ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਲਮਰਗ ਗੁਰਦੁਆਰਾ ਸਾਹਿਬ ਵਿਵਾਦ ਕੀਤਾ ਹੱਲ, ਸਿੱਖ ’ਚ ਸਰਬਸੰਮਤੀ ਨਾਲ ਹੋਇਆ ਸਮਝੌਤਾ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਲਮਰਗ ਗੁਰਦੁਆਰਾ ਸਾਹਿਬ ਵਿਵਾਦ ਕੀਤਾ ਹੱਲ, ਸਿੱਖ ’ਚ ਸਰਬਸੰਮਤੀ ਨਾਲ ਹੋਇਆ ਸਮਝੌਤਾ

ਸ੍ਰੀ ਅੰਮ੍ਰਿਤਸਰ, 13 ਜੂਨ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ, ਗੁਲਮਰਗ (ਬਾਰਾਮੁੱਲਾ) ਸਬੰਧੀ ਸਿੱਖਾਂ ਵਿੱਚ ਚੱਲ ਰਹੇ ਆਪਸੀ ਵਿਵਾਦ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੱਲ ਕਰ ਦਿੱਤਾ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੋਵੇਂ ਸਿੱਖ ਸਮੂਹਾਂ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਉਨ੍ਹਾਂ ਦੀ ਗੱਲ ਗੌਰ ਨਾਲ ਸੁਣੀ ਅਤੇ ਪੁੱਜੀ ਸੰਗਤ ਨੂੰ ਆਪਸ ਵਿੱਚ ਪ੍ਰੇਮ ਭਾਵਨਾ ਨਾਲ ਰਲ ਮਿਲ ਕੇ ਰਹਿਣ ਦੀ ਪ੍ਰੇਰਣਾ ਵੀ ਕੀਤੀ। 
ਬਾਰਾਮੁੱਲਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਮ ਦੀ ਤਬਦੀਲੀ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਦੇ ਸਬੰਧ ਵਿੱਚ ਕਮੇਟੀ ਦੇ ਸੱਤ ਮੈਂਬਰਾਂ ਨੇ ਆਪਣੀ ਖਿਮਾ ਜਾਚਨਾ ਸਿੰਘ ਸਾਹਿਬ ਨੂੰ ਸੌਂਪੀ ਜਦਕਿ ਪ੍ਰਬੰਧਕ ਕਮੇਟੀ ਬਾਰਾਮੁੱਲਾ ਦੇ ਪ੍ਰਧਾਨ ਸ. ਪਰਮਜੀਤ ਸਿੰਘ ਨੇ ਵਿਦੇਸ਼ ਵਿੱਚ ਜ਼ਰੂਰੀ ਰੁਝੇਵੇਂ ਦਾ ਕਾਰਨ ਦੇ ਕੇ ਅਗਾਂਹ ਪੇਸ਼ ਹੋਣ ਲਈ ਸਮਾਂ ਮੰਗਿਆ ਅਤੇ ਇੱਕ ਮੈਂਬਰ ਬਿਰਧ ਹੋਣ ਕਾਰਨ ਹਾਜ਼ਰ ਨਹੀਂ ਹੋਏ। ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੀ ਧਿਰ ਵਿੱਚੋਂ ਬਾਰਾਮੁੱਲਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਵੀ ਹਾਜ਼ਰ ਹੋਏ। 
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੁੱਜੇ ਸਿੱਖਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਪ੍ਰੇਰਣਾ ਕਰਦਿਆਂ ਆਪਸ ਵਿੱਚ ਝਗੜਨ ਦੀ ਥਾਂ ਸਮੇਂ ਦੀ ਲੋੜ ਮੁਤਾਬਕ ਜੰਮੂ ਕਸ਼ਮੀਰ ਵਿੱਚ ਗੁਰਮੁਖੀ ਪੰਜਾਬੀ ਭਾਸ਼ਾ ਨੂੰ ਚੁਣੌਤੀ ਜਿਹੇ ਜ਼ਰੂਰੀ ਕੌਮੀ ਮਾਮਲਿਆਂ ਉੱਤੇ ਇਕਜੁੱਟ ਹੋ ਕੇ ਯਤਨ ਕਰਨ ਲਈ ਕਿਹਾ। ਸਿੰਘ ਸਾਹਿਬ ਵੱਲੋਂ ਦੋਵੇਂ ਸਿੱਖ ਸਮੂਹਾਂ ਵਿਚਕਾਰ ਪ੍ਰੇਮ ਭਾਵਨਾ ਨਾਲ ਸਹਿਮਤੀ ਬਣਾ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਦਿਆਂ ਸਰਬਸੰਮਤੀ ਨਾਲ ਸਮਝੌਤਾ ਦਸਤਖ਼ਤ ਕਰਵਾਇਆ ਗਿਆ। ਇਸ ਮੌਕੇ ਸਮਝੌਤਾ ਸੰਗਤ ਰੂਪ ਵਿੱਚ ਪੜ੍ਹਿਆ ਗਿਆ ਜਿਸ ਨੂੰ ਪੰਜ ਜੈਕਾਰੇ ਲਗਾ ਕੇ ਆਪਸੀ ਸਹਿਮਤੀ ਤੇ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਜਨਤਕ ਕਰਨ ਦਾ ਫ਼ੈਸਲਾ ਹੋਇਆ।
ਸਮਝੌਤੇ ਅਨੁਸਾਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਗੁਲਮਰਗ ਵਿਖੇ ਸਥਿਤ ਗੁਰਦੁਆਰਾ ਸਾਹਿਬ ਦਾ ਨਾਮ ‘ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ’ ਹੀ ਰਹੇਗਾ ਅਤੇ ਅਗਾਂਹ ਤੋਂ ਇਸ ਨਾਮ ਨੂੰ ਬਦਲਿਆ ਨਹੀਂ ਜਾਵੇਗਾ। ਇਸ ਮਾਮਲੇ ਵਿੱਚ ਮੁੰਬਈ ਦੇ ਇਕ ਦਾਨੀ ਸੱਜਣ ਸ. ਗੁਰਿੰਦਰ ਸਿੰਘ ਬਾਵਾ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜੋ 50 ਲੱਖ ਰੁਪਏ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ ਸੇਵਾ ਵਜੋਂ ਪਾਏ ਗਏ ਹਨ, ਉਹ ਉਨ੍ਹਾਂ ਨੂੰ ਵਾਪਸ ਕੀਤੇ ਜਾਣਗੇ। ਗੁਰੂ ਘਰ ਦੀ ਸੇਵਾ ਕਾਰ-ਸੇਵਾ ਰਾਹੀਂ ਕਰਵਾਈ ਜਾ ਰਹੀ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਤੋਂ ਇਲਾਵਾ ਹੋਰ ਸੰਗਤਾਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਰਹਿੰਦੇ ਕਾਰਜ ਮੁਕੰਮਲ ਕਰਵਾਉਣ। ਇਹ ਵੀ ਤੈਅ ਹੋਇਆ ਹੈ ਕਿ ਦੋਵੇਂ ਸਮੂਹਾਂ ਵਿਚੋਂ ਕੋਈ ਵੀ ਧਿਰ ਇਸ ਮਸਲੇ ’ਤੇ ਨਾ ਅਦਾਲਤ ਵਿਚ ਜਾਵੇਗੀ ਅਤੇ ਨਾਂ ਹੀ ਇੱਕ ਦੂਜੇ ਵਿਰੁੱਧ ਦੂਸ਼ਣਬਾਜੀ ਜਾਂ ਸੋਸ਼ਲ ਮੀਡੀਆ ’ਤੇ ਪੋਸਟ/ਬਿਆਨ/ਵੀਡੀਓ ਆਦਿ ਪਾਵੇਗੀ, ਆਪਸ ਵਿਚ ਰਲ ਮਿਲ ਕੇ ਪ੍ਰੇਮ ਭਾਵਨਾ ਨਾਲ ਗੁਰੂ ਘਰ ਵਿੱਚ ਸੇਵਾਵਾਂ ਕਰਨਗੀਆਂ। ਦੋਵੇਂ ਸਮੂਹਾਂ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਲੋੜਵੰਦ ਸਿੱਖਾਂ ਦੀ ਮਦਦ ਲਈ ਸਾਂਝੇ ਯਤਨ ਕਰਨਗੀਆਂ। ਸਾਰੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ ਆਪਸ ਵਿੱਚ ਗੁਰ ਭਾਈਆਂ ਵਾਂਗ ਰਹਿਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.