ-ਸਮੇਂ 'ਤੇ 'ਦੀਪ ਸਿੱਧੂ' ਦੀ ਕਿਰਦਾਰਕੁਸ਼ੀ ਕੀਤੀ ਗਈ। ਇੱਥੋਂ ਤਕ ਕਿ 25 ਜਨਵਰੀ ਦੀ ਰਾਤ ਅਤੇ 26 ਜਨਵਰੀ 2021 ਦੀ ਸ਼ਾਮ ਨੂੰ ਉਸ ਉੱਤੇ ਜਾਨ-ਲੇਵਾ ਹਮਲੇ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਰ ਸਰਕਾਰਾਂ ਨੇ ਉਸ ਨੂੰ ਜੇਲ੍ਹ 'ਚ ਵੀ ਡੱਕਿਆ, ਏਜੰਸੀਆਂ ਨੇ ਹਰ ਪ੍ਰਕਾਰ ਦੇ ਲਾਲਚ, ਡਰਾਵੇ ਅਤੇ ਮਾਨਸਿਕ ਤਸੀਹੇ ਦਿੱਤੇ ਪਰ ਉਹ ਸੂਰਮਾ ਨਾ ਡੋਲ੍ਹਿਆ। ਅਕਸਰ ਹੀ ਕੁਝ ਸ਼ੱਕੀ ਬੰਦੇ ਉਸ ਦਾ ਪਿੱਛਾ ਕਰਦੇ ਰਹਿੰਦੇ ਸਨ। 'ਦੀਪ ਸਿੱਧੂ' ਪਹਿਲਾ ਵਿਅਕਤੀ ਸੀ ਜਿਸ ਨੇ ਕਿਸਾਨੀ ਸੰਘਰਸ਼ ਜਾਂ ਕਾਲ਼ੇ ਖੇਤੀ ਕਨੂੰਨਾਂ ਨੂੰ ਪੰਜਾਬ ਦੀ ਹੋਂਦ ਦੀ ਲੜਾਈ ਦੱਸਿਆ, ਉਹ 'ਹੋਂਦ ਦੀ ਲੜਾਈ ਦਾ ਨਗਾਰਚੀ' ਬਣਿਆ। ਉਸ ਨੇ ਇਹ ਗੱਲ ਸਥਾਪਿਤ ਕਰ ਦਿੱਤੀ ਸੀ ਕਿ ਮਸਲਾ ਕੇਵਲ 'ਕਣਕਾਂ' ਨੂੰ ਬਚਾਉਣ ਦਾ ਨਹੀਂ, ਗੱਲ ਸਾਡੀ 'ਅਣਖਾਂ' ’ਤੇ ਆ ਖਲੋਤੀ ਹੈ। ਗੱਲ ਸਿਰਫ਼ 'ਫ਼ਸਲਾਂ" ਦੀ ਨਹੀਂ, ਸਾਡੀਆਂ ਆਉਣ ਵਾਲੀਆਂ 'ਨਸਲਾਂ ਦੀ ਰਾਖੀ ਦੀ ਹੈ। ਗੱਲ ‘ਜ਼ਮੀਨਾਂ' ਦੀ ਨਹੀਂ, ‘ਜ਼ਮੀਰਾਂ' ਦੀ ਹੈ। ਉਸ ਨੇ ਪੰਜਾਬ ਦੀ 'ਖੁਦਮੁਖਤਿਆਰੀ', 'ਅਜ਼ਾਦੀ', 'ਸਿੱਖ ਰਾਜ', 'ਖ਼ਾਲਿਸਤਾਨ' ਅਤੇ 'ਪਾਤਸ਼ਾਹੀ ਦਾਅਵੇ' ਦੀ ਗੱਲ ਠੋਕ-ਵਜਾ ਕੇ ਕੀਤੀ। ਉਹ ਸਿੱਖਾਂ ਦੇ ਗਲ਼ੋਂ ਗ਼ੁਲਾਮੀ ਦਾ ਜੂਲਾ ਲਾਹੁਣਾ ਚਾਹੁੰਦਾ ਸੀ, ਉਹ ਸਿੱਖੀ ਉੱਤੇ ਹੋ ਰਹੇ ਹਮਲਿਆ ਨੂੰ ਰੋਕਣ ਲਈ 'ਪੰਥ ਦਾ ਪਹਿਰੇਦਾਰ` ਅਤੇ 'ਪੰਜਾਬ ਦਾ ਰਾਖਾ' ਬਣ ਚੁੱਕਾ ਸੀ। ਉਹ ਸਿੱਖੀ ਸਰੂਪ 'ਚ ਵੀ ਆਉਣਾ ਸ਼ੁਰੂ ਹੋ ਗਿਆ ਸੀ, ਉਸ ਨੇ ਅੰਮ੍ਰਿਤ ਛਕ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਸੀ। ਉਹ ਸੱਚ ਦਾ ਪ੍ਰਵਾਨਾ ਅਤੇ ਕੌਮੀ ਆਸ਼ਕ ਸੀ, ਉਸ ਨੇ 'ਦੀਪ ਸਿੱਧੂ' ਤੋਂ ਹੁਣ 'ਭਾਈ ਸੰਦੀਪ ਸਿੰਘ ਖਾਲਸਾ' ਬਣਨਾ ਸੀ। ਜ਼ਾਲਮ ਹਿੰਦ ਸਰਕਾਰ ਲਈ ਇਹ ਸਭ ਕੁਝ ਬਰਦਾਸ਼ਤ ਕਰਨਾ ਬੇਹੱਦ ਔਖਾ ਸੀ। 'ਦੀਪ ਸਿੱਧੂ' ਉਹਨਾਂ ਦੇ ਗਲ਼ੇ ਦੀ ਹੱਡੀ ਅਤੇ ਹਿੰਦੂ-ਰਾਸ਼ਟਰ ਦੇ ਰਾਹ 'ਚ ਰੋੜਾ ਬਣ ਚੁੱਕਾ ਸੀ। ਉਹਨਾਂ ਨੇ ਦੀਪ ਨੂੰ ਮਾਰ ਕੇ ਆਪਣਾ ਰਾਹ ਸਾਫ਼ ਕਰ ਲਿਆ ਤੇ ਨੌਜਵਾਨਾਂ ਨੂੰ ਆਗੂਹੀਣ ਕਰ ਦਿੱਤਾ। 'ਅਕਾਲੀ ਪੱਤ੍ਰਿਕਾ' ਅਖਬਾਰ ਦੇ ਸੰਪਾਦਕ ਸਰਦਾਰ ਭਰਪੂਰ ਸਿੰਘ ਬਲਬੀਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਮਗਰੋਂ ਸੱਚ ਹੀ ਕਿਹਾ ਸੀ ਕਿ "ਸਰਕਾਰ ਨੂੰ ਜਿਸ ਮਨੁੱਖ ਵਿੱਚੋਂ ਵੀ ਸੰਤ ਜਰਨੈਲ ਸਿੰਘ ਨਜ਼ਰ ਆਵੇਗਾ, ਸਰਕਾਰ ਉਸ ਨੂੰ ਨਹੀਂ ਛੱਡੇਗੀ ।” ਓਹੀ ਹੋਇਆ ਜਿਸ ਦਾ ਡਰ ਸੀ। 'ਦੀਪ ਸਿੱਧੂ', ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦਾ ਇੱਕ ਜਾਂਬਾਜ਼ ਜੁਝਾਰੂ, ਯੋਧਾ ਤੇ ਸਿਪਾਹੀ ਸੀ। ਉਹ ਉਹਨਾਂ ਰਾਹਾਂ 'ਤੇ ਚੱਲ ਰਿਹਾ ਸੀ ਜਿਸ ਲਈ ਸਾਡੇ ਹਜ਼ਾਰਾਂ ਸਿੰਘ-ਸਿੰਘਣੀਆਂ ਸ਼ਹਾਦਤਾਂ ਦੇ ਜਾਮ ਪੀ ਗਏ ਸਨ। 