ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਗੁਰੂ ਘਰ ਨਤਮਸਤਕ

ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਗੁਰੂ ਘਰ ਨਤਮਸਤਕ

-ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਵੇਂ ਲੰਗਰ ਹਾਲ ਦਾ ਕੀਤਾ ਉਦਘਾਟਨ

-ਗੁਰੂ ਘਰ ਦੇ ਦਰਸ਼ਨਾਂ ਲਈ ਈ-ਵਾਹਨ ਸੇਵਾ ਗੱਡੀਆਂ ਨੂੰ ਸੰਗਤ ਲਈ ਕੀਤਾ ਰਵਾਨਾ

-ਕੇਂਦਰੀ ਬਜਟ ਨੇ ਪੰਜਾਬੀਆਂ ਤੇ ਕਿਸਾਨਾਂ ਨੂੰ ਕੀਤਾ ਨਿਰਾਸ਼: ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਪਟਿਆਲਾ, 3 ਫ਼ਰਵਰੀ 2025-

ਨਜ਼ਰਾਨਾ ਟਾਈਮਸ ਬਿਊਰੋ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲ ਮੌਕੇ ਵੱਡੀ ਗਿਣਤੀ ’ਚ ਸੰਗਤ ਗੁਰੂ ਦਰਬਾਰ ਵਿਚ ਨਤਮਸਤਕ ਹੋਈ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਕਿਵਾੜ ਖੁੱਲ੍ਹਣ ਮਗਰੋਂ ਕੀਰਤਨ ਆਸਾ ਕੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਮਨਦੀਪ ਸਿੰਘ ਵੱਲੋਂ ਕੀਤਾ ਗਿਆ, ਉਪਰੰਤ ਭਾਈ ਪ੍ਰਿਤਪਾਲ ਸਿੰਘ ਨੇ ਕਥਾ ਨਾਲ ਸੰਗਤ ਨੂੰ ਜੋੜਿਆ ਅਤੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ।


ਗੁਰੂ ਘਰ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਲੰਗਰ ਹਾਲ ਦਾ ਉਦਘਾਟਨ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਮੁਫ਼ਤ ਈ-ਵਾਹਨ ਸੇਵਾ ਨੂੰ ਵੀ ਰਵਾਨਾ ਕੀਤਾ। ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਬਸੰਤ ਰੁੱਤ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਇਹ ਰੁੱਤ ਗੁਰੂ ਸਾਹਿਬ ਨਾਲ ਮਿਲਾਪ ਅਤੇ ਸਮਰਪਿਤ ਦੀ ਭਾਵਨਾ ਨੂੰ ਵੀ ਪ੍ਰਗਟ ਕਰਦੀ ਹੈ ਅਤੇ ਗੁਰੂ ਪ੍ਰਤੀ ਸਮਰਪਿਤ ਭਾਵਨਾ ਰੱਖਣ ਵਾਲਿਆਂ ਦਾ ਹਮੇਸ਼ਾ ਭਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਫ਼ਲਸਫ਼ਾ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸ਼ਬਦ ਗੁਰੂ ਦੇ ਰੂਪ ਵਿਚ ਮਨੁੱਖਤਾ ਦੀ ਅਗਵਾਈ ਕਰ ਰਹੇ ਹਨ ਅਤੇ ਸਮਾਜ ਦੀਆਂ ਜਟਿਲ ਸਮੱਸਿਆਵਾਂ ’ਚੋਂ ਨਿਕਲਣ ਲਈ ਸ਼ਬਦ ਗੁਰੂ ਹੀ ਸਹਾਈ ਹਨ।


ਐਡਵੋਕੇਟ ਧਾਮੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2025-26 ਦਾ ਲਿਆਂਦਾ ਗਿਆ ਬਜਟ ਹਰ ਵਰਗ ਨੂੰ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਰਹਿਣ ਵਾਲੀਆਂ ਸਰਕਾਰਾਂ ਨੇ ਅਜਿਹੇ ਬਜਟ ਹੀ ਲਿਆਂਦੇ ਹਨ, ਜੋ ਕੇਵਲ ਉਨ੍ਹਾਂ ਨੂੰ ਠੀਕ ਜਾਪਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਬਜਟ ਨੂੰ ਧਿਆਨ ਨਾਲ ਵੇਖੀਏ ਤਾਂ ਪੰਜਾਬ ਲਈ ਕੁਝ ਵੱਖਰਾ ਨਹੀਂ ਹੈ ਤੇ ਜਿਹੜੇ ਕਿਸਾਨ ਸਰਹੱਦਾਂ ’ਤੇ ਬੈਠ ਕੇ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਉਨ੍ਹਾਂ ਲਈ ਕੋਈ ਵੀ ਐਲਾਨ ਸਰਕਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬਜਟ ਨੇ ਪੂਰੀ ਤਰ੍ਹਾਂ ਪੰਜਾਬੀਆਂ ਤੇ ਕਿਸਾਨਾਂ ਨੂੰ ਨਿਰਾਸ਼ ਕੀਤਾ ਕਿਉਂਕਿ ਦੇਸ਼ ਦੇ ਅੰਨ ਭੰਡਾਰ ’ਚ ਪੰਜਾਬ ਤੇ ਕਿਸਾਨਾਂ ਨੇ ਵੱਡਾ ਯੋਗਦਾਨ ਪਾਇਆ ਹੈ, ਪਰ ਅੱਜ ਸਰਕਾਰਾਂ ਗਲਤ ਏਜੰਡੇ ਰੱਖ ਕੇ ਪੰਜਾਬ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਕਰਨ ’ਤੇ ਲੱਗੀਆਂ ਹਨ, ਅਜਿਹਾ ਕਦਮ ਮੰਦਭਾਗਾ ਹੈ।


ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਚੱਲੇ ਰਹੇ ਸਮਾਗਮਾਂ ਦੌਰਾਨ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਵੀਆਂ ਵਿਚ ਭਾਈ ਅਵਤਾਰ ਸਿੰਘ ਤਾਰੀ, ਭਾਈ ਅਜੀਤ ਸਿੰਘ ਰਤਨ, ਭਾਈ ਬਲਬੀਰ ਸਿੰਘ ਬੱਲ, ਭਾਈ ਹਰਨੇਕ ਸਿੰਘ ਬਡਾਲੀ, ਬੀਬੀ ਪਰਵਿੰਦਰ ਕੌਰ, ਭਾਈ ਬਲਬੀਰ ਸਿੰਘ ਕੋਮਲ, ਭਾਈ ਹੀਰਾ ਸਿੰਘ ਕੋਮਲ ਆਦਿ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਨਾਲ ਸਬੰਧਤ ਲਿਖੀਆਂ ਵਾਰਤਕ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ।


ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੌਰਾਨ ਸੰਗਤ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਹਜ਼ੂਰੀ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਚੱਲੇ ਧਾਰਮਿਕ ਦੀਵਾਨਾਂ ਵਿਚ ਢਾਡੀ-ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਕੰਪਲੈਕਸ ਅੰਦਰ ਸਿੰਘ ਸਭਾਵਾਂ, ਸੁਸਾਇਟੀਆਂ ਅਤੇ ਜਥੇਬੰਦੀਆਂ ਨੇ ਲੰਗਰਾਂ ਦੇ ਵੱਖ-ਵੱਖ ਸਟਾਲਾਂ ਤੋਂ ਇਲਾਵਾ ਧਾਰਮਿਕ ਸਮੱਗਰੀ ਲਈ ਲਿਟਰੇਚਰ ਪੁਸਤਕ ਸਟਾਲ ਵੀ ਲਗਾਏ। ਇਸ ਦੌਰਾਨ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ਵਿਚ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਲਈ ਲੰਗਰ ਨਿਰੰਤਰ ਜਾਰੀ ਰੱਖੇ।


ਬਸੰਤ ਪੰਚਮੀ ਦੇ ਚੱਲ ਰਹੇ ਸਮਾਗਮਾਂ ’ਚ ਸ਼ਿਰਕਤ ਕਰਨ ਉਚੇਚੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਸ. ਜਸਮੇਰ ਸਿੰਘ ਲਾਛੜੂ, ਸ. ਬਲਤੇਜ ਸਿੰਘ ਖੋਖ, ਸ. ਜਰਨੈਲ ਸਿੰਘ ਕਰਤਾਰਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਸ. ਨਿਰਮੈਲ ਸਿੰਘ ਜੌਲਾਂ ਅਤੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਪੁੱਜੇ। ਇਸ ਮੌਕੇ ਉਚੇਚੇ ਤੌਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸਕੱਤਰ ਸ. ਪ੍ਰਤਾਪ ਸਿੰਘ, ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ, ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਫਲਾਇੰਗ ਇੰਚਾਰਜ ਗੁਰਪ੍ਰੀਤ ਸਿੰਘ ਰੋਡੇ, ਐਡੀਸ਼ਨਲ ਚੀਫ ਸ. ਤੇਜਿੰਦਰ ਸਿੰਘ, ਮੀਤ ਮੈਨੇਜਰ ਸ. ਜਸਵਿੰਦਰ ਸਿੰਘ, ਸ. ਭਾਗ ਸਿੰਘ ਚੌਹਾਨ, ਸ. ਆਤਮ ਪ੍ਰਕਾਸ਼ ਸਿੰਘ ਬੇਦੀ, ਸ. ਮਨਦੀਪ ਸਿੰਘ ਭਲਵਾਨ, ਸੁਪਰਵਾਈਜਰ ਸ. ਕਰਮਜੀਤ ਸਿੰਘ ਨਾਭਾ, ਮੈਨੇਜਰ ਸ. ਗੁਰਲਾਲ ਸਿੰਘ, ਮੈਨੇਜਰ ਸ. ਮਨਜੀਤ ਸਿੰਘ ਕੌਲੀ ਆਦਿ ਸ਼ਾਮਲ ਸਨ।