ਧੁਮੱਕੜਸ਼ਾਹੀ ਕੈਲੰਡਰ' ਵਾਲਿਆਂ ਨੂੰ, ਨਵੇਂ ਸਾਲ ਦੀਆਂ ਵਧਾਈਆਂ ?

ਧੁਮੱਕੜਸ਼ਾਹੀ ਕੈਲੰਡਰ' ਵਾਲਿਆਂ  ਨੂੰ,  ਨਵੇਂ ਸਾਲ ਦੀਆਂ ਵਧਾਈਆਂ ?

'ਧੁਮੱਕੜਸ਼ਾਹੀ ਕੈਲੰਡਰ' ਵਾਲਿਆਂ ਨੂੰ, ਨਵੇਂ ਸਾਲ ਦੀਆਂ ਵਧਾਈਆਂ ?


ਜਦੋਂ ਵੀ ਨਵੇਂ ਸਾਲ ਦਾ ਅਰੰਭ ਹੁੰਦਾ ਹੈ ਤਾਂ ਅਸੀਂ ਸ਼ਿਸ਼ਟਾਚਾਰ ਵਜੋਂ ਆਪਣੇ ਸਕੇ-ਸਬੰਧੀਆਂ, ਸੱਜਣਾ ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ। ਅੱਜ ਸਮੁੱਚੇ ਸੰਸਾਰ ਵਿੱਚ ਗਰੈਗੋਰੀਅਨ ਕੈਲੰਡਰ ਮੁਤਾਬਕ, 1 ਜਨਵਰੀ ਤੋਂ ਅਰੰਭ ਹੋਣ ਵਾਲੇ ਸਾਲ ਨੂੰ, ਨਵੇ ਸਾਲ ਵਜੋਂ ਮਨਾਇਆ ਜਾਂਦਾ ਹੈ। ਦੁਨੀਆਂ ਦਾ ਸਾਰਾ ਕਾਰ-ਵਿਹਾਰ ਇਸੇ ਕੈਲੰਡਰ ਮੁਤਾਬਕ ਹੀ ਚਲਦਾ ਹੈ। ਵੱਖ-ਵੱਖ ਕੌਮਾਂ ਦੇ ਆਪਣੇ-ਆਪਣੇ ਕੈਲੰਡਰ ਵੀ ਪ੍ਰਚਲਤ ਹਨ। ਜਿਨ੍ਹਾਂ ਮੁਤਾਬਕ ਉਹ ਆਪਣੇ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਦਿਹਾੜੇ ਮਨਾਉਂਦੇ ਹਨ। ਜਿਵੇਂ ਹਿਜਰੀ ਕੈਲੰਡਰ, ਇਹ ਇਸਲਾਮ ਧਰਮ ਦਾ ਕੈਲੰਡਰ ਹੈ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ, ਜਿਸ ਮੁਤਾਬਕ ਹਿੰਦੂ ਆਪਣੇ ਦਿਨ ਤਿਉਹਾਰ ਮਨਾਉਂਦੇ ਹਨ। ਸਿੱਖ ਕੌਮ ਦਾ ਆਪਣਾ ਕੋਈ ਕੈਲੰਡਰ ਨਾ ਹੋਣ ਕਰਕੇ, ਹਿੰਦੋਸਤਾਨ `ਚ ਪ੍ਰਚਲਤ ਕੈਲੰਡਰਾਂ ਮੁਤਾਬਕ ਹੀ ਆਪਣੇ ਧਾਰਮਿਕ ਅਤੇ ਇਤਿਹਾਸਿਕ ਦਿਹਾੜੇ ਮਨਾਏ ਜਾਣੇ ਸੁਭਾਵਿਕ ਹੀ ਸਨ। ਪਿਛਲੇ ਲੰਮੇ ਸਮੇਂ ਤੋਂ ਹਿੰਦੋਸਤਾਨ `ਚ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚਲਿਤ ਹੈ। ਗੁਰੂ ਕਾਲ ਵੇਲੇ ਦੀਆਂ ਸਾਰੀਆਂ ਤਾਰੀਖਾਂ ਇਸੇ ਕੈਲੰਡਰ ਵਿੱਚ ਲਿਖੀਆਂ ਮਿਲਦੀਆਂ ਹਨ। ਇਸ ਕੈਲੰਡਰ ਵਿੱਚ, ਚੰਦ ਦਾ ਕੈਲੰਡਰ ਅਤੇ ਸੂਰਜੀ ਕੈਲੰਡਰ ਇਕੱਠੇ ਚਲਦੇ ਹਨ। ਜਿਵੇਂ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਇਹ ਚੰਦ ਦੇ ਕੈਲੰਡਰ ਦੀ ਤਾਰੀਖ ਹੈ ਅਤੇ ਖਾਲਸਾ ਪ੍ਰਗਟ ਦਿਵਸ 1 ਵੈਸਾਖ, ਇਹ ਸੂਰਜੀ ਕੈਲੰਡਰ ਦੀ ਤਾਰੀਖ।

