ਹਿੰਦੂਤਵ ਦੇ ਹੱਕ 'ਚ ਭੁਗਤਣ ਵਾਲੇ ਸਿੱਖੋ...
- ਸੰਪਾਦਕੀ
- 02 Mar, 2026 05:38 PM (Asia/Kolkata)
ਜਿਵੇਂ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਹਮਾਇਤ ਵਿੱਚ ਭੁਗਤਣ ਵਾਲ਼ਿਆਂ ਸਿੱਖਾਂ ਕੋਲ਼ ਬੜੇ ਬਹਾਨੇ ਸੀ ਓਵੇਂ ਹੁਣ ਹਿੰਦੂ ਕੱਟੜਪੰਥੀਆਂ ਦੇ ਸਿੱਖੀ ਉੱਤੇ ਹਮਲੇ ਦੀ ਹਮਾਇਤ ਵਿੱਚ ਭੁਗਤਣ ਵਾਲ਼ਿਆਂ ਸਿੱਖਾਂ ਕੋਲ਼ ਬੜੇ ਬਹਾਨੇ ਨੇ। ਬਹਾਨੇ ਲੱਭ ਹੀ ਜਾਂਦੇ ਹੁੰਦੇ ਨੇ। ਓਦੋਂ ਵੀ ਬਥੇਰੇ ਸਿੱਖ ਸੀ ਜਿਹੜੇ ਸਿੱਖਾਂ ਨੂੰ ਦੋਸ਼ੀਆਂ ਵਾਲ਼ੇ ਕਟਹਿਰੇ ਵਿੱਚ ਖੜ੍ਹਾ ਕਰ ਕੇ ਦਿੱਲੀ ਦਾ ਪੱਖ ਪੂਰਦੇ ਰਹੇ, ਹੁਣ ਵੀ ਬਥੇਰੇ ਨੇ ਜਿਹੜੇ ਸਿੱਖਾਂ ਨੂੰ ਦੋਸ਼ੀ ਦੱਸ ਰਹੇ ਹਨ। ਇਹੋ ਜਿਹੇ ਲੋਕ ਤਾਂ ਝੂਠੇ ਪੁਲੀਸ ਮੁਕਾਬਲਿਆਂ ਦੇ ਹੱਕ ਵਿੱਚ ਕੋਈ ਨਾ ਕੋਈ ਤਰਕ ਘੜ ਹੀ ਲੈਂਦੇ ਰਹੇ। ਜੇ ਕੋਈ ਹੋਰ ਵਾਹ ਨਾ ਚੱਲੇ ਤਾਂ ਇਹਨਾਂ ਦੀ ਦਲੀਲ ਹੁੰਦੀ ਸੀ ਕਿ 'ਖਾੜਕੂ ਤੇ ਪੁਲੀਸ' ਵਾਲ਼ੇ ਇੱਕੋ ਜਿਹੇ ਦੋਸ਼ੀ ਨੇ। ਇਹੋ ਕੁਝ ਹੁਣ ਕਰਦੇ ਨੇ ਜਦ ਕੋਈ ਸਿੱਖ ਇਹਨਾਂ ਨੂੰ ਘੇਰ ਲੈਂਦਾ ਹੈ ਕਿ ਹਿੰਦੂ ਕੱਟੜਪੰਥੀ ਤਾਂ ਲਗਾਤਾਰ ਸਾਡੇ ਧਰਮ ਬਾਰੇ ਭੁਕਾਈ ਮਾਰਦੇ ਨੇ ਜੇ ਸਿੱਖਾਂ ਨੇ ਪ੍ਰਤੀਕਿਰਿਆ ਕਰ ਦਿੱਤੀ ਤਾਂ ਕੀ ਲੋਹੜਾ ਆ ਗਿਆ ? ਜਦ ਕੋਈ ਸਿੱਖ ਪੁੱਛਦਾ ਹੈ ਕਿ ਕਿਰਿਆ ਮਾੜੀ ਹੁੰਦੀ ਹੈ ਕਿ ਪ੍ਰਤੀਕਿਰਿਆ? ਜਦ ਕੋਈ ਸਿੱਖ ਪੁੱਛਦਾ ਹੈ ਕਿ ਹਿੰਦੂ ਕੱਟੜਪੰਥੀ ਸ਼ਰੇਆਮ ਝੂਠ ਲਿਖਦੇ ਰਹੇ ਤਾਂ ਤੁਸੀਂ ਖ਼ਾਮੋਸ਼ ਸਹਿਮਤੀ ਦੇਈ ਰੱਖੀ ਪਰ ਜੇ ਹੁਣ ਸਿੱਖਾਂ ਨੇ ਸੱਚ ਲਿਖ ਦਿੱਤਾ ਤਾਂ ਕਿਉਂ ਤੜਫੇ ਪਏ ਹੋ ਤਾਂ ਕੋਈ ਗੱਲ ਨਹੀਂ ਆਉਂਦੀ ? ਹਕੀਕਤ ਇਹ ਹੈ ਕਿ ਜੋ ਕੁਝ ਸੋਸ਼ਲ ਮੀਡੀਆ ਉੱਤੇ ਹਿੰਦੂ ਕੱਟੜਪੰਥੀ ਲਿਖ-ਬੋਲ ਰਹੇ ਨੇ, ਉਹ ਐਨਾ ਘਟੀਆ, ਨੀਚ ਤੇ ਨੀਵੇਂ ਪੱਧਰ ਦਾ ਹੈ, ਉਸ ਨੂੰ ਪੜ੍ਹਨ-ਸੁਣਨ ਮਗਰੋਂ ਡਰ ਲੱਗਦਾ ਹੈ ਕਿ ਸਿੱਖ ਨੌਜਵਾਨੀ ਕੋਈ ਭਾਵੁਕ ਕਦਮ ਨਾ ਚੁੱਕ ਲਵੇ। ਇਹੋ ਜਿਹੇ ਮਹੌਲ ਵਿੱਚ ਜੇ ਕਿਸੇ ਸਿੱਖ ਦੀ ਪ੍ਰਤੀਕਿਰਿਆ ਮਗਰੋਂ ਹਰੇਕ ਸਿੱਖ ਨੂੰ ਮਾਨਸਿਕ ਤਸੱਲੀ ਮਿਲ਼ਦੀ ਹੈ, ਸੜਦੇ-ਬਲ਼ਦੇ ਸਿੱਖ ਮਨ ਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ ਤਾਂ ਕੀ ਗ਼ਲਤ ਹੈ ? ਜਦ ਭਾਰਤੀ ਹਕੂਮਤ, ਸਾਈਬਰ ਸੈੱਲ, ਪੁਲੀਸ ਤੇ ਸਮਾਜ ਹਿੰਦੂਆਂ ਦੇ ਪੱਖ ਵਿੱਚ ਭੁਗਤ ਰਹੇ ਹੋਣ, ਜਦ ਹਰੇਕ ਸਿੱਖ ਨੂੰ ਆਪਣੀ ਬੇਵੱਸੀ ਤੇ ਰੋਹ ਨੇ ਘੇਰਿਆ ਹੋਵੇ, ਐਨ ਓਸ ਮੌਕੇ ਜਦ ਸਿੱਖ ਮਨ ਵੇਖੇ ਕਿ ਕਿਸੇ ਸਿੱਖ ਨੇ ਕੁਝ ਇਹੋ ਜਿਹਾ ਕੀਤਾ ਕਿ ਸਾਨੂੰ ਕਲਪਾਉਣ ਵਾਲ਼ੇ ਖੁਦ ਤੜਫਦੇ ਫਿਰਦੇ ਨੇ ਤਾਂ ਰੱਬ ਦਾ ਸ਼ੁਕਰ ਕਰਦੇ ਸਿੱਖ ਨੂੰ ਮੱਤਾਂ ਦੇਣੀਆਂ ਕਿ ਇਹ ਗ਼ਲਤ ਹੈ, ਇਹ ਠੀਕ ਨਹੀਂ, ਇਹ ਕਿਹੜੀ ਸਿਆਣਪ ਹੋਈ ? ਕੀ ਦੁਖੀ ਹੋਣ, ਸੰਤਾਪ ਭੋਗਣ ਦਾ ਠੇਕਾ ਕੇਵਲ ਸਿੱਖਾਂ ਨੇ ਲਿਆ ਹੋਇਆ ? ਕੀ ਸਿੱਖ ਜਵਾਬ ਦੇ ਹੀ ਨਹੀਂ ਸਕਦੇ ? ਇਹ ਕੋਈ ਟੂਰਨਾਮੈਂਟ ਚੱਲ ਰਿਹਾ ਜਿੱਥੇ ਸਿੱਖਾਂ ਨੂੰ ਰੈਫਰੀ ਦੀ ਸੀਟੀ ਸੁਣ ਕੇ ਰੁਕਣਾ ਪਵੇਗਾ। ਹਿੰਦੂਆਂ ਦਾ ਪੱਖ ਪੂਰਨ ਵਾਲ਼ੇ ਸਿੱਖੋ! ਅੱਜ ਸਿੱਖਾਂ ਨੂੰ ਗ਼ਲਤ ਦਰਸਾਉਣ ਲਈ ਜੋ ਮਰਜ਼ੀ ਦਲੀਲਾਂ, ਤਰਕ ਤੇ ਬਹਾਨੇ ਘੜ ਲਓ ਪਰ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੇਗਾ। ਤੁਸੀਂ ਓਹ ਗ਼ੱਦਾਰ ਹੋਂ ਜੋ ਸਿੱਖਾਂ ਦੀ ਨਸਲਕੁਸ਼ੀ ਲਈ ਮਹੌਲ ਤਿਆਰ ਕਰਦੇ ਹਨ। ਜਦੋਂ ਹਿਟਲਰ ਵੱਲੋਂ ਯਹੂਦੀਆਂ ਦੀ ਕੀਤੀ ਨਸਲਕੁਸ਼ੀ ਦੀ ਨਿਊਰਮਬਰਗ ਟਰਾਇਲਜ ਰਾਹੀਂ ਪੜਤਾਲ ਹੋ ਰਹੀ ਸੀ ਤਾਂ ਇੱਕ ਨੌਜਵਾਨ ਯਹੂਦੀ ਨੂੰ ਪੁੱਛਿਆ ਗਿਆ ਕਿ ਤੁਹਾਡੇ 'ਤੇ ਹੋਏ ਜ਼ੁਲਮ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਤਾਂ ਓਸ ਯਹੂਦੀ ਨੌਜਵਾਨ ਨੇ ਕਿਹਾ- "ਅਸੀਂ ਉਹਨਾਂ ਯਹੂਦੀ ਆਗੂਆਂ ਨੂੰ ਸਭ ਤੋਂ ਵੱਡੇ ਦੋਸ਼ੀ ਮੰਨਦੇ ਆਂ ਜੋ ਹਰ ਜ਼ੁਲਮ ਮਗਰੋਂ ਵਿਰੋਧ ਕਰਨ ਵਾਲ਼ੇ ਯਹੂਦੀ ਨੌਜਵਾਨਾਂ ਨੂੰ ਹੀ ਗ਼ਲਤ ਕਹਿਣ ਲੱਗ ਪੈਂਦੇ ਸੀ।”

Leave a Reply