'ਦੀਪ ਸਿੱਧੂ' ਪੜ੍ਹਿਆ-ਲਿਖਿਆ, ਸੂਝਵਾਨ ਅਤੇ ਰੌਸ਼ਨ ਦਿਮਾਗ ਨੌਜਵਾਨ ਸੀ। ਮੇਰਾ ਦਿਲ ਬਹੁਤ ਦਿਨਾਂ ਦਾ ਕਹਿ ਰਿਹਾ ਸੀ ਕਿ 'ਦੀਪ ਸਿੱਧੂ' ਜਿਵੇਂ ਦੀਆਂ ਤਕਰੀਰਾਂ ਕਰ ਰਿਹਾ ਹੈ, ਇਸ ਬਦਲੇ ਹੁਣ ਸਰਕਾਰ ਉਸ ਨੂੰ ਜੇਲ੍ਹ 'ਚ ਡੱਕੇਗੀ ਜਾਂ ਖ਼ਤਮ ਕਰੇਗੀ। ਮਹਿਸੂਸ ਹੋ ਰਿਹਾ ਸੀ ਕਿ ਇੱਕ ਦਿਨ ਅੰਤ ਏਹੀ ਹੋਣਾ ਹੈ, ਸਰਕਾਰ ਕਦੇ ਨਹੀਂ ਚਾਹਵੇਗੀ ਕਿ ਦੀਪ ਆਪਣੇ ਗਿਆਨ ਦੀ ਰੌਸ਼ਨੀ ਕੌਮ ਨੂੰ ਵੰਡੇ। ਸਰਕਾਰ ਨੇ ਸਾਡੇ ਕੋਲੋ ਉਹ ਹੀਰਾ ਖੋਹਿਆ ਵੀ ਇਸ ਕਦਰ ਕਿ ਕੌਮ 'ਸ਼ਹੀਦ' ਕਹਿਣ ਲੱਗੀ ਵੀ ਦੁਬਿਧਾ ਵਿੱਚ ਫਸੀ ਰਹੇ। ਦੀਪ ਨੂੰ ਮਾਰ ਕੇ ਸਾਨੂੰ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ 'ਜੇ ਲਕੀਰ ਟੱਪੋਗੇ ਤਾਂ ਏਹੀ ਹਸ਼ਰ ਹੋਵੇਗਾ। ਸਰਕਾਰ ਦੀ ਸਿੱਖਾਂ ਪ੍ਰਤੀ ਅੱਜ ਵੀ ਸੋਚ ਓਹੀ ਹੈ, ਹਿੰਦੂ ਹਾਕਮ ਸਾਨੂੰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਸਰਕਾਰ ਨੇ ਮਾਰਨ ਦੇ ਢੰਗ-ਤਰੀਕੇ ਬਦਲ ਲਏ ਹਨ। ਹੁਣ ਸਰਕਾਰ ਸਾਨੂੰ ਗੋਲ਼ੀਆਂ ਨਾਲ਼ ਮਾਰਨ ਦੀ ਬਜਾਏ, ਫਾਂਸੀਆਂ ਦੇਣ ਦੀ ਬਜਾਏ ਸੜਕ ਹਾਦਸਿਆਂ ਵਿੱਚ ਮਾਰਦੀ ਹੈ, ਜੇਲ੍ਹਾਂ ਵਿੱਚ ਬਿਮਾਰ ਸਿੰਘਾਂ ਦੇ ਇਲਾਜ ਨਾ ਕਰਾ ਕੇ ਤੜਫਾ-ਤੜਫਾ ਕੇ ਮਾਰਦੀ ਹੈ ਜਾਂ ਜੇਲ੍ਹਾਂ 'ਚ ਬੰਦ ਨੌਜਵਾਨਾਂ ਨੂੰ ਖਾਣੇ 'ਚ ਹਲਕਾ-ਜ਼ਹਿਰ ਦੇ-ਦੇ ਕੇ ਮੌਤ ਵੱਲ ਧੱਕ ਰਹੀ ਹੈ। ਭਰਾ-ਮਾਰੂ ਜੰਗ ਰਾਹੀਂ ਜਾਂ ਕਿਰਦਾਰਕੁਸ਼ੀ ਕਰ ਕੇ ਮਾਰਦੀ ਹੈ। ਪਹਿਲਾਂ ਖ਼ਬਰ ਚਲਾਈ ਗਈ ਕਿ ਖੜ੍ਹੇ ਟਰੱਕ 'ਚ 'ਦੀਪ ਸਿੱਧੂ' ਦੀ ਗੱਡੀ ਵੱਜੀ। ਫਿਰ ਕਿਹਾ ਗਿਆ ਕਿ ਟਰੱਕ ਡਰਾਇਵਰ ਵੱਲੋਂ ਇਕਦਮ ਜ਼ੋਰ ਨਾਲ਼ ਬ੍ਰੇਕ ਮਾਰਨ ਕਾਰਨ ਹਾਦਸਾ ਵਾਪਰਿਆ। ਸਵਾਲ ਖੜ੍ਹਾ ਹੁੰਦਾ ਹੈ ਕਿ ਦਿੱਲੀ ਤੋਂ ਪੰਜਾਬ ਜਾਂਦੀ ਮੁੱਖ ਸੜਕ ਦੇ ਸੱਜੇ ਹੱਥ ਇਹ ਟਰੱਕ ਕਿਉਂ ਖਲਾਰਿਆ ਗਿਆ, ਜੇ ਟਰੱਕ ਨੇ ਖੜ੍ਹਨਾ ਹੀ ਸੀ ਤਾਂ ਖੱਬੇ ਹੱਥ ਕੱਚੇ ਰਸਤੇ 'ਤੇ ਰੋਕਿਆ ਜਾਂਦਾ। ਦੂਜੀ ਗੱਲ ਜਦੋਂ ਟਰੱਕ ਦੇ ਅੱਗੇ ਕੋਈ ਵਾਹਨ ਆਇਆ ਹੀ ਨਹੀਂ ਸੀ ਤਾਂ ਇਕਦਮ ਐਨੀ ਜ਼ੋਰ ਨਾਲ਼ ਬ੍ਰੇਕ ਕਿਉਂ ਮਾਰੀ ਗਈ ? ਸੜਕ 'ਤੇ ਟਰੱਕ ਦੇ ਟਾਇਰਾਂ ਦੇ ਦੂਰ-ਤਕ ਰਗੜੇ ਹੋਏ ਨਿਸ਼ਾਨ ਵੀ ਨਜ਼ਰ ਆ ਰਹੇ ਸਨ। ਟਰੱਕ ਡਰਾਇਵਰ ਕਦੇ ਵੀ ਐਨੀ ਜ਼ੋਰ ਨਾਲ਼ ਬਿਨਾਂ ਕਿਸੇ ਵਜ੍ਹਾ ਬ੍ਰੇਕ ਨਹੀਂ ਮਾਰਦੇ। ਅਸਲ ਗੱਲ ਤਾਂ ਇਹ ਹੈ ਕਿ ਟਰੱਕ ਵਾਲ਼ੇ ਕੋਲ਼ ਬ੍ਰੇਕ ਮੌਕੇ 'ਤੇ ਮਰਵਾਈ ਗਈ ਜਦੋਂ ਦੀਪ ਦੀ ਗੱਡੀ ਸਪੀਡ ਨਾਲ਼ ਮਗਰ ਆ ਰਹੀ ਸੀ, ਇਹ ਭਾਰਤੀ ਏਜੰਸੀਆਂ ਵੱਲੋਂ ਪ੍ਰੋਫੈਸ਼ਨਲ ਹੱਥਾਂ ਤੇ ਦਿਮਾਗ ਨਾਲ਼ ਕੀਤਾ ਗਿਆ ਕਾਰਾ ਹੈ, ਮੰਨੋ ਜਾਂ ਨਾ ਮੰਨੋ ਪਰ ਇਹ ਹੈ ਸੱਚ । ਦਿੱਲੀ ਨੇ ਪੰਥ ਅਤੇ ਪੰਜਾਬ ਦੇ ਅਣਖੀ ਪੁੱਤ ਮਾਰਨ ਲਈ ਸੈਂਕੜੇ ਟਰੱਕ ਰੂਪੀ ਹਥਿਆਰ ਥਾਂ-ਥਾਂ 'ਤੇ ਖੜ੍ਹੇ ਕੀਤੇ ਹੋਏ ਨੇ। ਜਿਸ ਤਰੀਕੇ ਨਾਲ਼ ਗੱਡੀ ਦਾ ਨੁਕਸਾਨ ਹੋਇਆ, ਓਸ ਹਿਸਾਬ ਨਾਲ਼ ਤਾਂ ਦੀਪ ਦੀਆਂ ਲੱਤਾਂ-ਪੱਟ ਵੀ ਟੁੱਟ ਜਾਣੇ ਸਨ ਅਤੇ ਹੋਰ ਸਰੀਰ ਦਾ ਵੀ ਨੁਕਸਾਨ ਹੋਣਾ ਸੀ, ਪਰ ਇਹ ਸੱਟ ਕੇਵਲ ਸਿਰ-ਮੱਥੇ 'ਚ ਵੱਜੀ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਅਨੁਸਾਰ ਗੋਲ਼ੀ ਮਾਰੀ ਗਈ ਜਾਪਦੀ ਹੈ। ਹਾਦਸੇ ਪਿੱਛੋਂ ਦੀਪ ਦਾ ਰਹੱਸਮਈ ਤੇ ਭੇਦਭਰੀ ਹਾਲਤ 'ਚ ਕਤਲ ਹੋਇਆ ਹੈ। ਫਿਰ ਡਰਾਇਵਰ ਦਾ ਮੌਕੇ ਤੋਂ ਗਾਇਬ ਹੋ ਜਾਣਾ, ਉਸ ਨੂੰ ਦੋ ਦਿਨਾਂ ਮਗਰੋਂ ਫੜ ਕੇ ਅਗਲੇ ਦਿਨ ਹੀ ਜ਼ਮਾਨਤ ਦੇ ਦੇਣਾ, ਕੋਈ ਉੱਚ ਪੱਧਰੀ ਜਾਂਚ ਨਾ ਕਰਵਾਉਣੀ, ਉਲ਼ਟਾ ਦੀਪ ਦੀ ਕਿਰਦਾਰਕੁਸ਼ੀ ਕਰਨੀ ਇਹ ਸਭ ਚਾਲ ਸੀ। ਇਹ ਗੱਲ ਜੱਗ-ਜਾਹਰ ਹੈ ਕਿ ਕੌਮੀ ਯੋਧੇ 'ਹਾਦਸੇ ਦੇ ਸ਼ਿਕਾਰ' ਨਹੀਂ ਬਲਕਿ 'ਸਰਕਾਰਾਂ ਦੀਆਂ ਸਾਜ਼ਿਸ਼ਾਂ' ਦੇ ਸ਼ਿਕਾਰ ਹੋ ਜਾਂਦੇ ਨੇ। ਐਕਸੀਡੈਂਟ ਦੇ ਬਹਾਨੇ ਹੀ ਅਗਸਤ 1977 'ਚ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲ਼ਿਆਂ ਅਤੇ 2016 'ਚ ਜੁਝਾਰੂ ਸਿੱਖ ਨੌਜਵਾਨ ਭਾਈ ਜੋਗਾ ਸਿੰਘ ਖ਼ਾਲਿਸਤਾਨੀ ਨੂੰ ਖ਼ਤਮ ਕੀਤਾ ਗਿਆ ਸੀ। ਵਿਦੇਸ਼ ਦੀ ਧਰਤੀ 'ਤੇ ਭਾਈ ਸਾਬੀ ਸਿੰਘ ਖ਼ਾਲਿਸਤਾਨੀ ਨੂੰ ਟਰੱਕ 'ਚ ਅੱਗ ਲਾ ਕੇ ਸਾੜਿਆ ਗਿਆ। 'ਦੀਪ ਸਿੱਧੂ' ਤੋਂ ਨੌਜਵਾਨਾਂ ਨੂੰ ਬਹੁਤ ਵੱਡੀਆਂ ਆਸਾਂ ਸਨ, ਉਹ ਇੱਕ ਅਨੌਖੀ ਰੂਹ ਸੀ, ਉਸ ਵਿੱਚ ਇੱਕ ਨਿਧੜਕ ਆਗੂ ਵਾਲ਼ੇ ਗੁਣ ਸਨ, ਉਹ ਗੁਣਾਂ ਦਾ ਭਰਪੂਰ ਖ਼ਜ਼ਾਨਾ ਸੀ। ਉਸ ਦਾ ਬੇਵਕਤੀ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ। 