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੂਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ `ਚ 12 ਮਹੀਨੇ (ਚੇਤ ਤੋਂ ਫੱਗਣ) ਅਤੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕਿੰਡ) ਹੁੰਦੇ ਹਨ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.242196 ਦਿਨ (365 ਦਿਨ 5 ਘੰਟੇ 48 ਮਿੰਟ 45 ਸੈਕਿੰਡ) ਵਿੱਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿੱਚ 11 ਦਿਨ, ਦੋ ਸਾਲਾ ਵਿੱਚ 22 ਦਿਨ, ਤਿੰਨ ਸਾਲਾਂ `ਚ 33 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿੱਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਕਰਨਾ ਪੈਂਦਾ ਹੈ। ਯਾਦ ਰਹੇ 2023 ਈ: ਵਿੱਚ ਸਾਵਣ ਦਾ ਮਹੀਨ ਦੋ ਵਾਰ ਆਇਆ ਸੀ। 2026 ਈ: ਵਿੱਚ ਜੇਠ ਦਾ ਮਹੀਨਾ ਦੋ ਵਾਰ ਆਵੇਗਾ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਇਸ ਕੈਲੰਡਰ `ਚ ਇਕ ਦਿਨ ਵਿੱਚ ਦੋ ਥਿੱਤਾਂ (ਤਾਰੀਖਾਂ) ਜਾਂ ਦੋ ਦਿਨਾਂ `ਚ ਇਕ ਥਿੱਤ, ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। 17 ਚੇਤ (30 ਮਾਰਚ) ਦਿਨ ਸੋਮਵਾਰ ਨੂੰ ਚੇਤ ਸੁਦੀ ਦੂਜ ਅਤੇ ਤੀਜ ਇਕੋ ਦਿਨ ਹੀ ਹਨ।

ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਇਹ ਕੈਲੰਡਰ ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ `ਚ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਦੀ ਲੰਬਾਈ 365.2587 ਦਿਨ ਸੀ। ਇਸ ਨੂੰ ਸੂਰਜੀ ਸਿਧਾਂਤ ਕਿਹਾ ਜਾਂਦਾ ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (365.2422 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕਰਕੇ ਸਾਲ ਦੀ ਲੰਬਾਈ 365.2587 ਤੋਂ ਘਟਾ ਕੇ 365.2563 ਦਿਨ ਮੰਨ ਲਈ ਸੀ। ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ 72 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਮਹੀਨੇ ਦਾ ਅਰੰਭ ਸੰਗਰਾਂਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਦਾ ਸਮਾਂ ਰਹਿੰਦਾ ਹੈ ਜਿਸ ਕਾਰਨ ਮਹੀਨੇ ਦਾ ਆਰੰਭ (ਸੰਗਰਾਂਦ) ਅਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਹਰ ਸਾਲ ਬਦਲਦੀ ਰਹਿੰਦੀ ਹਨ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ।

ਗਰੈਗੋਰੀਅਨ (ਸੀ: ਈ:) ਕੈਲੰਡਰ:- ਜੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਇਸ ਕਾਰਨ ਮੌਸਮੀ ਸਾਲ ਤੋਂ 128 ਸਾਲ ਪਿਛੋਂ, ਇਕ ਦਿਨ ਦਾ ਫਰਕ ਪੈ ਜਾਂਦਾ ਸੀ। ਅਕਤੂਬਰ 1582 ਵਿੱਚ ਇਸ ਕੈਲੰਡਰ ਦੇ ਸਾਲ ਦੀ ਲੰਬਾਈ ਵਿੱਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਇੰਗਲੈਂਡ ਨੇ ਇਹ ਸੋਧ ਸਤੰਬਰ 1752 ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ: ਈ: ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਰਾਤ ਦੇ 12 ਵਜੇ ਤੋਂ ਹੁੰਦਾ ਹੈ।

ਸਿੱਖ ਕੌਮ ਦਾ ਆਪਣਾ ਕੈਲੰਡਰ ਨਾ ਹੋਣ ਕਾਰਨ, ਚੰਦਰ-ਸੂਰਜੀ ਬਿਕ੍ਰਮੀ ਅਤੇ ਗਰੈਗੋਰੀਅਨ ਕੈਲੰਡਰ ਮੁਤਾਬਕ ਹੀ ਸਾਰੇ ਦਿਹਾੜੇ ਮਨਾਏ ਜਾਂਦੇ ਹਨ। 31 ਦਸੰਬਰ ਦੀ ਰਾਤ, ਦੁਨੀਆਂ ਭਰ ਵਿੱਚ ਰਾਤ ਦੇ 12 ਵਜੇ ਨਵੇ ਸਾਲ 2025 ਸੀ: ਈ: ਨੂੰ ਜੀ ਆਇਆ ਆਖਿਆ ਗਿਆ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 1 ਚੇਤ (13 ਮਾਰਚ) ਦੀ ਰਾਤ ਨੂੰ 12 ਵਜੇ ਜੈਕਾਰੇ ਛੱਡ ਕੇ ਨਵੇਂ ਸਾਲ ਜੀ ਆਇਆ ਆਖਿਆ ਗਿਆ ਸੀ। ਪਰ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਗੱਲ ਦਾ ਧਿਆਨ ਹੀ ਨਹੀ ਰੱਖਿਆ ਕਿ 1 ਚੇਤ ਦਾ ਆਰੰਭ ਰਾਤ 12 ਵਜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੋਇਆ ਸੀ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਲ ਦੇ ਕੈਲੰਡਰ ਵਿੱਚ ਚੰਦ ਦੀਆਂ ਵਦੀਆਂ-ਸੁਦੀਆਂ ਵੀ ਦਰਜ ਕੀਤੀਆਂ ਗਈਆਂ ਹਨ। ਭਾਵ ਚੰਦ ਦਾ ਕੈਲੰਡਰ ਵੀ ਛਾਪਿਆਂ ਹੈ। ਜਿਸ ਮੁਤਾਬਕ ਚੰਦ ਦੇ ਨਵੇ ਸਾਲ ਦਾ ਆਰੰਭ ਚੇਤ ਸੁਦੀ ਏਕਮ, 30 ਮਾਰਚ ਦਿਨ ਐਤਵਾਰ ਤੋਂ ਹੋ ਰਿਹਾ ਹੈ। ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਮੁੱਖੀਆਂ ਦੇ ਧਿਆਨ ਵਿੱਚ ਨਾ ਹੋਵੇ ਕਿ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ‘ਧੁਮੱਕੜਸ਼ਾਹੀ ਕੈਲੰਡਰ’ ਮੁਤਾਬਕ ਇਕ ਹੋਰ ਨਵੇਂ ਸਾਲ ਦਾ ਅਰੰਭ ਚੇਤ ਸੁਦੀ 1 (30 ਮਾਰਚ) ਤੋਂ ਹੋ ਰਿਹਾ ਹੈ। ਇਸ ਲਈ ਮੈਂ ਸੋਚਿਆ ਕਿ ਯਾਦ ਕਰਵਾ ਦੇਵਾਂ।

ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਸਿੱਖ ਸੰਗਤ ਨੂੰ ਇਕ ਹੋਰ ਨਵੇ ਸਾਲ (ਚੇਤ ਸੁਦੀ ਏਕਮ -30 ਮਾਰਚ) ਦੀਆਂ ਬਹੁਤ-ਬਹੁਤ ਵਧਾਈਆਂ!

ਸ . ਸਰਵਜੀਤ ਸਿੰਘ ਸੈਕਰਾਮੈਂਟੋ
ਸ . ਸਰਵਜੀਤ ਸਿੰਘ ਸੈਕਰਾਮੈਂਟੋ
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.