'ਦੀਪ ਸਿੱਧੂ' ਦੇ ਇਸ ਸੰਸਾਰ ਤੋਂ ਤੁਰ ਜਾਣ ਦੀ ਖ਼ਬਰ ਸੁਣ ਕੇ ਦੁਨੀਆਂ ਭਰ 'ਚ ਵਸਦੇ ਹਰ ਸਿੱਖ ਦੀ ਅੱਖ ਰੋਈ, ਹਰ ਦਿਲ 'ਚੋਂ ਹੂਕ ਨਿਕਲ਼ੀ, ਸਾਰੀ ਰਾਤ ਕੌਮ ਰੋਂਦੀ ਰਹੀ, ਫਿਰ ਕਈ ਦਿਨਾਂ ਤਕ ਰੋਂਦੀ ਰਹੀ। ਕਿਸੇ ਵਿਰਲੇ ਨੂੰ ਹੀ ਖ਼ਾਲਸਾ ਪੰਥ ਦਾ ਐਨਾ ਪਿਆਰ ਨਸੀਬ ਹੁੰਦਾ ਹੈ। ਡੇਢ-ਦੋ ਸਾਲਾਂ 'ਚ ਦੀਪ ਜੋ ਕਮਾਈ ਕਰ ਗਿਆ ਇਹ ਵਾਹਿਗੁਰੂ ਦੀ ਕਲਾ ਅਤੇ ਸ਼ਹੀਦਾਂ ਦੀ ਬਖਸ਼ਿਸ਼ ਹੈ। 'ਦੀਪ ਸਿੱਧੂ' ਕੌਮ ਦਾ ਦਰਦ ਆਪਣੇ ਪਹਾੜ ਜਿੱਡੇ ਸੀਨੇ 'ਚ ਲੈ ਕੇ ਅਤੇ ਚਾਹੁਣ ਵਾਲ਼ਿਆਂ ਨੂੰ ਇੱਕ ਡੂੰਘਾ ਦਰਦ ਦੇ ਕੇ ਸਾਨੂੰ ਅਲਵਿਦਾ ਕਹਿ ਗਿਆ ਹੈ ਪਰ ਉਸ ਦੀਆਂ ਪੰਜਾਬ ਦੇ ਨਾਲ਼ ਵਫ਼ਾ ਦੀਆਂ ਗੱਲਾਂ ਅਤੇ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਸਦਾ ਚੇਤੇ ਆਉਂਦੀਆਂ ਰਹਿਣਗੀਆਂ। 'ਦੀਪ ਸਿੱਧੂ ਨੂੰ ਪਿਆਰ ਕਰਨ ਵਾਲ਼ੇ ਸਿੱਖ ਨੌਜਵਾਨਾਂ ਨੂੰ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ, ਅਜ਼ਾਦੀ ਸਾਥੋਂ ਦੂਰ ਨਹੀਂ, ਸਾਨੂੰ ਭਾਰਤ ਦੀ ਗ਼ੁਲਾਮੀ ਮਨਜ਼ੂਰ ਨਹੀਂ। ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਇਸ ਧਰਤੀ 'ਤੇ ਖਾਲਸਾ ਜੀ ਦੇ ਬੋਲਬਾਲੇ ਅਵੱਸ਼ ਹੋਣਗੇ। ਪੰਜਾਬ ਇੱਕ ਦਿਨ ਖ਼ਾਲਿਸਤਾਨ ਬਣ ਕੇ ਰਹੇਗਾ। 

     ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.